ਜਪੁ (ਸਾਹਿਬ) ਦੀ ਆਖਰੀ ਪਉੜੀ ਦਾ ਪਹਿਲਾ ਸ਼ਬਦ ਹੈ ‘ਜਤ’ ਤੇ ਜਤ ਵਾਲੀ ਆਖਰੀ ਪਉੜੀ ਦਾ ਅੰਤਲਾ ਪੜਾਅ ਹੈ ‘ਅੰਮ੍ਰਿਤ’। ਕੁੱਝ ਇਸੇ ਤਰ੍ਹਾਂ ਸਿੱਖ ਇਤਿਹਾਸ ਤੇ ਪੰਜਾਬ ਵਿਚ ਹੋਇਆ ਲੱਗਦਾ ਹੈ। ਜਪ, ਸਿਮਰਨ ਤੇ ਨਾਮ ਨਾਲ ਸਵਾਰੀ ਅਤੇ ਢਾਲੀ ਹੋਈ ਸ਼ਖਸੀਅਤ ਆਚਰਨ ਵਾਲੀ ਬਣੀ।
ਧੀਰਜ ਦੀ ਮੂਰਤ ਹੋਈ। ਨਿਰਮਲ ਬੁੱਧੀ ਵਾਲੀ ਹੋਈ। ਮਰਿਆਦਾ ਪੁਸਤ ਬਣੀ। ਪ੍ਰੇਮ (ਭਉ) ਖੇਲਣ ਦੇ ਚਾਉ ਵਿਚ ਸਿਰ ਧਰ ਤਲੀ ਨਿਕਲਣ ਲੱਗੀ। ਗੁਰੂ ਦੇ ਸ਼ਬਦਾਂ ‘ਤੇ ਆਪਾ ਵਾਰਨ ਲੱਗੀ ਤੇ ਉਸ ਨੂੰ ਸੱਚ-ਮੁੱਚ ਸਰੀਰ ਦੀ ਸੁਧ ਬੁੱਧ ਹੀ ਨਾ ਰਹੀ। ਉਸ ਨੂੰ ਅੰਮ੍ਰਿਤ ਮਿਲ ਗਿਆ। ਸਰੀਰ ਦਾ ਖਿਆਲ ਹਟ ਗਿਆ। ਗੁਰੂ ਹੁਕਮ ਤੋਂ ਮੁੱਖ ਨਾ ਮੋੜਨ ਦੀਆਂ ਕਈ ਵਾਰਤਾਵਾਂ ਸਿੱਖ ਇਤਿਹਾਸ ਵਿਚ ਹੋ ਚੁੱਕੀਆਂ ਸਨ।
ਮੁਹਿਸਨ ਫਾਨੀ ਨੇ ਕਈਆਂ ਦਾ ਵਰਣਨ ਕੀਤਾ ਹੈ। ਉਸ ਦੀ ਲਿਖੀ ਇਕ ਵਾਰਤਾ ਤਾਂ ਸੁਣਨ ਵਾਲੀ ਹੈ। ਗੁਰੂ ਹਰਿਗੋਬਿੰਦ ਜੀ ਨੇ ਕਾਬਲ ਦੀ ਸੰਗਤ ਨੂੰ ਲਿਖਿਆ ਕਿ ਉਨ੍ਹਾਂ ਲਈ ਇਕ ਸੁੰਦਰ ਇਰਾਕੀ ਘੋੜਾ ਖਰੀਦ ਕੇ ਭੇਜਿਆ ਜਾਏ। ਭਾਈ ਸਾਧ ਜੀ ਘੋੜਾ ਖਰੀਦਣ ਲਈ ਇਰਾਕ ਵੱਲ ਚੱਲ ਪਏ। ਅਜੇ ਉਹ ਇਕ ਪੜਾਅ ਹੀ ਗਏ ਸਨ ਕਿ ਪਿੱਛੋਂ ਖਬਰ ਪੁੱਜੀ ਕਿ ਉਨ੍ਹਾਂ ਦਾ ਪੁੱਤਰ ਸਖਤ ਬੀਮਾਰ ਹੈ ਅਤੇ ਬਚਣ ਦੀ ਕੋਈ ਆਸ ਨਹੀਂ, ਸੋ ਉਹ ਵਾਪਸ ਮੁੜ ਆਉਣ। ਭਾਈ ਸਾਹਿਬ ਨੇ ਕਿਹਾ ਕਿ ਉਹ ਹੁਣ ਗੁਰੂ (ਦੇ ਬਚਨਾਂ) ਵੱਲ ਮੂੰਹ ਕਰ ਚੁੱਕੇ ਹਨ, ਪਿਛਾਂਹ ਨਹੀਂ ਮੁੜ ਸਕਦੇ। ਘਰ ਲਕੜੀਆਂ ਬਹੁਤ ਹਨ, ਜੋ ਲੜਕਾ ਮਰ ਗਿਆ ਤਾਂ ਪਾ ਕੇ ਅੰਤਮ ਸੰਸਕਾਰ ਕਰ ਦੇਣਾ। ਗੁਰੂ ਤੇਗ ਬਹਾਦਰ ਜੀ ਸਮੇਂ ਉਹ ਹੀ ਸਿੱਖ ਪ੍ਰਵਾਨ ਹੁੰਦਾ ਸੀ ਜੋ ਆ ਕੇ ਇਹ ਆਖਦਾ ਸੀ ਕਿ ‘ਮੇਰਾ ਪ੍ਰਯੋਜਨ ਸੀਸ ਸਾਥਿ ਕੁਝ ਨਹੀਂ”, ਜਦ ਆਪ ਜੀ ਨੇ ਭਾਈ ਘਨੱਈਆ ਨੂੰ ਸੇਵਾ ਵੱਲ ਪ੍ਰੇਰਿਆ ਸੀ ਤਾਂ ਉਸ ਸਮੇਂ ਵੀ ਉਸ ਨੂੰ ‘ਸਰੀਰ ਮੇਂ ਅਸਰੀਰ’ ਹੀ ਦਿਖਾਇਆ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ (11 ਨਵੰਬਰ, 1675) ਤੋਂ ਕੁੱਝ ਚਿਰ ਹੀ ਬਾਅਦ ਸਿੱਖਾਂ ਵਿਚ ਔਰੰਗਜ਼ੇਬ ਤੱਕ ਨੂੰ ਵੰਗਾਰਨ ਦੀ ਸ਼ਕਤੀ ਆ ਗਈ ਸੀ ਪਰ ਇਹ ਸਭ ਵਿਚ ਨਹੀਂ ਸੀ, ਕਿਸੇ -ਕਿਸੇ ਇਕ ਵਿਚ ਸੀ। ਪਰ 1699 ਦੀ ਵੈਸਾਖੀ ਉਪਰੰਤ ਐਸੇ ਸਿੱਖਾਂ ਦੀ ਜਥੇਬੰਦੀ ਹੀ ਬਣ ਗਈ ਜੋ ਧਰਮ ਯੁੱਧ ਕੇ ਚਾਇ ‘ਹਰ
