82 views 0 secs 0 comments

ਆਪਣੀ  ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਸਿਖਾਉ ਬੱਚਿਆਂ ਨੂੰ

ਲੇਖ
June 24, 2025

ਅਕਸਰ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਕਿ ਨਵੀਂ ਪੀੜ੍ਹੀ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈ । ਮਾਤ੍ਰ ਭਾਸ਼ਾ ਦਾ ਮਾਣ , ਸਤਿਕਾਰ ਘੱਟਦਾ ਜਾ ਰਿਹਾ ਹੈ । ਕੁਝ ਸਮਾਂ ਪਹਿਲਾਂ ਇੱਕ ਸਰਵੇਖਣ ਚਰਚਾ ਵਿੱਚ ਰਿਹਾ ਕਿ ਮਾਂ ਬੋਲੀ ਦੇ ਹਿੱਤ ਬਣੀ ਇੱਕ  ਯੁਨੀਵਰਸਿਟੀ ਵਿੱਚ ਜਿਆਦਾ ਦਫਤਰੀ ਕੰਮ ਕਿਸੇ ਹੋਰ ਭਾਸ਼ਾ ਵਿੱਚ ਹੋ ਰਿਹਾ ਹੈ । ਪੰਜਾਬੀ ਦੇ ਪ੍ਰਚਾਰ , ਪ੍ਰਸਾਰ ਦਾ ਸਰੋਕਾਰ ਰੱਖਣ ਵਾਲੇ ਮਈ , ਜੂਨ ਦੇ ਮਹੀਨਿਆਂ ਵਿੱਚ ਪੰਜਾਬੀ ਦੀਆਂ ਵਿਸ਼ੇਸ਼ ਕਲਾਸਾਂ ਲਾਉਂਦੇ ਹਨ ਕਿਉਂਕਿ ਸਕੂਲ ਬੰਦ ਹੁੰਦੇ ਹਨ । ਪਰ ਇਹ ਕਲਾਸਾਂ ਸਿਖਿਆਰਥੀ ਹੀ ਉਡੀਕਦੀਆਂ ਰਹਿੰਦੀਆਂ ਹਨ । ਪੰਜਾਬੀ ਦੀ ਗੱਲ ਹੋਵੇ ਤਾਂ ਸਹਿਜ ਹੀ ਸਰਕਾਰ ਤੇ ਸੰਸਥਾਵਾਂ ਤੇ ਸਵਾਲ ਚੁੱਕੇ ਜਾਂਦੇ ਹਨ । ਇਹ ਸੌਖਾ ਵੀ ਹੈ ਕਿਉਂਕਿ ਮਕਸਦ ਸਿਰਫ ਬਹਿਸ ਕਰਨਾ ਹੁੰਦਾ ਹੈ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ । ਭਾਸ਼ਾ ਸੋਚ ਤੇ ਭਾਵਨਾ ਦਾ ਵਿਸ਼ਾ ਹੈ । ਇਹ ਕਿਸੇ ਸਰਕਾਰ ਜਾਂ ਸੰਸਥਾ ਦੀ  ਮੁਥਾਜ ਨਹੀਂ ਹੁੰਦੀ ।  ਭਾਸ਼ਾ ਦਾ ਕੇਂਦਰ ਆਪਣਾ ਘਰ ਰਿਹਾ ਹੈ । ਮਾਂ ਬੋਲੀ ਦੀ ਸਥਿਤੀ ਵੇਖਣੀ ਹੈ ਤਾਂ ਆਪਣੇ ਘਰ ਅੰਦਰ ਵੇਖੀਆਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ । ਆਪਣੇ ਘਰ ਨੂੰ ਮਾਂ ਬੋਲੀ ਦਾ ਘਰ ਬਣਾਉ । ਇਹ ਪੰਜਾਬ , ਭਾਰਤ ਦੇ ਕਿਸੇ ਵੀ ਪ੍ਰਾਂਤ , ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਸੰਭਵ ਹੈ । ਲੋੜ ਹੈ ਪੱਕੇ ਸੰਕਲਪ ਦੀ । ਇੱਕ ਨਿੱਕੀ ਬੱਚੀ ਸੁਹਾਵੀ ਕੌਰ ਹੈ ਜਿਸ \ਦੀ ਉਮਰ ਪੰਜ ਸਾਲ ਹੈ । ਉਹ ਆਸਟ੍ਰੇਲੀਆ ਦੇ ਸਹਿਰ ਸਿਡਨੀ ਦੀ ਜੰਮ ਪੱਲ ਹੈ । ਉਸ ਦੇ ਮਾਤਾ – ਪਿਤਾ ਵੀ ਆਸਟ੍ਰੇਲੀਆ ਦੇ ਨਾਗਰਿਕ ਹਨ । ਸੁਹਾਵੀ ਕੌਰ ਪ੍ਰਵਾਹ ਨਾਲ  ਸਥਾਨਕ ਰੰਗ ਦੀ ਅੰਗਰੇਜ਼ੀ ਬੋਲਦੀ ਹੈ । ਪਰ ਉਸ ਦੇ ਪਿਤਾ ਸਰਦਾਰ ਇੰਦਰਪਾਲ ਸਿੰਘ ਨੇ , ਜੋ ਆਪ ਇੱਕ ਮਲਟੀਨੇਸ਼ਨਲ ਕੰਪਨੀ ਵਿੱਚ ਵੱਡੇ ਔਹਦੇ ਤੇ ਹਨ , ਇੱਕ ਨਿਅਮ ਬਣਾਇਆ ਹੈ ਆਪਣੀ ਬੱਚੀ ਲਈ ਕਿ ਉਹ ਘਰ ਅੰਦਰ ਸਿਰਫ ਪੰਜਾਬੀ ਹੀ ਬੋਲੇਗੀ । ਸੁਹਾਵੀ ਨੂੰ ਭਾਸ਼ਾ ਦੋਹਰੇ ਪੱਧਰ ਤੇ ਸਿਖਾਈ ਜਾ ਰਹੀ ਹੈ । ਉਹ ਅੰਗਰੇਜ਼ੀ ਦੇ ਸ਼ਬਦ ਸਿਖ ਰਹੀ  ਹੈ ਤੇ ਨਾਲ ਹੀ ਉਹਨਾਂ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਇਹ ਵੀ ਸਿਖ ਰਹੀ ਹੈ । ਦਿਨ ਸਕੂਲ ਵਿੱਚ ਬਤੀਤ ਕਰਨ ਤੇ ਭਾਸ਼ਾ ਦਾ  ਇੱਕੋ ਇੱਕ ਵਿਕਲਪ ਅੰਗਰੇਜ਼ੀ ਖੁੱਲੀ ਵਰਤਣ ਤੋਂ ਬਾਅਦ ਘਰ ਵਿੱਚ ਉਹ ਪੰਜਾਬੀ ਬੋਲ ਕੇ ਖੁਸ਼ ਹੁੰਦੀ ਹੈ । ਉਸ ਦੇ ਮਾਤਾ – ਪਿਤਾ ਦੂਜਿਆਂ ਨੂੰ ਮਾਣ ਨਾਲ ਦੱਸਦੇ ਹਨ ਕਿ ਸੁਹਾਵੀ ਨੇ ਪੰਜਾਬੀ ਕਿਤਨੀ ਸਿਖ ਲਈ ਹੈ । ਭਾਸ਼ਾ ਨਾਲ ਪਛਾਣ ਤੇ ਮਾਣ ਉਹ ਬੀਜ ਹੈ ਜੋ ਨਿੱਕੀ ਉਮਰ ਦੇ ਖੇਤ ਵਿੱਚ ਹੀ ਬੀਜਿਆ ਜਾਂਦਾ ਹੈ ਜੋ ਉਮਰ ਦੇ ਨਾਲ ਨਾਲ ਹੀ ਪੁੰਗਰ ਕੇ ਵੱਡਾ ਹੁੰਦਾ ਹੈ ਤੇ ਸਮਾਂ ਆਉਣ ਤੇ ਮਾਣ ਦਾ ਬਿਰਖ ਬਣ ਜਾਂਦਾ ਹੈ । ਆਪਣੀ ਸਭਿਅਤਾ ਦਾ ਫਲ ਪ੍ਰਾਪਤ ਕਰਨਾ ਹੈ ਤਾਂ ਬੀਜ ਠੀਕ ਸਮੇਂ , ਠੀਕ  ਰੁਤ ਅੰਦਰ  , ਤਿਆਰ ਖੇਤ ਵਿੱਚ ਬੀਜਣਾ ਪਹਿਲੀ ਸ਼ਰਤ ਹੁੰਦੀ ਹੈ । ਬਾਲ ਅਵਸਥਾ ਹੀ ਉਹ ਖੇਤ , ਸਮਾਂ ,  ਰੁਤ  ਹੈ ਜੋ ਆਪਣੀ ਸਭਿਅਤਾ ਦਾ ਬੀਜ ਬੀਜਣ ਲਈ ਅਨੁਕੂਲ ਹੁੰਦੀ ਹੈ । ਬੱਚੇ ਦੀ ਸੋਚ ,  ਜੋ ਕਿਸੇ ਵੀ ਦਬਾਵ , ਪ੍ਰਭਾਵ ਤੋਂ ਮੁਕਤ ਹੁੰਦੀ ਹੈ , ਕਿਸੇ ਵੀ ਦਿਸ਼ਾ ਵੱਲ ਤੋਰੀ ਜਾ ਸਕਦੀ ਹੈ । ਸਭਿਆਚਾਰ , ਭਾਸ਼ਾ ਇੱਕ ਆਦਤ ਹੈ । ਬੱਚੇ ਨੂੰ ਇਹ ਆਦਤ ਇੱਕ ਵਾਰ ਪੈ ਗਈ ਤਾਂ ਜੀਵਨ ਭਰ ਨਹੀਂ ਛੁੱਟੇਗੀ । ਬੀਜ ਇੱਕ ਵਾਰ ਮਨ ਅੰਦਰ ਪੁੰਗਰ ਕੇ ਉੱਗਣਾ ਸ਼ੁਰੂ ਹੋ ਜਾਏ ਤਾਂ ਉਸ ਨੂੰ ਫਲ ਦੇਣ ਵਾਲਾ ਬਿਰਖ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਬਸ ਸ਼ਲਾਘਾ , ਪ੍ਰੇਰਣਾ ਤੇ ਆਦਰ ਦਾ ਪਾਣੀ , ਪਵਨ ਤੇ ਰੋਸ਼ਨੀ ਮਿੱਲਦੀ ਰਹੇ ।

ਪੰਜਾਬੀ ਬੋਲੀ ਤੇ ਭਾਸ਼ਾ ਇੱਕ ਸਿੱਖ ਲਈ ਮਾਣ ਦਾ ਵਿਸ਼ਾ ਹੈ ਕਿਉਂਕਿ ਇਹ ਉਸ ਦੀ ਆਪਣੀ ਵਿਰਾਸਤ ਹੈ । ਘਰ ਇੱਕ ਕਮਰੇ ਦਾ ਹੀ ਹੋਵੇ ਜੇ ਆਪਣਾ ਹੈ ਤਾਂ ਸਕੂਨ ਉਸ ਇੱਕ ਕਮਰੇ ਵਿੱਚ ਆ ਕੇ ਹੀ ਪ੍ਰਾਪਤ ਹੁੰਦਾ ਹੈ । ਕਿਸੇ ਦੂਜੇ ਦੀ ਸਭਿਅਤਾ , ਭਾਸ਼ਾ ਸੁੰਦਰ ਹੋ ਸਕਦੀ ਹੈ , ਅਮੀਰ ਹੋ ਸਕਦੀ ਹੈ , ਵਰਤੀ ਜਾ ਸਕਦੀ ਹੈ ਪਰ ਉਸ ਤੇ ਮਿਲਕੀਅਤ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ । ਉਹ ਕਿਰਾਏਦਾਰੀ , ਉਧਾਰੀ ਹੈ ਜੋ ਕਿਹੋ ਜਿਹੀ ਵੀ ਹੋਵੇ ਮਿਲਕੀਅਤ ਦਾ ਸੁੱਖ ਨਹੀਂ ਦੇ ਸਕਦੀ । ਫਿਰ ਪੰਜਾਬੀ ਬੋਲੀ , ਭਾਸ਼ਾ , ਸਿੱਖ ਸਭਿਅਤਾ ਤਾਂ ਇੱਕ ਅਦੁੱਤੀ ਮਹਿਲ ਵਰਗੀ ਹੈ ਜੋ ਗੁਰੂ ਸਾਹਿਬਾਨ  ਨੇ ੨੩੯ ਸਾਲ ਦੇ ਅਥੱਕ ਜਪ – ਤਪ ਨਾਲ ਉਸਾਰਿਆ । ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਰ ਸਿੱਖ ਨੂੰ ਆਪਣਾ ਸੁਤ ਨਿਵਾਜ ਕੇ ਉਸ ਬੇਮਿਸਾਲ ਮਹਿਲ ਦਾ ਵਾਰਿਸ ਬਣਾ ਦਿੱਤਾ । ਉਹ ਮਹਿਲ ਅੱਜ ਦਸਾਂ ਗੁਰੂਆਂ ਦੀ ਜੋਤ ਸ੍ਰੀ ਗ੍ਰੰਥ ਸਾਹਿਬ ਦੇ ਇਲਾਹੀ ਪ੍ਰਕਾਸ਼ ਨਾਲ ਜਗ ਮਗ ਕਰ ਰਿਹਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੀ ਸ਼ਬਦ ਸੱਤਾ ਦੁਨੀਆਂ ਵਿੱਚ ਦੂਜੀ ਨਹੀਂ ਹੈ । ਸਿੱਖ ਲਈ ਇਸ ਤੋਂ ਵੱਧ ਮਾਣ ਦਾ ਵਿਸ਼ਾ ਕੀ ਹੋ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਉਸ ਦੀ ਮਾਤ੍ਰ ਭਾਸ਼ਾ ਹੈ । ਜਿੱਥੇ ਉਹ ਨਿਤ ਸੀਸ ਟੇਕਦਾ ਹੈ , ਹਾਜ਼ਰੀ ਭਰਦਾ ਹੈ ਉਸ ਦਰਬਾਰ , ਗੁਰ ਦਰਬਾਰ ਦੀ ਭਾਸ਼ਾ ਪੰਜਾਬੀ ਹੈ ।

ਸੰਸਾਰ ਵਿੱਚ ਲੱਗਭੱਗ ਸੱਤ ਹਜਾਰ ਭਾਸ਼ਾਵਾਂ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ । ਇਨ੍ਹਾਂ ‘ ਚੋਂ ੯੦ ਫ਼ੀਸਦ ਭਾਸ਼ਾਵਾਂ ਬੋਲਣ , ਵਰਤਣ ਵਾਲੇ ਲੋਗ ਇੱਕ ਲੱਖ ਤੋਂ ਘੱਟ ਹਨ । ਕਈ  ਭਾਸ਼ਾਵਾਂ ਦੀ ਹੋਂਦ ਖਤਰੇ ਵਿੱਚ ਹੈ । ਇੱਕ ਅਨੁਮਾਨ ਮੁਤਾਬਕ ਹਰ ਦੋ ਹਫਤੇ ਵਿੱਚ ਇੱਕ ਭਾਸ਼ਾ ਦੀ ਮੌਤ ਹੋ ਰਹੀ ਹੈ । ਪੰਜਾਬੀ ਭਾਸ਼ਾ ਨੂੰ ਗੁਰੂ ਸਾਹਿਬਾਨ ਨੇ ਅਜਰ ਅਮਰ ਬਣਾ ਦਿੱਤਾ । ਕਿਸੇ ਭਾਸ਼ਾ ਦਾ ਭਵਿੱਖ ਕੀ ਹੈ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਭਾਸ਼ਾ ਵਰਤਣ ਵਾਲੇ ਲੋਗਾਂ ਦੀ ਗਿਣਤੀ , ਰੁਚੀ ਤੇ ਲੋੜ ਤੇ ਟਿਕਿਆ ਹੋਇਆ ਹੈ । ਪਰ ਪੰਜਾਬੀ ਦੀ ਮਹੱਤਾ ਸਿੱਖ ਦੇ ਮਨ ਦੀ ਭਾਵਨਾ ਕਾਰਣ ਹੈ । ਉਹ ਵਾਹਿਗੁਰੂ ਵੀ ਕਹਿੰਦਾ ਹੈ ਤਾਂ ਪੰਜਾਬੀ ਆਪ ਹੀ ਹਿਰਦੈ ਵਿੱਚ ਆਪਣੀ ਥਾਂ ਬਣਾ ਲੈਂਦੀ ਹੈ । ਪਰ ਇਸ ਮਹੱਤਾ ਤੋਂ ਉਹ ਅਣਜਾਣ ਜਿਹਾ ਹੁੰਦਾ ਜਾ ਰਿਹਾ ਹੈ । ਕਈ ਵਾਰ ਕੋਲ ਹੀਰਾ ਹੁੰਦਾ ਹੈ ਪਰ ਪਛਾਣ ਨਾ ਹੋਣ ਕਾਰਣ ਹੀਰੇ ਦੀ ਕਦਰ ਨਹੀਂ ਪੈਂਦੀ । ਹੀਰਾ ਤਾਂ ਹੀਰਾ ਹੀ ਰਹਿੰਦਾ ਹੈ ਪਰ ਹੀਰੇ ਦਾ ਸੁਆਮੀ ਗਰੀਬੀ ਵਿੱਚ ਹੀ ਜੀਵਨ ਗੂਜਾਰ ਦਿੰਦਾ ਹੈ । ਪੰਜਾਬੀ ਨਾਲ ਵੀ ਇਹੋ ਹੋ ਰਿਹਾ ਹੈ । ਜਿਨ੍ਹਾਂ ਦੀ ਭਾਸ਼ਾ ਪੰਜਾਬੀ ਹੈ ਉਹ ਇਸ ਦੀ ਅਮੀਰੀ ਨੂੰ ਵੇਖ ਹੀ ਨਹੀਂ ਪਾ ਰਹੇ ਤੇ ਇਸ ਤੋਂ ਬੇਪਰਵਾਹ ਹੋ ਗਏ ਹਨ । ਇਸ ਦਾ ਮੁੱਖ ਕਾਰਣ ਲੱਗਦਾ ਹੈ ਸਿੱਖ ਕੌਮ ਦਾ ਨਿਰੰਤਰ ਸੰਘਰਸ਼ਾਂ ਵਿੱਚ ਜੂਝਦੇ ਰਹਿਣਾ । ਗੁਰੂ ਕਾਲ ਤੋਂ ਬਾਅਦ ਮੁਗਲਾਂ ਫਿਰ ਅੰਗਰੇਜਾਂ ਨਾਲ ਟਾਕਰੇ ਹੁੰਦੇ ਰਹੇ । ਭਾਰਤ ਵੰਡ ਵਿੱਚ ਸਿੱਖ ਕੌਮ ਨੂੰ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ । ਜੋ ਕੌਮ ਪੰਜਾਬ ਕੇਂਦ੍ਰਿਤ ਸੀ ਉਹ ਖਿੰਡਰ ਗਈ । ਭਾਰਤ ਵੰਡ ਤੋਂ ਬਾਅਦ ਦੇ ਕਾਲ ਵਿੱਚ ਵੀ ਟਿੱਕ ਕੇ ਬੈਠਣ ਦਾ ਸਮਾਂ ਨਹੀਂ ਮਿਲਿਆ ਜੋ ਇੱਕ ਕੌਮ ਨੂੰ ਆਪਣੀ ਵਿਰਾਸਤ ਦੀ ਸਾਰ , ਸੰਭਾਲ ਲਈ ਲੋੜੀਂਦਾ ਹੁੰਦਾ ਹੈ । ਸਭਿਆਚਾਰ , ਭਾਸ਼ਾ ਜਿਹੇ ਮੁੱਦੇ ਸ਼ਾਂਤੀ ਕਾਲ ਵਿੱਚ ਵੀ ਧੀਰਜ ਨਾਲ ਵਿਚਾਰਨ ਦੇ ਅਤਿ ਸੰਵੇਦਨਸ਼ੀਲ ਮੁੱਦੇ ਹੁੰਦੇ ਹਨ ਜੋ ਸਮੇਂ ਦੀ ਕਿਸੇ ਮਿਆਦ ਅੰਦਰ ਨਹੀਂ ਬੰਨੇ ਜਾ ਸਕਦੇ । ਪੰਜਾਬੀ ਭਾਸ਼ਾ ਦੀ ਅੱਜ ਜੋ ਬੇਕਦਰੀ ਹੈ ਉਸ ਲਈ ਸਥਿਤੀਆਂ ਜਿਆਦਾ ਜਿੰਮੇਵਾਰ ਹਨ । ਪਰ ਵਿਪਰੀਤ ਸਥਿਤੀਆਂ ਵਿੱਚ ਵੀ ਆਪਣੀ ਪਛਾਣ ਕਾਇਮ ਰੱਖਣਾ ਸਿੱਖਾਂ ਤੋਂ ਵੱਧ ਕੌਣ ਜਾਣਦਾ ਹੈ । ਇਸ ਕਾਰਣ ਅਸੀਂ ਆਪਣੀ ਵੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦੇ ।

