116 views 6 secs 0 comments

ਅਕਲ ਕਲਾ

ਲੇਖ
February 24, 2025

ਸੋਲਾਂ ਕਲਾਵਾਂ

-ਡਾ. ਇੰਦਰਜੀਤ ਸਿੰਘ ਗੋਗੋਆਣੀ

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥       (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੫ )

ਸੋਲਾਂ ਕਲਾਵਾਂ ਵਿੱਚੋਂ ਅੱਠਵੀਂ ਕਲਾ ‘ਅਕਲ ਕਲਾ’ ਹੈ। ਅਕਲ ਸ਼ਬਦ ਬਾਰੇ ‘ਮਹਾਨ ਕੋਸ਼` ਦੇ ਕਰਤਾ ਨੇ ਦੀਰਘਤਾ ਨਾਲ ਸਮਝਾਇਆ ਹੈ, ਅਕਲ ਸੰਗਯਾ-ਬੁੱਧਿ, ਅਸਲ ਵਿਚ ਅਕਲ ਦਾ ਅਰਥ ਊਠ ਦਾ ਨਿਉਲ (ਨਿਉਲ ਤੋਂ ਭਾਵ ਪਸ਼ੂ ਦੇ ਪੈਰੀਂ ਲਾਉਣ ਦਾ ਜ਼ਿੰਦਾ, ਇਹ ਵਿਸ਼ੇਸ਼ ਕਰਕੇ ਊਠ ਦੇ ਲਾਈਦਾ ਹੈ) ਜੋ ਨਿਊਲ (ਜ਼ਿੰਦਰੇ) ਦੀ ਤਰਾਂ ਆਦਮੀ ਦੀ ਵਿੱਤੀ (ਅੰਤਹਕਰਣ ਦੀ ਲਹਿਰ, ਮਨ ਦਾ ਤਰੰਗ, ਧਿਆਨ, ਸੁਰਤ) ਨੂੰ ਨਿਯਮ ਵਿਚ ਲੈ ਆਵੇ, ਸੋ ਅਕਲ ਹੈ।

ਪੰਜਾਬੀ ਅਖਾਣ ਕੋਸ਼ ਵਿਚ ਅਕਲ ਸਬੰਧੀ ਬਹੁਤ ਸਾਰੇ ਲੋਕ ਅਖਾਣ ਹਨ। ਅਖਾਣ ਤੋਂ ਭਾਵ ਕਥਾ ਜਾਂ ਪ੍ਰਸੰਗ ਹੈ, ਜਿਨ੍ਹਾਂ ਵਿਚ ਜੀਵਨ ਦਾ ਤੱਤ ਗਿਆਨ ਹੈ। ਜਿਵੇਂ ਜਦੋਂ ਕੱਦ-ਕਾਠ ਨਾਲੋਂ ਸਿਆਣਪ ਨੂੰ ਮਹੱਤਤਾ ਦਿੱਤੀ ਜਾਵੇ ਤਾਂ ਕਿਹਾ ਜਾਂਦਾ ਹੈ, “ਅਕਲ ਵੱਡੀ ਕਿ ਭੈਂਸ। ਇਸੇ ਤਰ੍ਹਾਂ ਜਦ ਮੂਰਖ ਆਦਮੀ ਨਾਲ ਸਾਂਝ ਰੱਖਣ ਨੂੰ ਨਿੰਦਣਾ ਹੋਵੇ ਤਾਂ ਸਮਝਾਇਆ ਜਾਂਦਾ ਹੈ, ‘ਅਕਲ ਵਾਲੇ ਨਾਲ ਭੀਖ ਮੰਗੀ ਚੰਗੀ ਪਰ ਮੂਰਖ ਨਾਲ ਰਾਜ ਰਾਵਿਆ ਮੰਦਾ’। ਕੋਈ ਮਨੁੱਖ ਦੇਖਣ ਨੂੰ ਤਾਂ ਸਿੱਧ ਪੱਧਰਾ ਜਿਹਾ ਜਾਪੇ ਪਰ ਪੈਸੇ ਟਕੇ ਦੇ ਮਾਮਲੇ ਵਿਚ ਘਾਟਾ ਨਾ ਖਾਵੇ ਤਾਂ ਅਖਾਣ ਹੈ, ‘ਅਕਲ ਦਾ ਅੰਨ੍ਹਾ ਗੰਢ ਦਾ ਪੂਰਾ’। ਅਕਲ ਦੀ ਮਹੱਤਤਾ ਦਾ ਵਰਣਨ ਇਉਂ ਵੀ ਕੀਤਾ ਜਾਂਦਾ ਹੈ, ‘ਅਕਲਾਂ ਬਾਝੋਂ ਖੂਹ ਖਾਲੀ।” ਜਦ ਅਕਲ ਵਿਹੂਣਾ ਉਲਟੇ ਕੰਮ ਕਰੇ ਤਾਂ ਵਿਅੰਗਮਈ ਚੋਟ ਹੈ, ‘ਅਕਲੋਂ ਘੁੱਥੀ ਡੂੰਮਣੀ ਸੁਰਮਾ ਪਾਵੇ ਨੱਕ’ ਇਨ੍ਹਾਂ ਅਖਾਣਾਂ ਦਾ ਤੱਤਸਾਰ ਮੁੜ-ਮੁੜ ਮਨੁੱਖ ਦੀਆਂ ਅੰਤਹਕਰਣ ਦੀਆਂ ਲਹਿਰਾਂ, ਮਨ ਦੀਆਂ ਤਰੰਗਾਂ, ਧਿਆਨ ਜਾਂ ਸੁਰਤ ਨੂੰ ਨਿਯਮਬੱਧ ਕਰਨ ਲਈ ਪ੍ਰੇਰਦਾ ਹੈ।

ਇਸੇ ਤਰ੍ਹਾਂ ਮੁਹਾਵਰਾ ਕੋਸ਼ ਵਿਚ ਅਕਲ ਸਬੰਧੀ ਬਹੁਤ ਮੁਹਾਵਰੇ ਹਨ। ਮੁਹਾਵਰਾ ਤੋਂ ਭਾਵ, ਯੋਗਯ ਰੀਤਿ ਨਾਲ ਸ਼ਬਦਾਂ ਦਾ ਵਰਤਣਾ ਜਾਂ ਸ਼ਬਦ ਅਤੇ ਵਾਕਾਂ ਦਾ ਖਾਸ ਅਰਥਾਂ ਵਿਚ ਵਰਤਾਉ ਹੈ, ਜਿਵੇਂ : ਅਕਲ ਉੱਤੇ ਪਰਦਾ ਪੈਣਾ (ਮੱਤ ਮਾਰੀ ਜਾਣਾ), ਅਕਲ ਆਉਣਾ (ਸਮਝਦਾਰ ਹੋਣਾ), ਅਕਲ ਸਠਿਆ ਜਾਣਾ (ਬੁਢਾਪੇ ਦਾ ਅਸਰ), ਅਕਲ ਸਿਖਾਉਣਾ (ਮੱਤ ਦੇਣਾ), ਅਕਲ ਖਰਚ ਕਰਨਾ (ਸੋਚ ਵਿਚਾਰ ਨਾਲ ਕੰਮ ਕਰਨਾ), ਅਕਲ ਖਾਤੇ ਸੁੱਟਣਾ (ਬੇਅਕਲੀ ਵਿਖਾਉਣਾ), ਅਕਲ ਖੁੰਢੀ ਹੋਣਾ (ਦਿਮਾਗ ਕਮਜ਼ੋਰ ਹੋਣਾ), ਅਕਲ ਗਿੱਟਿਆਂ ਵਿਚ ਹੋਣਾ (ਮੂਰਖ ਹੋਣਾ), ਅਕਲ ਗੁੰਮ ਹੋਣਾ (ਅਕਲ ਮਾਰੀ ਜਾਣਾ), ਅਕਲ ਟਿਕਾਣੇ ਆਉਣਾ (ਸਮਝ ਆਉਣਾ), ਅਕਲ ‘ਤੇ ਪੱਥਰ ਪੈਣਾ (ਕੁਝ ਨਾ ਸੁੱਝਣਾ), ਅਕਲ ਦਾ ਚਰਨ ਜਾਣਾ (ਸਿਆਣਪ ਦੀ ਗੱਲ ਨਾ ਕਰਨਾ), ਅਕਲ ਦਾ ਵੈਰੀ (ਬੇਵਕੂਫ) ਅਕਲ ਦੇ ਨਹੁੰ ਲਹਾਉਣਾ (ਹੋਸ਼ ਨਾਲ ਚੱਲਣਾ), ਅਕਲ ਨੂੰ ਜੰਦਰਾ ਮਾਰਨਾ (ਅਕਲ ਤੋਂ ਕੰਮ ਨਾ ਲੈਣਾ), ਅਕਲ ਪਿੱਛੇ ਲੱਠ ਲਈ ਫਿਰਨਾ (ਬੇਵਕੂਫੀ ਦੀਆਂ ਗੱਲਾਂ ਕਰਨਾ), ਅਕਲ ਰੱਖਣਾ (ਅਕਲਮੰਦ ਹੋਣਾ)। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਅਖਾਣ ਜਾਂ ਮੁਹਾਵਰੇ ਹਨ।