ਸਮੇਂ ਰਣ-ਤੱਤੇ ਵਿਚ ਜੂਝਣ ਲਈ ਤਤਪਰ ਸਨ।
ਸੰਗਤ ਨਹੀਂ ਲੁੱਟਦੀ :-
ਅਨੰਦਪੁਰ ਸਾਹਿਬ ਵਿਚ ਇਕ ਹੋਈ ਵਾਰਤਾ ਸ਼ਾਇਦ ਉਪਰਲੇ ਕਥਨ ਨੂੰ ਹੋਰ ਸਪੱਸ਼ਟ ਕਰ ਦੇਵੇ। ਲਿਖਿਆ ਹੈ ਕਿ ਜੋ ਵੀ ਸੰਗਤ ਅਨੰਦਪੁਰ ਸਾਹਿਬ ਆਵੇ, ਇਹ ਹੀ ਆ ਕੇ ਆਖੇ,‘ਮਹਾਰਾਜ! ਹੁਸ਼ਿਆਰਪੁਰ ਦੇ ਹਾਕਮ ਨੇ ਸੰਗਤ ਨੂੰ ਲੁੱਟ ਲਿਆ ਹੈ ਜਾਂ ਸਰਹੰਦ ਦੇ ਨਵਾਬ ਨੇ ਸੰਗਤ ਨੂੰ ਲੁੱਟ ਲਿਆ ਹੈ ਜਾਂ ਫਲਾਂ ਕਰਮਚਾਰੀ ਨੇ ਲੁੱਟ ਲਿਆ ਹੈ।” ਮਹਾਰਾਜ ਕੁੱਝ ਚਿਰ ਤਾਂ ਸੁਣਦੇ ਰਹੇ। ਇਕ ਵਾਰੀ ਗੱਜ ਕੇ ਕਹਿਣ ਲੱਗੇ ਕਿ ਇਹ ਕੋਈ ਨਹੀਂ ਆ ਕੇ ਆਖਦਾ ਕਿ ਸੰਗਤ ਨੇ ਨਵਾਬ ਨੂੰ ਲੁੱਟ ਲਿਆ ਹੈ। ਭਾਈ ਸੇਵਾ ਰਾਮ ਜੀ ਆਪਣੀਆਂ ਪਰਚੀਆਂ ਵਿਚ ਲਿਖਦੇ ਹਨ ਕਿ ‘ਜੋ ਸਿੱਖ ਮਾਇਆ ਭੇਟ ਲਿਆਵੇ ਤਿਸ ਕਉ ਐਸੀ ਖੁਸ਼ੀ ਨਾ ਮਿਲੇ ਜੈਸੀ ਖੁਸ਼ੀ ਸ਼ਸਤ੍ਰ ਭੇਟ ਲਿਆਵੇ ਤਿਸ ਕਉ ਮਿਲੈ।
ਸ਼ਸਤ੍ਰ ਦੇਖ ਪ੍ਰਸੰਨ ਹੋਵਹਿ।
ਸੋ ਸੰਗਤ ਵਿਚ ਵੀਰਤਾ ਦੀ ਸ਼ਕਤੀ ਭਰਨ ਲਈ ਵੈਸਾਖੀ ਵਾਲਾ ਦਿਨ ਚੁਣਿਆ।
ਪੰਥ ਦੀ ਸਾਜਣਾ :-
ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੀ ਜ਼ਿੰਮੇਂਵਾਰੀ ਸੰਭਾਲਿਆਂ 23 ਸਾਲ ਹੋ ਗਏ ਸਨ। ਉਨ੍ਹਾਂ 23 ਸਾਲਾਂ ਦੇ ਸਮੇਂ ਵਿਚ ਗੁਰੂ ਜੀ ਨੂੰ ਅਨੇਕਾਂ ਝੱਖੜਾਂ, ਬੇਅੰਤ ਹੱਲਿਆਂ ਅਤੇ ਕਠਿਨਾਈਆਂ ਦਾ ਟਾਕਰਾ ਕਰਨਾ ਪਿਆ। ਆਰੰਭ ਵਿਚ ਹੀ ਪਹਾੜੀ ਰਾਜੇ ਵੈਰ-ਵਿਰੋਧ ਕਰਨ ਲੱਗ ਪਏ। ਉਨ੍ਹਾਂ ਨੇ ਜਾਂ ਮਾਖੋਵਾਲ, ਅਨੰਦਪੁਰ ਸਾਹਿਬ ਦੀ ਧਰਤੀ ਖਾਲੀ ਕਰਨ ਜਾਂ ਚੁੱਪ ਕਟੀ ਕਰਨ ਲਈ ਆਖਿਆ। ਪਹਾੜੀ ਰਾਜਿਆਂ ਨੇ ਆਪਣੀ ਰਾਜਨੀਤਿਕ ਵਿਸ਼ੇਸ਼ਤਾ, ਸਮਾਜਿਕ ਉਚਿਤਾ ਤੇ ਕੌਮੀ ਹੈਂਕੜ ਨੂੰ ਹਥਿਆਰ ਬਣਾ ਕੇ ਦਸਮੇਸ਼ ਪਿਤਾ ਨੂੰ ਜ਼ੇਰ ਕਰਨਾ ਚਾਹਿਆ।
