
-ਡਾ. ਜਸਵੰਤ ਸਿੰਘ ਨੇਕੀ
ਸਾਡੇ ਪਿੰਡ ਇੱਕ ਕਿਸਾਨ ਸੀ ਭਾਈ ਸੁਵਰਨਾ। ਉਹ ਮੇਰੇ ਦਾਦਾ ਜੀ ਕੋਲ ਗੁਰਮੁਖੀ ਸਿੱਖਣ ਆਉਂਦਾ ਰਿਹਾ। ਜਦ ਪੈਂਤੀ ਪੱਕ ਗਈ ਤੇ ਮਾਤਰਾ ਦੀ ਵੀ ਸਮਝ ਆ ਗਈ ਤਾਂ ਆਪਣਾ ਨਾਂ ‘ਸਵਰਨ ਸਿੰਘ’ ਉਸ ਨੇ ਆਪ ਲਿਖਿਆ ਤੇ ਨੱਚ ਪਿਆ। ਕਹਿਣ ਲੱਗਾ, “ਮੈਂ ਅੱਜ ਪਹਿਲੀ ਵਾਰ ‘ਸੁਵਰਨੇ ਤੋਂ ਸਵਰਨ ਸਿੰਘ ਬਣਿਆ ਹਾਂ।”
ਫਿਰ ਉਹ ਗੁਟਕਾ ਲੈ ਆਇਆ ਤੇ ਜਪੁ ਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ। ਕੋਸ਼ਿਸ਼ ਕਰਨ ਲੱਗਾ ਤੇ ਹਰ ਹਫ਼ਤੇ ਇੱਕ ਪਉੜੀ ਕੰਠ ਵੀ ਕਰ ਲਵੇ। ਲੰਮੀਆਂ ਪਉੜੀਆਂ ’ਤੇ ਦੋ-ਦੋ, ਤਿੰਨ-ਤਿੰਨ ਹਫ਼ਤੇ ਲਗਦੇ ਸਨ, ਪਰ ਸਾਲ ਭਰ ਵਿਚ ਉਸ ਨੇ ਸਾਰਾ ਜਪੁ ਜੀ ਸਾਹਿਬ ਕੰਠ ਕਰ ਲਿਆ ਸੀ ।
ਹੁਣ ਉਹ ਮੇਰੇ ਦਾਦਾ ਜੀ ਪਾਸੋਂ ਇਸ ਬਾਣੀ ਦੇ ਅਰਥ ਸਮਝਣ ਆਉਂਦਾ ਸੀ, ਹਰ ਰੋਜ਼ ਬੜੇ ਨੇਮ ਨਾਲ । ਫਿਰ ਉਹ ਬਿਮਾਰ ਹੋ ਗਿਆ ਤੇ ਕਈ ਦਿਨ ਆਇਆ ਨਾ। ਮੇਰੇ ਦਾਦਾ ਜੀ ਉਸ ਨੂੰ ਵੇਖਣ ਚਲੇ ਗਏ। ਉਸ ਨੂੰ ਦੋ-ਤਿੰਨ ਦਿਨ ਤੋਂ ਬੁਖ਼ਾਰ ਚੜ੍ਹਦਾ ਰਿਹਾ ਸੀ, ਪਰ ਹੁਣ ਉਤਰਦਾ ਜਾਪਦਾ ਸੀ।
ਮੇਰੇ ਦਾਦਾ ਜੀ ਉਸ ਦੇ ਪਾਸ ਉਸੇ ਦੇ ਮੰਜੇ ‘ਤੇ ਬੈਠ ਗਏ। ਉਹ ਕਹਿਣ ਲੱਗਾ, “ਮੇਰਾ ਜੀ ਕਰਦੈ ਹੁਣ ਮੈਂ ਖੇਤੀ ਦਾ ਕੰਮ ਬੱਚਿਆਂ ਦੇ ਸਪੁਰਦ ਕਰ ਦਿਆਂ ਤੇ ਆਪ ਅਟੰਕ ਹੋ ਕੇ ਬਹਿ ਜਾਵਾਂ।” ਮੇਰੇ ਦਾਦਾ ਜੀ ਕਹਿਣ ਲੱਗੇ, “ਭਾਈ ਸਵਰਨ ਸਿੰਘ ਜੀ, ਬੱਚੇ ਤੁਹਾਡੇ ਵੱਡੇ ਹੋ ਗਏ ਹਨ, ਕੰਮ ਸਾਂਭ ਲੈਣਗੇ, ਬੇਸ਼ੱਕ ਉਹਨਾਂ ਨੂੰ ਦੇ ਦਿਓ, ਪਰ ਆਪ ਅਟੰਕ ਹੋ ਕੇ ਬਹਿ ਜਾਣ ਦਾ ਕੰਮ ਨਾ ਕਰਨਾ। ਬੈਠ ਨਹੀਂ ਜਾਣਾ। ਤੁਹਾਡੇ ਅੰਦਰ ਵੀ ਇਕ ਖੇਤੀ ਹੈ, ਉਸ ਵਿਚ ਧਿਆਨ ਦੀ ਨੋਕ ਨਾਲ ਸਿਆੜਾਂ ਕੱਢਣੀਆਂ ਤੇ ਫਿਰ ਨਾਮ ਦਾ ਬੀਜ ਪਾ ਕੇ ਸੰਤੋਖ ਨਾਲ ਸਿੰਜਣਾ। ਫਿਰ ਜੋ ਫ਼ਲ ਲੱਗੇਗਾ ਉਹ ਸਾਂਭਿਆ ਨਹੀਂ ਜਾਵੇਗਾ।
ਦੋ-ਤਿੰਨ ਸਾਲ ਗੁਜ਼ਰ ਗਏ। ਬੱਚਿਆਂ ਨੇ ਬਲਦ ਵੇਚ ਕੇ ਟ੍ਰੈਕਟਰ ਲੈ ਲਿਆ। ਘਰ ਵਿਚ ਲਹਿਰ-ਬਹਿਰ ਹੋ ਗਈ। ਸਵਰਨ ਸਿੰਘ ਅੰਦਰਲੀ ਖੇਤੀ ਵਿਚ ਲੱਗਾ ਰਿਹਾ।
ਫਿਰ ਅਸੀਂ ਪਿੰਡ ਛੋੜ ਕੇ ਕੋਇਟਾ ਆ ਗਏ। ਉੱਥੇ ਮੇਰੇ ਦਾਦਾ ਜੀ ਨੇ ਕਾਰੋਬਾਰ ਸ਼ੁਰੂ ਕੀਤਾ ਸੀ। ਇੱਕ ਦਿਨ ਸ਼ਾਮ ਦਾ ਵੇਲਾ ਸੀ ਕਿ ਸਾਡੇ ਘਰ ਦਾ ਬੂਹਾ ਖੜਕਿਆ। ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਕੀ ਵੇਖਾਂ ਅੱਗੇ ਸਾਡੇ ਪਿੰਡ ਦਾ ਸਵਰਨ ਸਿੰਘ ਖਲੋਤਾ ਹੈ।ਮੈਂ ਉਸਨੂੰ ਅੰਦਰ ਦਾਦਾ ਜੀ ਪਾਸ ਲੈ ਗਿਆ। ਉਹ ਦਾਦਾ ਜੀ ਦੇ ਚਰਨਾਂ ਕਦਮਾਂ ਵਿੱਚ ਹੀ ਬੈਠ ਗਿਆ ਤੇ ਕਹਿਣ ਲੱਗਾ, “ਜਿਸ ਖੇਤੀ ‘ਤੇ ਤੁਸੀਂ ਮੈਨੂੰ ਲਾ ਗਏ ਸਉ, ਉਸਨੂੰ ਫ਼ਲ ਪੈ ਗਿਆ ਹੈ। ਮੈਂ ਰਹਿ ਨਹੀਂ ਸਕਿਆ, ਜੀ ਕੀਤਾ ਤੁਹਾਡੇ ਦਰਸ਼ਨ ਕਰ ਆਵਾਂ, ਸੋ ਪਿੰਡੋਂ ਇਸੇ ਲਈ ਇੱਥੇ ਆਇਆ ਹਾਂ।
