
ਗਿ. ਦਿੱਤ ਸਿੰਘ,
(ਖ਼ਾਲਸਾ ਅਖ਼ਬਾਰ ਲਾਹੌਰ,
10 ਮਈ 1895, ਪੰਨਾ 3)
ਧਾਰਮਿਕਤਾ ਅਤੇ ਬਿਵਹਾਰਿਕਤਾ ਦੇ ਮੇਲ ਦਾ ਭਰਮ
ਅੱਜ ਕੱਲ ਸਾਡੇ ਦੇਸ ਦੇ ਮਹਾਤਮਾ ਪੁਰਖ ਜੋ ਨਿਰੇ ਬਚਪਨ ਤੇ ਤਾਲੀਮ ਵਿਚ ਹੀ ਰਹਿੰਦੇ ਹਨ ਤੇ ਉਨ੍ਹਾਂ ਨੂੰ ਜੋ ਕੁਝ ਤਜਰਬਾ ਹੁੰਦਾ ਹੈ ਸੋ ਉਨਾਂ ਹੀ ਥੋੜੀ ਜੇਹੀਆਂ ਕਤਾਬਾਂ ਦਾ ਹੁੰਦਾ ਹੈ ਜੋ ਉਨ੍ਹਾਂ ਨੇ ਅਪਨੀ ਜਿੰਦਗੀ ਦਾ ਕੁਝ ਹਿੱਸਾ ਖਰਚ ਕੇ ਪੜੀਆਂ ਹੁੰਦੀਆਂ ਹਨ। ਉਨਾਂ ਭਾਈਆਂ ਨੂੰ ਇਸ ਦੁਨੀਆਂ ਰੂਪੀ ਕਤਾਬ ਦੇ ਵਰਤਾਉ ਰੂਪੀ (ਚੇਪਟਰ) ਅਰਥਾਤ ਹਿੱਸੇ ਪੜਨ ਦਾ ਸਮਯ ਨਹੀਂ ਮਿਲਦਾ, ਜਿਸ ‘ਤੇ ਜਦ ਉਹ ਕਿਸੇ ਨਾਲ ਕੋਈ ਬਾਤ-ਚੀਤ ਕਰਦੇ ਯਾ ਕਿਸੇ ਮਹਾਤਮਾ ਦਾ ਜੀਵਨ ਚਰਤ ਸੁਨਦੇ ਹਨ ਤਦ ਉਹ ਦੁਨੀਆਂ ਦੀ ਕਤਾਬ ਦਾ ਮੁਕਾਬਲਾ ਛੱਡ ਕੇ ਕੇਵਲ ਉਸ ਕਿਤਾਬ ਦੇ ਖਯਾਲਾਂ ਦੇ ਮੁਤਾਬਕ ਉਸ ਦਾ ਮੁਕਾਬਲਾ ਕਰਦੇ ਹਨ ਜੋ ਕਿਸੇ ਨੈ ਅਪਨੇ ਖਯਾਲ ਲਿਖ ਕੇ ਉਸ ਵਿਚ ਇਕੱਠੇ ਕੀਤੇ ਹੋਨ, ਜਿਸ ‘ਤੇ ਜੋ ਉਸ ਦੇ ਮੁਤਾਬਕ ਹੁੰਦਾ ਹੈ ਉਸ ਨੂੰ ਅਛਾ ਜਾਪਦੇ ਹਨ ਅਤੇ ਜੋ ਬਰਖਲਾਫ਼ ਹੋਵੇ, ਉਸ ਨੂੰ ਬੁਰਾ ਆਖਦੇ ਹਨ।
ਅਜੇਹੇ ਭਾਈ ਅਪਨੇ ਬਿਵਹਾਰਕ ਕੰਮਾਂ ਨੂੰ ਭੀ ਉਨਾਂ ਧਾਰਮਕ ਕੰਮਾਂ ਦੇ ਬਰਾਬਰ ਕਰਨਾ ਚਾਹੁੰਦੇ ਹਨ, ਜਿਸ ਕਰਕੇ ਉਹ ਇਸ ਯਤਨ ਵਿੱਚ ਕਾਮਯਾਬ ਨਹੀਂ ਹੁੰਦੇ ਅਰ ਆਖਰ ਨੂੰ ਗੁਲਾਮ ਬਣ ਕੇ ਅਪਨੀ ਜਿੰਦਗੀ ਦਾ ਨਿਰਬਾਹੁ ਕਰਦੇ ਹਨ, ਪਰੰਤੂ ਕੌਮ ਦੇ ਸਦਾ ਹੀ ਕਾਇਮ ਰਖਨ ਲਈ ਦੋ ਬਾਤਾਂ ਹੁੰਦੀਆਂ ਹਨ ਜਿਨਾਂ ਵਿੱਚੋਂ ਇੱਕ ਧਾਰਮਕ ਅਤੇ ਦੂਜੀ ਬਿਵਹਾਰਕ ਹੁੰਦੀ ਹੈ ਜਿਸ ਤੇ ਬਿਨਾ ਕੌਮ ਰਹ ਨਹੀਂ ਸਕਦੀ, ਕਿੰਤੂ ਜਦ ਇਨਾਂ ਦੋਨਾਂ ਬਾਤਾਂ ਨੂੰ ਅਸੀਂ ਮਿਲਾ ਦੇਣਾ ਚਾਹਾਂਗੇ ਤਾਂ ਅਸੀ ਮੂੰਹ ਦੇ ਭਾਰ ਇਸ ਤਰਾਂ ਗਿਰ ਪਏਂਗੇ ਜਿਸ ਪ੍ਰਕਾਰ ਕੋਈ ਆਦਮੀ ਦੋਨਾਂ ਪੈਰਾਂ ਨੂੰ ਇਕੱਠੇ ਜੋੜ ਕੇ ਤੁਰਨਾ ਚਾਹੇ ਉਹ ਡਿੱਗ ਪੈਂਦਾ ਹੈ।
