ਸਿਦਕ ਅਰਬੀ ਦਾ ਪਦ ਹੈ, ਜੋ ਤਦਸਮ ਰੂਪ ਵਿਚ ਪੰਜਾਬੀ ਬੋਲੀ ਨੇ ਅਪਨਾ ਲਿਆ ਹੈ। ਇਸ ਦਾ ਇਕ ਅਰਥ ਹੈ ‘ਸੱਚਾਈ’। ਇਸੇ ਵਿੱਚੋਂ ਦੋ ਅਰਥ ਹੋਰ ਨਿਕਲਦੇ ਹਨ। ਇਕ, ਵਿਸ਼ਵਾਸ ਦੀ ਸੱਚਾਈ ਅਥਵਾ ਸ਼ਰਧਾ; ਤੇ ਦੂਜਾ ਦਿਲ ਦੀ ਸਫ਼ਾਈ ਅਥਵਾ ਨਿਸ਼ਕਪਟਤਾ। ਇਹ ਤਿੰਨੇ ਅਰਥ ਆਪਸ ਵਿਚ ਬੱਝੇ ਹੋਏ ਹਨ। ਜੋ ਦਿਲੋਂ ਸੱਚਾ ਹੈ, ਉਹੀ ਨਿਸ਼ਕਪਟ ਹੁੰਦਾ ਹੈ, ਉਸੇ ਦਾ ਵਿਸ਼ਵਾਸ ਨਿਰਮਲ ਅਤੇ ਸ਼ਰਧਾ ਪ੍ਰਪੱਕ ਹੁੰਦੀ ਹੈ। ਇਉਂ ‘ਸਿਦਕ’ ਪਦ ਇਹਨਾਂ ਤਿੰਨਾਂ ਅਰਥਾਂ ਦਾ ਇਕੱਠਿਆਂ ਧਾਰਨੀ ਮੰਨਿਆ ਜਾ ਸਕਦਾ ਹੈ।
ਅੱਗੋਂ ਸਿਦਕ ਦੇ ਤਿੰਨ ਵੱਡੇ ਭਾਗ ਮੰਨੇ ਜਾਂਦੇ ਹਨ-ਕਰਤਾਰ ‘ਤੇ ਭਰੋਸਾ, ਉਸ ਦੇ ਹੁਕਮ ਅਥਵਾ ਆਗਿਆ ਦੀ ਪਾਲਨਾ ਤੇ ਇਸ ਭਰੋਸੇ ਦਾ ਅਟੁੱਟ ਇਹਸਾਸ । ਭਰੋਸੇ ਲਈ ਕਰਤਾਰ ਦੀ ਹਾਜ਼ਰ-ਨਾਜ਼ਰਤਾ ਦਾ ਵਿਸ਼ਵਾਸ ਜ਼ਰੂਰੀ ਹੁੰਦਾ ਹੈ। ਜੋ ਮੌਜੂਦ ਨਹੀਂ, ਅੰਗ-ਸੰਗ ਨਹੀਂ, ਉਸ ਪੁਰ ਭਰੋਸਾ ਕਿਵੇਂ ਹੋ ਸਕਦਾ ਹੈ ? ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਵਿਸ਼ਵਾਸ ਹੀ ਸਾਡੇ ਅੰਦਰ ਉਸ ਦੇ ਖਸਮਾਨੇ ‘ਤੇ ਭਰੋਸੇ-ਜੋਗਤਾ ਦਾ ਇਹਸਾਸ ਪੈਦਾ ਕਰਦਾ ਹੈ।
ਉਸ ਦੀ ਹਾਜ਼ਰ-ਨਾਜ਼ਰਤਾ ਵਿਚ ਪ੍ਰਸੰਨਤਾ ਮਾਣਨੀ, ਉਸ ਦੇ ਨਿਕਟਤਾ ਦੀ ਇੱਛਾ ਪੈਦਾ ਕਰਦੀ ਹੈ। ਇਹ ਇੱਛਾ ਫਿਰ ਸਾਧਕ ਨੂੰ ਉਸ ਦੀ ਸਿਫ਼ਤਿ-ਸਾਲਾਹ (ਜ਼ਿਕਰ) ਵੱਲ ਪ੍ਰੇਰਦੀ ਹੈ।