ਭੰਗਾਣੀ ਦੇ ਯੁੱਧ ਸਮੇਂ ਜਦ ਉਹ ਆਪਣੇ ਭੈੜੇ ਮਨਸੂਬਿਆਂ ਵਿਚ ਸਫਲ ਨਾ ਹੋਏ ਤਾਂ ਪਹਾੜੀ ਰਾਜਿਆਂ ਨੇ ਸ਼ਾਹੀ ਅਤਾਬ ਦਾ ਡਰ ਦਿੱਤਾ। ਸਮੇਂ ਦੀ ਸਰਕਾਰ ਨੇ ਦਿਲ ਖੋਲ੍ਹ ਕੇ ਸਹਾਇਤਾ ਕੀਤੀ।
ਜਿਸ ਔਰੰਗਜ਼ੇਬ ਨੂੰ ਆਪਣੇ ਪੁੱਤਰ ਸ਼ਹਿਜ਼ਾਦਾ ਮੁਅਜਮ ਦਾ ਕਾਬਲ ਵਿਖੇ ਦਰਬਾਰ ਲਗਾਉਣ ਵੇਲੇ ਨਗਾਰੇ ਵਜਾਉਣਾ ਚੰਗਾ ਨਹੀਂ ਸੀ ਲੱਗਾ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਰਣਜੀਤ ਨਗਾਰੇ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਕਾਬਲ ਤੋਂ ਖੂਫੀਆ ਨੇ
ਦਿੱਲੀ ਖਬਰ ਭੇਜੀ ਸੀ ਕਿ ਜਦ ‘ਮੁਅਜ਼ਮ’ ਨੇ ਦਰਬਾਰ ਲਗਾਇਆ ਤਾਂ ਚਾਰ ਨਗਾਰੇ ਵਜਾਏ। ਔਰੰਗਜ਼ੇਬ ਨੇ ਗੁੱਸੇ ਵਿਚ ਭੜਕ ਕੇ ਲਿਖਿਆ ਸੀ, ‘ਚਾਰ ਨਗਾਰਿਆਂ ਦੀ ਥਾਂ ਤੈਨੂੰ ਕੇਵਲ ਚਾਰ ਢੋਲ ਵਜਾਉਣੇ ਚਾਹੀਦੇ ਸਨ ਕਿਉਂ ਜੋ ਨਗਾਰਾ ਵਜਾਉਣ ਦਾ ਹੱਕ ਦਰਬਾਰ ਲੱਗਣ ਸਮੇਂ ਕੇਵਲ ਸ਼ਹਿਨਸ਼ਾਹ ਨੂੰ ਹੀ ਹੈ।
ਜਦ ਅੱਲਾਹ-ਪਾਕ ਤੈਨੂੰ ਤਖਤ-ਨਸ਼ੀਨ ਕਰੇਗਾ ਤਾਂ ਤੂੰ ਖੁਸ਼ੀ ਨਾਲ ਇਨ੍ਹਾਂ ਸ਼ਾਹੀ ਹੱਕਾਂ ਦੀ ਵਰਤੋਂ ਕਰ ਸਕਦਾ ਹੈ।’ ਰਣਜੀਤ ਨਗਾਰੇ ਦੀ ਗੂੰਜਦੀ ਆਵਾਜ਼ ਨੂੰ ਰੋਕਣ ਲਈ ਔਰੰਗਜ਼ੇਬ ਨੇ ਪਹਿਲਾਂ ਸਰਹੰਦ ਦੇ ਨਵਾਬ, ਫੇਰ ਹੁਸੈਨ ਖਾਨ ਤੇ ਉਪਰੰਤ ਆਪਣੇ ਬੇਟੇ ਸ਼ਹਿਜ਼ਾਦਾ ਮੁਅਜ਼ਮ ਨੂੰ ਵੀ ਹੁਕਮ ਭੇਜਿਆ। ਇਨ੍ਹਾਂ ਨਿੱਤ ਦੀਆਂ ਰੁਕਾਵਟਾਂ ਦੇ ਬਾਵਜੂਦ ਲਹਿਰ ਵੱਧਦੀ ਗਈ। ਗੁਰੂ ਜੀ ਨੇ ਕੌਮ ਉਸਾਰੀ ਦੇ ਕੰਮ ਨੂੰ ਹੱਥੋਂ ਖਿਨ ਪਲ ਲਈ ਵੀ ਨਾ ਛੱਡਿਆ। ਮਸੰਦਾਂ ਨੇ ਵੀ ਰੋਕ ਪਾਉਣੀ ਚਾਹੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਸਿਰ ਹੀ ਕਰੜੇ ਹੱਥਾਂ ਨਾਲ ਮਸੰਦਾਂ ਦੀ ਸਾਜ਼ਿਸ਼ ਨੂੰ ਦਬਾ ਦਿੱਤਾ।
