views 21 secs 0 comments

ਕਬਿੱਤ ਸਵੈਯੇ

ਲੇਖ
May 10, 2026

ਭਾਈ ਗੁਰਦਾਸ ਜੀ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਵਿਚ ਵਡਮੁੱਲਾ ਯੋਗਦਾਨ ਹੈ। ਆਪ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤਕ ਚਾਰ ਗੁਰੂ ਪਾਤਸ਼ਾਹਾਂ ਦੇ ਦਰਸ਼ਨ ਦੀਦਾਰ ਕਰਕੇ ਉਹਨਾਂ ਦੀਆਂ ਰੱਬੀ ਸਖਸ਼ੀਅਤਾਂ ਤੋਂ ਪ੍ਰਭਾਵਿਤ ਹੋਏ। ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਵਿਚ ਕਾਫੀ ਯੋਗਦਾਨ ਪਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ-ਰੇਖ ਅਧੀਨ 1604 ਈ: ਵਿਚ ਤਿਆਰ ਕੀਤੀ।

ਭਾਈ ਗੁਰਦਾਸ ਜੀ ਨੇ ਪੰਜਾਬੀ ਭਾਸ਼ਾ ਵਿਚ ਵਾਰਾਂ ਲਿਖੀਆਂ ਅਤੇ ਬ੍ਰਜ ਅਤੇ ਪੰਜਾਬੀ ਵਿਚ ਹੀ ਕਬਿੱਤ ਸਵੈਯੇ ਅਤੇ ਸੰਸਕ੍ਰਿਤ ਵਿਚ ਸਲੋਕ ਰਚੇ। ਸੰਸਕ੍ਰਿਤ ਸਲੋਕਾਂ ਦੀ ਕੁਲ ਗਿਣਤੀ 6 ਹੈ ਜੋ ਅਨੁਸ਼ਟੁਪ ਛੰਦ-ਜਾਤਿ ਵਿਚ ਲਿਖੇ ਹਨ। ਇਹਨਾਂ ਦਾ ਅਧਿਐਨ ਅਸੀਂ ਸਰੋਤ ਮਹਾਕਵੀ ਸੰਤੋਖ ਸਿੰਘ ਰਚਿਤ “ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ (ਅੰਸੁ 4, 51) ਵਿੱਚੋਂ ਕਰ ਸਕਦੇ ਹਾਂ।

ਭਾਈ ਗੁਰਦਾਸ ਜੀ ਨੂੰ ਪੰਜਾਬੀ, ਸੰਸਕ੍ਰਿਤੀ, ਅਰਬੀ, ਫਾਰਸੀ ਤੇ ਬ੍ਰਜ ਭਾਸ਼ਾਵਾਂ ਤੋਂ ਇਲਾਵਾ ਕਈ ਹੋਰ ਭਾਰਤੀ ਉੱਪਭਾਸ਼ਾਵਾਂ ਦਾ ਗਿਆਨ ਸੀ। ਭਾਈ ਸਾਹਿਬ ਦੇ ਕਬਿੱਤ ਸਵੈਯੇ ਬਹੁਤ ਹੀ ਮਹੱਤਵਪੂਰਨ ਰਚਨਾ ਹੈ। ਪਰੰਤੂ ਇਸ ਗ੍ਰੰਥ ਦਾ ਸੰਪੂਰਨ ਸੰਗ੍ਰਹਿ ਕਿਸੇ ਇਕ ਜਗ੍ਹਾ ਤੇ ਉਪਲੱਬਧ ਨਹੀਂ। ਵੱਖ-ਵੱਖ ਹੱਥ ਲਿਖਤ ਖਰੜੇ ਆਗਰਾ, ਭਾਸ਼ਾ ਵਿਭਾਗ ਪੰਜਾਬ-ਪਟਿਆਲਾ, ਖ਼ਾਲਸਾ ਕਾਲਜ ਅੰਮ੍ਰਿਤਸਰ ਆਦਿ ਵਿੱਚ ਮੌਜੂਦ ਹਨ। ਕਬਿੱਤ ਸਵੈਯੇ ਦੇ ਟੀਕੇ ਵੀ ਵੱਖ-ਵੱਖ ਵਿਦਵਾਨਾਂ ਦੁਆਰਾ ਕੀਤੇ ਗਏ ਮਿਲਦੇ ਹਨ ਜਿਵੇਂ ਭਾਈ ਬਿਸ਼ਨ ਸਿੰਘ, ਸਿਧਾਂਤ ਬੋਧਿਨੀ: ਟੀਕਾ ਕਬਿੱਤ ਭਾਈ ਗੁਰਦਾਸ ਜੀ ਕ੍ਰਿਤ ਸ੍ਰੀਮਾਨ ਸੰਤ ਸੰਪੂਰਨ ਸਿੰਘ ਜੀ, ਪੰਡਤ ਨਰੈਣ ਸਿੰਘ ਜੀ ਗਿਆਨੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਵੀਰ ਸਿੰਘ ਜੀ, ਭਾਈ ਸੇਵਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਆਦਿ।

