views 10 secs 0 comments

ਯੁੱਧਾਂ ਦਾ ਇਤਿਹਾਸ ਮਨੁੱਖਤਾ ਦੀ ਮੌਤ ਤੇ ਰਾਖ ਵਿਚ ਹੈ , ਮਨੁੱਖੀ ਜੀਵਨ ਅਨੰਦ ਤੇ ਸ਼ਾਂਤੀ ਵਿਚ

ਲੇਖ
March 25, 2026

ਵਿਸ਼ਵ ਨੇ ਤਰੱਕੀ ਤਾਂ ਕਰ ਲਈ ਹੈ, ਪਰ ਉਸਦਾ ਇਤਿਹਾਸਕ ਸੱਚ ਇਹ ਹੈ ਕਿ ਉਸਦਾ ਅਤੀਤ ਅਤੇ ਵਰਤਮਾਨ ਅਜੇ ਵੀ ਜੰਗਾਂ ਅਤੇ ਬਰਬਾਦੀ ਦੀ ਰਾਖ ਵਿੱਚ ਹੀ ਲਿਪਟਿਆ ਹੋਇਆ ਹੈ। ਉਹ ਇਸ ਵਿਨਾਸ਼ਕਾਰੀ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ।ਚਾਹੇ ਉਸਨੇ ਯੂਐਓ ਦੀ ਸਥਾਪਨਾ ਕਰ ਲਈ
ਹੈ।ਪਰ ਵਖ ਵਖ ਦੇਸ਼ਾਂ ਵਿਚ ਟਕਰਾਅ ਜਾਰੀ ਹਨ।ਮਾਇਆ,ਫੌਜ, ਹਥਿਆਰਾਂ ਕਾਰਣ ਹੀ ਕਿਸੇ ਦੇਸ਼ ਨੂੰ ਮਜ਼ਬੂਤ ਸਮਝਿਆ ਜਾਂਦਾ ਹੈ। ਲੋਕਾਂ ਦੀ ਮਜ਼ਬੂਤੀ ਭਾਈਚਾਰੇ , ਖੁਸ਼ੀਆਂ,ਗਿਆਨ,ਹੈਲਥ ਸਿਸਟਮ ਕੋਈ ਅਰਥ ਨਹੀਂ ਰਖਦੇ।ਇਸੇ ਕਾਰਣ ਸੰਸਾਰ ਵਿਚ ਅਸ਼ਾਂਤੀ ਦਾ ਮਾਹੌਲ ਹੈ।

ਯਾਦ ਰਖਣ ਦੀ ਲੋੜ ਹੈ ਕਿ ਇਤਿਹਾਸ ਮਹਿਲਾਂ ਵਿੱਚ ਨਹੀਂ, ਸਗੋਂ ਜੰਗਾਂ ਤੋਂ ਬਾਅਦ ਬਚੀ ਹੋਈ ਰਾਖ ਵਿੱਚ ਰੁਲ਼ਦਾ ਮਿਲਦਾ ਹੈ।ਜੇਕਰ ਅਸੀਂ ਇਤਿਹਾਸ ਵਿੱਚੋਂ ‘ਰੋਮਾਂਚ’ ,ਹੀਰੋਇਜ਼ਮ ਕੱਢ ਦੇਈਏ, ਤਾਂ ਪਿੱਛੇ ਸਿਰਫ਼ ਮਲਬਾ ਅਤੇ ਰਾਖ ਬਚਦੀ ਹੈ। ਅਸੀਂ ਇਤਿਹਾਸ ਨੂੰ ਜਿੰਨਾ ਮਰਜ਼ੀ ਸਜਾ ਕੇ ਪੇਸ਼ ਕਰੀਏ, ਸੱਚਾਈ ਇਹ ਹੈ ਕਿ ਇਹ ਖ਼ੂਨ-ਖ਼ਰਾਬੇ ਅਤੇ ਬਰਬਾਦੀ ਦੇ ਢੇਰ ਉੱਤੇ ਲਿਖਿਆ ਹੁੰਦਾ ਹੈ।

ਇਤਿਹਾਸ ਦੀਆਂ ਵੱਡੀਆਂ ਤੋਂ ਵੱਡੀਆਂ ਘਟਨਾਵਾਂ, ਸਮਰਾਜ ਅਤੇ ਜੰਗਾਂ ਅੰਤ ਵਿੱਚ ਰਾਖ ਵਿੱਚ ਹੀ ਮਿਲ ਜਾਂਦੀਆਂ ਹਨ। ਜਿੰਨਾ ਮਰਜ਼ੀ ਕੋਈ ਸ਼ਕਤੀਸ਼ਾਲੀ ਹੋਵੇ, ਸਮਾਂ ਉਸਨੂੰ ਮਿੱਟੀ ਜਾਂ ਰਾਖ ਬਣਾ ਕੇ ਰੱਖ ਦਿੰਦਾ ਹੈ।ਪੁਰਾਣੇ ਸਮੇਂ ਵਿੱਚ ਇੱਕ ਦੇਸ਼ ਦੂਜੇ ‘ਤੇ ਕਬਜ਼ਾ ਕਰਕੇ ਉਸਨੂੰ ਆਪਣੀ ਬਸਤੀ ਬਣਾ ਲੈਂਦਾ ਸੀ। ਅੱਜ ਕੱਲ੍ਹ ਸਿੱਧਾ ਕਬਜ਼ਾ ਕਰਨ ਦੀ ਬਜਾਏ, ਸ਼ਕਤੀਸ਼ਾਲੀ ਦੇਸ਼ ਉੱਥੋਂ ਦੀ ਸਰਕਾਰ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਹਨ। ਸ਼ਕਤੀਸ਼ਾਲੀ ਦੇਸ਼ ਕਰਜ਼ਾ, ਹਥਿਆਰ, ਡਿਪਲੋਮੈਟਿਕ ਸਪੋਰਟ ਅਤੇ ਯੁੱਧ ਦੇ ਸਮੇਂ ਸੁਰੱਖਿਆ ਦਿੰਦਾ ਹੈ।

ਇਸ ਬਦਲੇ ​ਕਲਾਇੰਟ ਸਟੇਟ ਆਪਣੀ ਜ਼ਮੀਨ ‘ਤੇ ਫੌਜੀ ਅੱਡੇ ਬਣਾਉਣ ਦੀ ਇਜਾਜ਼ਤ, ਕੁਦਰਤੀ ਸਰੋਤ (ਤੇਲ, ਖਣਿਜ) ਅਤੇ ਅੰਤਰਰਾਸ਼ਟਰੀ ਮੰਚਾਂ (ਜਿਵੇਂ UN) ਵਿੱਚ ਸ਼ਕਤੀਸ਼ਾਲੀ ਦੇਸ਼ ਦੇ ਹੱਕ ਵਿੱਚ ਵੋਟ ਦਿੰਦਾ ਹੈ।ਬਹੁਤ ਸਾਰੇ ਦੇਸ਼ ਜਾਂ ਤਾਂ ਅਮਰੀਕਾ ਦੇ ਕਲਾਇੰਟ ਸਟੇਟ ਸਨ ਜਾਂ ਸੋਵੀਅਤ ਯੂਨੀਅਨ ਦੇ।ਕਲਾਇੰਟ ਸਟੇਟ ਇੱਕ ਤਰ੍ਹਾਂ ਨਾਲ “ਕਠਪੁਤਲੀ ਰਾਜ” ਵਰਗਾ ਹੁੰਦਾ ਹੈ, ਜਿਸਦੀ ਡੋਰ ਕਿਸੇ ਬਾਹਰੀ ਸ਼ਕਤੀ ਦੇ ਹੱਥ ਵਿੱਚ ਹੁੰਦੀ ਹੈ। ਇਹ ਦੇਸ਼ ਦਿਖਣ ਵਿੱਚ ਆਜ਼ਾਦ ਹੁੰਦੇ ਹਨ, ਪਰ ਅਸਲ ਵਿੱਚ ਉਹਨਾਂ ਦੀ ਪ੍ਰਭੂਸੱਤਾ ਬਹੁਤ ਕਮਜ਼ੋਰ ਹੁੰਦੀ ਹੈ।