ਗੁਰੂ ਜੀ ਗੱਦੀ ਦੀ ਜ਼ਿੰਮੇਂਵਾਰੀ ਸੰਭਾਲਣ ਸਮੇਂ ਤੋਂ ਹੀ ਇਹ ਮਹਿਸੂਸ ਕਰ ਰਹੇ ਸਨ ਕਿ ਜਬਰ ਵਾਲੀਆਂ ਵਿਰੋਧੀ ਤਾਕਤਾਂ ਦਾ ਸਦੀਵੀ ਟਾਕਰਾ ਕਰਨ ਲਈ ਇਕ ਤਕੜੀ ਜਥੇਬੰਦ ਕੌਮ ਦੀ ਲੋੜ ਹੈ, ਜੋ ਇਕ ਖਿਆਲ ਦੀ ਤਾਰ ਨਾਲ ਬੱਝੀ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨ ਨੇ ਬਾਣੀ, ਵਿਚਾਰ, ਵਿਵੇਕ, ਸੇਵਾ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ ਤੇ ਨਾਮ ਦੇ ਨਾਲ-ਨਾਲ ਮਨੁੱਖ ਦੀ ਉਤਮਤਾ, ਇਨਸਾਨੀ ਅਧਿਕਾਰਾਂ ਦੀ ਮਹੱਤਤਾ, ਸਰਬ-ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਖੂਬ ਦ੍ਰਿੜ੍ਹ ਕਰ ਦਿੱਤਾ ਪਰ ਜੀਵਨ ਆਸ਼ਾ ਕੁੱਝ ਹੋਰ ਉਚੇਰਾ ਕਰਨ ਦੀ ਲੋੜ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਸੀ।
ਪਵਿੱਤਰ ਤੇ ਉਜਲ ਹੋ ਚੁੱਕੀ ਸ਼ਖਸੀਅਤ ਨੂੰ ਜੀਵਨ ਸੰਗਰਾਮ ਵਿਚ ਧਰਮ ਯੁੱਧ ਦੀ ਕਠਿਨ ਖੇਡ ਖੇਡਣ ਵਿਚ ਪਾਇਆ ਜਾਏ। ਭਗਤ ਦੀ ਥਾਂ ਸ਼ਹੀਦ ਲਵੇ। ਸਿੱਖ ਸਿੰਘ ਬਣ ਵਿਸ਼ੇਸ਼ ਮਨੁੱਖ ਹੋ ਨਿਤਰੇ ਤੇ ਰਣ-ਭੂਮੀ ਨੂੰ ਐਸੇ ਹੀ ਧਰਮ ਖੇਤਰ ਮੰਨੇ ਜਿਵੇਂ ਉਹ ਧਰਮਸਾਲ ਨੂੰ ਮੰਨਦਾ ਹੈ। ਸ਼ਬਦ ਦੇ ਨਾਲ-ਨਾਲ ਸ਼ਸਤਰ ਦਾ ਵੀ ਸਤਿਕਾਰ ਹੋਵੇ। ਦੂਜੇ ਸ਼ਬਦਾਂ ਵਿਚ ਸਿੰਘ ਨੂੰ ਉਚੀ ਪੱਧਰ ਦੀ ਸਿਆਸਤ ਵੀ ਦਿੱਤੀ ਜਾਏ। ਉਸ ਦੀ ਸਿਆਸਤ ਜਬਰ ਤੇ ਗਿਰਾਵਟ ਵਿਰੁੱਧ ਯੁੱਧ ਦੀ ਸਿਆਸਤ ਹੋਵੇ। ਨਿਸ਼ਕਾਮ ਘਾਲਣਾ ਦੀ ਸਿਆਸਤ ਹੋਵੇ, ਜਿਸ ਦਾ ਸਵਾਰਥ, ਨਿਜੀ ਧੜੇ ਬੰਦੀ ਤੇ ਸੰਸਾਰਕ ਸਫਲਤਾਵਾਂ ਨਾਲ ਕੋਈ ਸਬੰਧ ਨਾ ਹੋਵੇ। ਉਸ ਦਾ ਕੌਮੀ ਤਰਾਨਾ ਹੋਵੇ। ਵਗਦੀਆਂ ਤੇਗਾਂ ਵਿਚ ਵੀ ਉਸ ਦੀ ਧੁਨੀ ਹੋਵੇ। ਉਸ ਦੇ ‘ਗਗਨ ਦਮਾਮੇ’ ਸਦਾ ਚੋਟ ਵੱਜਦੀ ਰਵੇ ਤਾਂ ਕਿ
ਮਾਇਆ ਦੀ ਖਿੱਚ ਉਸ ਨੂੰ ਪੋਹ ਨਾ ਸਕੇ । ਦੀਨ (ਗਰੀਬ) ਕੇ ਹੇਤ ਪਰਜਾ ਪੁਰਜਾ ਕਟ ਮਰਨ ਦੀ ਸਮਰਥਾ ਉਹ ਰੱਖਦਾ
ਹੋਵੇ। ਐਸੇ ਆਦਰਸ਼ਾਂ ਉਤੇ ਕਰਬਾਨ ਹੋਣ ਵਾਲੀ ਜਮਾਤ ਦਾ ਨਿਰਮਾਣ ਕੀਤਾ ਜਾਏ। ਕਨਿੰਘਮ ਵੀ ਕੁੱਝ ਇਸੇ ਹੀ ਭਾਵ ਦੀ ਗੱਲ ਲਿਖਦਾ ਹੈ ਕਿ ਅਸਲ ਵਿਚ ਸੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਗੁਰੁ ਗੋਬਿੰਦ ਸਿੰਘ ਜੀ ਦੇ ਦਿਲ ਵਿਚ ਇਹ ਖਿਆਲ ਘਰ ਕਰ ਗਿਆ ਸੀ ਕਿ ਲਿਤਾੜੇ ਤੇ ਮੁਰਦਾ ਹੋ ਚੁੱਕੇ ਲੋਕਾਂ ਨੂੰ ਨਵੇਂ ਸਿਰਿਉਂ ਉਤਸ਼ਾਹ ਵਾਲੀ ਕੌਮ ਬਣਾਉਣ ਦੀ ਲੋੜ ਹੈ।