ਇਹ ਸਵੈਯੇ ਭਾਈ ਸਾਹਿਬ ਨੇ ਕਦੋਂ ਲਿਖੇ, ਇਸ ਬਾਰੇ ਮਤ-ਭੇਦ ਹਨ। ਸਵੈਯੇ ਇਕ ਹੀ ਸਮੇਂ, ਇਕੋ ਸਥਾਨ ਉੱਤੇ ਰਚਿਤ ਨਹੀਂ ਹਨ ਕਿਉਂਕਿ ਇਹਨਾਂ ਵਿਚ ਅਧਿਆਤਮਿਕ ਅਨੁਭਵ ਦੇ ਵੱਖ-ਵੱਖ ਸਿਧਾਂਤ ਹਨ। ਜਿਹੜੇ ਸਵੈਯੇ ਵਿਆਖਿਆ ਦਰਸਾਉਂਦੇ ਹਨ ਉਹ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕਰਦੇ ਹਨ ਜਿਨ੍ਹਾਂ ਵਿਚ ਅਨੁਭਵ ਹੈ ਉਹ ਭਾਈ ਸਾਹਿਬ ਦਾ ਆਪਣਾ ਨਿੱਜੀ-ਅਨੁਭਵ ਹੈ ਜੋ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਪ੍ਰਗਟ
ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਟੀਕਾ ਕੀਤੇ ਸਵੈਯਾਂ ਅਨੁਸਾਰ ਇਹਨਾਂ ਦੀ ਗਿਣਤੀ 556 ਹੈ ਤੇ ਭਾਈ ਵੀਰ ਸਿੰਘ ਨੇ ਗਿਣਤੀ 675 ਦੱਸੀ ਹੈ। ਕਬਿੱਤ ਸਵੈਯੇ ਦਾ ਆਰੰਭ ਮੰਗਲਾਚਰਨ ਤੋਂ ਹੈ। ਇਹਨਾਂ ਵਿਚ ਪ੍ਰਭੂ ਦਾ ਨਿਰਗੁਣ-ਸਰਗੁਣ ਸਰੂਪ ਸਪਸ਼ਟ ਹੈ।

ਨਿਰਗੁਨ ਸਰਗੁਨ ਅਬਿਗਤਿ ਨ ਗਹਨ-ਗਤਿ ਸੂਖਮ ਸਥੂਲ ਮੂਲ ਪੂਰਨ ਬ੍ਰਹਮ ਹੈ ।। (੧੫੩)

ਰਚਨ ਚਰਿਤ੍ਰ ਚਿਤ੍ਰ ਬਿਸਮ ਬਚਿਤ੍ਰ-ਪਨ, ਏਕ ਮੈ ਅਨੇਕ ਭਾਂਤਿ ਅਨਿਕ ਪ੍ਰਕਾਰ ਹੈ। (੨੩੨)

ਅਜਿਹੇ ਸਰਗੁਣ-ਨਿਰਗੁਣ ਪ੍ਰਭੂ ਨੂੰ ਗੁਰ-ਸ਼ਬਦ ਦੁਆਰਾ ਸੰਗਤ ਵਿੱਚੋਂ ਹੀ ਜਾਣਿਆ ਜਾ ਸਕਦਾ ਹੈ।

ਗੁਰਮਤਿ ਦੀ ਮਤਿ ਅਪਨਾਉਣ ਸਦਕਾ ਦੈਵੀ ਗਿਆਨ ਬੁੱਧੀ ਵਿਚ ਪ੍ਰਵੇਸ਼ ਕਰਦਾ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ। ਸ਼ਾਂਤੀ ਮਿਲਦੀ ਹੈ, ਮਨੁੱਖ ਸ਼ੁੱਧ ਸੋਨੇ ਵਾਂਗੂ ਸ਼ਾਂਤ ਹੋ ਜਾਂਦਾ ਹੈ, ਅੰਦਰੋਂ ਦਵੈਤ-ਭਾਵਨਾ ਮਿਟ ਜਾਂਦੀ ਹੈ। ਮਨ ਚੰਚਲ ਬਿਰਤੀ ਤੋਂ ਸ਼ਾਂਤ ਅਤੇ ਅਡੋਲ ਬਿਰਤੀ ਵਾਲਾ ਬਣ ਜਾਂਦਾ ਹੈ। ਗੁਰਮਤਿ ਧਾਰਨ ਕੀਤਿਆਂ ਸਾਧ-ਸੰਗਤ ਦਾ ਰਸ ਮਾਨਣ ਸਦਕਾ ਮਨੁੱਖ ਸਹਜ, ਸੰਤੋਖ, ਮੁਕਤੀ, ਦਇਆ, ਨਿਮਰਤਾ, ਪਰਉਪਕਾਰ, ਸੱਚ ਆਦਿਕ ਗੁਣਾਂ ਨੂੰ ਧਾਰਨ ਕਰਦਾ ਹੈ।

ਦੁਰਮਤਿ ਗੁਰਮਤਿ ਸੰਗਤਿ ਅਸਾਧ ਸਾਧ, ਕਾਮ-ਚੇਸਟਾ ਸੰਜੋਗ, ਜਤ ਸਤਵੰਤ ਹੈ।। ਕ੍ਰੋਧ ਕੇ ਬਿਰੋਧ ਬਿਖੈ, ਸਹਜ ਸੰਤੋਖ ਮੋਖ, ਲੋਭ ਲਹਰੰਤਰ, ਧਰਮ ਧੀਰ ਜੰਤ ਹੈ॥ ਮਾਇਆ ਮੋਹ ਦੋਹ ਕੈ, ਅਰਥ ਪ੍ਰਮਾਰਥ ਸੈ, ਅਹੰਮੇਵ ਟੇਵ, ਦਇਆ ਦ੍ਰਵੀਭੂਤ ਸੰਤ ਹੈ॥

ਦੁਕ੍ਰਿਤ ਸੁਕ੍ਰਿਤ ਚਿਤ, ਮਿਤ੍ਰ ਸਤ੍ਤਾ ਸੁਭਾਵ, ਪਰਉਪਕਾਰ ਅਉ ਬਿਕਾਰ ਮੂਲ ਮੰਤ ਹੈ॥ (੧੭੭)

ਗੁਰਸਿੱਖ ਸਤਿਗੁਰੂ ਤੋਂ ਵਿਛੜ ਕੇ ਤੜਫਦਾ ਹੈ। ਪ੍ਰੀਤਮ ਪਿਆਰੇ ਦੇ ਮਿਲਾਪ ਲਈ ਹਾਰ ਸ਼ਿੰਗਾਰ ਫਜ਼ੂਲ ਹਨ, ਕੇਵਲ ਪ੍ਰਿਆ ਪ੍ਰੇਮ-ਰਸ ਪੀਣ ਨਾਲ ਹੀ ਸੰਜੋਗ ਪ੍ਰਾਪਤ ਹੋ ਸਕਦਾ ਹੈ। ਕਬਿੱਤ ਸਵੈਯੇ ਵਿੱਚ ਪ੍ਰੀਤਮ-ਪਿਆਰੇ ਦੇ ਬਿਰਹਾ ਦੇ ਵਿਛੋੜੇ ਵਿਚ ਤੜਫਦੀ ਜੀਵ-ਇਸਤਰੀ ਦੀਆਂ ਦੁਖੀ ਤਰੰਗਾਂ ਬਿਆਨ ਹਨ।

ਬਿਰਹ ਦਾਵਾਨਲ ਪ੍ਰਗਟੀ ਨ ਤਨ ਬਨ ਬਿਖੈ, ਅਸਨ ਬਸਨ ਤਾ ਮੈ ਘ੍ਰਿਤ ਪਰਜਾਰਿ ਹੈ॥

ਪ੍ਰਥਮ ਪ੍ਰਕਾਸੇ ਧੂਮ ਅਤਿ ਹੀ ਦੁਸਹਾ ਦੁਖ, ਤਾਹੀ ਤੇ ਗਗਨ ਘਨ ਘਟਾ ਅੰਧਕਾਰ ਹੈ।

ਭਭਕ ਭਭੂਕੋ ਹੁਇ ਪ੍ਰਕਾਸਿਓ ਹੈ ਅਕਾਸ ਸਸਿ, ਤਾਰਿਕਾ ਮੰਡਲ ਚਿਨਗਾਰੀ ਚਮਕਾਰ ਹੈ॥

ਕਾ ਸਿਉ ਕਹਉ ਕੈਸੇ ਅੰਤਕਾਲ, ਬ੍ਰਿਥਾਵੰਤ ਗਤਿ ਮੋਹਿ ਦੁਖ, ਸੋਈ ਸੁਖਦਾਈ ਸੰਸਾਰ ਹੈ।॥ (੬੬੮)

ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਮਨ ਚੰਚਲ, ਬਲਵਾਨ, ਸੂਝਵਾਨ, ਚਪਲ ਅਤੇ ਬਿਜਲੀ ਵਾਂਗ ਫੁਰਤੀਲਾ ਹੁੰਦਾ ਹੈ। ਹਰ ਵਕਤ ਇਧਰ-ਉਧਰ ਘੁੰਮਦਾ ਰਹਿੰਦਾ ਹੈ ਪਰੰਤੂ ਇਹ ਮਨ ਗੁਰ ਮੰਤਰ ਦੀ, ਨਾਮ ਰਾਹੀਂ ਕਮਾਈ ਕੀਤਿਆਂ ਸਥਿਰ ਹੋ ਜਾਂਦਾ ਹੈ। ਜੋ ਮਨੁੱਖ ਅਜਿਹਾ ਕਰ ਲੈਂਦਾ ਹੈ ਉਹ ਆਪ ਤਾਂ ਤਰਦਾ ਹੈ ਹੋਰਨਾਂ ਨੂੰ ਵੀ ਤਾਰਦਾ ਹੈ।

ਮਨ ਨੂੰ ਨਾ ਸਾਧਣ ਵਾਲੇ ਅੰਤ ਸਮੇਂ ਪਛਤਾਉਂਦੇ ਹਨ।

ਮਾਇਆ ਬੰਧ ਧੰਧ ਬਿਖੈ ਆਵਧ ਬਿਹਾਇ ਜਾਇ ਗੁਰ-ਉਪਦੇਸ ਹੀਨ ਪਾਛੇ ਪਛੁਤਾਵਈ॥ (੨੩੪)

ਅਕਾਲ ਪੁਰਖ ਦੇ ਨਿਰਗੁਣ ਸਰੂਪ ਸਤਿਗੁਰੂ, ਗੁਰਮੁਖ, ਗੁਰਸਿੱਖ, ਗੁਰਮਤਿ, ਦਸਮ ਦੁਆਰ, ਅਨਹਦ ਸ਼ਬਦ, ਪ੍ਰੀਤਮ ਮਿਲਾਪ, ਵਿਛੋੜਾ, ਸਾਧ-ਸੰਗਤ, ਚੰਗੀ-ਮੰਦੀ ਸੰਗਤ, ਕਥਨੀ-ਕਰਣੀ, ਮਾਇਆ, ਮਨ, ਪੂਜਾ, ਦਾਨ, ਗ੍ਰਿਹਸਤ, ਮਨੁੱਖਾ-ਜਨਮ, ਅੰਤ ਸਮਾਂ, ਆਪਣੀ ਨਿਮਰਤਾ ਤੇ ਨਿੱਜੀ ਵਿਛੋੜਾ, ਗੁਰਸਿੱਖ ਅਤੇ ਦੇਵ-ਪੂਜ, ਹੁਕਮ, ਜੀਵਨ-ਮੁਕਤ, ਹਉਮੈ, ਨਾਮ-ਸਿਮਰਨ, ਸੇਵਾ, ਭਗਤੀ, ਕਰਮ ਆਦਿਕ ਦਾ ਕਬਿੱਤ ਸਵੈਯਾਂ ਵਿਚ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ ਹੈ। ਇਹਨਾਂ ਸਿਧਾਂਤਾਂ ਦਾ ਵਰਣਨ ਕਰਨ ਲਈ ਪੌਰਾਣਿਕ ਹਵਾਲੇ, ਦ੍ਰਿਸ਼ਟਾਂਤਾਂ, ਉਪਮਾਵਾਂ ਆਦਿਕ ਅਤੇ ਚਿੰਨ੍ਹਾਂ ਦਾ ਪ੍ਰਯੋਗ ਵੀ ਕੀਤਾ ਹੈ। ਜਿਵੇਂ