ਦਾਦਾ ਜੀ ਨੇ ਪੁੱਛਿਆ, “ਉਸ ਫੁੱਲਵਾੜੀ ਦਾ ਸਾਰਾ ਹਾਲ ਸੁਣਾ ਜੋ ਤੂੰ ਅੰਦਰ ਲਾਈ ਸੀ।” ਕਹਿਣ ਲੱਗਾ, “ਜਦ ਮੈਂ ਅੰਦਰ ਸਿਆੜਾਂ ਕੱਢਣ ਦਾ ਸੋਚਿਆ ਤਾਂ ਨਾ ਮੈਨੂੰ ਕੋਈ ਧਰਤੀ ਦਿੱਸੇ ਨਾ ਹੱਲ। ਪਰ ਮੈਂ ਧਿਆਨ ਜੋੜੀ ਰੱਖਿਆ। ਤਦ ਮੈਨੂੰ ਧਰਤੀ ਨਹੀਂ, ਅੰਦਰ ਆਕਾਸ਼ ਦੱਸਣ ਲੱਗ ਪਿਆ। ਮੈਂ ਸੋਚਿਆ ਇਸੇ ਨੂੰ ਹੀ ਧਰਤੀ ਸਮਝ ਕੇ ਵਾਹ ਲੈਨੇ ਹਾਂ। ਸੋ ਮੈਂ ਧਿਆਨ ਦੀ ਨੋਕ ਨਾਲ ਸਿਆੜਾਂ ਕੱਢਣ ਦਾ ਕੰਮ ਆਰੰਭ ਦਿੱਤਾ। ਮੈਨੂੰ ਓਹੋ ਮਹਿਕ ਆਉਣ ਲੱਗੀ ਜੋ ਬੈਲਾਂ ਨਾਲ ਖੇਤ ਵਿੱਚ ਸਿਆੜਾਂ ਕੱਢਦਿਆਂ ਆਇਆ ਕਰਦੀ ਸੀ।ਫਿਰ ਮੈਂ ਬੀਜ ਪਾਉਣਾ ਸੀ। ਸੋ ਅੰਦਰ ‘ਵਾਹਿਗੁਰੂ ਬੋਲ ਬੋਲ ਕੇ ਬੀਜ ਵੀ ਪਾਇਆ। ਸੰਤੋਖ ਦੇ ਜਲ ਦੀ ਸਮਝ ਨਾ ਆਈ, ਸੋ ਆਪਣੇ ਹੰਝੂਆਂ ਨਾਲ ਪਾਣੀ ਦੇਣ ਲੱਗ ਪਿਆ। ਜਿਉਂ-ਜਿਉਂ ਹੰਝੂ ਕਿਰਨ ਅੰਦਰੋਂ ਮੈਲ ਸਾਫ਼ ਹੁੰਦੀ ਜਾਵੇ। ਜਿਸ ਅਸਮਾਨ ਨੂੰ ਮੈਂ ਵਾਹੁੰਦਾ ਆਇਆ ਸਾਂ, ਉਹ ਲਿਸ਼ਕ ਪਿਆ, ਅੰਦਰ ਜਗਮਗ-ਜਗਮਗ ਹੋ ਗਈ। ਮੈਂ ਕੀ ਦੱਸਾਂ ਜਿੰਦ ਹੋਰ ਦੀ ਹੋਰ ਹੀ ਹੋ ਗਈ। ਸਮਝ ਨਾ ਆਵੇ ਕੀ ਹੋ ਰਿਹਾ ਹੈ।ਸੋ ਤੁਹਾਡੇ ਪਾਸ ਚਲਿਆ ਆਇਆ ਹਾਂ, ਪੁੱਛਣ ਵਾਸਤੇ ਕਿ ਇਹ ਕੀ ਹੋ ਰਿਹਾ ਹੈ।”
ਮੇਰੇ ਦਾਦਾ ਜੀ ਨੇ ਉਸਨੂੰ ਗਲੇ ਲਗਾ ਲਿਆ ਤੇ ਕਿਹਾ, “ਗੁਰਮੁਖਾ ਤੇਰੀ ਘਾਲ ਕਬੂਲ ਹੋਈ ਹੈ। ਅੱਜ ਮੈਂ ਇਕ ਤਪਾ ਮੁਸ਼ਕਿਆ ਵੇਖ ਰਿਹਾ ਹਾਂ।” (੧੯੩੬)