ਦਾਨਿਸ਼ਵਰਾਂ ਨੇ ਇਲਮ ਤੇ ਅਕਲ ਵਿਚ ਸੂਖਮ ਜਿਹਾ ਭੇਦ ਮੰਨਿਆ ਹੈ। ਇਕ ਬਾਂਦਰ ਨੂੰ ਅੱਗ ਲਾਉਣੀ ਸਿਖਾ ਦਿੱਤੀ ਇਹ ਇਲਮ ਹੈ ਪਰ ਉਸ ਨੂੰ ਅਕਲ ਨਹੀਂ ਦਿੱਤੀ ਕਿ ਅੱਗ ਨਾਲ ਨੁਕਸਾਨ ਕੀ-ਕੀ ਹੋਵੇਗਾ? ਇਸੇ ਤਰ੍ਹਾਂ ਇਲਮਦੀਨਾਂ ਦੀ ਸੰਸਾਰ ਵਿਚ ਜ਼ਿਆਦਾ ਭਰਮਾਰ ਹੈ। ਇਸ ਤੋਂ ਵੀ ਅੱਗੇ ਆਪਸੀ ਲੜਾਈਆਂ ਸੜਕਾਂ ‘ਤੇ ਦੁਰਘਟਨਾਵਾਂ, ਖਤਰਨਾਕ ਨਸ਼ੇ, ਬਦਫੈਲੀਆਂ ਅਤੇ ਅਨੇਕ ਸਮਾਜਿਕ ਕੁਕਰਮਾਂ ਵਿਚ ਇਲਮਦੀਨ ਸਭ ਤੋਂ ਅੱਗੇ ਹਨ। ਬਹੁਤੀ ਵਾਰ ਜੋ ਬੁਰੇ ਕਰਮ ਅਨਪੜ੍ਹ ਬੰਦਾ ਕਰ ਰਿਹਾ ਹੈ, ਉਹੀ ਪੜਿਆ-ਲਿਖਿਆ ਕਰ ਰਿਹਾ ਹੈ। ਕਈ ਵਾਰ ਇਲਮ ਦੀ ਤਾਲੀਮ ਨਾ ਹੁੰਦਿਆਂ ਵੀ ਕਿਸੇ ਮਨੁੱਖ ਦੀ ਅਕਲ ਅੱਗੇ ਵੱਡੇ-ਵੱਡੇ ਇਲਮਦੀਨ ਝੁਕ ਜਾਂਦੇ ਹਨ।

ਸਮੁੱਚੀ ਵਿਚਾਰ ਤੋਂ ਭਾਵ ਅਕਲ ਇਕ ਸ਼ਕਤੀ ਹੈ। ਅਕਲ ਕਲਾ ਕਰਕੇ ਹੀ ਮਨੁੱਖ ਨੇ ਮਹਾਨ ਖੋਜਾਂ ਕੀਤੀਆਂ ਹਨ। ਅਕਲ ਕਲਾ ਕਰਕੇ ਹੀ ਖੁੰਖਾਰ ਸ਼ੇਰ ਨੂੰ ਪਿੰਜਰੇ ‘ਚ ਬੰਦ ਕਰਕੇ ਮਨੁੱਖ ਨੇ ਸਰਕਸ ਦੇ ਪਾਤਰ ਬਣਾ ਲਿਆ ਹੈ। ਬਗੈਰ ਨੱਥ ਜਾਂ ਨਕੇਲ ਤੋਂ ਮਸਤ ਹਾਥੀ ਨੂੰ ਅੰਕੁਸ਼ ਨਾਲ ਆਗਿਆਕਾਰੀ ਬਣਾ ਲਿਆ ਹੈ। ‘ਪੰਚ ਤੰਤਰ ਦੀ ਕਥਾ ਵਿਚ ਅਕਲ ਦੀ ਮਹੱਤਤਾ ਇਉਂ ਵਰਣਨ ਕੀਤੀ ਹੈ, “ਇਸ ਦੁਨੀਆਂ ਵਿਚ ਅਕਲ ਅੱਗੇ ਨਾ ਕੋਈ ਚੀਜ਼ ਦੁਰਲੱਭ ਹੈ ਤੇ ਨਾ ਕੋਈ ਚੀਜ਼ ਅਸੰਭਵ ਹੈ।