ਭਾਸ਼ਾ ਤੇ ਸਭਿਆਚਾਰ ਦੀ ਪਰਫੁੱਲਤਾ ਆਤਮਕ ਚੇਤਨਾ ਤੇ ਮੁਨੱਸਰ ਕਰਦੀ ਹੈ । ਸਾਨੂੰ ਸਮਝਣ ਦੀ ਲੋੜ ਹੈ ਕਿ ਪੰਜਾਬੀ ਸਾਡੀ ਆਪਣੀ ਭਾਸ਼ਾ ਹੈ ਤੇ ਇੱਕ ਅਮੀਰ ਭਾਸ਼ਾ ਹੈ । ਸ਼ਾਇਦ ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਦੀ ਅੱਖਰ ਮਾਲਾ ਇੱਕਦਮ ਸਰਲ ਹੈ , ਜਿਸ ਦੇ ਅੱਖਰ ਜੋੜ ਸਹਜ ਹਨ ਤੇ ਜਿਸ ਦਾ ਅਤਿ ਵਿਆਕਰਣ ਸਪਸ਼ਟ ਹੈ । ਇਹ ਸੰਸਾਰ ਦੀ ਸਭ ਤੋਂ ਮਿਠਾਸ ਵਾਲੀ ਬੋਲੀ ਹੈ । ਕੋਈ ਪੰਜਾਬੀ ਬੋਲੀ ਨਾਂ ਵੀ ਜਾਣਦਾ ਹੋਵੇ ਪਰ ਬੋਲੀ ਦੀ ਮਿਠਾਸ ਨੂੰ ਮਹਿਸੂਸ ਕਰ ਸਕਦਾ ਹੈ । ਪੰਜਾਬੀ ਗੀਤਾਂ ਦੇ ਸਾਰੀ ਦੁਨੀਆਂ ਵਿੱਚ ਪਸੰਦ ਕੀਤੇ ਜਾਣ ਦਾ ਇਹ ਵੱਡਾ ਕਾਰਣ ਹੈ । ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬੀ ਸ਼ਬਦ ਕੋਸ਼ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਇਸ ਤੋਂ ਦਰਿਆ ਦਿਲ ਭਾਸ਼ਾ ਕੋਈ ਹੋ ਹੀ ਨਹੀਂ ਸਕਦੀ । ਅਨੇਕ ਭਾਸ਼ਾਵਾਂ , ਬੋਲੀਆਂ ਦੇ ਸ਼ਬਦ ਗੁਰੂ ਸਾਹਿਬ ਨੇ ਆਪਣੇ ਅਨੁਸਾਰ ਅਚਰਜ ਪੂਰਨ ਢੰਗ ਨਾਲ ਢਾਲ ਕੇ ਵਰਤੇ ਜੋ ਮੂਲ ਸ਼ਬਦਾਂ ਤੋਂ ਜਿਆਦਾ ਖੂਬਸੂਰਤ ਬਣ ਗਏ । ਮਨੁੱਖ ਆਪਣੀ ਪਛਾਣ ਕਾਇਮ ਕਰਨ ਲਈ ਦਿਨ ਰਾਤ ਜਤਨ ਕਰਦਾ ਹੈ । ਆਪਣੀ ਨਿੱਕੀ ਤੋਂ ਨਿੱਕੀ ਯੋਗਤਾ , ਪ੍ਰਾਪਤੀ ਨੂੰ ਵਧਾ ਚੜ੍ਹਾ ਕੇ ਪ੍ਰਗਟ ਕਰਨ ਵਿੱਚ ਦਿਲਚਸਪੀ ਰੱਖਦਾ ਹੈ । ਮਾਂ ਬੋਲੀ ਵੀ ਤਾਂ ਆਪਣੀ ਹੀ ਪਛਾਣ ਦਾ ਹਿੱਸਾ ਹੈ । ਆਪਣੀ ਤਰੱਕੀ ਲਈ ਅਸੀਂ ਆਪ ਯੋਜਨਾ ਬਣਾਉਂਦੇ ਹਾਂ , ਨਿਅਮ ਤੈ ਕਰਦੇ ਹਾਂ , ਜਤਨ ਕਰਦੇ ਹਾਂ ਤਾਂ  ਆਪਣੀ ਮਾਂ ਬੋਲੀ ਦੀ ਤਰੱਕੀ ਕਿਵੇਂ ਵਿਸਾਰ ਸਕਦੇ ਹਾਂ ਜੋ ਸਾਡੀ ਸ਼ਖਸ਼ੀਅਤ ਦਾ ਅਭਿੱਨ ਅੰਗ ਹੈ । ਹਰ ਦੇਸ਼ , ਪ੍ਰਾਂਤ , ਖੇਤਰ ਦੀ ਆਪਣੀ ਭਾਸ਼ਾ ਹੁੰਦੀ ਹੈ । ਸਾਡਾ ਘਰ ਸਾਡਾ ਦੇਸ਼ ਹੈ । ