ਗੁਰਬਾਣੀ ਦਾ ਪਾਠ ਬੜੇ ਗਹੁ ਨਾਲ ਕੀਤਿਆਂ ਹੀ ਸ਼ੁਧ ਪਾਠ ਕੀਤਾ ਜਾ ਸਕਦਾ ਹੈ, ਅੱਜ ਕਲ੍ਹ ਦੇ ਪਾਠੀ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਤੇ ਪਾਠ ਅਸ਼ੁੱਧ ਕਰ ਜਾਂਦੇ ਹਨ। ਸ੍ਰੀ ਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਉਚਾਰੇ ਹੋਏ ਉਹ ਅੱਖਰ ਅਸੀਂ ਅੱਗੇ ਦਿੰਦੇ ਹਾਂ, ਜੋ ਹਰ ਪਾਠੀ ਦੇ ਧਿਆਨ ਦੇ ਯੋਗ ਹਨ। ਆਪ ਕਿਹਾ ਕਰਦੇ ਸਨ:-
ਅਧ੍ਯਾਪਕ ਬਾਲਕਿਆਂ ਨੂੰ ਮੁਹਾਰਨੀ ਪੱਕੀ ਨਹੀਂ ਕਰਵਾਉਂਦੇ ਇਸ ਕਰਕੇ ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਸਪਸ਼ਟ ਤੇ ਸ਼ੁਧ ਪੜ੍ਹਣ ਦੀ ਜਾਚ ਕਿਸੇ ਵਿਰਲੇ ਨੂੰ ਹੀ ਆਉਂਦੀ ਹੈ। ਜਿਸ ਤਰ੍ਹਾਂ ਕਿ ‘ਕੰਨੇ’ ਨੂੰ ‘ਮੁਕਤਾ’ ਹੀ ਬੁਲਾਈ ਜਾਂਦੇ ਹਨ, ‘ਆਕਾਰ’ ਨੂੰ ‘ਅਕਾਰ ਅਰ ‘ਸਾਲਾਹੀ ਸਾਲਾਹ’ ਨੂੰ ‘ਸਲਾਹੀ ਸਲਾਹ`, ‘ਪਾਤਾਲਾ ਪਾਤਾਲ’ ਨੂੰ ‘ਪਤਾਲਾ ਪਤਾਲ’ ਪੜ੍ਹ ਜਾਂਦੇ ਹਨ। ਇਸੇ ਤਰ੍ਹਾਂ ‘ਦੁਲਾਈਆਂ ਨੂੰ ‘ਲਾਂ ਪੜ੍ਹਦੇ ਹਨ: ‘ਕਰਨੈ ਨੂੰ ‘ਕਰਨੇ ‘ਆਖੀਐ’ ਨੂੰ ‘ਆਖੀਏ’, ‘ਮੁਹੌ’ ਨੂੰ ‘ਮੁਹੋ’ ਪੜ੍ਹ ਜਾਂਦੇ ਹਨ। ਇਸੇ ਤਰ੍ਹਾਂ ਦੋਵੇਂ ‘ਹਾਹੇ’ ਕੋਈ ਵਿਰਲਾ ਹੀ ਬੁਲਾਉਂਦਾ ਹੈ: ‘ਕਹਹਿ’ ਨੂੰ ‘ਕਹੈ’, ‘ਰਹਹਿ ਨੂੰ ‘ਰਹੈ’, ‘ਸੋਹਹਿ’ ਨੂੰ ‘ਸੋਹੈ’ ਪੜ੍ਹ ਜਾਂਦੇ ਹਨ। ਫੇਰ ‘ਜਾਕਉ’ ਨੂੰ ‘ਜਾਕੋ ਅਤੇ ‘ਦਇਆਲਾ’ ਨੂੰ ‘ਦਿਆਲਾ’ ਪੜ੍ਹਦੇ ਹਨ। ਤਾਂ ਤੇ ਬਾਲਕਾਂ ਨੂੰ ਮੁਹਾਰਨੀ ਪੱਕੀ ਨਹੀਂ ਪੜ੍ਹਾਈ ਜਾਂਦੀ। ਜੇ ਮੁਹਾਰਨੀ ਪੱਕੀ ਹੋ ਜਾਵੇ ਤਾਂ ਹੀ ਫੇਰ ਪਾਠ ਠੀਕ ਹੋ ਸਕਦਾ ਹੈ। ਪਰ ਪੜ੍ਹਾਉਣ ਵਾਲਿਆਂ ਵਿਚੋਂ ਕਿਸੇ ਵਿਰਲੇ ਨੂੰ ਹੀ ਆਪ ਮੁਹਾਰਨੀ ਪੱਕੀ ਹੁੰਦੀ ਹੈ, ਅਗੋਂ ਓਹ ਕਿਸ ਤਰ੍ਹਾਂ ਠੀਕ ਕਰਾਉਣ, ਪੜ੍ਹਾਉਣ ਵਾਲੇ ਕਾਹਲੀ ਕਰਦੇ ਹਨ, ਛੇਤੀ ਨਾਲ ਬਾਲਕ ਨੂੰ ਪੋਥੀ ਲਾ ਦਿੰਦੇ ਹਨ ਤੇ ਪੋਥੀ ਹਾਲੀ ਪੱਕੀ ਨਹੀਂ ਹੋਈ ਹੁੰਦੀ ਤੇ ਮਹਾਰਾਜ ਦੀ ਤਾਬਿਆ ਬਿਠਾ ਦਿੰਦੇ ਹਨ। ਇਸ ਤਰ੍ਹਾਂ ਸਗੋਂ ਬੇਅਦਬੀ ਹੁੰਦੀ ਹੈ, ਲਗਾਂ ਮਾਤ੍ਰਾਂ ਦਾ ਸ਼ੁੱਧ ਉਚਾਰਣ ਨਾ ਹੋਣ ਕਰਕੇ ਪਾਠ ਅਸ਼ੁੱਧ ਹੋ ਜਾਂਦਾ ਹੈ।”
