ਜੰਗਨਾਮਾ ਰਚਨਾ ਕਾਜ਼ੀ ਨੂਰਦੀਨ ਦੀ ਹੈ। ਇਹ ਬਲੋਚਿਸਤਾਨ ਦੇ ਸ਼ਹਿਰ ਗੰਜਾਬੇ ਦਾ ਰਹਿਣ ਵਾਲਾ ਸੀ। ਅਹਿਮਦਸ਼ਾਹ ਅਬਦਾਲੀ ਜਦੋਂ ਸੱਤਵੀਂ ਵਾਰ (੧੭੬੪ ਈ.) ਵਿਚ ਪੰਜਾਬ ਵੱਲ ਆਇਆ ਸੀ ਤਾਂ ਉਸ ਸਮੇਂ ਅਹਿਮਦਸ਼ਾਹ ਦੇ ਨਾਲ ਬਲੋਚਾਂ ਦਾ ਸਰਦਾਰ ਨਸੀਰ ਖਾਂ ਵੀ ਆਪਣੀ ਬਾਰ੍ਹਾਂ ਹਜ਼ਾਰ ਬਲੋਚਾਂ ਦੀ ਫ਼ੌਜ ਸਮੇਤ ਉਸ ਦੇ ਨਾਲ ਸੀ ਅਤੇ ਕਾਜ਼ੀ ਨੂਰ ਮੁਹੰਮਦ ਵੀ ਇਨ੍ਹਾਂ ਦੇ ਨਾਲ ਸੀ।
ਕਾਜ਼ੀ ਨੂਰਦੀਨ ਲਿਖਦਾ ਹੈ ਕਿ ਇਕ ਦਿਨ ਮੁਹੰਮਦ ਨਸੀਰ ਖਾਂ ਆਪਣੀ ਰਾਜਧਾਨੀ ਕਲਾਤ ਵਿਚ ਮਜਲਸ ਲਾਈ ਬੈਠਾ ਸੀ ਤੇ ਹੱਜ ਕਰਨ ਦੀਆਂ ਸਲਾਹਾਂ ਕਰ ਰਿਹਾ ਸੀ ਕਿ ਇਕ ਦਰਬਾਨ ਆਇਆ ਤੇ ਉਸ ਨੇ ਦੱਸਿਆ ਕਿ ਹੁਣੇ ਹੀ ਡੇਰੇ ਤੋਂ ਖ਼ਬਰ ਆਈ ਹੈ ਕਿ ਸਿੱਖਾਂ ਨੇ ਲਾਹੌਰ ਤੋਂ ਡੇਰੇ ਤੀਕ ਸਾਰਾ ਦੇਸ਼ ਗਾਹ ਮਾਰਿਆ ਹੈ. . . । ਇਹ ਸੁਣ ਕੇ ਖਾਨ ਨੂੰ ਬੜਾ ਜੋਸ਼ ਆਇਆ। ਉਸ ਨੇ ਕਿਹਾ, ਹੈਫ ਕਿ ਇਨ੍ਹਾਂ ਕਾਫਰਾਂ ਦਾ ਮੋਮਨਾਂ ਉੱਤੇ ਜ਼ੋਰ ਪੈ ਗਿਆ ਹੈ। ਜੋ ਦੇਸ਼ ਅੱਗੇ ਦਾਰ-ਉਲ-ਇਸਲਾਮ ਸੀ ਉਹ ਹੁਣ ਦਾਰ-ਉਲ-ਹਰਬ ਬਣ ਗਿਆ ਹੈ। ਇਸ ਕਰਕੇ ਅਹਿਲ-ਏ-ਇਸਲਾਮ ਨੂੰ ਬੜਾ ਦੁਖ ਹੋਇਆ ਹੈ। ਮੇਰੇ ਲਈ ਵਾਜਬ ਹੈ ਕਿ ਮੈਂ ਪਹਿਲਾਂ ਇਹ ਦੀਨ ਦੀ ਜੰਗ ਕਰਾਂ ਤੇ ਬੇਦੀਨਾਂ ਨੂੰ ਕਤਲ ਕਰਾਂ। ਕਾਫਰਾਂ ਦੇ ਸਿਰ ਉੱਤੇ ਤਲਵਾਰ ਝਾੜਾਂ। ਇਨ੍ਹਾਂ ਦਾ ਸਿਰ ਵੱਢਾਂ, ਸੀਨਾਂ ਪਾੜਾਂ ਤੇ ਇਨ੍ਹਾਂ ਦੋਜ਼ਖੀਆਂ ਦੀ ਐਸੀ ਬਾਬ ਕਰਾਂ ਕਿ ਫਰਿਸ਼ਤੇ ਵਾਹ-ਵਾਹ ਆਖਣ।
