ਭਗਤ ਪੂਰਨ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿਚ ਇਕ ਹਿੰਦੂ ਪਰਿਵਾਰ ਲਾਲਾ ਸ਼ਿਬੂ ਮੱਲ ਖੱਤਰੀ ਦੇ ਘਰ ਮਾਈ ਮਹਿਤਾਬ ਕੌਰ ਦੀ ਕੁਖੋਂ 4 ਜੂਨ 1904 ਈ. ਨੂੰ ਹੋਇਆ। ਇਸ ਦਾ ਮੁਢਲਾ ਨਾਮ ਰਾਮ ਜੀ ਦਾਸ ਸੀ । ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ ਦੀ ਪੜ੍ਹਾਈ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਵਿਚ ਫੇਲ੍ਹ ਹੋ ਜਾਣ ‘ਤੇ ਖ਼ਾਲਸਾ ਹਾਈ ਸਕੂਲ ਲਾਹੌਰ ਵਿਖੇ ਦਾਖ਼ਲ ਹੋਏ। ਇਨ੍ਹਾਂ ਦੇ ਪਿਤਾ ਜੀ ਸ਼ਾਹੂਕਾਰ ਸਨ ਪਰ 1914 ਈ. ਦੇ ਭਿਆਨਕ ਕਾਲ ਨੇ ਪਰਿਵਾਰਕ ਰੋਜ਼ਗਾਰ ਬਰਬਾਦ ਕਰ ਦਿੱਤਾ । ਲਾਹੌਰ ਵਿਚ ਹੀ ਪੂਰਨ ਸਿੰਘ ਜੀ ਗੁ. ਡੇਹਰਾ ਸਾਹਿਬ ਸੇਵਾ ਲਈ ਆਉਂਦੇ ਰਹੇ। ਇਥੇ ਆਪ ਜਲ-ਪਾਣੀ, ਲੰਗਰ, ਸਫ਼ਾਈ ਬਰਤਨਾਂ ਦੀ ਸੇਵਾ ਤੋਂ ਬਾਅਦ ਸੜਕਾਂ ਤੋਂ ਸ਼ੀਸ਼ੇ, ਪੱਥਰ, ਕਿੱਲ ਲਾਂਭੇ ਕਰਦੇ ਸਨ ਤਾਂ ਜੋ ਰਾਹਗੀਰਾਂ ਨੂੰ ਕੋਈ ਕਸ਼ਟ ਨਾ ਪਹੁੰਚੇ। ਫਿਰ ਲਾਇਬਰੇਰੀ ਵਿਚ ਬੈਠ ਉੱਚ ਖਿਆਲਾਂ ਨੂੰ ਪੜ੍ਹਨਾ ਤੇ ਪ੍ਰਚਾਰ ਹਿੱਤ ਵੰਡਣਾ ਭਗਤ ਪੂਰਨ ਸਿੰਘ ਦਾ ਨਿੱਤ ਕਾਰਜ ਸੀ । 1934 ਈ. ਵਿਚ ਡੇਹਰਾ ਸਾਹਿਬ ਦੀ ਦਰਸ਼ਨੀ ਦੀਵਾਰ ‘ਤੇ ਕੋਈ 4 ਕੁ ਸਾਲ ਦਾ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ। ਭਗਤ ਜੀ ਨੇ (ਪਾਕਿਸਤਾਨ ਵਿਚ) ਇਸ ਬੱਚੇ ਦੀ 14 ਸਾਲ ਸੇਵਾ ਕੀਤੀ ਤੇ 1947 ਈ. ਵਿਚ ਉਸਨੂੰ ਭਾਰਤ ਨਾਲ ਲੈ ਆਏ। ਇਹ ਬੱਚਾ ਪਿਆਰਾ ਸਿੰਘ ਸੀ। 