ਸੜਕਾਂ ਤੋਂ ਲਿਫ਼ਾਫ਼ੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ ਦਸ-ਬਾਰ੍ਹਾਂ ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ-
“….ਕਿੱਥੇ ਰਹਿ ਗਿਆ ਸੀ ਬੰਸੀ ?…
ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇੰਨੀ ਦੇਰ ਨਾਲ ਨੀ ਆਇਆ, ਆ ਸਿਰ ‘ਤੇ ਕੀ ਬੰਨ੍ਹਿਆ ਏ..?? ਤੇ ਨਾਲੇ ਆ ਜੈਕੇਟ ਕਿੱਥੋਂ ਆਈ??”
ਬੰਸੀ- “ਮਾਂ ਸ਼ਹਿਰ ਵਿਚ ਤਾਂ ਜਿਵੇਂ ਸਿੱਖਾਂ ਦਾ ਸੈਲਾਬ ਆਇਆ ਏ …ਅੱਗੇ ਤਾਂ ਕਦੀ ਕੋਈ ਵਿਰਲਾ ਟਾਵਾਂ ਸਰਦਾਰ ਦਿਸਦਾ ਸੀ .. ਹੁਣ ਸਾਰੇ ਸਰਦਾਰ ਨੇ, ਬਹੁਤੇ ਚਿੱਟੀਆਂ ਦਾੜ੍ਹੀਆਂ ਵਾਲੇ ਨੇ…ਤੇ ਮਾਂ ਹੈ ਵੀ ਬਹੁਤ ਚੰਗੇ ਨੇ ਮੈਨੂੰ ਨਾਲ ਬਿਠਾ ਕੇ ਖਾਣਾ ਖੁਆਇਆ… ਮੈਨੂੰ ਠਰਦੇ ਨੂੰ ਵੇਖ ਮੇਰੇ ਸਿਰ ਦੇ ਉੱਤੇ ਕੱਪੜਾ ਬੰਨ੍ਹ ਦਿੱਤਾ। ਉਹਨਾਂ ਦਾ ਹੀ ਇਕ ਬੱਚਾ ਆਪਣੇ ਬੈਗ ‘ਚੋਂ ਲਿਆ ਕੇ ਮੈਨੂੰ ਆਪਣੀ ਜੈਕੇਟ ਵੀ ਦੇ ਗਿਆ….ਮਾਂ ਇਹ ਕੌਣ ਨੇ ਐਨੀ ਵੱਡੀ ਸੰਖਿਆ ਵਿੱਚ ਕਿਉਂ ਆਏ ਨੇ.. ਕੀ ਇਹ ਸਿਰ ਉੱਤੇ ਕੱਪੜਾ ਠੰਢ ਤੋਂ ਬਚਣ ਲਈ ਬੰਨ੍ਹਦੇ ਨੇ… ਸੜਕਾਂ ’ਤੇ ਭੁੰਜੇ ਹੀ ਸੁੱਤੇ ਨੇ ਕੀ ਇਨ੍ਹਾਂ ਕੋਲ ਸਾਡੇ ਵਰਗਾ ਵੀ ਘਰ ਨਹੀਂ? (ਇੱਕੋ ਸਾਹੇ ਬੰਸੀ ਆਪਣੀ ਮਾਂ ਨੂੰ ਕਈ ਸਵਾਲ ਕਰ ਗਿਆ)
ਟੁੱਟੀ ਜਿਹੀ ਮੰਜੀ ‘ਤੇ ਜੁੱਲਾ ਵਿਛਾ ਮਾਂ ਬੰਸੀ ਨੂੰ ਲੰਮੇ ਪਾ ਕੇ ਉੱਤੇ ਪਾਟਾ ਜਿਹਾ ਕੰਬਲ ਦੂਹਰਾ ਕਰ ਦੇਂਦੀ ਤੇ ਨਾਲ ਪੈਂਦੀ ਹੋਈ ਬੋਲੀ- “ਨਾ ਪੁੱਤਰਾ ਨਾ, ਸਿਰ ‘ਤੇ ਕੱਪੜਾ ਨਹੀਂ ਹੈ, ਦਸਤਾਰ/ਪਗੜੀ ਏ, ਜੋ ਇਨ੍ਹਾਂ ਦੇ ਵਡੇਰਿਆਂ ਨੇ ਕਮਾਈ ਤੇ ਇਨ੍ਹਾਂ ਨੇ ਬਚਾਈ ਏ ! ਇਹੀ ਇਨ੍ਹਾਂ ਨੂੰ ਪੂਰੀ ਦੁਨੀਆ ਵਿਚ ਵਿਲੱਖਣ ਪਹਿਚਾਣ ਦੇਂਦੀ ਏ !!”…
ਹੌਲੀ-ਹੌਲੀ ਸਿਰ ਥਾਪੜਦੀ ਮਾਂ ਬੋਲੀ “ਪੁੱਤਰਾ! ਘਰ ਦੀ ਗੱਲ ਕਰਦਾ ਏਂ… ਇਹ ਕੌਮ ਬਾਦਸ਼ਾਹਾਂ ਦੀ ਏ, ਇਨ੍ਹਾਂ ਵਿੱਚੋਂ ਬਹੁਤੇ ਕਰੋੜਾਂਪਤੀ ਹੋਣਗੇ, ਵਧੀਆ ਘਰ-ਕੋਠੀਆਂ ਮਹਿਲ ਵੀ ਹੋਣਗੇ, ਪਰ ਹੱਕ ਦੀ ਸੱਚ ਦੀ ਲੜਾਈ ਲਈ ਖੁੱਲ੍ਹੇ ਅਸਮਾਨ ਥੱਲੇ ਪੈਣੋਂ ਵੀ ਗੁਰੇਜ਼ ਨਹੀਂ ਕਰਦੇ….!!”
ਬੰਸੀ- “ਹੱਕ? ….ਕੀ ਚਾਹੁੰਦੇ ਨੇ… ਇਨ੍ਹਾਂ ਦੀ ਮੰਗ ਕੀ ਹੈ… ਹੱਕ ਮੰਗਣ ਆਏ ਵੀ ਕੁਝ ਨਾ ਕੁਝ ਵੰਡੀ ਜਾ ਰਹੇ ਨੇ… ਕੀ ਇਹ ਸਾਡੇ ਸ਼ਹਿਰ ਲਈ ਖ਼ਤਰਾ ਨੇ…????
ਅੱਗੋਂ ਮਾਂ ਨੇ ਜਵਾਬ ਦਿੱਤਾ- …. “ਨਹੀਂ ਪੁੱਤਰਾ! ਇਹ ਸ਼ਹਿਰ ਲਈ ਖ਼ਤਰਾ
ਨਹੀਂ ਬਲਕਿ ਜਿੰਨਾ ਚਿਰ ਸ਼ਹਿਰ ‘ਚ ਰਹਿਣਗੇ ਸ਼ਹਿਰ ਨੂੰ ਕੋਈ ਖ਼ਤਰਾ ਨਹੀਂ … !!
ਵੇਖੀਂ ਇਨ੍ਹਾਂ ਸਾਹਮਣੇ ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕੇਗਾ ਜਿੰਨਾ ਚਿਰ ਇਹ ਇੱਥੇ ਨੇ ਕੋਈ ਸ਼ਹਿਰ ਵਾਸੀ ਭੁੱਖਾ ਨਹੀਂ ਸੌਂਵੇਗਾ…. ਇਨ੍ਹਾਂ ਦੇ ਹੁੰਦਿਆਂ ਕੋਈ ਵੀ ਧੀ, ਕੋਈ ਵੀ ਬੇਟੀ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਬੇਪੱਤ ਨਹੀਂ ਹੋਵੇਗੀ… ! ! ! ਬਸ ਤੂੰ ਇੰਨਾ ਸਮਝ ਲੈ ਪੁੱਤਰਾ! ਕਿ ਜੇ ਇਹ ਵਧੀਕੀ ਕਰਦੇ ਨਹੀਂ ! ਤਾਂ ਹੋਇਆ ਵਾਧਾ ਜਰਦੇ ਵੀ ਨਹੀਂ..!!! ..ਇਹਨਾਂ ਦਾ ਇੰਨੀ ਵੱਡੀ ਗਿਣਤੀ ਵਿਚ ਸਾਡੇ ਸ਼ਹਿਰ ਆਉਣਾ ਮਜਬੂਰੀ ਹੈ ਕਿਉਂਕਿ ਗੰਦੇ ਹਾਕਮਾਂ ਨੇ ਜੋ ਫੁਰਮਾਨ ਜਾਰੀ ਕੀਤੇ ਨੇ ਜੇ ਉਹ ਲਾਗੂ ਹੋ ਗਏ ਤਾਂ ਇਹ ਹਮੇਸ਼ਾ ਵੰਡਣ ਵਾਲੀ ਕੌਮ ਕਿਤੇ ਮੰਗਣ ’ਤੇ ਮਜਬੂਰ ਨਾ ਹੋ ਜਾਵੇ…
(ਭਰੇ ਜਿਹੇ ਮਨ ਨਾਲ ਮਾਂ ਨੇ ਬੰਸੀ ਵੱਲ ਤੱਕਿਆ ਤਾਂ ਉਹ ਕਦੋਂ ਦਾ ਸੁੱਤਾ ਨੀਂਦ ਵਿਚ ਬੁੜਬੁੜਾ ਰਿਹਾ ਸੀ)
“ਦਾੜ੍ਹੀ ਵਾਲੇ ਫਰਿਸ਼ਤੇ!”
-ਸ. ਹਰਦੀਪ ਸਿੰਘ ਸ਼ੁੱਭ
[ ] ਮੋ. 9815338993