ਗ਼ਾਜ਼ਾ ਦੇ ਮਲਬੇ, ਯੂਕਰੇਨ ਦੀਆਂ ਖੰਡਹਰ, ਸੂਡਾਨ ਦੀ ਭੁੱਖ ਅਤੇ ਈਰਾਨ ਵਿਚ ਹਥਿਆਰਾਂ ਦੇ ਧਮਾਕਿਆਂ ਵਿਚ ਬਲਦਾਂ ਬਚਪਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਨੁੱਖਤਾ ਨੇ ਤਕਨੀਕ ਤਾਂ ਬਿਹਤਰ ਕਰ ਲਈ ਹੈ, ਪਰ ਆਪਣੀ ਹਵਸੀ ਫ਼ਿਤਰਤ ਨਹੀਂ ਬਦਲੀ।

ਅਜੋਕੇ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਦੁਖਾਂਤ ਨੂੰ ਸਿਰਫ਼ ਇੱਕ ‘ਹੈਸ਼ਟੈਗ’ ਜਾਂ ‘ਸਕਰੋਲ’ ਕਰਨ ਵਾਲੀ ਖ਼ਬਰ ਤੱਕ ਸੀਮਤ ਕਰ ਦਿੱਤਾ ਹੈ।
​”ਅਸੀਂ ਸ਼ਾਂਤੀ ਨੂੰ ਇਸ ਲਈ ਨਹੀਂ ਗੁਆ ਰਹੇ ਕਿ ਅਸੀਂ ਉਸਨੂੰ ਸੰਭਾਲ ਨਹੀਂ ਸਕਦੇ, ਸਗੋਂ ਇਸ ਲਈ ਕਿਉਂਕਿ ਹੁਣ ਸ਼ਾਂਤੀ ਸਾਡਾ ਮੁਦਾ ਨਹੀਂ ਰਹੀ।”ਅਸੀਂ ਜੰਗਾਂ , ਕਤਲੇਆਮ ,ਹਿੰਸਾ ਵਿਚ ਅਨੰਦ ਭਾਲਦੇ ਹਾਂ।

​ਵਿਸ਼ਵ ਦੀਆਂ ਵੱਡੀਆਂ ਤਾਕਤਾਂ ਲਈ ਯੁੱਧ ਹੁਣ ਇੱਕ ਆਰਥਿਕ ਮਾਡਲ ਬਣ ਚੁੱਕਾ ਹੈ। ਜਦੋਂ ਤੱਕ ਹਥਿਆਰ ਵਿਕਦੇ ਰਹਿਣਗੇ, ਵੱਡੀਆਂ ਤਾਕਤਾਂ ਦੇ ਖਜ਼ਾਨੇ ਭਰਪੂਰ ਰਹਿਣਗੇ।ਸ਼ਾਂਤੀ ਦੀਆਂ ਗੱਲਾਂ ਸਿਰਫ਼ ਕਾਗਜ਼ੀ ਦਸਤਾਵੇਜ਼ਾਂ ਤੱਕ ਹੀ ਮਹਿਫ਼ੂਜ਼ ਰਹਿਣਗੀਆਂ।

ਕਿਸੇ ਵੀ ਸਭਿਅਤਾ ਨੂੰ ਨਸ਼ਟ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਉਸਦੇ ਇਤਿਹਾਸ ਦੀ ਸਮਝ ਨੂੰ ਮਿਟਾ ਦੇਣਾ ਹੈ।​ਰੋਮ ਅਤੇ ਯੂਰਪ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਨੂੰ ਆਪਣੇ ਪਤਨ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਸਨ।​ਅੱਜ ਅਸੀਂ ਇਸ ਭਰਮ ਵਿੱਚ ਜੀ ਰਹੇ ਹਾਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਬਚਾ ਲਵੇਗੀ, ਪਰ ਸੱਚਾਈ ਇਹ ਹੈ ਕਿ ਇਹ ਵੀ ਸਾਡੀ ਕਰੂਰਤਾ ਨੂੰ ਹੋਰ ਤੇਜ਼ ਕਰਨ ਦਾ ਜ਼ਰੀਆ ਬਣ ਸਕਦੀ ਹੈ।ਹੁਣ ਅਜਿਹੇ ਡਰੋਨ ਅਤੇ ਹਥਿਆਰ ਬਣਾਏ ਜਾ ਰਹੇ ਹਨ ਜੋ ਬਿਨਾਂ ਕਿਸੇ ਇਨਸਾਨੀ ਦਖਲ ਦੇ ਖ਼ੁਦ ਫੈਸਲਾ ਕਰ ਸਕਦੇ ਹਨ ਕਿ ਕਿਸ ਨੂੰ ਮਾਰਨਾ ਹੈ। ਇੱਥੇ ‘ਕਰੂਰਤਾ’ ਮਸ਼ੀਨੀ ਹੋ ਜਾਂਦੀ ਹੈ, ਜਿਸ ਵਿੱਚ ਕੋਈ ਪਛਤਾਵਾ ਜਾਂ ਰਹਿਮ ਨਹੀਂ ਹੁੰਦਾ।ਏਆਈ ਸਾਡੀ ਸੋਚ ਨੂੰ “ਰਫਤਾਰ” ਦਿੰਦੀ ਹੈ—ਜੇਕਰ ਸੋਚ ਨਫ਼ਰਤ ਵਾਲੀ ਹੈ, ਤਾਂ ਏਆਈ ਉਸ ਨਫ਼ਰਤ ਨੂੰ ਬਹੁਤ ਜ਼ਿਆਦਾ ਖ਼ਤਰਨਾਕ ਅਤੇ ਤੇਜ਼ ਬਣਾ ਦੇਵੇਗੀ।

ਇਤਿਹਾਸ ਗਵਾਹ ਹੈ ਕਿ ਹਰ ਸਦੀ ਸ਼ਾਂਤੀ ਦੇ ਨਾਅਰਿਆਂ ਨਾਲ ਸ਼ੁਰੂ ਹੁੰਦੀ ਹੈ ਪਰ ਉਸ ਦਾ ਅੰਤ ਖ਼ੂਨ ਦੀਆਂ ਨਦੀਆਂ ਨਾਲ ਹੁੰਦਾ ਹੈ। ਅੱਜ ਤਲਵਾਰਾਂ ਦੀ ਥਾਂ ਡਰੋਨਾਂ ਨੇ ਲੈ ਲਈ ਹੈ ਅਤੇ ਸਾਮਰਾਜਵਾਦ ਨੇ “ਕਲਾਇੰਟ ਸਟੇਟ” ਦਾ ਨਵਾਂ ਚੋਲਾ ਪਹਿਨ ਲਿਆ ਹੈ।ਕਲਾਇੰਟ ਸਟੇਟ ਆਪਣੇ ਆਪ ਵਿੱਚ ਆਜ਼ਾਦ ਤਾਂ ਹੁੰਦਾ ਹੈ (ਉਸਦਾ ਆਪਣਾ ਨਕਸ਼ਾ ਅਤੇ ਝੰਡਾ ਹੁੰਦਾ ਹੈ), ਪਰ ਉਸਦੇ ਵੱਡੇ ਫੈਸਲੇ ਉਸਦਾ “ਆਕਾ” ਜਾਂ ਸ਼ਕਤੀਸ਼ਾਲੀ ਦੇਸ਼ ਲੈਂਦਾ ਹੈ। ਜਿਵੇਂ ਅਮਰੀਕਾ ਈਰਾਨ ਵਿਰੋਧੀ ਖਾੜੀ ਦੇਸ਼ਾਂ ਬਾਰੇ ਲੈਂਦਾ ਹੈ।ਇਹ ਨਿਰਭਰਤਾ ਹਥਿਆਰਾਂ, ਕਰਜ਼ੇ ਜਾਂ ਸੁਰੱਖਿਆ ਲਈ ਹੋ ਸਕਦੀ ਹੈ।
​ਗ਼ਾਜ਼ਾ ਦੇ ਮਲਬੇ, ਯੂਕਰੇਨ ਦੀਆਂ ਖਾਈਆਂ, ਸੂਡਾਨ ਦੀ ਭੁੱਖ ਅਤੇ ਮਿਆਂਮਾਰ ਦੇ ਸੜਦੇ ਜੰਗਲ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਨੁੱਖਤਾ ਨੇ ਤਕਨੀਕ ਤਾਂ ਬਿਹਤਰ ਕਰ ਲਈ ਹੈ, ਪਰ ਆਪਣੀ ਫ਼ਿਤਰਤ ਨਹੀਂ ਬਦਲੀ।ਫਿਤਰਤ ਹਿੰਸਕ,ਨਸਲਵਾਦੀ,ਉਜਡ,ਕਿਰਸੀ, ਮਨੁੱਖਤਾ ਮਾਰੂ ਹੈ।