ਜੈਸੇ ਧੋਬੀ ਸਾਬਨ ਲਗਾਇ ਪੀਟੈ ਪਾਥਰ ਸੈ, ਨਿਰਮਲ ਕਰਤ ਹੈ ਬਸਨ ਮਲੀਨ ਕਉ॥

ਤੈਸੇ ਗੁਰ ਸਿਖਨ ਦਿਖਾਇ ਕੈ ਬ੍ਰਿਥਾ ਬਿਬੇਕ, ਮਾਇਆ ਮਲ ਕਾਟਿ ਕਰੈ ਨਿਜ ਪਦ ਚੀਨ ਕਉ ॥ (੬੧੪)

ਭਾਈ ਗੁਰਦਾਸ ਜੀ ਦੇ ਗੁਰਸਿੱਖਾਂ ਲਈ ਕਬਿੱਤ ਸਵੈਯਾਂ ਵਿਚ ਦਿੱਤੇ ਸਿਧਾਂਤਾਂ ਜਿਵੇਂ ਪੂਰਨ ਬ੍ਰਹਮ ਵਾਹਿਗੁਰੂ ਹੀ ਹੈ ਬਾਰੇ ਸਪਸ਼ਟ ਕਰਦੇ ਹਨ।

ਸਤਿਗੁਰ ਸਤਿ ਸਤਿਗੁਰ ਕੋ ਸਬਦੁ ਸਤਿ ਸਤਿ ਸਾਧ ਸੰਗਤਿ ਹੈ, ਗੁਰਮੁਖਿ ਜਾਨੀਐ।
ਸਤਿ ਰੂਪ ਸਤਿ ਨਾਮ ਸਤਿਗੁਰ ਗਿਆਨ ਧਿਆਨ, ਕਾਮ ਨਿਹਕਾਮ ਉਨਮਨ ਉਨਮਾਨੀਐ। (੧੫੧)

ਇਕ ਗੁਰਸਿਖ, ਸਤਿਗੁਰੂ ਦੀ ਚਰਨ-ਸ਼ਰਨ ਤੇ ਸਾਧੂ ਸਤਸੰਗੀਆਂ ਦੀ ਸੰਗਤਿ ਵਿਚ ਹੀ ਆਪਣੇ ਨਿੱਜ ਸਰੂਪ ਨੂੰ ਪਛਾਣਦਾ ਹੈ ਅਤੇ ਸੱਚਾ-ਸੁਖ ਪ੍ਰਾਪਤ ਕਰਦਾ ਹੈ।

ਆਦਿ ਅੰਤ ਬਿਸਮਾਦ, ਫਲ ਦਮ ਗੁਰ ਸਿਖ ਸੰਧ ਗਤਿ॥ ਆਦਿ ਪਰਮ ਪਰਮਾਦਿ, ਅੰਤ ਅਨੰਤ ਨ ਜਾਨਿਐ॥ (੧੬)

ਭਾਈ ਗੁਰਦਾਸ ਜੀ ਨੇ ਗ੍ਰਹਿਸਤੀ ਧਰਮ ਨੂੰ ਉੱਚਾ ਦੱਸਿਆ ਹੈ। ਇਸ ਬਿਨਾ ਛੁਟਕਾਰਾ ਨਹੀਂ । ਗ੍ਰਹਿਸਤ ਧਰਮ ਕਾਰਨ ਹੀ ਚਹੁੰ ਵਰਨਾਂ, ਚਹੁੰ ਆਸ਼ਰਮਾਂ ਆਦਿਕ ਦੀ ਹੋਂਦ ਕਾਇਮ ਹੈ।

ਗਿਆਨਨ ਮੈ ਗਿਆਨ ਅਰੁ ਧਿਆਨਨ ਮੈ ਧਿਆਨ ਗੁਰ ਸਕਲ ਧਰਮ ਮੈ ਗ੍ਰਿਹਸਤ ਪ੍ਰਧਾਨ ਹੈ। (੩੭੬)

