views 9 secs 0 comments

ਮਨੁੱਖ ਜ਼ਾਤੀ ਵਿਚ ਏਕਤਾ

ਲੇਖ
May 10, 2026

…ਇਕੋ ਸ਼ਕਲ ਦੇ ਮਨੁੱਖਾਂ ਵਿਚੋਂ ਇਕ ਸ਼ਰੇਣੀ ਨੂੰ ‘ਸ਼ੂਦਰ’ ਤੇ ਨੀਚ ਅਖਵਾਣ ਲਈ ਮਜ਼ਬੂਰ ਕਰ ਦਿੱਤਾ ਗਿਆ ਤੇ ਉਹ ਸ਼ਰੇਣੀ ਅੱਜ ਧਾਰਮਿਕ, ਸਮਾਜਕ ਤੇ ਭਾਈਚਾਰਕ ਪੱਖ ਤੋਂ ਆਪਣੇ ਭਰਾਵਾਂ ਨਾਲੋਂ ਬਹੁਤ ਦੁਰਾਡੇ ਚਲੀ ਗਈ ਹੈ ਜਿਸ ਨੂੰ ਮੁੜ ਕੇ ਆਪਣੇ ਭਰਾਵਾਂ ਨਾਲ (ਜੋ ਸੁਵਰਨ ਜਾਤੀ ਅਖਵਾਉਂਦੇ ਹਨ) ਖੁਲ ਕੇ ਮਿਲ ਬੈਠਣਾ ਤੇ ਇਕੱਠੇ ਬੈਠ ਕੇ ਖਾਣ-ਪੀਣ ਦੀ ਗੱਲ ਕਿਸੇ ਪਿਛਲੇ ਜਨਮ ਦੀ ਯਾਦ ਬਣ ਕੇ ਰਹਿ ਗਈ ਸੀ। ਉਹਨਾਂ ਨੂੰ ਇਥੋਂ ਤੱਕ ਘਟੀਆ ਗਿਣਿਆ ਜਾਣ ਲੱਗਾ ਸੀ ਕਿ ਉਹਨਾਂ ਨੂੰ ਮੰਦਰਾਂ ਤੇ ਚਾੜ੍ਹਨਾ ਤੇ ਅੰਦਰ ਜਾ ਕੇ ਬੇਦ-ਮੰਤਰ ਸੁਣਨੇ ਤਾਂ ਵਿਵਰਜਤ ਸਨ ਹੀ ਜ਼ੁਲਮ ਦੀ ਗੱਲ ਇਹ ਕਿ ਜੇ ਕੋਈ ਸ਼ੂਦਰ ਜਾਂ ਚੰਡਾਲ ਜਾਤੀ ਦਾ ਮਨੁੱਖ ਭੁਲ-ਭੁਲੇਖੇ ਨਾਲ ਹੀ ਕੰਨਾਂ ਵਿਚ ਵੇਦ-ਮੰਤਰ ਸੁਣ ਲਏ ਤਾਂ ਉਸ ਦੇ ਕੰਨਾਂ ਵਿਚ ਸਜ਼ਾ ਦੇ ਤੌਰ ਤੇ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤਾਂ ਕਿ ਅੱਗੋਂ ਕੋਈ ਗੱਲ ਵੀ ਨਾ ਸੁਣ ਸਕੇ।

ਸ਼ੂਦਰ ਦੀ ਛੁਹ ਨਾਲ ਖਾਣ-ਪੀਣ ਦੀਆਂ ਚੀਜ਼ਾਂ ਨੂੰ ਤਾਂ ਭਿੱਟ ਚੜਨੀ ਹੀ ਹੋਈ ਸੜਕਾਂ ਨੂੰ ਵੀ ਭਿੱਟ ਚੜ ਜਾਂਦੀ ਸੀ। ਇਸੇ ਲਈ ਉਹਨਾਂ ਦੇ ਤੁਰਨ ਦੀਆਂ ਸੜਕਾਂ ਵੀ ਵੱਖ ਹੁੰਦੀਆਂ ਸਨ। ਸ਼ੂਦਰ ਦੇ ਪਰਛਾਵੇਂ ਪੈ ਜਾਣ ਨਾਲ ਸੁਵਰਨ ਜਾਤੀ ਨੂੰ ਕਪੜੇ ਤੇ ਸਰੀਰ ਸ਼ੁੱਧ ਕਰਨ ਲਈ ਭਾਰੀ ਕਸ਼ਟ ਕਰਨਾ ਪੈਂਦਾ ਸੀ। ਜਾਣ-ਬੁੱਝ ਕੇ ਪਰਮੇਸ਼ਰ ਦਾ ਨਾਮ ਜੱਪਣ ਵਾਲੇ ਨੀਚ ਜਾਤੀ ਦੇ ਇਨਸਾਨ ਦਾ ਸਿਰ ਕਲਮ ਕਰਨਾ ਬੜਾ ਪੁੰਨ ਸਮਝਿਆ ਜਾਂਦਾ ਸੀ। ਸੰਬੂਕ’ ਨਾਮ ਦੇ ਸ਼ੂਦਰ ਦਾ ਸਿਰ ਬ੍ਰਾਹਮਣਾਂ ਨੇ ਮਹਾਰਾਜਾ ਰਾਮ ਚੰਦਰ ਜੀ ਦੇ ਹੱਥੋਂ ਇਸ ਲਈ ਕਤਲ ਕਰਵਾਇਆ ਕਿ ਉਹ ਜੰਗਲ ਵਿਚ ਏਕਾਂਤ ਬੈਠ ਕੇ ਪ੍ਰਮੇਸ਼ਰ ਪ੍ਰਾਪਤੀ ਲਈ ਤਪ ਤੇ ਭਗਤੀ ਕਿਉਂ ਕਰਦਾ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਪਛੜੀਆਂ ਸ਼ਰੇਣੀਆਂ, ਸੂਦਰ, ਨੀਚ ਤੇ ਚੰਡਾਲ ਅਖਵਾਣ ਵਾਲਿਆਂ ਨੂੰ ਨਫ਼ਰਤ ਕਰਨ ਦੀ ਥਾਂ ਗਲੇ ਲਗਾਇਆ,
ਉਹਨਾਂ ਦੇ ਸੰਗ ਦੇ ਸਾਥੀ ਹੋਣ ਵਿਚ ਖੁਸ਼ੀ ਮਹਿਸੂਸ ਕੀਤੀ। ਨੀਚਾਂ ਦੀ ਸੇਵਾ-ਸੰਭਾਲ ਕਰਨ ਵਾਲਿਆਂ ਤੇ ਵਾਹਿਗੁਰੂ ਦੀ ਬਖਸ਼ਿਸ਼ ਨਾਜ਼ਲ ਹੁੰਦੀ ਵਿਖਾਈ ਹੈ।