ਪਹਾੜੀ ਰਾਜਿਆਂ ਨਾਲ ਯੁੱਧ ਤੇ ਜਿੱਤਾਂ :-
ਮੁਗਲ ਫੌਜਾਂ ਦੀ ਹਾਰ ਤੇ ਸਿੱਖਾਂ ਦੇ ਚੜ੍ਹਦੀ ਕਲਾ ਵਾਲੇ ਜਜ਼ਬੇ ਨੂੰ ਦੇਖ ਗੁਰੂ ਜੀ ਨੇ ਪੰਥ ਦੇ ਵਿਚਾਰ ਨੂੰ ਅੰਤਮ ਸ਼ਕਲ ਦੇਣ ਦਾ ਫੈਸਲਾ ਕਰ ਲਿਆ ਸੀ। ਸਮੱਗਰੀ ਤਿਆਰ ਹੋ ਚੁੱਕੀ ਸੀ, ਸਿਰਫ ਕਲਾਕਾਰੀ ਹੱਥਾਂ ਦੀ ਲੋੜ ਸੀ, ਜੋ ਇਕ ਜੀਉਂਦਾ ਕੌਮੀ ਮੰਦਰ ਤਿਆਰ ਕਰ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਹੀ ਇਹ ਅਨੁਭਵ ਕਰ ਲਿਆ ਸੀ ਕਿ ਬਿਰਾਦਰੀ ਤੋਂ ਛੇਕੇ ਤੇ ਲਿਤਾੜੇ ਲੋਕਾਂ ਵਿਚ ਜਜ਼ਬਾ ਭਰ ਕੇ ਵੱਡੀ ਤੋਂ ਵੱਡੀ ਸੰਸਾਰਕ ਤਾਕਤ ਨਾਲ ਟਕਰਾਣਾ ਤੇ ਜਿੱਤ ਪ੍ਰਾਪਤ ਕਰਨੀ ਕੋਈ ਅਸੰਭਵ ਕੰਮ ਨਹੀਂ। ਗੁਰੂ ਜੀ ਨੇ ਇਹ ਵੀ ਅਨੁਭਵ ਕਰ ਲਿਆ ਸੀ ਕਿ ਜਿਸ ਬੀਰ ਜਥੇਬੰਦੀ ਦੀ ਉਸਾਰੀ ਵਿਚ ਉਹ ਲੱਗੇ ਹੋਏ ਹਨ, ਉਸ ਦੇ ਹਰ ਅੰਸ਼ ਵਿਚ ਸੰਤ-ਸਿਪਾਹੀ ਵਾਲਾ ਗੁਣ ਹੋਣਾ ਲਾਜ਼ਮੀ ਹੈ। ਸੰਤ ਹੋ ਕੇ ਉਹ ਆਚਰਣ ਦੀ ਮੂਰਤ ਬਣੇ ਤੇ ਸਿਪਾਹੀ ਬਣ ਕੇ ਨਾ ਸਿਰਫ ਆਦਰਸ਼ਾਂ ਦਾ ਪਹਿਰੇਦਾਰ ਰਵੇ, ਸਗੋਂ ‘ਸਦਾ ਸਦ ਜਾਗਤ’ ਹੋ ਜਬਰ, ਜਾਬਰ ਅਤੇ ਗਿਰਾਵਟ ਵਿਰੁੱਧ ਡਟੇ। ਹਰ ਕਿਸੇ ਧਰਮ ਤੇ ਹਰ ਅਨਿਆਈ ਹਮਲੇ ਦਾ ਡਟ ਕੇ ਮੁਕਾਬਲਾ ਕਰਨ ਦੀ ਸ਼ਕਤੀ ਉਸ ਵਿਚ ਹੋਵੇ। ਪੰਥ ਸੇਵਕ ਸੰਸਥਾ ਹੋਵੇ, ਇਸਲਾਮ ਦੀ ਮਿਲਤ ਵਾਂਗੂ ਜਬਰ ਦੀ ਜਮਾਤ ਨਾ ਬਣੇ। ਹਰ ਲਿਤਾੜਿਆ ਜਾ ਰਹਿਆ ਲੋੜ ਵੇਲੇ ਪੰਥ ਕੋਲੋਂ ਸਹਾਇਤਾ ਦੀ ਆਸ ਰੱਖ ਸਕੇ।
ਪੰਥ ਦੀ ਸੰਸਥਾ ਦੇ ਤੁਲ ਦਾ ਕੋਈ ਸ਼ਬਦ ਭਾਰਤੀ ਸਾਹਿਤ ਜਾਂ ਦਰਸ਼ਨ ਵਿਚੋਂ ਲਭਿਆ ਨਹੀਂ ਜਾ ਸਕਦਾ। ਜੇ ਕੋਈ ਐਸੀ ਕੋਸ਼ਿਸ਼ ਕਰੇ ਵੀ ਤਾਂ ਉਸ ਨੂੰ ਪੂਰਨ ਨਿਰਾਸਤਾ ਹੋਵੇਗੀ।
ਹਿੰਦੁਸਤਾਨੀ ਸੂਝ ਤੋਂ ਪੰਥ ਦਾ ਖਿਆਲ ਬਹੁਤ ਦੁਰੇਡਾ ਤੇ ਚੌੜੇਰਾ ਹੈ। ਭਾਰਤੀ ਫਲਸਫਾ ਭੇਖ, ਵਰਣ ਤੇ ਉਸ ਦੇ ਆਧਾਰ ‘ਤੇ ਰਚੀ ਵੱਧ ਤੋਂ ਵੱਧ ਜਾਤੀ ਨੂੰ ਹੀ ਜਾਣਦਾ ਹੈ। ਇਸ ਤੋਂ ਅਗੇਰੇ ਨਾ ਉਹ ਜਾ ਸਕਿਆ ਹੈ ਤੇ ਨਾ ਉਸ ਵਿਚ ਜਾਣ ਦੀ ਸਮਰੱਥਾ ਹੈ। ਇਸੇ ਭੇਖ ਵਰਣ ਦੀ ਘੁੰਮਣ-ਘੇਰੀ ਵਿਚ ਪੈ ਸਦੀਆਂ ਤੱਕ ਗੋਤੇ ਖਾਂਦਾ ਰਿਹਾ ਹੈ। ਇਹ ਦਸਮੇਸ਼ ਪਿਤਾ ਜੀ ਦੇ ਹੀ ਹਿੱਸੇ
