ਮੇਲਾ ਮਾਘੀ ਮੌਕੇ ਹੋਣਗੀਆਂ ਤਿੰਨੋਂ ਅਕਾਲੀ ਦਲਾਂ ਦੀਆਂ ਸਿਆਸੀ ਕਾਨਫਰੰਸਾਂ
ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ14 ਜਨਵਰੀ ਨੂੰ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸ਼ਾਮਲ ਹੋਣਗੇ। ਹਲਕਾ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਡੇਰਾ ਭਾਈ ਮਸਤਾਨ ਸਿੰਘ ਮਲੋਟ ਰੋਡ ਵਿਚ ਹੋਵੇਗੀ।
ਇਸੇ ਤਰ੍ਹਾਂ ‘ਭਾਈ ਅਮ੍ਰਿਤਪਾਲ ਸਿੰਘ’ ਦੀ ਪੰਥਕ ਪਾਰਟੀ ਵੱਲੋਂ ਨਵੀਂ ਸਿਆਸੀ ਪਾਰਟੀ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਬਠਿੰਡਾ ਰੋਡ ਸਥਿਤ ‘ਗਰੀਨ ਸੀ’ ਵਿੱਚ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਤਰਸੇਮ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਕਾਨਫਰੰਸ ਦੀ ਥਾਂ ਬਦਲ ਕੇ ਬਠਿੰਡਾ ਰੋਡ ਸਥਿਤ ਰਿਜ਼ੋਰਟ ਵਿੱਚ ਕਰ ਦਿੱਤੀ ਗਈ ਹੈ। ਕਾਨਫਰੰਸ ਨੂੰ ਸੰਸਦ ਮੈਂਬਰ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਅਤੇ ਇਸ ਦੇ ਵਿਸਥਾਰ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ ਅਤੇ ‘ਭਾਈ ਅਮ੍ਰਿਤਪਾਲ ਸਿੰਘ’ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਾਨਫਰੰਸ ਮਲੋਟ ਰੋਡ ਬਾਈਪਾਸ ’ਤੇ ਕੀਤੀ ਜਾ ਰਹੀ ਹੈ ਜਿਥੇ ਪੰਜਾਬ ਭਰ ਦੇ ਆਗੂ ਤੇ ਵਰਕਰ ਪੁੱਜਣਗੇ। ਇਸ ਮੌਕੇ 14 ਜਨਵਰੀ ਨੂੰ ਸਵੇਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਤੇ ਅਰਦਾਸ ਉਪਰੰਤ ਸਿਆਸੀ ਕਾਨਫਰੰਸ ਹੋਵੇਗੀ ਜਿਸ ਨੂੰ ਸੁਖਬੀਰ ਸਿੰਘ ਬਾਦਲ ਸਣੇ ਹੋਰ ਆਗੂ ਸੰਬੋਧਨ ਕਰਨਗੇੇ।