ਫਿਰ ਉਸ ਨੇ ਉਲਮਾਵਾਂ ਪਾਸੋਂ ਫਤਵਾ ਮੰਗਿਆ, ਸਭ ਨੇ ਕਿਹਾ ਕਿ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਪਰ ਪਹਿਲਾਂ ਆਪਣੇ ਬਾਦਸ਼ਾਹ ਅਹਿਮਦਸ਼ਾਹ ਪਾਸੋਂ ਆਗਿਆ ਲੈ ਲੈਣੀ ਚਾਹੀਦੀ ਹੈ। ਫਿਰ ਇਕ ਅਰਜ਼ੀ ਲਿਖ ਕੇ ਬਾਦਸ਼ਾਹ ਵੱਲ ਭੇਜ ਦਿੱਤੀ ਗਈ। ਪਰ ਉਸੇ ਵੇਲੇ ਅਹਿਮਦਸ਼ਾਹ ਨੇ ਇਕ ਖਤ ਨਸੀਰ ਖਾਨ ਵੱਲ ਘੱਲਿਆ ਕਿ ਸਿੱਖਾਂ ਨੇ ਲਾਹੌਰ, ਮੁਲਤਾਨ ਦਾ ਇਲਾਕਾ ਆਪਣੇ ਕਬਜ਼ੇ ਹੇਠ ਕਰ ਲਿਆ ਹੈ। ਮਸੀਤਾਂ ਢਾਹ ਦਿੱਤੀਆਂ ਹਨ। ਮੁਸਲਮਾਨਾਂ ਨੂੰ ਕੈਦ ਕਰ ਕੇ ਲੈ ਗਏ ਹਨ ਅਤੇ ਦੀਨ ਦੀਆਂ ਰਸਮਾਂ ਨੂੰ ਬੰਦ ਕਰ ਦਿੱਤਾ ਹੈ। ਤੂੰ ਹੱਜ ਨੂੰ ਜਾਂਦਾ ਹੈ । ਇਨ੍ਹਾਂ ਨਾਲ ਜ਼ਹਾਦ ਕਰਨਾ ਹੱਜ ਨਾਲੋਂ ਕਈ ਦਰਜੇ ਵੱਧ ਹੈ। ਇੱਧਰੋਂ ਮੈਂ ਤੁਰਦਾ ਹਾਂ ਤੇ ਉਧਰੋਂ ਤੂੰ ਤੁਰ ਤੇ ਅਸੀਂ ਦੋਵੇਂ ਰਲ ਕੇ ਇਨ੍ਹਾਂ ਦੀ ਜੜ੍ਹ ਮੇਖ ਪੁੱਟ ਸੁੱਟੀਏ, ਇਨ੍ਹਾਂ ਦੇ ਘਰ-ਬਾਰ ਫੂਕੀਏ ਤੇ ਇਨ੍ਹਾਂ ਦੀਆਂ ਤੀਵੀਆਂ ਤੇ ਬੱਚਿਆਂ ਨੂੰ ਕੈਦ ਕਰੀਏ!
ਨਸੀਰ ਖਾਂ ਤਾਂ ਇਹ ਚਾਹੁੰਦਾ ਸੀ ਕਿ ਮੈਂ ਕਾਫ਼ਰਾਂ ਨੂੰ ਮਾਰ ਸੁੱਟਾਂ। ਹਰ ਪਾਸੇ ਗਾਜ਼ੀ ਇਕੱਠੇ ਹੋਣ ਲੱਗੇ। ਉਨ੍ਹਾਂ ਨੇ ਪੋਸਤੀਨਾਂ ਪਾਈਆਂ ਹੋਈਆਂ ਸਨ। ਹੱਥਾਂ ਵਿਚ ਬੰਦੂਕਾਂ ਸਨ । ਨਸੀਰ ਖਾਂ ਬੜੇ ਧੂਮ-ਧੜੱਕੇ ਨਾਲ ਕਲਾਤ ਤੋਂ ਤੁਰਿਆ। ਅਗਲੀ ਮੰਜ਼ਲ ਗੰਜਾਬੇ ਹੋਈ, ਜਿੱਥੇ ਸਹਾਬਨੀ, ਲਾਸ਼ਾਰ ਤੇ ਰੰਦ ਗੋਤ ਦੇ ਕੱਛੀ ਬਲੋਚ ਵੀ ਆ ਗਏ।
ਇੱਥੋਂ ਤੁਰਨ ਲੱਗਿਆਂ ਕਾਜ਼ੀ ਨੂਰਦੀਨ ਵੀ ਗਾਜ਼ੀ ਬਣਨ ਦੀ ਹਿਰਸ ਨਾਲ ਰਲ