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥(ਅੰਗ ੧੫)

ਜ਼ਾਤ ਅਭਿਮਾਨੀਆਂ ਨੂੰ ਸੁਘੜ ਇਨਸਾਨ ਬਣਾਨ ਲਈ ਫੁਰਮਾਇਆ ਕਿ-

ਦਰਗਾਹ ਵਿਚ ਜਾਤ ਦਾ ਜ਼ੋਰ ਨਹੀਂ ਚਲਦਾ, ਉਥੇ ਇਨਸਾਫ਼-ਪਸੰਦ ਲੋਕ ਵੱਸਦੇ ਹਨ ਉਥੇ ਤਾਂ ਉੱਚ ਆਚਰਨ ਦਾ ਸਦਕਾ ਹੀ ਇੱਜ਼ਤ ਤੇ ਸਤਿਕਾਰ ਪਾਇਆ ਜਾ ਸਕਦਾ ਹੈ।

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥੩॥
( ਅੰਗ ੪੬੯)

ਹਜ਼ੂਰ ਦੇ ਇਨ੍ਹਾਂ ਵਾਕਾਂ ਨੇ ਹੀ ਜ਼ਾਤੀ-ਵੰਡ ਦੀਆਂ ਜੜ੍ਹਾਂ ਸਦਾ ਲਈ ਖੋਖਲੀਆਂ ਕਰ ਦਿੱਤੀਆਂ। ਇਸੇ ਬੁਨਿਆਦ ਉਪਰ ਹੀ ਕਲਗੀਧਰ ਜੀ ਨੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦਾ ਸੁੰਦਰ ਮਹੱਲ ਉਸਾਰਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ-

ਮਜ਼ਹਬਾਂ, ਫਿਰਕਿਆਂ, ਸੰਪ੍ਰਦਾਵਾਂ, ਦੇਸਾਂ, ਨਸਲਾਂ, ਜ਼ਾਤਾਂ-ਗੋਤਾਂ ਤੇ ਰੰਗਾਂ ਦੇ ਵੱਖ-ਵੱਖ ਹੋਣ ਨਾਲ ਮਨੁੱਖ ਨੂੰ ਮਨੁੱਖ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਸਾਰੇ ਮਨੁੱਖ ਇਕ ਅਕਾਲ ਦੇ ਪੁੱਤਰ ਹੋਣ ਦੇ ਨਾਤੇ ਭਾਈ-ਭਾਈ ਹਨ। ਬਾਲਾ ਸੰਧੂ ਜੱਟ ਤੇ ਮਰਦਾਨਾ ਮੁਸਲਮਾਨ ਮਿਰਾਸੀ ਨੂੰ ਆਪਣੇ ਸੱਜੇ ਤੇ ਖੱਬੇ ਪਾਸੇ ਬਿਠਾ ਕੇ ਦੋਹਾਂ ਨੂੰ ਭਾਈ ਬਾਲਾ ਤੇ ਭਾਈ ਮਰਦਾਨਾ ਬਣਾ ਦੇਣਾ ਆਪ ਦੀ ਪ੍ਰਤੱਖ ਤੇ ਜ਼ਿੰਦਾ ਕਰਾਮਾਤ ਦਾ ਇਕ ਨਮੂਨਾ ਹੈ।

ਗਿਆਨੀ ਕ੍ਰਿਪਾਲ ਸਿੰਘ ਜੀ