ਇਨਾਂ ਦੇ ਦ੍ਰਿਸ਼ਟਾਂਤ ਸਾਡੇ ਸਾਮਨੇ ਪ੍ਰਤੱਖ ਹਨ ਜੈਸਾ ਕਿ ਈਸਾਈ ਮਜ਼ਹਬ ਤਾਂ ਉਨਾਂ ਨੂੰ ਇਹ ਉਪਦੇਸ਼ ਕਰਦਾ ਹੈ ਕਿ (ਜੋ ਤੇਰੇ ਖੱਬੇ ਪਾਸੇ ਮੂੰਹ ਪਰ ਚੁਪੇੜ ਮਾਰੇ ਤਾਂ ਤੂੰ ਉਸ ਦੇ ਅੱਗੇ ਸੱਜਾ ਪਾਸਾ ਭੀ ਕਰ ਦੇ) ਸੋ ਜੇ ਕਰਕੇ ਇਸ ਧਾਰਮਕ ਸਹਨ ਸ਼ੀਲਤਾ ਵਾਲੀ ਬਾਤ ਪਰ ਈਸਾਈ ਗਵਰਨਮਿੰਟ ਅਮਲ ਕਰੇ ਤਾਂ ਸਭ ਤੋਪਖਾਨੇ ਅਰ ਪਲਟਨਾਂ ਨੂੰ ਵਿਦਾ ਕਰਕੇ ਏਹ ਕੰਮ ਕਰਨ ਕਿ ਜਦ ਕੋਈ ਇਨਾਂ ਦੇ ਇਕ ਆਦਮੀ ਨੂੰ ਮਾਰੇ ਤਾਂ ਉਥੇ ਸਾਰੇ ਹੀ ਜਾ ਕੇ ਮੂੰਹ ਭਨਾ ਕੇ ਘਰ ਆਇ ਬੈਠਨ। ਇਸ ਤੇ ਤੁਸੀ ਦੇਖ ਸਕਦੇ ਹੋ ਕਿ ਇਨਾਂ ਦੀ ਹਕੂਮਤ ਕਿਤਨਾ ਕਿ ਚਿਰ ਰਹ ਸਕਦੀ ਹੈ।ਇਸੀ ਪ੍ਰਕਾਰ ਜੇ ਕਰਕੇ ਸਿਖ ਭੀ ਨਿਰਾ ਇਸ ਬਚਨ ਪਰ ਭਰੋਸਾ ਕਰ ਬੈਠਦੇ ਕਿ (ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੀ ਘੁੰਮ। ਆਪਨੜੇ ਘਰਿ ਜਾਈਐ ਪੈਰ ਤਿਨਾਂ ਦੇ ਚੁੰਮਿ) ਤਾਂ ਇਸ ਦਾ ਨਤੀਜਾ ਇਹ ਨਿਕਲਦਾ ਜੋ ਇਹ ਮੁਸਲਮਾਨਾਂ ਪਾਤਸ਼ਾਂ ਦੇ ਪੈਰ ਚੁੰਮਦੇ ਅਰ ਉਹ ਉਨਾਂ ਹੀ ਪੈਰਾਂ ਦੀਆਂ ਅਡੀਆਂ ਨਾਲ ਇਨਾਂ ਦੇ ਸਿਰ ਭੰਨ ਸਿਟਦੇ, ਪਰ ਸਿਖਾਂ ਨੇ ਇਸ ਉਪਦੇਸ਼ ਨੂੰ ਪ੍ਰਮਾਰਥ ਦਾ ਜਾਨ ਕੇ ਅਧ੍ਯਾਤਮਕ ਦੁਨੀਆਂ ਵਿੱਚ ਵਰਤਨ ਲਈ ਛੱਡ ਦਿੱਤਾ ਅਤੇ ਇਸ ਤੇ ਉਲਟ ਸੂਰਬੀਰਤਾ ਦੇ ਉਪਦੇਸ਼ ਨੂੰ ਸੰਸਾਰਕ ਕੰਮਾਂ ਵਿੱਚ ਲਿਆ ਕੇ ਰਾਜ੍ਯ ਪਾਇ ਲੀਤਾ।
ਸਾਡੇ ਲਿਖੇ ਪੜੇ ਹੋਏ ਆਦਮੀਆਂ ਨੂੰ ਭੀ ਚਾਹੀਦਾ ਹੈ ਜੋ ਇਨਾਂ ਦੋਨਾ ਸੰਗਿਆਂ ਨੂੰ ਮਿਲਾ ਕੇ ਖਿਚੜੀ ਕਰਨ ਦਾ ਯਤਨ ਛਡ ਦੇਨ॥