ਅੱਜ ਸੁਆਲ ਇਹ ਨਹੀਂ ਹੈ ਕਿ ਅਗਲਾ ਯੁੱਧ ਕੌਣ ਜਿੱਤੇਗਾ, ਸਗੋਂ ਸੁਆਲ ਇਹ ਹੈ ਕਿ ਕੀ ਜਿੱਤਣ ਲਈ ਕੁਝ ਅਜਿਹਾ ਬਚੇਗਾ ਜਿਸਦੀ ਕੋਈ ਸਾਰਥਕਤਾ ਹੋਵੇ? ਅਸੀਂ ਇੱਕ ਅਜਿਹੇ ਮੋੜ ‘ਤੇ ਖੜ੍ਹੇ ਹਾਂ ਜਿੱਥੇ ‘ਭੁੱਲਣਾ’ ਹੀ ਜਿਊਣ ਦਾ ਇੱਕੋ-ਇੱਕ ਤਰੀਕਾ ਬਣ ਗਿਆ ਹੈ। ਜੇਕਰ ਅਸੀਂ ਇਤਿਹਾਸ ਦੀ ਰਾਖ ਵਿੱਚੋਂ ਸਬਕ ਨਾ ਸਿੱਖਿਆ, ਤਾਂ ਸ਼ਾਇਦ ਅਗਲਾ ਅਧਿਆਏ ਲਿਖਣ ਵਾਲਾ ਕੋਈ ਬਚੇਗਾ ਹੀ ਨਹੀਂ।

ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ॥੪॥੧॥੩॥” –
ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਜਦੋਂ ਤੱਕ ਮਨ ਅੰਦਰ ਹਉਮੈ (Ego), ਲੋਭ ਅਤੇ ਮੋਹ ਵਰਗੇ ਵਿਕਾਰ ਹਨ, ਉਦੋਂ ਤੱਕ ਬਾਹਰ ਸ਼ਾਂਤੀ ਸੰਭਵ ਨਹੀਂ।
​ਅਜੋਕੇ ਯੁੱਧ ‘ਸ਼ਕਤਸਾਲੀ ਹੋਣ ਦੀ ਹਉਮੈ ਵਿੱਚੋਂ ਨਿਕਲ ਰਹੇ ਹਨ। ਜੇਕਰ ਮਨ ਅੰਦਰ ‘ਹਰਿ ਗੁਣ’ (ਦੈਵੀ ਗੁਣ ਜਿਵੇਂ ਦਇਆ, ਸੰਤੋਖ) ਹੋਣ, ਤਾਂ ਵਿਨਾਸ਼ਕਾਰੀ ਫੁਰਨੇ ਆਪਣੇ-ਆਪ ਸ਼ਾਂਤ ਹੋ ਜਾਂਦੇ ਹਨ।ਜਦੋਂ ਤੱਕ ਮਨ ਦੇ ਅੰਦਰੋਂ ਦੂਜੇ ਨੂੰ ਮਾਰਨ ਜਾਂ ਲੁੱਟਣ ਦਾ ਫੁਰਨਾ ਸ਼ਾਂਤ ਨਹੀਂ ਹੁੰਦਾ, ਉਦੋਂ ਤੱਕ ਬਾਹਰਲੀ ਸ਼ਾਂਤੀ ਅਸਥਾਈ ਹੈ। ਗੁਰਬਾਣੀ ਅਨੁਸਾਰ ਸ਼ਾਂਤੀ ਇੱਕ ਅੰਦਰੂਨੀ ਅਵਸਥਾ ਹੈ, ਜੋ ਨਿਰੰਤਰ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਨਾਲ ਆਉਂਦੀ ਹੈ।

ਬਲਵਿੰਦਰਪਾਲ ਸਿੰਘ ਪ੍ਰੋਫੈਸਰ