ਆਇਆ ਹੈ ਕਿ ਪੰਥ ਦੇ ਵਿਚਾਰਾਂ ਦਾ ਨਿਰਮਾਣ ਕਰਨ ਤੇ ਵੱਖਰੀ ਰੂਪ-ਰੇਖਾ ਦੇ ਕੇ ਇਸ ਦੀ ਸਾਜਣਾ ਵੀ ਕਰਨ। ਸਿੱਖ ਧਰਮ ਦੀ ਸਿਆਸੀ ਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂ ਪੰਥ ਹੈ, ਪੰਥ ਕੋਈ ਨਿਰੋਲ ਧਾਰਮਿਕ ਸੰਸਥਾ ਦਾ ਨਾਂ ਨਹੀਂ ਤੇ ਨਾ ਹੀ ਕੇਵਲ ਇਹ ਸਮਾਂ ਟਪਾਉਣ ਲਈ ਉਸਾਰਿਆ ਕੋਈ ਹੱਥ-ਠੋਕਾ ਹੈ।
ਪੰਥ ਉਨ੍ਹਾਂ ਮਰਜੀਵੜਿਆਂ ਦਾ ਇਕੱਠ ਹੈ ਜਿਨ੍ਹਾਂ ਦੀਨ ਤੇ ਦੁਨੀ ਦੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਆਸ਼ਿਆਂ ਤੇ ਨਿਸ਼ਾਨਿਆਂ ਨੂੰ ਪ੍ਰਵਾਨ ਕਰ ਲਿਆ ਤੇ ਉਨ੍ਹਾਂ ਨਿਸ਼ਾਨਿਆਂ ਤੇ ਆਸ਼ਿਆਂ ਦੀ ਪੂਰਤੀ ਲਈ ਆਪਾ ਵਾਰਨ ਲਈ ਤਤਪਰ ਹੋ ਗਏ। ਉਹ ਨਿਜੀ ਘਾਲਣਾ ਦੇ ਨਾਲ-ਨਾਲ ਸਮੂਹਿਕ ਘਾਲਣਾ ਕਰਨਾ ਵੀ ਫਰਜ਼ ਸਮਝਣ ਲੱਗ ਪਏ। ਇਕੱਲਿਆਂ ਤੁਰਨਾ ਤੇ ਜੂਝਣਾ ਆਸਾਨ ਹੈ ਪਰ ਜੇ ਇਕ ਹੋਰ ਨੂੰ ਨਾਲ ਲੈ ਕੇ ਤੁਰਨਾ ਹੋਵੇ ਤਾਂ ਜ਼ੋਰ ਬੇਸ਼ਕ ਘੱਟ ਲਗਦਾ ਹੈ ਪਰ ਸਾਵਧਾਨੀ ਦੀ ਲੋੜ ਵਧ ਜਾਂਦੀ ਹੈ, ਨਾਲ ਹੀ ਦੂਹਰਾ ਕੰਮ ਹੋ ਜਾਦਾ ਹੈ, ਇਕ ਆਪਣੇ ਆਪ ਨੂੰ ਤੋਰੀ ਰੱਖਣਾ ਤੇ ਦੂਜੇ ਸਾਥ ਨੂੰ ਲੈ ਕੇ ਤੁਰਨਾ। ਜੇ ਇਕ ਤੋਂ ਵੱਧ ਹੋ ਜਾਣ ਤਾਂ ਜ਼ਰਾ ਕੁ ਖੁੰਝਾਈ ਵੀ ਠੇਢੇ ਲਵਾ ਕੇ ਕਾਫਲੇ ਨੂੰ ਕੁਰਾਹੇ ਪਾ ਸਕਦੀ ਹੈ। ਸੋ ਗੁਰੂ ਸਾਹਿਬ ਨੇ ਪੰਥ ਦੀ ਸਾਜਣਾ ਧਰਮ ਤੇ ਮਾਨਵਤਾ ਦਿਆਂ ਆਦਰਸ਼ਾਂ ਦੀ ਰੱਖਿਆ ਲਈ ਕੀਤੀ। ਇਹ ਰੱਖਿਆ ਕੋਈ ਭੇਖ, ਵਰਣ ਜਾਂ ਜਾਤੀ ਨਹੀਂ ਸੀ ਕਰ ਸਕਿਆ। ਇਸ ਆਸ਼ੇ ਦੀ ਪੂਰਤੀ ਲਈ ਕਿਸੇ ਜੀਵਤ, ਚਲਣ ਹਿਲਣ ਵਾਲੇ, ਸਦਾ ਤੁਰੇ ਰਹਿਣ ਵਾਲੇ (ਡਾਇਨੈਮਕ), ਸ਼ਕਤੀ ਭਰਪੂਰ ਉਤਸ਼ਾਹੀ ਵਿਚਾਰ ਦੀ ਲੋੜ ਸੀ ਜੋ ਸਮਾਜ ਵਿਚ ਨਵੀਂ ਗਰਮੀ, ਜੋਸ਼ ਤੇ ਸਾਹਸ ਲਿਆਵੇ। ਇਸੇ ਲਈ ਪੰਥ ਦੀ ਸਾਜਣਾ ਕੀਤੀ ਗਈ।
ਇਸ ਮੰਤਵ ਨੂੰ ਮੁੱਖ ਰੱਖ ਕੇ ਗੁਰੂ ਗੋਬਿੰਦ (ਸਿੰਘ) ਜੀ