ਗਿਆ ਅਤੇ ਖਾਨ ਨੇ ਕਿਹਾ- “ਅੱਛਾ ਜੇ ਤੂੰ ਹੁਣ ਸਾਡੇ ਨਾਲ ਚੱਲਿਆ ਹੈਂ ਤਾਂ ਸਾਡੀ
ਬਹਾਦਰੀ ਦੀ ਕਵਿਤਾ ਵੀ ਤਿਆਰ ਕਰ ਦੇਵੀਂ! ਬੁੱਢੇ ਕਾਜ਼ੀ ਨੇ ਜਿਸ ਦੀ ਦਾੜ੍ਹੀ ਚਿੱਟੀ
ਹੋ ਚੁੱਕੀ ਸੀ, ਇਸ ਗੱਲ ਨੂੰ ਮੰਨ ਗਿਆ।
ਇਹ ਅਹਿਮਦਸ਼ਾਹ ਅਬਦਾਲੀ ਦਾ ਸੱਤਵਾਂ ਹਮਲਾ ਸੀ। ਇਸ ਵਿਚ ਕਾਜ਼ੀ ਨੂਰਦੀਨ ਬੇਸ਼ੱਕ ਇਕ-ਪਾਸੜ ਹੋ ਕੇ ਲਿਖਦਾ ਹੈ। ਉਹ ਥਾਂ-ਥਾਂ ਸਿੰਘਾਂ ਨੂੰ ਸਗ, ਸੂਰ, ਪਲੀਤ ਤੇ ਹੋਰ ਅਨੇਕਾਂ ਬੁਰੇ ਨਾਵਾਂ ਨਾਲ ਸੰਬੋਧਨ ਕਰਦਾ ਹੈ, ਪਰ ਇਸ ਵਿਚ ਕਾਜ਼ੀ ਦਾ ਕੋਈ ਕਸੂਰ ਨਹੀਂ, ਕਿਉਂਕਿ ਉਹ ਆਇਆ ਹੀ ਉਨ੍ਹਾਂ ਵੱਲੋਂ ਸੀ। ਬੇਸ਼ੱਕ ਉਹ ਸਿੰਘਾਂ ਨੂੰ ਬੁਰੇ ਨਾਵਾਂ ਨਾਲ ਲਿਖਦਾ ਹੈ, ਪਰ ਉਸ ਦੀ ਕਲਮ ਸਿੰਘਾਂ ਦੀ ਸਿਫ਼ਤ ਵੀ ਕਰ ਜਾਂਦੀ ਹੈ। ਕਈ ਸਿਫ਼ਤਾਂ ਦੀਆਂ ਇਹੋ ਜਿਹੀਆਂ ਗੱਲਾਂ ਬਣ ਜਾਂਦੀਆਂ ਹਨ ਕਿ ਹੈਰਾਨ ਰਹਿ ਜਾਈਦਾ ਹੈ। ਜਿਨ੍ਹਾਂ ਗੱਲਾਂ ਦਾ ਸਾਨੂੰ ਪਤਾ ਹੀ ਨਹੀਂ, ਉਹ ਪਤਾ ਲੱਗਦੀਆਂ ਹਨ। ਸਿੰਘਾਂ ਦੀਆਂ ਤੇ ਇਨ੍ਹਾਂ ਦੀਆਂ ਕਈ ਜੰਗਾਂ ਹੋਈਆਂ। ਇਨ੍ਹਾਂ ਜੰਗਾਂ ਵਿਚ ਸਿੰਘਾਂ ਦੀ ਤੇ ਗਿਲਜ਼ਿਆਂ ਦੀ ਆਪਸੀ ਜੰਗ ਅਮੇਚ ਸੀ । ਕਿੱਥੇ ਲੋਹੇ ਨਾਲ ਮੜ੍ਹੇ ਹੋਏ ਚੰਗੇ ਹਥਿਆਰ, ਚੰਗੀ ਖੁਰਾਕ, ਵਧੀਆ ਘੋੜੇ, ਹਰ ਸੁੱਖ-ਸਹੂਲਤ ਪੂਰੀ ਸੀ, ਕੇਵਲ ਤੇ ਕੇਵਲ ਲੜਨਾ ਹੀ ਸੀ। ਦੂਜੇ ਪਾਸੇ ਸਿੰਘ ਜਿਨ੍ਹਾਂ ਦਾ ਕੋਈ ਘਰ-ਬਾਰ ਨਹੀਂ, ਕੁਝ ਖਾਣ ਨੂੰ ਨਹੀਂ, ਕੱਪੜਾ ਗਲ਼ ਪਾਉਣ ਨੂੰ ਨਹੀਂ, ਟੁੱਟੇ ਖੁੰਡੇ ਹਥਿਆਰ, ਬਿਨਾਂ ਕਾਠੀਓਂ ਘੋੜੇ, ਜੰਗਲੀ ਫ਼ਲਾਂ ’ਤੇ ਨਿਰਭਰ, ਕੇਵਲ ਤਨ ਢੱਕਣ ਜੋਗੇ ਬਸਤਰ ਤੇ ਗੁਰੂ ਦੇ ਪਿਆਰ ਵਿਚ ਰੰਗੇ, ਅਣਖੀ ਸੂਰਮੇ ਸਨ।
