
ਸਾਡੀ ਅਰਦਾਸ ਭਗਉਤੀ ਲਫ਼ਜ਼ ਤੋਂ ਚਲਦੀ ਹੈ । ਭਗਉਤੀ ਤਲਵਾਰ ਦਾ ਨਾਂ ਹੈ, ਸਿੱਖ ਸਾਹਿਤ ਵਿਚ ਭਗਉਤੀ ਦਾ ਅਰਥ ਤਲਵਾਰ ਹੀ ਹੋ ਗਿਆ ਹੈ। ਏਹ ਅਰਥ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਹੀ ਨਹੀਂ ਪ੍ਰਚੱਲਤ ਹੋਇਆ ਸਗੋਂ
ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ :
ਨਾਉਂ ਭਗਉਤੀ ਲੋਹ ਘੜਾਇਆ ।
ਹੁਣ ਦੇਖਣਾ ਏਹ ਹੈ ਪਈ ਸਭ ਤੋਂ ਪਹਿਲਾਂ ਤਲਵਾਰਾਂ ਨੂੰ ਕਿਉਂ ਧਿਆਇਆ ਤੇ ਏਹ ਤਲਵਾਰ ਕੇਹੜੀ ਹੈ ? ਬਾਬੇ ਬੰਦੇ ਜੀ ਵੇਲੇ ਜਿੱਤਾਂ ਹੋਈਆਂ, ਥਾਵਾਂ ਮੱਲੀਆਂ, ਗੜ੍ਹ ਉਸਰੇ ਨਿਸ਼ਾਨ ਝੁੱਲੇ ਤੇ ਸਿੱਕੇ ਚੱਲੇ। ਓਹਨਾਂ ਸਿੱਕਿਆਂ ਉੱਤੇ ਉਕਰਿਆ ਗਿਆ :
ਦੇਗ਼ ਤੇਗ਼ ਫ਼ਤਹ ਨੁਸਰਤ ਬੇਦਰੰਗ ।
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ।
ਦੇਗ਼ ਦੇ ਬੜੇ ਖੁਲ੍ਹੇ ਅਰਥ ਹੋਏ, ਗੁਰੂ ਨਾਨਕ ਸਾਹਿਬ ਨੇ ਦੇਗ ਚਲਾਈ, ਲੰਗਰ ਲਾਉਣ ਦੀ ਪਿਰਤ ਪਾਈ । ਦੂਜੇ, ਤੀਜੇ ਗੁਰੂ ਨੇ ਲੰਗਰ ਲਾ ਕੇ ਵਰਣ ਭੇਦ ਦਾ ਵਹਿਮ ਗਵਾਇਆ, ਇਕੱਠਿਆਂ ਬਹਿਣ ਤੇ ਵੰਡ ਕੇ ਖਾਣ ਦਾ ਵੱਲ ਸਿਖਾਇਆ। ਏਸ ਤਰ੍ਹਾਂ ਸਾਂਝੀਵਾਲਤਾ ਦਾ ਪੂਰਨਾ ਪਾਇਆ। ਸੋ ਦੇਗ਼ ਪਦ ਸਾਂਝੀਵਾਲਤਾ ਦਾ ਰੰਗ ਲਈ ਬੈਠਾ ਹੈ । ਦੇਗ਼ ਦੇ ਨਾਲ ਹੈ ਤੇਗ਼। ਗੁਰੂ ਨਾਨਕ ਸਾਹਿਬ ਦੀ ਦੇਗ਼ ਚਲਾਈ ਹੋਈ ਤਾਂ ਦਸਵੇਂ ਸਾਹਿਬ ਪਾਸ ਆਈ ਪਰ ਸਿੱਕੇ ਦੀ ਮੁਹਰ ਕਹਿੰਦੀ ਹੈ ਤੇਗ਼ ਵੀ ਪਹਿਲੇ ਤੋਂ ਦਸਵੇਂ ਗੁਰਦੇਵ ਨੇ ਲਈ। ਮੋਹਰ ਵਿਚ ਵੀ ਤੇਗ਼ ਦਾ ਅਰਥ ਭਗਉਤੀ ਹੋਇਆ ਹੈ ਤੇ ਏਸੇ ਤਲਵਾਰ ਵਿਚ ਜੀਵਨ ਦਾ ਜੌਹਰ ਦਿਖਾਉਣ ਵਾਲੇ ਅਰਥ ਰੱਖੇ ਗਏ ਹਨ। ਗੁਰੂ ਨਾਨਕ ਜੀ ਨੇ ਬਾਬਰੀ ਦਗੜ-ਦਗੜ ਨੂੰ ਬਹੁਤ ਬੁਰਾ ਜਾਤਾ। ਸ਼ਹਿਰਾਂ ਦੇ ਮਸਾਨ ਬਣਦਿਆਂ ਦੇਖ ਕੇ ਚਮਕ ਕੇ ਬੋਲੇ । ਆਪ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਾਹ ਕੋਲੋਂ ਡਡਿਆ ਕੇ ਮੁਆਫ਼ੀ ਨਹੀ ਮੰਗੀ । ਲੋਕਾਂ ਦੀ ਕਾਇਰਤਾ ਦੇਖ ਕੇ ਦਿਲ ਨਾ ਛੱਡਿਆ, ਸਗੋਂ ਜਨਤਾ ਨੂੰ ਬਹਾਦੁਰ ਬਣਾਉਨ ਲਈ ਲੱਕ ਬੰਨ੍ਹ ਲਿਆ । ਗੁਰਦੇਵ ਜ਼ਾਹਰਾ ਆਮ ਸਿਪਾਹੀ ਨਹੀਂ ਬਣ ਗਏ, ਸਗੋਂ ਅਜਿਹੇ ਸਿਪਾਹੀ ਤਿਆਰ ਕੀਤੇ ਜਿਹੜੇ ਸ਼ਸਧਾਰੀਆਂ ਤੋਂ ਵੀ ਵੱਡੇ ਦਿਲ ਵਾਲੇ ਸਨ। ਆਪ ਨੇ ਜਿਗਰੇ ਤੇ ਹੌਸਲੇ ਦੀ ਭਗਉਤੀ ਚੁੱਕੀ ਤੇ ਦਸਮੇਸ਼ ਜੀ ਨੇ ਏਸ ਦਾ ਸਦਕਾ ਹੱਥ ਵਿਚ ਤਲਵਾਰ ਲੈ ਲਈ । ਮੁੱਕਦੀ ਗੱਲ ਪਹਿਲੇ ਗੁਰੂ ਜੀ ਨੇ ਵੀ ਤਲਵਾਰ ਦੀ ਲੋੜ ਸਮਝੀ ਹੋਈ ਸੀ । ਮੋਹਰਾਂ ਬਨਾਉਣ ਵਾਲਿਆਂ ਗੁਰੂ ਦੀ ਸਹੀ ਸਪਿਰਟ ਨੂੰ ਲੈ ਲਿਆ ਸੀ । ਗੁਰੂ ਸਾਹਿਬਾਨ ਨੇ ਇਤਿਹਾਸਾਂ ਦੀ ਸਟੱਡੀ ਕੀਤੀ ਹੋਈ ਸੀ ਓਹਨਾਂ