ਨੇ ਚਾਰੇ ਪਾਸੇ ਹੁਕਮਨਾਮੇ ਭੇਜੇ ਕਿ ਪਹਿਲੀ ਵਿਸਾਖ 1756 (30 ਮਾਰਚ, 1699) ਨੂੰ ਸਿੱਖ ਵੱਡੀ ਗਿਣਤੀ ਵਿਚ ਅਨੰਦਪੁਰ ਸਾਹਿਬ ਪੁੱਜਣ। ਵੈਸਾਖ ਦੀ ਪਹਿਲੀ ਚੁਣਨ ਦਾ ਵੀ ਖਾਸ ਕਾਰਨ ਸੀ। ਪਹਿਲੀ ਵੈਸਾਖ ਨੂੰ ਹੀ ਗੁਰੂ ਨਾਨਕ ਦੇਵ ਜੀ ਨੇ ‘ਮਨੁੱਖ ਦੀ ਉਤਮੱਤਾ’ ਤੇ ਭੇਖ ਭਰਮਾਂ ਦੀ ਵਿਅਰਥਤਾ ਦੇ ਪ੍ਰਚਾਰ ਦਾ ਹਰਦੁਆਰ ਤੋਂ ਆਰੰਭ ਕੀਤਾ ਸੀ। ਫੇਰ ਪਹਿਲੀ ਵੈਸਾਖ ਨੂੰ ਹੀ ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦਾ ਕੜ ਟੁੱਟਾ ਸੀ ਤੇ ਜਲ ਬਾਉਲੀ ਵਿਚ ਭਰਿਆ ਸੀ। ਹਿੰਦੁਸਤਾਨ ਵਿਚ ਪਹਿਲੀ ਵਾਰੀ ਲਿਤਾੜੇ ਜਾ ਰਹੇ, ਦੁਰੇ ਦੁਰੇ ਕੀਤੇ ਹੋਏ ਮਨੁੱਖਾਂ ਨੇ ਅਖੌਤੀ ਉਚੀ ਜਾਤੀਆਂ ਨਾਲ ਰਲ ਕੇ ਇਸ਼ਨਾਨ ਕੀਤਾ ਸੀ ਤੇ ਜਲ ਛਕਿਆ ਸੀ। ਭਿਟ-ਸੁੱਚ ਦਾ ਭਰਮ ਬਾਉਲੀ ਸਾਹਿਬ ਨੇ ਹੀ ਭੰਨਿਆ ਸੀ।
ਵੈਸਾਖੀ ਵਾਲੇ ਦਿਨ ਹੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤਿ ਸਮਾਏ ਸਨ। ਉਨ੍ਹਾਂ ਦਾ ਪਵਿੱਤਰ ਜੀਵਨ ਸਿੱਖਾਂ ਲਈ ਪ੍ਰੇਰਨਾ ਸੀ ਕਿ
ਸ਼ਾਹਾਂ ਸਾਹਮਣੇ ਨਹੀਂ ਝੁਕਣਾ, ਆਦਰਸ਼ਾਂ ਦਾ ਪਹਿਰਾ ਦਿੰਦੇ ਹੋਏ ਕੁਰਬਾਨ ਹੋ ਜਾਣਾ ਹੀ ਠੀਕ ਜ਼ਿੰਦਗੀ ਹੈ। ਬਾਬਾ ਰਾਮ ਰਾਇ ਵਾਲਾ ਖੁਸ਼ਾਮਦੀ ਤੇ ਲਾਲਚੀ ਜੀਵਨ ਦੇਖਣ ਨੂੰ ਕਿਤਨਾ ਸੁਖਾਵਾਂ ਤੇ ਪੱਧਰਾ ਹੋਵੇ, ਨਹੀਂ ਅਪਨਾਉਣਾ। ਅੱਠਵੇਂ ਪਾਤਸ਼ਾਹ ਦੇ ਅੰਤਲੇ ਮਹਾਵਾਕਾਂ, ‘ਬਾਬਾ ਬਕਾਲਾ’ ਨੇ ਕੁੱਝ ਚਿਰ ਜ਼ਰੂਰ ਮੁਸ਼ਕਿਲ ਪੈਦਾ ਕਰ ਦਿੱਤੀ ਸੀ ਪਰ ਸਿੱਖਾਂ ਨੂੰ ਇਕ ਨਵਾਂ ਉਤਸ਼ਾਹ ਵੀ ਉਸੇ ਮਹਾਵਾਕ ਨੇ ਹੀ ਦਿੱਤਾ ਸੀ। ਸਿੱਖਾਂ ਦਾ ਇਕ ਤਰ੍ਹਾਂ ਦਾ ਇਮਤਿਹਾਨ ਸੀ ਕਿ ਉਹ ਭਰਮ ਵਿਚ ਫਸਦੇ ਹਨ ਕਿ ਨਹੀਂ।
ਸਿੱਖਾਂ ਨੇ ਆਪਣੇ ਇਸ਼ਟ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਲੁਬਾਣਾ ਬਣ ਕੇ ਲੱਭ ਲਿਆ। ਉਹ ਪ੍ਰੀਖਿਆ ਵਿਚ ਫੇਲ੍ਹ ਨਾ ਹੋਏ। ਕੁੱਝ ਐਸਾ ਹੀ ਪਰਚਾ ਵੈਸਾਖੀ ਵਾਲੇ ਦਿਨ ਪੈਣ ਵਾਲਾ ਸੀ।