ਇਨ੍ਹਾਂ ਅਣਖੀ ਸੂਰਮਿਆਂ ਨੇ ਬਾਦਸ਼ਾਹ ਅਬਦਾਲੀ ਵਰਗਿਆਂ ਦੇ ਹੋਸ਼ ਉਡਾ ਦਿੱਤੇ ਸਨ। ਉਸ ਦੁਆਰਾ ਲੁੱਟਿਆ ਧਨ ਨਾਲ ਲੈ ਜਾਣ ਜੋਗਾ ਨਹੀਂ ਰਹਿਣ ਦਿੱਤਾ ਸੀ। ਸਿੰਘਾਂ ਦੀ ਬਹਾਦਰੀ ਬਾਰੇ ਬੇਵਸ ਹੋਇਆ ਕਾਜ਼ੀ ਨੂਰਦੀਨ ਲਿਖਦਾ ਹੈ :-
“ਸਿੰਘਾਂ ਨੂੰ ਸਗਾਂ (ਕੁੱਤੇ) ਨਾ ਕਹਿ, ਉਹ ਸ਼ੇਰ ਹਨ, ਉਹ ਮਰਦਾਂ ਦੇ ਮਰਦਾਨ ਸ਼ੇਰਾਂ ਵਾਂਗ ਦਲੇਰ ਹਨ। ਭਲਾ ਕੋਈ ਰਣ ਦਾ ਸੂਰਮਾ, ਜੋ ਲੜਾਈ ਵਿਚ ਸ਼ੀਂਹ ਵਾਂਗ ਬੁਕੇ ਕਦੇ ਸਗ ਹੋ ਸਕਦਾ ਹੈ? ਜੇਕਰ ਤੈਨੂੰ ਲੜਾਈ ਦਾ ਕਸਬ ਸਿੱਖਣ ਦੀ ਚਾਹ ਹੈ ਤਾਂ ਰਣ-ਭੂਮੀ ਵਿਚ ਇਨ੍ਹਾਂ ਦੇ ਸਾਹਮਣੇ ਹੋ। ਉਹ ਤੈਨੂੰ ਜੰਗ ਦੇ ਐਸੇ-ਐਸੇ ਢੰਗ ਸਿਖਾਉਣਗੇ ਕਿ ਸਾਰੇ ਪਏ ਵਾਹ-ਵਾਹ ਕਰਨਗੇ। ਹੇ ਤਲਵਾਰੀਏ, ਜੇਕਰ ਤੈਨੂੰ ਜੰਗ ਦਾ ਹੁਨਰ ਸਿੱਖਣ ਦੀ ਚਾਹ ਹੈ ਤਾਂ ਇਨ੍ਹਾਂ ਪਾਸੋਂ ਸਿੱਖ ਕਿ ਕਿਸ ਤਰ੍ਹਾਂ ਮਰਦਾਂ ਵਾਂਗ
ਵੈਰੀ ਦੇ ਸਾਹਮਣੇ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਲੜਾਈ ਵਿੱਚੋਂ ਆਪਣੇ ਆਪ ਨੂੰ ਸਾਫ਼ ਬਚਾ ਲਿਜਾਣਾ ਚਾਹੀਦਾ ਹੈ। ਇਨ੍ਹਾਂ ਦਾ ਲਕਬ ਸਿੰਘ ਹੈ। ਇਹ ਨਿਆਉਂ ਦੀ ਗੱਲ ਨਹੀ ਕਿ ਇਨ੍ਹਾਂ ਨੂੰ ਸਗ ਕਹਿਆ ਜਾਵੇ। ਹਿੰਦ ਦੀ ਬੋਲੀ ਵਿਚ ਸਿੰਘ ਨੂੰ ਸ਼ੇਰ ਕਹਿੰਦੇ ਹਨ ਅਤੇ ਲੜਾਈ ਦੇ ਸਮੇਂ ਤਾਂ ਇਹ ਸੱਚਮੁੱਚ ਹੀ ਸ਼ੇਰ ਹਨ!”