ਇਸ ਨਾਲ ਸਾਡੇ ਅੰਦਰ ਉਸ ਦੇ ਪਿਆਰੇ ਗੁਣ ਉਭਰਨ ਲੱਗਦੇ ਹਨ। ਉਸ ਦੀ ਸਦ-ਮੌਜੂਦਗੀ ਦਾ ਇਹਸਾਸ, ਉਸ ਦਾ ਵਜੂਦ ਸੁਝਾਉਂਦਾ ਹੈ। ਇਸੇ ਲਈ ਉਸ ਨੂੰ ‘ਸਤਿ’ ਸਮਝਣ ਤੇ ‘ਸਤਿ’ ਕਹਿਣ ਨੂੰ ਜੀ ਕਰਦਾ ਹੈ । ਉਹ ਸਭ ਕੁਝ ਵੇਖਦਾ-ਸੁਣਦਾ-ਸਮਝਦਾ ਤੇ ਮਹਿਸੂਸ ਕਰਦਾ ਜਾਪਦਾ ਹੈ, ਕਿਉਂਕਿ ਉਹ ਸਮੁੱਚੀ ਚੇਤਨਾ ਦਾ ਸ੍ਵਾਮੀ ਹੈ। ਉਸ ਨੂੰ ‘ਚਿੱਤ’ ਕਹਿਣ ਨੂੰ ਜੀ ਕਰਦਾ ਹੈ। ਉਸੇ ਦੀ ਨੇੜਤਾ ਵਿਚ ਹੀ ਪਰਮ ਸੁੱਖ ਹੈ। ਉਹ ਆਪ ਪਰਮ-ਆਨੰਦ ਹੈ ਤੇ ਆਨੰਦ ਹੀ ਵਰਤਾਉਂਦਾ ਹੈ। ਤਦੇ ਉਸ ਦੇ ਸੇਵਕਾਂ ਲਈ ਦੁੱਖਾਂ ਦੀ ਸਮਾਪਤੀ ਹੋ ਜਾਂਦੀ ਹੈ। ਉਹ ਆਨੰਦ-ਦਾਤਾ ਹੀ ਨਹੀਂ, ਦੁੱਖ-ਭੰਜਨ ਵੀ ਹੈ। ਉਹੀ ਸਿਰਜਕ ਹੈ, ਉਹੀ ਵਿਸਰਜਕ। ਉਸ ਦੀ ਨੇੜਤਾ ਅਨੰਤ ਅਧਿਆਤਮਕ ਸ਼ਕਤੀਆਂ ਪ੍ਰਦਾਨ ਕਰਦੀ ਹੈ।
ਪਰ, ਉਸ ਦੀ ਮੌਜੂਦਗੀ ਦਾ ਇਹਸਾਸ ਦਿਲਾਂ ਦਾ ਸੌਦਾ ਹੈ, ਚਤੁਰਾਈ ਦਾ ਨਹੀਂ।
ਚਤੁਰਾਈ ਨਾਲ ਕਰਤਾਰ ਪ੍ਰਾਪਤ ਨਹੀਂ ਹੁੰਦਾ। ਸਿਦਕ ਰਾਹੀਂ ਮਾਲਕ ਦੀ ਨਦਰ ਪ੍ਰਾਪਤ ਹੁੰਦੀ ਹੈ; ਆਤਮ-ਗਿਆਨ ਦਾ ਮੁੱਢ ਬੱਝਦਾ ਹੈ; ਧਾਰਮਿਕ ਨਿਸ਼ਠਾ ਦੀ ਬੁਨਿਆਦ ਬਣਦੀ ਹੈ। ਸਿਦਕ ਤੋਂ ਹੀ ਭਾਉ-ਭਗਤਿ ਦਾ ਆਰੰਭ ਹੁੰਦਾ ਹੈ; ਸਾਦਗੀ ਦਾ ਵਿਗਾਸ ਹੁੰਦਾ ਹੈ; ਤੇ ਸੰਸਿਆਂ ਦਾ ਵਿਨਾਸ਼ ਹੁੰਦਾ ਹੈ। ਸਿਦਕ ਹੀ ਸਾਨੂੰ ਅਰਦਾਸ ਵੱਲ ਰੁਚਿਤ ਕਰਦਾ ਹੈ, ਜੋ ਕਰਤੇ ਦਾ ਕੁਰਬ ਪ੍ਰਾਪਤ ਕਰਾਉਂਦੀ ਹੈ। ਸਿਦਕ ਹੀ ਧਾਰਮਿਕ ਅਨੁਭਵ ਦੀ ਸਵੇਰ ਵੀ ਹੈ, ਦੁਪਹਿਰੀ ਵੀ ਤੇ ਸ਼ਾਮ ਵੀ। ਸਿਦਕ ਤੋਂ ਬਿਨਾਂ ਧਰਮ ਸੱਖਣਾ ਹੁੰਦਾ ਹੈ।
ਡਾ. ਜਸਵੰਤ ਸਿੰਘ ਨੇਕੀ