ਤੱਤ ਕੱਢ ਲਿਆ ਸੀ ਕਿ ਨੇਕੀ ਨੂੰ ਵੀ ਬਦੀ ਦੀ ਤਲਵਾਰ ਕੁਝ ਚਿਰ ਲਈ ਦਬਾ ਜਾਂਦੀ ਹੈ ਤੇ ਚੰਗੀ ਗੱਲ ਵੀ ਤਲਵਾਰ ਜਾਂ ਤਾਕਤ ਵਾਲੇ ਤੋਂ ਜਲਦੀ ਫੈਲਦੀ ਹੈ । ਬੁੱਧ ਮਤ ਜਲਦੀ ਫੈਲਿਆ ਸੀ ਕਿਉਂਕਿ ਰਾਜਿਆਂ ਨੇ ਮਤ ਕਬੂਲ ਲਿਆ ਸੀ। ਬ੍ਰਾਹਮਣਾਂ ਨੇ ਹੱਥ ਵਿਚ ਤਾਕਤ ਲੈਣੀ ਸ਼ੁਰੂ ਕੀਤੀ ਤਾਂ ਬੁੱਧ ਮਤ ਵੀ ਢਲਣਾ ਸ਼ੁਰੂ ਹੋ ਗਿਆ ।
ਜਦ ਦਸਵੇਂ ਗੁਰੂ ਨੇ ਡਿੱਠਾ ਕਿ ਔਰੰਗਜ਼ੇਬ ਭਗਉਤੀ ਦੀ ਰਾਹੀਂ ਮਨਮਰਜ਼ੀ ਕਰ ਰਿਹਾ ਹੈ ਤਾਂ ਓਹਨਾਂ ਚੰਡੀ ਨੂੰ ਹੱਥ ਵਿਚ ਲਿਆ। ਓਧਰ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ। ਏਧਰ ਗੁਰੂ ਸਾਹਿਬ ਨੇ ਧੱਕਾ ਜ਼ੋਰੀ ਰੋਕਣ ਦਾ ਅਖੀਰੀ ਉਪਾਅ ਕੀਤਾ ਕਿਉਂਕਿ ਏਸ ਉਪਾਅ ਨੂੰ ਸ਼ਰਧਾ ਤੇ ਦਿਲ ਨਾਲ ਕਰਨਾ ਸੀ ਏਸ ਲਈ ਹਜ਼ੂਰ ਨੇ ਓਸੇ ਨੂੰ ਪਹਿਲਾਂ ਸਿਮਰਿਆ। ਜਿਸ ਨੂੰ ਗੁਰੂ ਸਿਮਰਨ ਲੱਗ ਪਵੇ ਤੇ ਓਸ ਤੋਂ ਸਿੱਖਾਂ ਕਿਵੇਂ ਮੂੰਹ ਮੋੜਨਾ ਸੀ ? ਬਸ ਏਸੇ ਕਰ ਕੇ ਸਿੱਖ ਲੜੇ ਤੇ ਲੜੇ ਵੀ ਭੁੱਖਿਆਂ ਸ਼ੇਰਾਂ ਵਾਂਗ। ਓਹ ਲੱਖਾਂ ਕਸ਼ਟ ਸਹਿ ਕੇ ਏਸੇ ਲਈ ਲੜੇ ਕਿ ਓਹਨਾਂ ਦੀ ਹਥਿਆਰ ਉੱਤੇ ਸ਼ਰਧਾ ਬੜੀ ਵਿਚਾਰ ਨਾਲ ਕਰਾਈ ਗਈ ਸੀ ।
ਅਰਦਾਸ ਵਿਚ ਨੌਵਾਂ ਗੁਰੂਆਂ ਦੇ ਨਾਵਾਂ ਤੋਂ ਬਾਅਦ ਅਸੀਂ ਵੇਲੇ ਮੁਤਾਬਿਕ ਬਣਾਉਂਦੇ ਗਏ ਤੇ ਇਵੇਂ ਦੁਮਿੰਟੀ ਤਵਾਰੀਖ਼ ਬਣਾ ਲਈ ਹੈ । ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦੀ ਯਾਦ ਹੀ ਨਹੀਂ ਸਗੋਂ ਓਹਨਾਂ ਦੀ ਕਰਨੀ ਦੀ ਦਾਦ ਦੇ ਕੇ ਆਪਣੇ ਆਪ ਨੂੰ ਓਹਨਾਂ ਪਿੱਛੇ ਤੁਰਨ ਦੀ ਚਾਹ ਉਪਜਾਉਂਦੇ ਹਾਂ ।