“ਜਦ ਇਹ ਹੱਥ ਵਿਚ ਤੇਗ਼ ਫੜ੍ਹਦੇ ਹਨ ਤਾਂ ਸਿੰਧ ਤੀਕ ਮਾਰੋ ਮਾਰ ਕਰਦੇ ਚਲੇ ਜਾਂਦੇ ਹਨ। ਕੋਈ ਆਦਮੀ ਇਨ੍ਹਾਂ ਦੇ ਸਾਹਮਣੇ ਅੜ ਨਹੀਂ ਸਕਦਾ ਭਾਵੇਂ ਉਹ ਕਿੰਨਾ ਵੀ ਜਰਵਾਣਾ ਕਿਉਂ ਨਾ ਹੋਵੇ। ਜਦੋਂ ਇਹ ਹੱਥ ਵਿਚ ਨੇਜਾ ਫੜ੍ਹਦੇ ਹਨ, ਤਾਂ ਵੈਰੀ ਦੀ ਸੈਨਾ ਵਿਚ ਭਾਜੜ ਪਾ ਦਿੰਦੇ ਹਨ। ਜਦ ਉਹ ਨੇਜੇ ਦੀ ਅਣੀ ਉਤਾਂਹ ਚੁੱਕਦੇ ਹਨ ਤਾਂ ਅੱਗੇ ਭਾਂਵੇ ਕੋਹ ਕਾਫ ਹੋਵੇ, ਇਹ ਉਸ ਨੂੰ ਵੀ ਸੀਰਾ ਕਰ ਦਿੰਦੇ ਹਨ। ਜਦ ਇਹ ਕਮਾਨ ਦਾ ਚਿਲ੍ਹਾ ਚਾੜਦੇ ਹਨ ਤਾਂ ਉਸ ਵਿਚ ਵੈਰੀ ਦੀ ਜਾਨ ਲੈਣ ਵਾਲਾ ਤੀਰ ਰੱਖਦੇ ਹਨ। ਫਿਰ ਚਿਲ੍ਹਾ ਖਿੱਚ ਕੇ ਕੰਨ ਤੀਕ ਲੈ ਜਾਂਦੇ ਹਨ ਤਾਂ ਵੈਰੀ ਦਾ ਸਰੀਰ ਥਰ-ਥਰ ਕੰਬਣ ਲੱਗ ਪੈਂਦਾ ਹੈ।”
ਕਾਜ਼ੀ ਨੂਰਦੀਨ ਅੱਗੇ ਕਹਿੰਦਾ ਹੈ:-
“ਇਨ੍ਹਾਂ ਦਾ ਸਰੀਰ ਦੇਖੋ ਤਾਂ ਪਾਸਿਉਂ ਇਉ ਜਾਪਦਾ ਹੈ, ਜਿਵੇਂ ਕਿਸੇ ਪਹਾੜੀ ਦਾ ਟਿੱਲਾ ਹੋਵੇ। ਡੀਲ-ਡੌਲ ਵਿਚ ਇਕ ਜਣਾ ਪੰਜਾਹ ਮਰਦਾਂ ਤੋਂ ਵਧੀਕ ਹੈ। ਕਹਿੰਦੇ ਹਨ ਕਿ ਬਹਿਰਾਮ ਗੌਰ ਗੌਰਾ ਦਾ ਸ਼ਿਕਾਰ ਕਰਦਾ ਸੀ ਤੇ ਸ਼ੇਰਾਂ ਦੀਆਂ ਚੀਕਾਂ ਕਢਾ ਦਿੰਦਾ ਸੀ, ਪਰ ਜੇਕਰ ਬਹਿਰਾਮ ਗੌਰ ਇਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਉਹ ਵੀ ਇਨ੍ਹਾਂ ਅੱਗੇ ਸਿਰ ਨੀਵਾਂ ਕਰ ਦੇਵੇ। ”
ਲੜਾਈ ਦੇ ਸਮੇਂ ਜਦ ਇਹ ਬੰਦੂਕ ਫੜਦੇ ਹਨ ਤਾਂ ਸ਼ੇਰਾਂ ਵਾਂਗ ਬੁੱਕਦੇ ਤੇ ਪੈਲਾਂ ਪਾਉਂਦੇ ਰਣ-ਭੂਮੀ ਵਿਚ ਆਉਂਦੇ ਹੀ ਕਈਆਂ ਦੇ ਸੀਨੇ ਚੀਰ ਘੱਤਦੇ ਹਨ। ਇਉਂ ਸਮਝੋ ਕਿ ਇਹ ਬੰਦੂਕ ਪਿਛਲੇ ਸਮੇਂ ਇਨ੍ਹਾਂ ਨੇ ਹੀ ਬਣਾਈ ਹੈ, ਲੁਕਮਾਨ ਨੇ ਨਹੀਂ ਬਣਾਈ ਹੋਣੀ। ਭਾਵੇਂ ਬੰਦੂਕਾਂ ਤਾਂ ਹਰ ਕਿਸੇ ਪਾਸ ਬਥੇਰੀਆਂ ਹਨ, ਪਰ ਇਨ੍ਹਾਂ ਨਾਲੋਂ ਵੱਧ ਕੇ ਇਸ ਦਾ ਜਾਨਣ ਵਾਲਾ ਕੋਈ ਨਹੀਂ। ਇਹ ਸੱਜੇ, ਖੱਬੇ, ਅੱਗੇ, ਪਿੱਛੇ ਲਗਾਤਾਰ ਗੋਲ਼ੀਆਂ ਦਾਗੀ ਜਾਂਦੇ ਹਨ। ਜੇਕਰ ਮੇਰੀ ਗੱਲ ਦਾ ਯਕੀਨ ਨਹੀਂ ਤਾਂ ਉਹ ਤੀਹ ਹਜ਼ਾਰ ਸੂਰਮੇ ਹਨ ਜੋ ਇਨ੍ਹਾਂ ਨਾਲ ਲੜ ਚੁੱਕੇ ਹਨ।
