
ਸਾਲ 1813 ਤੱਕ ਲਾਹੌਰ ਦਰਬਾਰ ਦੀਆਂ ਸਰਹੱਦਾਂ ਦੂਰ-ਦੂਰ ਤੱਕ ਫੈਲ ਚੁੱਕੀਆਂ ਸਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣ ਇੱਕ ਵੱਡੇ ਤੇ ਖੁਸ਼ਹਾਲ ਰਾਜ ਦੇ ਮਾਲਕ ਬਣ ਚੁੱਕੇ ਸਨ, ਪਰ ਅਜੇ ਵੀ ਕਈ ਇਲਾਕੇ ਜਿੱਤ ਕੇ ਸਰਕਾਰ ਖ਼ਾਲਸਾ ਦੇ ਅਧੀਨ ਲਿਆਉਣੇ ਬਾਕੀ ਸਨ। ਅਜਿਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਹਾਲ ਦਾ ਪਤਾ ਲੱਗਦਾ ਰਹੇ ਅਤੇ ਸੁਨੇਹੇ ਜਲਦੀ ਨਾਲ ਏਧਰ-ਓਧਰ ਭੇਜੇ ਜਾ ਸਕਣ, ਇਸ ਲਈ ਉਨ੍ਹਾਂ ਨੇ ਆਪਣੇ ਰਾਜ ਵਿੱਚ ਨਿਊਜ਼ ਸਰਵਿਸ ਅਤੇ ਮੇਲ ਸਰਵਿਸ ਸ਼ੁਰੂ ਕਰਨ ਦੀ ਸੋਚੀ।
ਇਤਿਹਾਸਕਾਰ ਹਰੀ ਰਾਮ ਗੁਪਤਾ ਆਪਣੀ ਕਿਤਾਬ ਹਿਸਟਰੀ ਆਫ ਸਿਖਸ ਦੇ ਪੰਜਵੇਂ ਭਾਗ ਵਿੱਚ ਲਿਖਦੇ ਹਨ ਕਿ 9 ਸਤੰਬਰ 1813 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਨਿਊਜ਼ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਕੀਤਾ। ਸਰਕਾਰ ਖ਼ਾਲਸਾ ਦੇ ਅਧਿਕਾਰੀ ਜੈ ਕਰਨ ਦਾਸ ਨੂੰ ਹੁਕਮ ਕੀਤਾ ਗਿਆ ਕਿ 100 ਮੁਤਸਦੀ (ਖ਼ਬਰਾਂ ਇਕੱਠੀਆਂ ਕਰਨ ਵਾਲੇ) ਭਰਤੀ ਕੀਤੇ ਜਾਣ ਅਤੇ ਉਨ੍ਹਾਂ ਨੂੰ ਨਾਰਥ-ਵੈਸਟ ਫਰੰਟੀਅਰ, ਜਲਾਲਾਬਾਦ ਅਤੇ ਕਾਬਲ ਤੱਕ ਭੇਜਿਆ ਜਾਵੇ ਜਿਥੋਂ ਉਹ ਹਰ ਇਲਾਕੇ ਦੀਆਂ ਰੋਜ਼ਾਨਾਂ ਖ਼ਬਰਾਂ ਇਕੱਠੀਆਂ ਕਰਕੇ ਲਾਹੌਰ ਦਰਬਾਰ ਤੱਕ ਭੇਜਣ। ਇਹ ਸਰਕਾਰ-ਏ-ਖ਼ਾਲਸਾ ਦੀ ਪਹਿਲੀ ਰੈਗੂਲਰ ਨਿਊਜ਼ ਸਰਵਿਸ ਸੀ।
ਇਸ ਤੋਂ ਦੋ ਮਹੀਨੇ ਬਾਅਦ 21 ਨਵੰਬਰ 1813 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਰੈਗੂਲਰ ਮੇਲ ਸਰਵਿਸ ਵੀ ਸ਼ੁਰੂ ਕਰ ਦਿੱਤੀ ਅਤੇ ਚੂਨੀ ਲਾਲ ਨੂੰ ਇਸ ਦਾ ਮੁੱਖੀ ਥਾਪਿਆ ਗਿਆ। ਮੇਲ ਸਰਵਿਸ ਵਿੱਚ ਵੱਡੀ ਗਿਣਤੀ ਵਿੱਚ ਘੋੜ ਸਵਾਰ ਹਰਕਾਰੇ ਤਾਇਨਾਤ ਕੀਤੇ ਗਏ ਜੋ ਲਾਹੌਰ ਤੋਂ ਲੈ ਕੇ ਅਟਕ ਦੇ ਕਿਲ੍ਹੇ ਤੱਕ ਪੱਤਰ ਅਤੇ ਖ਼ਬਰਾਂ ਪਹੁੰਚਾਉਣ ਦਾ ਕੰਮ ਕਰਨ ਲੱਗੇ। ਇਸੇ ਹੀ ਦਿਨ 21 ਨਵੰਬਰ 1813 ਨੂੰ ਇੱਕ ਹਰਕਾਰਾ ਮੁਲਤਾਨ ਤੋਂ ਇੱਕ ਖ਼ਬਰ ਲੈ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ ਅਤੇ ਮਹਾਰਾਜੇ ਨੇ ਉਸ ਨੂੰ ਖੁਸ਼ੀ ਵਿੱਚ ਚਾਰ ਪਿੰਡਾਂ ਦੀ ਜਗੀਰ ਇਨਾਮ ਵਜੋਂ ਦਿੱਤੀ।
ਨਿਊਜ਼ ਸਰਵਿਸ ਅਤੇ ਮੇਲ ਸਰਵਿਸ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤੇਜ਼ ਬਣਾਉਣ ਲਈ ਲਾਹੌਰ ਦਰਬਾਰ ਵੱਲੋਂ ਫਾਸਟ ਰਨਰ ਦਾ ਇੱਕ ਵਿਸ਼ੇਸ਼ ਦਸਤਾ ਵੀ ਬਣਾਇਆ ਗਿਆ ਸੀ ਜੋ ਅਹਿਮ ਖ਼ਬਰਾਂ ਅਤੇ ਸੁਨੇਹਿਆਂ ਨੂੰ ਬਿਨ੍ਹਾਂ ਕਿਸੇ ਦੇਰੀ ਸਰਕਾਰ ਤੱਕ ਪਹੁੰਚਾ ਦਿੰਦਾ ਸੀ। ਇਹ ਦਸਤਾ ਅਕਸਰ ਹੀ ਇੱਕ ਦਿਨ ਵਿੱਚ 100 ਕਿਲੋਮੀਟਰ ਤੱਕ ਦਾ ਸਫ਼ਰ ਵੀ ਤਹਿ ਕਰ ਲੈਂਦੇ ਸਨ।
ਸਾਲ 1813 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਰਾਜ ਵਿੱਚ ਸ਼ੁਰੂ ਕੀਤੀ ਨਿਊਜ਼ ਸਰਵਿਸ ਅਤੇ ਮੇਲ ਸਰਵਿਸ ਕਾਮਯਾਬੀ ਨਾਲ ਚੱਲਦੀ ਰਹੀ, ਜਿਸਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਆ ਕੇ ਨਵਾਂ ਰੂਪ ਦਿੱਤਾ।
– ਇੰਦਰਜੀਤ ਸਿੰਘ ਹਰਪੁਰਾ, ਬਟਾਲਾ