ਕਬਿੱਤ ਸਵੈਯੇ ਵਿਚ ਦਰਜ ਹੈ ਕਿ ਜੇ ਕੋਈ ਭੁਲਾ-ਭਟਕਿਆ ਮਨੁੱਖ ਅੰਤ ਸਮੇਂ ਵੀ ਆਪਣੀ ਸੁਰਤ ਨਾਮ-ਸਿਮਰਨ ਨਾਲ ਜੋੜ ਲਵੇ ਤਾਂ ਪ੍ਰਭੂ ਬਖਸ਼ੰਦ ਹੈ। ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਸਮਝਦਿਆਂ ਹੋਇਆਂ ਮਨੁੱਖਾ ਜਨਮ ਜੋ ਅਨੇਕਾਂ ਜੂਨਾਂ ਵਿਚ ਭਟਕਣ ਤੋਂ ਬਾਅਦ ਨਸੀਬ ਹੋਇਆ ਹੈ। ਇਹ ਅਮੋਲਕ ਹੈ, ਨਾਮ-ਸਿਮਰਨ ਨਾਲ ਜੁੜੇ ਨਹੀਂ ਤਾਂ ਅੰਤ ਨੂੰ ਜਮਪੁਰੀ ਜਾਵੇਗਾ।

ਚਹੂੰ ਓਰ ਸੋਰ ਕੈ ਪਾਹਰੂਆ ਪੁਕਾਰ ਹਾਰੇ, ਚਾਰੋ ਜਾਮ ਸੋਵਤੇ ਅਚੇਤ ਨ ਲਜਾਇ ਹੈ॥ ਤਮਚੁਰ ਸਬਦ ਸੁਨਤ ਹੀ ਉਘਾਰ ਆਂਖੋਂ, ਬਿਨ ਪ੍ਰਿਯ ਪ੍ਰੇਮ ਰਸ ਪਾਛੈ ਪਛਤਾਇ ਹੈ।॥ (੬੫੭)

ਬਢਤਾ ਬਿਆਜ ਕਾਜ ਗਨਤ ਅਵਧ ਬੀਤੀ, ਗੁਰੁ ਉਪਦੇਸ ਬਿਨੁ ਜਮਪੁਰ ਜਾਤ ਹੈ॥ (੨੪੧)

ਸਵੈਯਾਂ ਵਿਚ ਇਹ ਵੀ ਸਪਸ਼ਟ ਕੀਤਾ ਹੈ ਕਿ ਗੁਰ-ਉਪਦੇਸ਼ਾਂ ਨੂੰ ਹਿਰਦੇ ਵਿਚ ਵਸਾ ਕੇ ਅਪਨਾਉਣਾ ਚਾਹੀਦਾ ਹੈ। ਨਿਰਾ ਲਿਖਣ, ਸੁਨਣ ਤੇ ਕਹਿਣ ਨਾਲ ਗੁਰੂ ਦੀ ਮਤ ਨਹੀਂ ਆਉਂਦੀ। ਕਰਣੀ/ਕਥਨੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਨਾਮ-ਸਿਮਰਨ ਦੀ ਕਮਾਈ ਸਦਕਾ ਹੀ ਦਸਮ ਦੁਆਰ ਵਿਚ ਜੋਤਿ ਦਾ ਪ੍ਰਕਾਸ਼ ਹੁੰਦਾ ਹੈ।

ਤੈਸੇ ਲਿਖੇ ਸੁਨੇ ਕਹੇ ਪਾਈਐ ਨਾ ਗੁਰਮਤਿ, ਜਉ ਲਉ ਗੁਰ ਸਬਦ ਕੀ ਸੁਜੁਗਤਿ ਨ ਲਾਖੀਐ॥ (੫੮੪)