ਜੇਕਰ ਇਹ ਨੱਸ ਉੱਠਣ ਤਾਂ ਇਸ ਨੂੰ ਇਨ੍ਹਾਂ ਦੀ ਭਾਂਜ ਨਾ ਸਮਝ ਕਿ ਇਹ ਵੀ ਇਨ੍ਹਾਂ ਦੀ ਲੜਾਈ ਦਾ ਇਕ ਢੰਗ ਹੈ। ਵੇਖੀਂ ਇਨ੍ਹਾਂ ਦੀ ਇਸ ਫਾਹੀ ਤੋਂ ਬਚੀਂ ਇਹ ਢੰਗ ਇਸ ਲਈ ਕੀਤਾ ਜਾਂਦਾ ਹੈ ਕਿ ਵੈਰੀ ਤਕੜਾ ਹੋ ਕੇ ਇਨ੍ਹਾਂ ਦੇ ਮਗਰ ਪੈਂਦਾ ਹੈ ਅਤੇ ਇਕ ਆਪਣੇ ਲਸ਼ਕਰ ਤੋਂ ਅੱਡ ਹੋ ਕੇ ਸਹਾਇਤਾ ਤੋਂ ਦੂਰ ਚਲਿਆ ਜਾਂਦਾ ਹੈ, ਤਦ ਇਹ ਪਿੱਛੇ ਮੁੜ ਪੈਂਦੇ ਹਨ ਅਤੇ ਫਿਰ ਪਾਣੀ ਵਿਚ ਵੀ ਅੱਗ ਲਾ ਦਿੰਦੇ ਹਨ। ਐ ਸੂਰਮੇ ! ਤੂੰ ਆਪ ਹੀ ਨਿਆਂ ਕਰ ਕਿ ਇਨ੍ਹਾਂ ਦੀ ਲੜਾਈ ਕੈਸੀ ਹੈ। ਇਨ੍ਹਾਂ ਪਿਸ਼ੌਰ ਤੇ
ਮੁਲਤਾਨ ਸ਼ਹਿਰ ਨੂੰ ਅੰਦਰ ਵੜ ਕੇ ਸੁੱਟ ਖਾਧਾ ਹੈ। ਅੱਜ ਤੀਕ ਕਿਸੇ ਨੇ ਮੁਲਤਾਨ ਦੀ ਐਸੀ ਬਾਬ ਨਹੀਂ ਕੀਤੀ ਸੀ ਜੋ ਇਨ੍ਹਾਂ ਨੇ ਕੀਤੀ ਹੈ।
ਇਨ੍ਹਾਂ ਦੀ ਲੜਾਈ ਤੋਂ ਵੱਧ ਕੇ ਇਕ ਹੋਰ ਗੱਲ ਵੀ ਸੁਣ ਜਿਸ ਵਿਚ ਇਹ ਹੋਰਨਾਂ ਸੂਰਮਿਆਂ ਨਾਲੋਂ ਬਹੁਤ ਵਧੇ ਹੋਏ ਹਨ। ਇਹ ਨਿਹੱਥੇ ‘ਤੇ ਵਾਰ ਨਹੀਂ ਕਰਦੇ ਨਾ ਕਿਸੇ ਨੱਸੇ ਜਾਂਦੇ ‘ਤੇ ਵਾਰ ਕਰਦੇ ਹਨ। ਨਾ ਹੀ ਕਿਸੇ ਤ੍ਰੀਮਤ ਦਾ ਗਹਿਣਾ ਜਾਂ ਰੁਪਿਆ ਲੁੱਟਦੇ ਹਨ। ਤ੍ਰੀਮਤ ਭਾਵੇਂ ਰਾਣੀ ਹੋਵੇ ਜਾਂ ਗੋਲੀ ਬਾਂਦੀ ਇਹ ਕਦੇ ਵਿਭਚਾਰ ਨਹੀਂ ਕਰਦੇ। ਭਾਵੇਂ ਜੁਆਨ ਹੋਵੇ ਜਾਂ ਬੁੱਢੀ ਉਸ ਨੂੰ ਇਹ ਬੁੱਢੀ ਹੀ ਆਖਦੇ ਹਨ। ਹਿੰਦੀ ਵਿਚ ਬੁੱਢੀ ਦਾ ਅਰਥ ਹੈ ਵੱਡੀ ਉਮਰ ਵਾਲੀ ਇਸਤਰੀ। ਇਹ ਨਾ ਚੋਰੀ ਕਰਦੇ ਹਨ ਤੇ ਨਾ ਹੀ ਸੰਨ੍ਹ ਮਾਰਦੇ ਹਨ ਤੇ ਨਾ ਹੀ ਚੋਰ ਜਾਂ ਸੰਨ੍ਹ ਲਾਉਣ ਵਾਲੇ ਨੂੰ ਮਿੱਤਰ ਬਣਾਉਂਦੇ ਹਨ।”
ਇਹ ਮਿਸਲ ਕਾਲ ਦਾ ਉਹ ਸਮਾਂ ਹੈ, ਜਦੋਂ ਮਿਸਲਾਂ ਦੇ ਸਿੱਖ ਸਰਦਾਰਾਂ ਨੇ ਸਾਰਾ ਪੰਜਾਬ ਆਪਣੇ ‘ਰਾਖੀ ਪ੍ਰਬੰਧ’ ਹੇਠ ਲੈ ਆਂਦਾ ਸੀ । ਅਬਦਾਲੀ ਦੀ ਕੋਈ ਪੇਸ਼ ਨਹੀਂ ਸੀ ਜਾਣ ਦਿੱਤੀ। ਉਸ ਨੂੰ ਕਈ ਥਾਈਂ ਸਿੰਘਾਂ ਨੇ ਬੁਰੀ ਤਰ੍ਹਾਂ ਭਾਂਜ ਦਿੱਤੀ ਸੀ, ਪਰ ਸਮੇਂ ਤੇ ਸਥਿਤੀ ਦੇ ਅਨੁਕੂਲ ਤਤਕਾਲ ਫੈਸਲਾ ਲੈ ਕੇ ਪੈਂਤੜੇ ਬਦਲ ਲੈਂਦੇ ਸਨ। ਸਿੱਖਾਂ ਨੇ ਪਿਸ਼ਾਵਰ ਤੋਂ ਅਗਾਂਹ ਧੰਨੀ ਚਿੰਨਉਟ ਤਕ ਮੱਲਾਂ ਮਾਰ ਲਈਆਂ ਸਨ । ਕਾਜ਼ੀ ਨੂਰਦੀਨ ਦੀ ਲਿਖਤ ‘ਜੰਗਨਾਮੇ’ ਅਨੁਸਾਰ- “ਝੰਡਾ ਸਿੰਘ ਨੇ ਚਿੰਨੀਓਟ ਮੱਲੀ ਹੋਈ ਹੈ। ਚੱਠਿਆਂ ਦਾ ਤੇ ਝੰਗ ਦਾ ਸਾਰਾ ਇਲਾਕਾ ਹਰੀ ਸਿੰਘ ਭੰਗੀ ਪਾਸ ਹੈ। ਜੱਸਾ ਸਿੰਘ ਤਰਖਾਣ (ਰਾਮਗੜ੍ਹੀਆ) ਪਾਸ ਕਲਾਨੌਰ ਹੈ।” ਇਤਿਆਦਿ ਲਿਖਦਾ ਹੈ।
ਇਸੇ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਆਪਣੇ ਆਪ ਨੂੰ ਸੁਰੱਖਿਅਤ ਸਮਝ ਕੇ ਬਿਆਸ ਦਰਿਆ ਪਾਰ ਕਰ ਕੇ ਅਜੇ ਅਗਾਂਹ ਹੁੰਦਾ ਹੀ ਹੈ ਕਿ ਅੱਗੋਂ ਸਿੰਘ ਟੱਕਰ ਜਾਂਦੇ ਹਨ। ਉਹ ਰਾਹ ਰੋਕ ਲੈਂਦੇ ਹਨ। ਨਸੀਰ ਖਾਂ ਅਤੇ ਅਬਦਾਲੀ ਦੀ ਤੀਹ ਹਜ਼ਾਰ ਫ਼ੌਜ ਸਾਹਮਣੇ ਸਿੰਘ ਕੁਝ ਸੈਂਕੜਿਆਂ ਦੀ ਗਿਣਤੀ ਵਿਚ ਖੜੇ ਹਨ। ਉਸ ਵੇਲੇ ਦੇ ਨਜ਼ਾਰੇ ਨੂੰ ਕਾਜ਼ੀ ਇਸ ਤਰ੍ਹਾਂ ਬਿਆਨ ਕਰਦਾ ਹੈ :-
“ਓਧਰ ਸਿੱਖ ਵੀ ਆਪਣੀ ਸੈਨਾ ਲਈ ਵਧੇ ਆਉਂਦੇ ਸਨ । ਉਨ੍ਹਾਂ ਦੀ ਸੈਨਾ ਦੇ ਵਿਚਕਾਰ ਜੱਸਾ ਸਿੰਘ ਕਲਾਲ (ਆਹਲੂਵਾਲੀਆ) ਸੀ, ਜੋ ਪਹਾੜ ਵਾਂਗ ਡਟਿਆ ਹੋਇਆ ਸੀ। ਇਸ ਦੇ ਨਾਲ ਹੀ ਦੂਜਾ ਜੱਸਾ ਸਿੰਘ (ਰਾਮਗੜੀਆ) ਸੀ ਜਿਹੜਾ ਡੀਲ ਡੌਲ ਵਿਚ ਬਿਫਰਿਆ ਸ਼ੇਰ ਵਰਗਾ ਲੱਗ ਰਿਹਾ ਸੀ। ਹੋਰ ਵੀ ਕਈ ਸੂਰਮੇ ਮਿਸਲਾਂ ਦੇ ਸਰਦਾਰ ਸਨ । ਸੱਜੇ ਹੱਥ ਜੱਸਾ ਸਿੰਘ ਰਾਮਗੜੀਆ ਦੇ ਨਾਲ ਚੜ੍ਹਤ ਸਿੰਘ (ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਸੀ ਤੇ ਨਾਲ ਹਰੀ ਸਿੰਘ ਭੰਗੀ, ਗੁਲਾਬ ਸਿੰਘ, ਗੁੱਜਰ ਸਿੰਘ (ਭੰਗੀ ਮਿਸਲ ਦੇ ਪੰਜਵੜੀਏ) ਸਨ।”
ਬੇਸ਼ੱਕ ਕਾਜ਼ੀ ਨੂਰਦੀਨ ਸਿੰਘਾਂ ਨੂੰ ਸਗ ਕਹਿੰਦਾ ਹੈ। ਇਹ ਉਸ ਦੀ ਮਜ਼ਬੂਰੀ ਹੋ ਸਕਦੀ ਹੈ, ਪਰ ਸਾਨੂੰ ਉਸ ਦੀ ਲਿਖਤ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪ੍ਰਤੀ ਵਰਤੀ ਸ਼ਬਦਾਵਲੀ ਪਹਾੜ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਲਈ ‘ਬਿਫਰਿਆ ਸ਼ੇਰ’ ਲਿਖਣਾ ਆਦਿ ਤੋਂ ਉਸ ਵੇਲੇ ਦੇ ਸਿੰਘਾਂ ਦੇ ਫ਼ੌਜੀ ਕਿਰਦਾਰ, ਸੂਰਮਗਤੀ ਸ਼ਸਤਰ ਚਲਾਉਣ ਦੀ ਕਲਾ ਬਾਬਤ ਜਾਣਕਾਰੀ ਮਿਲਦੀ ਹੈ।
ਅਹਿਮਦ ਸ਼ਾਹ ਅਬਦਾਲੀ ਨੇ ਇਸੇ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਉੱਪਰ ਬਾਰੂਦ ਨਾਲ ਹਮਲਾ ਕੀਤਾ ਸੀ । ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਤੇ ਹੋਰ ਅਨੇਕਾਂ ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ। ਦੂਜਾ ਵੱਡਾ ਘੱਲੂਘਾਰਾ ਹੋਇਆ। ਫਿਰ ਵੀ ਸਾਨੂੰ ਕਿਵੇਂ ‘ਦੂਣ ਸਵਾਏ ਹੋਏ’ ਦੇ ਸੰਕੇਤ ਮਿਲਦੇ ਹਨ। ਇਹ ਵੀ ਪਤਾ ਲੱਗਦਾ ਹੈ ਕਿ ਉਸ ਵੇਲੇ ਭੰਗੀ ਮਿਸਲ ਵਾਲਿਆਂ ਨੇ ਧੰਨੀ ਚਿੰਨਉਟ ਤਕ ਕਬਜ਼ਾ ਕਰ ਲਿਆ ਸੀ। ਪੇਸ਼ਾਵਰ, ਮੁਲਤਾਨ ਆਪਣੀ ਤਾਬਿਆ ਵਿਚ ਕਰ ਚੁੱਕੇ ਸਨ। ਸੱਚ ਇਹ ਹੈ ਕਿ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਇਹ ਲਾਹੇਵੰਦ ਦਸਤਾਵੇਜ਼ ਹੈ।
-ਡਾ. ਅਮਰਜੀਤ ਕੌਰ ਇੱਬਣ
(9780635197)