ਹੁਣ ਅਕਲ ਸਬੰਧੀ ਸਾਵਧਾਨੀਆਂ ਵੀ ਹਨ ਕਿ ਅਕਲ ਦੀ ਸ਼ਕਤੀ ਨੂੰ ਬਰਕਰਾਰ ਕਿਵੇਂ ਰੱਖਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ “ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ” ਭਾਵ ਇਸ ਨੂੰ ਅਕਲ ਨਹੀਂ ਆਖੀਦਾ ਕਿ ਅਕਲ ਵਿਅਰਥ ਗਵਾ ਲਈ ਜਾਵੇ। ਇਸੇ ਤਰ੍ਹਾਂ ਸ਼ੇਖ ਸਾਅਦੀ ਨੇ ‘ਗੁਲਿਸਤਾਂ’ ਵਿਚ ਲਿਖਿਆ ਹੈ, ‘ਮੈਂ ਸਿਆਣਿਆਂ ਤੋਂ ਇਕ ਨਸੀਹਤ ਪੁੱਛੀ, ਉਨ੍ਹਾਂ ਨੇ ਕਿਹਾ ਕਿ ਤੂੰ ਬੇਅਕਲਾਂ ਨਾਲ ਨਾ ਮਿਲ। ਜੇਕਰ ਤੂੰ ਬੁੱਧੀਮਾਨ ਹੈਂ ਤਾਂ ਬੇਅਕਲ ਹੋ ਜਾਵੇਂਗਾ, ਜੇਕਰ ਤੂੰ ਬੇਅਕਲ ਹੈਂ ਤਾਂ ਵੱਧ ਬੇਵਕੂਫ ਹੋ ਜਾਵੇਂਗਾ।

‘ਅਕਲ ਕਲਾ’ ਬਾਰੇ ਸਮੁੱਚੀ ਮਾਨਵਤਾ ਨੂੰ ਜਾਗ੍ਰਿਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਦਿੱਤੀਆਂ ਪੰਕਤੀਆਂ ਵਿਚ ਸਮਝਾਉਂਦੇ ਹਨ ਕਿ ਭਾਈ ! ਅਕਲ ਨਾਲ ਮਾਲਕ ਦੀ ਸੇਵਾ ਕਰੀਏ ਤੇ ਅਕਲ ਨਾਲ ਉਸ ਦੀ ਦਰਗਾਹ ਵਿਚ ਇੱਜ਼ਤ ਪਾਈਏ। ਅਕਲ ਦੁਆਰਾ ਹੀ (ਬਾਣੀ) ਪੜ੍ਹ ਕੇ ਸਮਝੀਏ ਅਤੇ ਅਕਲ ਨਾਲ ਹੋਰਾਂ ਨੂੰ ਸਮਝਾਈਏ। ਜੀਵਨ ਦਾ ਸਹੀ ਰਸਤਾ ਇਹੋ ਹੈ। ਇਸ ਲਈ ਅਕਲ ਕਲਾ ਇਕ ਅਜਿਹੀ ਸ਼ਕਤੀ ਹੈ ਜਿਸ ਵਿਚ ਸਮੁੱਚੀ ਮਾਨਵਤਾ ਦਾ ਸੁੱਖ, ਸ਼ਾਂਤੀ ਤੇ ਚੰਗੀ ਜੀਵਨ-ਜਾਚ ਦਾ ਰਾਜ਼ ਹੈ।