ਭਾਈ ਗੁਰਦਾਸ ਜੀ ਨੇ ਸੱਚੇ ਗੁਰੂ ਦੇ ਦਰ ਤੋਂ ਭਟਕ ਰਹੇ ਸਿੱਖਾਂ ਨੂੰ ਹੋਰਨਾਂ ਕਲਪਿਤ ਦੇਵੀ-ਦੇਵਤਿਆਂ ਦੀ ਪੂਜਾ-ਅਰਾਧਨਾ ਤੋਂ ਮੋੜਨ ਲਈ 441 ਤੋਂ 492 ਤਕ 52 ਕਬਿੱਤਾਂ ਰਾਹੀਂ ਉਪਦੇਸ਼ ਦਿੱਤੇ ਹਨ ਜਿਵੇਂ ਸਿੱਖ ਨੂੰ ਦਵੈਤਾਂ ਵਿਚ ਨਹੀਂ ਫਸਣਾ ਚਾਹੀਦਾ, ਫੋਕਟ
ਕਰਮ ਨਹੀਂ ਕਰਨੇ ਚਾਹੀਦੇ। ਪੂਰੇ ਸਤਿਗੁਰ ਤੋਂ ਬਗੈਰ ਕਿਸੇ ਦੇਵੀ-ਦੇਵਤੇ ਤੋਂ ਸੱਚਾ ਗਿਆਨ ਧਿਆਨ ਪ੍ਰਾਪਤ ਕਰਨ ਦੀ ਆਸ ਰੱਖਣੀ ਮੂਰਖਤਾ ਹੈ। ਸੱਚੇ ਗੁਰੂ ਦੀ ਸ਼ਰਨ ਪਿਆਂ ਹੀ ਪਰਮ-ਪਿਤਾ ਪਰਮਾਤਮਾ ਦੀ ਸੋਝੀ ਹੁੰਦੀ ਹੈ।

ਦਿਨਕਰਿ ਜੋਤਿ ਕੋ ਉਦੋਤ ਸਭ ਕਿਛੁ ਸੂਝੈ, ਨਿਸ ਅੰਧਿਆਰੀ ਭੂਲੇ ਭ੍ਰਮਤ ਭਰਮ ਹੈ।॥ (੪੮੮)

ਕਬਿੱਤ ਸਵੈਯੇ ਭਾਈ ਗੁਰਦਾਸ ਜੀ ਦੀਆਂ ਨਿੱਜੀ ਭਾਵਨਾਵਾਂ ਅਧੀਨ ਵੱਖ-ਵੱਖ ਸਿਧਾਂਤ ਹਨ। ਇਹ ਅਨੁਭਵ ਪ੍ਰਧਾਨ ਵੀ ਹਨ ਅਤੇ ਵਿਆਖਿਆ ਪ੍ਰਧਾਨ ਵੀ ਹਨ। ਇਸ ਗ੍ਰੰਥ ਦੀ ਮਹਾਨਤਾ ਇਹ ਹੈ ਕਿ ਇਹਨਾਂ ਵਿਚ ਗੁਰਮਤਿ ਸਿਧਾਂਤਾਂ ਨੂੰ ਪੂਰਨ ਰੂਪ ਵਿਚ ਸਪਸ਼ਟ ਕੀਤਾ ਗਿਆ ਹੈ। ਆਤਮ ਸਮਰਪਣ ਦੀ ਭਾਵਨਾ ਤੋਂ ਲੈ ਕੇ ਬਿਰਹ ਦੀ ਤੜਪ ਵਾਲੀ ਅਵਸਥਾ ਭਾਈ ਸਾਹਿਬ ਦੇ ਨਿੱਜੀ ਅਨੁਭਵ ਮੰਨੇ ਜਾ ਸਕਦੇ ਹਨ। ਸਵੈਯਾ ਵਿਚ ਗੁਰਮਤਿ ਰਹਿਣੀ-ਬਹਿਣੀ, ਰਹਤਿ-ਮਰਿਆਦਾ ਪ੍ਰਭੂ ਭਗਤੀ ਤੇ ਮਿਲਾਪ ਦੇ ਸਿਧਾਂਤ ਮਹਾਨਤਾ ਵਾਲੇ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ਵੀ ਪਵਿੱਤਰ ਤੇ ਮਹਾਨ ਗ੍ਰੰਥ ਹੈ। ਪਰੰਤੂ ਕਬਿੱਤ ਸਵੈਯੇ ਬ੍ਰਜ ਭਾਸ਼ਾ ਵਿਚ ਹਨ ਜੋ ਕਿ ਆਪਣੇ ਆਪ ਵਿਚ ਇਕ ਗ੍ਰੰਥ ਰੂਪ ਵਿਚ ਸਿੱਖੀ ਦੇ ਵਡਮੁੱਲੇ ਸਿਧਾਂਤ ਸਮੋਏ ਹੋਏ ਹਨ।

-ਭਾਗ ਸਿੰਘ ਅਣਖੀ