1947 ਈ. ਦੇਸ਼ ਵੰਡ ਪਿਛੋਂ ਪੂਰਨ ਸਿੰਘ ਨੇ ਕੁਝ ਸਮਾਂ ਖ਼ਾਲਸਾ ਕਾਲਜ ਦੇ ਸ਼ਰਨਾਰਥੀ ਕੈਂਪ ਵਿਚ ਬਤੀਤ ਕੀਤਾ। ਸ਼ਰਨਾਰਥੀ ਕੈਂਪ ਖਤਮ ਹੋਣ ਤੋਂ ਬਾਅਦ ਭਗਤ ਜੀ ਨੇ ਆਪਣੇ ਨਾਲ ਲੂਲੇ, ਪਿੰਗਲੇ ਤੇ ਅਪਾਹਜ ਮਰੀਜ਼ਾਂ ਨਾਲ ਕੁਝ ਸਮਾਂ ਰੇਲਵੇ ਸਟੇਸ਼ਨ ‘ਤੇ ਨਿਵਾਸ ਕੀਤਾ। ਫਿਰ ਉਥੋਂ ਨਿਕਲ ਕੇ ਦਰੱਖਤਾਂ ਦੀ ਛੱਤ ਹੇਠ ਬੇਸਹਾਰਿਆਂ ਦੀ ਪਾਲਣਾ ਕੀਤੀ। ਹੌਲੀ-ਹੌਲੀ ਲਵਾਰਸ ਅਪਾਹਜਾਂ ਦੀ ਗਿਣਤੀ ਵਧਦੀ ਗਈ ਤਾਂ ਭਗਤ ਜੀ ਨੇ ਇਕ ਬੰਦ ਪਏ ਸਿਨੇਮੇ ਦੀ ਇਮਾਰਤ ਵਿਚ ਨਿਵਾਸ ਕੀਤਾ। ਉਹ ਸਿਨੇਮਾ ਵਿਕਣ ਲਈ ਉਸਦੀ ਬੋਲੀ 35 ਹਜ਼ਾਰ ਲੱਗੀ ਤਾਂ ਭਗਤ ਪੂਰਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਇਹ ਇਮਾਰਤ ਖਰੀਦ ਕੇ ਇਥੇ ਪਿੰਗਲਵਾੜਾ ਸ਼ੁਰੂ ਕਰ ਦਿੱਤਾ। ਪਿੰਗਲਵਾੜੇ ਦੇ ਬਾਨੀ ਤੇ ਇਕ ਮਹਾਨ ਸੇਵਾਦਾਰ ਹੋਣ ਦੇ ਨਾਲ-ਨਾਲ ਭਗਤ ਜੀ ਉਚ ਕੋਟੀ ਦੇ ਵਿਦਵਾਨ ਲਿਖਾਰੀ ਵੀ ਸਨ। ਪੁਸਤਕਾਂ ਨਾਲ ਪ੍ਰੇਮ ਉਨ੍ਹਾਂ ਦਾ ਏਨਾ ਜ਼ਿਆਦਾ ਸੀ ਕਿ ਇਕ ਵਾਰ ਉਹ ਪ੍ਰਗਤੀ ਮੈਦਾਨ ਦਿੱਲੀ ਵਿਖੇ ਲੱਗਿਆ ਪੁਸਤਕ ਮੇਲਾ ਦੇਖਣ ਲਈ ਗਏ। ਗਿਆਨ ਦਾ ਏਨਾ ਵਿਸ਼ਾਲ ਭੰਡਾਰ ਵੇਖ ਕੇ ਭਗਤ ਜੀ ਭਾਵੁਕ ਹੋ ਗਏ। ਉਹ ਘੰਟਿਆਂ ਬੱਧੀ ਪੁਸਤਕਾਂ ਫਰੋਲਦੇ ਰਹੇ ਅਤੇ ਸ਼ਾਮ ਤੱਕ ਚਾਲੀ ਹਜ਼ਾਰ ਰੁਪਏ ਦੀਆਂ ਪੁਸਤਕਾਂ ਚੁਣ ਲਈਆਂ। ਪਰ ਜੇਬ ਵਿਚ ਪੈਸੇ ਏਨੇ ਥੋੜ੍ਹੇ ਸਨ ਕਿ ਉਨ੍ਹਾਂ ਨਾਲ ਸਿਰਫ ਦੋ ਪੁਸਤਕਾਂ ਹੀ ਖਰੀਦੀਆਂ ਜਾ ਸਕਦੀਆਂ ਸਨ। ਪੁਸਤਕ ਮਾਲਕਾਂ ਨੂੰ ਕਿਤਾਬਾਂ ਰਾਖਵੀਆਂ ਰਖਾ ਕੇ ਆਪ ਜੀ ਚਾਂਦਨੀ ਚੌਂਕ ਵਿਚ ਅਖਾੜਾ ਚਲਾ ਰਹੇ ਬਿਜਲੀ ਪਹਿਲਵਾਨ ਦੇ ਘਰ ਗਏ। ਪਰਿਵਾਰ ਨੇ ਜਲਪਾਨ ਪੇਸ਼ ਕੀਤਾ ਪਰ ਆਪ ਨੇ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਫਿਰ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ, ਘਰ ਵਿਚ ਕਿਨ੍ਹੇ ਕੁ ਪੈਸੇ ਹਨ। ਘਰ ਦੇ ਖੂੰਜੇ ਫਰੋਲ ਕੇ ਲਗਭਗ ਵੀਹ ਹਜ਼ਾਰ ਰੁਪਏ ਬਣੇ। ਬਾਕੀ ਰਕਮ ਉਨ੍ਹਾਂ ਨੇ ਮਸੂਰੀ ਦੇ ਗੁਰੂ ਨਾਨਕ ਫਿਫਥ ਸੈਨੇਟੈਨਰੀ ਸਕੂਲ ਦੇ ਸੰਸਥਾਪਕ ਸ. ਮਹਿਤਾਬ ਸਿੰਘ ਦੇ ਬੇਟੇ ਜਸਪਾਲ ਸਿੰਘ ਤੋਂ ਉਧਾਰ ਲਈ। ਰਕਮ ਲੈ ਕੇ ਪੁਸਤਕ ਮੇਲੇ ਗਏ ਤੇ ਪੁਸਤਕਾਂ ਬੰਨਵਾਂ ਲਈਆਂ। ਪੁਸਤਕ ਸਟਾਲਾਂ ਦੇ ਮਾਲਕ ਹੈਰਾਨ ਸਨ ਕਿ ਦੁਰਬਲ ਜਿਹਾ ਫਕੀਰ ਦਾਹੜੀ ਅਤੇ ਕੇਸ ਖਿੰਡੇ ਹੋਏ, ਗਲ ਲੰਮਾ ਸਾਰਾ ਕੁੜਤਾ, ਚਾਦਰ ਦੀ ਬੁੱਕਲ, ਪੈਰੀਂ ਲੱਕੜ ਦੀਆਂ ਖੜਾਵਾਂ, ਕਿਤਾਬਾਂ ਖਰੀਦ ਰਿਹਾ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉੱਤਰੀ ਭਾਰਤ ਦਾ ਉਹ ਮਹਾਨ ਸੇਵਾਦਾਰ ਤੇ ਵਿਦਵਾਨ ਹੈ ਜੋ ਹਜ਼ਾਰਾਂ ਅਪਾਹਜਾਂ ਤੇ ਬੇਸਹਾਰਿਆਂ ਲਈ ਪਿੰਗਲਵਾੜਾ ਚਲਾ ਰਿਹਾ ਹੈ ਤੇ ਜੋ ਉਸ ਸਮੇਂ ਸਭ ਤੋਂ ਵੱਧ ਕਿਤਾਬਾਂ ਪੜ੍ਹ ਚੁੱਕਾ ਫਕੀਰ ਹੈ। ਭਗਤ ਪੂਰਨ ਸਿੰਘ ਜੀ ਨੂੰ ਪਦਮ ਸ੍ਰੀ ਐਵਾਰਡ, ਹਾਰਮਨੀ ਐਵਾਰਡ, ਲੋਕ ਰਤਨ ਐਵਾਰਡ, ਭਾਈ ਘਨੱਈਆ ਐਵਾਰਡ ਨਾਲ ਸਨਮਾਨਿਆ ਗਿਆ। 1984 ਈ. ਵਿਚ ਦਰਬਾਰ ਸਾਹਿਬ ਉਪਰ ਸਰਕਾਰ ਵਲੋਂ ਸਾਕਾ ਨੀਲਾ ਤਾਰਾ ਦੀ ਕਾਰਵਾਈ ਦੇ ਰੋਸ ਵਜੋਂ ਭਗਤ ਜੀ ਦੁਆਰਾ ਪਦਮ ਸ੍ਰੀ ਵਾਪਸ ਕਰ ਦਿੱਤਾ ਗਿਆ ਸੀ। ਵੀਹਵੀਂ ਸਦੀ ਵਿਚ ਸੇਵਾ ਦੇ ਪੱਖ ਤੋਂ ਭਗਤ ਪੂਰਨ ਸਿੰਘ ਜੀ ਦਾ ਕੋਈ ਵੀ ਸਾਨੀ ਨਹੀਂ ਲੱਭਦਾ। ਇਹ ਮਹਾਨ ਸੇਵਾਦਾਰ 5 ਅਗਸਤ 1992 ਈ. ਨੂੰ ਅੰਮ੍ਰਿਤਸਰ ਵਿਖੇ ਸੁਰਗਵਾਸ ਹੋਇਆ। ਪਰਮਾਤਮਾ ਇਸ ਦੁਨੀਆ ਉਪਰ ਭਗਤ ਪੂਰਨ ਸਿੰਘ ਵਰਗੀਆਂ ਸ਼ਖ਼ਸੀਅਤਾਂ ਨੂੰ ਭੇਜਦਾ ਰਹੇ ਤਾਂ ਜੋ ਇਸ ਦੁਨੀਆ ਵਿਚੋਂ, ਈਰਖਾ, ਵੈਰ ਖਤਮ ਹੋਣ ਤੇ ਪਿਆਰ, ਮੁਹੱਬਤ ਅਤੇ ਸੇਵਾ ਫੈਲੇ।
ਡਾ. ਗੁਰਪ੍ਰੀਤ ਸਿੰਘ