ਬਾਬੇ ਬੰਦੇ ਪਿਛੋਂ ਸੂਬੇ ਨੇ ਕਹਿਰੀ ਚੱਕਰ ਚਲਾਇਆ । ਸਿੰਘ ਵੇਲੇ ਦੀ ਤਾੜ ਵਿਚ ਕਾਹਨੂੰਵਾਨ ਦੇ ਛੰਭ ਤੇ ਬੀਕਾਨੇਰ ਵਿਚ ਝੱਟ ਲੰਘਾਉਣ ਲੱਗੇ । ਓਦੋਂ ਇਕ ਦੂਜੇ ਦਾ ਹਿਤ ਸੀ, ਈਰਖਾ ਦਾ ਨਾਂ ਨਹੀਂ ਸੀ । ਅਰਦਾਸ ਵਿਚ ਆਪਣਾ ਕਾਲਜਾ ਰੱਖ ਦਿੱਤਾ ” ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ।”
ਸਿੰਘਾਂ ਦਾ ਹਰਿਮੰਦਰ ਸਾਹਿਬ ਜਾਣਾ ਬੰਦ ਤੇ ਸਰੋਵਰ ਵਿਚ ਇਸ਼ਨਾਨ ਕਰਨਾ ਰੋਕਿਆ ਗਿਆ । ਗੁਰੂ ਦੇ ਸਿੱਖਾਂ ਅੰਮ੍ਰਿਤਸਰ ਦੇ ਇਸ਼ਨਾਨ ਕਰਨ ਦਾ ਇਰਾਦਾ ਤੇ ਨਿਕੰਮੇ ਹੁਕਮ ਨੂੰ ਤੋੜਨ ਦਾ ਪ੍ਰਣ ਕੀਤਾ ਤੇ ਅਗਲਿਆਂ ਲਈ ਮਿਸਾਲ ਕਾਇਮ ਕੀਤੀ। ਹਾਕਮਾਂ ਖਿੱਝ ਕੇ ਹਰਿਮੰਦਰ ਸਾਹਿਬ ਨੂੰ ਢਾਇਆ। ਰੋਜ਼ ਪ੍ਰਣ ਕਰਨ ਵਾਲਿਆਂ ਉਸ ਨੂੰ ਫੇਰ ਉਸਾਰ ਕੇ ਰੱਖ ਦਿੱਤਾ । ਏਹ ਗੱਲਾਂ ਸ੍ਰੀ ਸਾਹਿਬ ਦੀ ਸਹਾਇਤਾ ਨਾਲ ਹੋਈਆਂ । ਏਹ ਓਹੇ ਸ੍ਰੀ ਸਾਹਿਬ ਜਿਸ ਨੂੰ ਪਹਿਲਾਂ ਧਿਆਇਆ ਸੀ ।
ਅਰਦਾਸ ਵਿਚ ਹੌਸਲੇ ਦੀ ਸਪਿਰਟ ਪ੍ਰਣ ਤੇ ਅਮਨ ਸ਼ਾਂਤੀ ਲਈ ਅਰਜੋਈ ਤਾਂ ਹੈ ਪਰ ਨਿਰਾ ਹਾੜਾ ਤੇ ਤਰਲਾ ਹੀ ਨਹੀਂ । ਏਸ ਵਿਲਕਣੀ ਵਿਚ ਤਲਵਾਰ ਦੀ ਝਣਕਾਰ ਹੈ। ਅਰਦਾਸ ਵਿਅੰਗ ਵਾਲੀ ਕਵਿਤਾ ਹੈ ਜਿਸ ਵਿਚ ਬੀਰਤਾ ਨਾਲ ਖ਼ੁਦਾਈ ਖ਼ਿਦਮਤਗਾਰ ਹੋਣ ਦਾ ਭਾਵ ਹੈ ਕਿਉਂਕਿ ਅਰਦਾਸ ਦਾ ਮੁਕਾਮ ਸਰਬੱਤ ਦੇ ਭਲੇ ਉੱਤੇ ਹੈ ।
ਸ. ਹਰਿੰਦਰ ਸਿੰਘ ਰੂਪ