‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ ਪੁਸਤਕ ਦੇ ਲੇਖਕ ਅਤੇ ਬੀ.ਬੀ.ਸੀ. ਦੇ ਸੀਨੀਅਰ ਪੱਤਰਕਾਰ ਮਾਰਕ ਟੱਲੀ ਦਾ ਦੇਹਾਂਤ

ਨਵੀਂ ਦਿੱਲੀ: ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਤਕਾਲੀ ਭਾਰਤੀ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਸਿੱਖ ਨਸਲਕੁਸ਼ੀ ਨਾਲ ਸੰਬੰਧਤ ਬੇਹੱਦ ਅਹਿਮ ਤੱਥਾਂ ਨੂੰ ਉਭਰਨ ਵਾਲੀ ਅਤੇ ਸਿੱਖ ਹਲਕਿਆਂ ਵਿਚ ਚਰਚਿਤ ਪੁਸਤਕ ਲਿਖਣ ਵਾਲੇ ਲਿਖਣ ਬੀ. ਬੀ. ਸੀ. ਦੇ ਪੱਤਰਕਾਰ ਤੇ ਲੇਖਕ ਮਿ. ਮਾਰਕ ਟੱਲੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨਾਂ ਦੇ ਕਰੀਬੀ ਦੋਸਤ ਅਤੇ ਸੀਨੀਅਰ ਪੱਤਰਕਾਰ ਸ੍ਰੀ ਸਤੀਸ਼ ਜੈਕਬ ਨੇ ਦਿੱਤੀ ਹੈ।
ਕੋਲਕਾਤਾ ਵਿੱਚ 1935 ਵਿੱਚ ਜਨਮੇ ਟੱਲੀ ਦਾ ਬਚਪਨ ਦਾਰਜਲਿੰਗ ਵਿੱਚ ਬੀਤਿਆ। ਉਨ੍ਹਾਂ ਦੇ ਬਰਤਾਨਵੀ ਮਾਪੇ ਭਾਵੇਂ ਉਨ੍ਹਾਂ ਨੂੰ ਸਥਾਨਕ ਲੋਕਾਂ ਨਾਲ ਘੁਲਣ-ਮਿਲਣ ਨਹੀਂ ਦਿੰਦੇ ਸਨ, ਪਰ ਉਹ ਭਾਰਤ ਨਾਲ ਅਜਿਹੇ ਜੁੜੇ ਕਿ ਉਹ ਸਾਰੀ ਉਮਰ ਇੱਥੇ ਹੀ ਰਹੇ। ਉਹ 22 ਸਾਲ ਤੱਕ ‘ਬੀ. ਬੀ. ਸੀ. ਨਵੀਂ ਦਿੱਲੀ ਦੇ ਬਿਊਰੋ ਚੀਫ ਰਹੇ।
ਉਨ੍ਹਾਂ 1971 ਦੀ ਬੰਗਲਾਦੇਸ਼ ਜੰਗ, ਐਮਰਜੈਂਸੀ, ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਹੱਤਿਆ । ਅਤੇ ਬਾਬਰੀ ਮਸਜਿਦ ਢਾਹੇ ਜਾਣ ਵਰਗੇ ਇਤਿਹਾਸਕ ਘਟਨਾਕ੍ਰਮਾਂ ਨੂੰ ਆਪਣੀ ਪੱਤਰਕਾਰੀ ਰਾਹੀਂ ਦੁਨੀਆ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੀ ਕਿਤਾਬ ‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ (1985) ਪੰਜਾਬ ਸੰਕਟ ਦਾ ਅਹਿਮ ਦਸਤਾਵੇਜ਼ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ‘ਨੋ
ਫੁੱਲ ਸਟਾਪਸ ਇਨ ਇੰਡੀਆ’ ਅਤੇ ‘ਇੰਡੀਆ ਇਨ ਸਲੋ ਮੋਸ਼ਨ’ ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ। ਟੱਲੀ ਨੂੰ ਉਨ੍ਹਾਂ ਦੀ ਇਮਾਨਦਾਰ ਪੱਤਰਕਾਰੀ ਲਈ ਜਾਣਿਆ ਜਾਂਦਾ ਸੀ। ਬੀ. ਬੀ. ਸੀ. ਨਾਲ ਮੱਤਭੇਦ ਹੋਣ ਕਾਰਨ ਉਨ੍ਹਾਂ ਨੇ 1994 ਵਿੱਚ ਅਸਤੀਫ਼ਾ ਦੇ ਦਿੱਤਾ, ਪਰ ਉਹ 2019 ਤੱਕ ਰੇਡੀਓ ਪ੍ਰੋਗਰਾਮ ‘ਸਮਥਿੰਗ, ਅੰਡਰਸਟੁੱਡ’ ਕਰਦੇ ਰਹੇ। ਉਨ੍ਹਾਂ ਦੇ ਪੁੱਤਰ ਸੈਮ ਟੱਲੀ ਨੇ ਪਿਤਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, “ਦਿਲ ਹੈ ਹਿੰਦੁਸਤਾਨੀ, ਮਗਰ ਥੋੜ੍ਹਾ ਅੰਗਰੇਜ਼ੀ ਵੀ।” ਉਨ੍ਹਾਂ ਦੀਆਂ ਸੇਵਾਵਾਂ ਬਦਲੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1992 ਵਿੱਚ ਪਦਮ ਸ੍ਰੀ ਅਤੇ 2005 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ। ਬਰਤਾਨੀਆ ਨੇ ਵੀ ਉਨ੍ਹਾਂ ਨੂੰ 2002 ਵਿੱਚ ‘ਨਾਈਟਹੁੱਡ’ (ਸਰ) ਦੀ ਉਪਾਧੀ ਦਿੱਤੀ ਸੀ।