ਵੈਸਾਖੀ ਵਾਲੇ ਦਿਨ ਸੂਰਜ ਆਪਣੇ ਸਿਖਰ ਤੇ ਚਮਕਦਾ ਹੈ ਅਤੇ ਇਸ ਵੈਸਾਖੀ ਨੂੰ ਵੀ ਸਿਖਰ ਦੀ ਘਟਨਾ ਹੋਣ ਵਾਲੀ ਸੀ। ਵੈਸਾਖੀ ਵਾਲੇ ਦਿਨ ਹੀ ਸਰਦੀਆਂ ਦੀ ਜੰਮੀ ਹੋਈ ਬਰਫ ਪਿਘਲ ਕੇ ਮੈਦਾਨਾਂ ਵੱਲ ਵਹਿ ਟੁਰਦੀ ਹੈ ਤੇ ਪਿਆਸਿਆਂ ਦੀ ਤੇਹ ਮਿਟਾਂਦੀ ਹੈ। ਕੁੱਝ ਐਸਾ ਹੀ ਵੈਸਾਖ ਨੂੰ ਹੋਇਆ। ਸਦੀਆਂ ਤੋਂ ਪਿਆਸੀਆਂ ਰੂਹਾਂ ਦੀ ਆਤਮਿਕ ਪਿਆਸ ਬੁੱਝੀ ਤੇ ਮੁਰਦਾ ਹੋ ਚੁੱਕੀਆਂ ਰੂਹਾਂ ਵਿਚ ਨਵੀਂ ਜ਼ਿੰਦਗੀ ਦੀ ਲਹਿਰ ਦੌੜੀ।
ਸੋ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬਾਨ ਦੇ ਆਦਰਸ਼ਾਂ ਨੂੰ ਪੂਰਨ ਸ਼ਕਲ ਦੇਣ ਲਈ ਵੈਸਾਖ ਵਾਲਾ ਮਹਾਨ ਦਿਨ ਹੀ ਚੁਣਿਆ। ਭਾਵੇਂ ਵੈਸਾਖੀ ਵਾਲੇ ਦਿਨ ਸਿੱਖਾਂ ਦਾ ਜੁੜਨ ਦਾ ਸੁਭਾਅ ਬਣਿਆ ਹੋਇਆ ਸੀ ਪਰ ਫਿਰ ਵੀ ਗੁਰੂ ਜੀ ਨੇ ਉਚੇਚੇ ਸੱਦੇ ਭੇਜੇ ਤਾਂ ਕਿ ਉਚੇਚਾ ਇਕੱਠਾ ਹੋ ਸਕੇ। ਤੀਹ ਮਾਰਚ ਨੂੰ ਇਕ ਉਚੇ ਪੱਧਰ ਥਾਂ ‘ਤੇ ਜਿਸ ਨੂੰ ਕਿਲ੍ਹੇ ਦੀ ਸ਼ਕਲ ਪਹਿਲਾਂ
ਹੀ ਦਿੱਤੀ ਹੋਈ ਸੀ, ਭਾਰੀ ਇਕੱਠ ਹੋਇਆ। ਔਰੰਗਜ਼ੇਬ ਦੇ ਖੂਫੀਏ ਵੀ ਉਥੇ ਪੁੱਜੇ ਹੋਏ ਸਨ। ਵੱਡੇ ਦੀਵਾਨ ਅਸਥਾਨ ਦੇ ਨਾਲ ਇਕ ਛੋਟਾ ਜਿਹਾ ਤੰਬੂ ਵੀ ਲਗਾਇਆ ਗਿਆ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕ੍ਰਿਪਾਨ ਮਿਆਨ ਵਿਚੋਂ ਕੱਢ ਕੇ ਇਕੱਠ ਨੂੰ ਬੁਲਾਉਣ ਦਾ ਮੰਤਵ ਗੱਜ ਕੇ ਦੱਸਿਆ ਤੇ ਫਿਰ ਕਿਹਾ, ‘ਕੋਈ ਹੈ ਜੋ ਇਨ੍ਹਾਂ ਆਸ਼ਿਆਂ ਤੇ ਨਿਸ਼ਾਨਿਆਂ
ਲਈ ਜਾਨ ਵਾਰਨ ਲਈ ਤਿਆਰ ਹੋਵੇ। ਸਾਰੇ ਪਾਸੇ ਪਹਿਲਾਂ
ਚੁੱਪ ਚਾਂ ਛਾ ਗਈ ਪਰ ਛੇਤੀ ਹੀ ਭਾਈ ਦਇਆ ਰਾਮ ਜੀ ਲਾਹੌਰ
ਵਾਲੇ ਉਠੇ ਤੇ ਉਨ੍ਹਾਂ ਆਪਣਾ ਸੀਸ ਭੇਟ ਕੀਤਾ। ਇਸੇ ਤਰ੍ਹਾਂ ਚਾਰ ਵਾਰੀ ਪੁਕਾਰਨ ‘ਤੇ ਵਾਰੋ-ਵਾਰੀ ਚਾਰ ਹੋਰ ਭਾਈ ਧਰਮ ਦਾਸ ਜੀ ਦਿੱਲੀ, ਭਾਈ ਹਿੰਮਤ ਰਾਇ ਜੀ ਜਗਨ ਨਾਥਪੁਰੀ, ਭਾਈ ਮੋਹਕਮ ਚੰਦ ਜੀ ਦੁਆਰਕਾ ਤੇ ਭਾਈ ਸਾਹਿਬ ਚੰਦ ਜੀ ਬਿਦਰ ਦੇ ਰਹਿਣ ਵਾਲਿਆਂ ਨੇ ਸੀਸ ਭੇਟ ਕੀਤੇ। ਗੁਰੂ ਜੀ ਹਰ ਇਕ
ਨੂੰ ਛੋਟੇ ਤੰਬੂ ਵਿਚ ਲੈ ਜਾਂਦੇ। (ਇਥੇ ਇਤਨਾ ਹੀ ਕਹਿਣਾ ਕਾਫੀ ਹੈ
ਪ੍ਰਿੰ: ਸਤਿਬੀਰ ਸਿੰਘ
