
ਬੀਤੀਂ ਸ਼ਾਮ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਫੈਅਰ ਫੈਕਸ ਵਿਖੇ ਸਥਿੱਤ ਸਟੋਰ ਮਾਲਿਕ ਇਕ ਸਿੱਖ ਪੰਜਾਬੀ ਕੁਲਵਿੰਦਰ ਸਿੰਘ ਫਲੋਰਾ ਦੇ ਸਟੋਰ ਤੇ ਇਕ ਫਾਇਰ ਬੰਬ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ‘ਚ ਉਸ ਦੇ ਸਟੋਰ ਨੂੰ ਭਾਰੀ ਨੁਕਸਾਨ ਹੋਇਆ ਹੈ।ਹਮਲਾਵਰ ਨੇ ਫਾਇਰ ਬੰਬ ਦਾ ਸਹਾਰਾ ਲੈ ਕੇ ਸਿੰਘ ਤੇ ਜਾਨ ਲੇਵਾ ਹਮਲਾ ਕੀਤਾ। ਪਰ ਸਿੰਘ ਨੇ ਬੜੀ ਨਿੱਡਰਤਾ ਦੇ ਨਾਲ ਉਸਦਾ ਮੁਕਾਬਲਾ ਕੀਤਾ। ਹਮਲਾਵਰ ਨੂੰ ਪੁਲਿਸ ਨੇ ਗਿਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਕ੍ਰਿਸਟੋਫਰ ਟੈਰਲ ਵਜੋਂ ਹੋਈ ਹੈ।
ਜਦੋਂ ਹਮਲਾਵਰ ਵੱਲੋਂ ਬੰਬ ਸੁਟਿਆ ਗਿਆ ਤਾਂ ਕੈਸ਼ ਚੈਕਿੰਗ ਅਤੇ ਵੈਸਟਰਨ ਯੂਨੀਅਨ ਦੇ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਮੂਸਤੈਦੀ ਦੇ ਨਾਲ ਉਸ ਫਾਇਰ ਬੰਬ ਨੂੰ ਆਪਣੇ ਪੈਰਾਂ ਦੇ ਨਾਲ ਕਿੱਕ ਮਾਰੀ ਤਾ ਉਹ ਹਮਲਾਵਰ ‘ਤੇ ਹੀ ਜਾ ਡਿੱਗਾ ਜੋ ਉਹ ਜ਼ਖ਼ਮੀ ਹਾਲਤ ‘ਚ ਉੱਥੋਂ ਭੱਜ ਗਿਆ। ਘਟਨਾ ਉਪਰੰਤ ਜਦੋਂ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਵੱਲੋ ਪੁਲਿਸ ਨੂੰ ਕਾਲ ਕੀਤੀ ਗਈ ਤਾਂ ਭਾਰੀ ਗਿਣਤੀ ‘ਚ ਪੁਲਿਸ ਅਤੇ ਫਾਇਰ ਬ੍ਰਿਗੈਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਪੁਲਿਸ ਵੱਲੋ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ।
ਥੋੜੀ ਦੇਰ ਬਾਅਦ ਹੀ ਹੈਲੀਕੈਪਟਰ ਦੀ ਮਦਦ ਦੇ ਨਾਲ ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਉਸ ਕੋਲੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 18 ਸਾਲ ਤੋ ਆਪਣੇ ਪਰਿਵਾਰ ਦੇ ਨਾਲ ਵਰਜੀਨੀਆ ਵਿੱਚ ਰਹਿ ਰਿਹਾ ਹੈ। ਜਿਸਦਾ ਇਲਾਕੇ ਵਿੱਚ ਪੂਰਾ ਰਸੂਖ ਅਤੇ ਸਤਿਕਾਰ ਹੈ।ਉਸ ਦੇ ਸਟੋਰ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਨੂੰ ਮਾਰਨ ਦੀ ਸ਼ਾਜਿਸ਼ ਪਿੱਛੇ ਕਿਸ ਦਾ ਹੱਥ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।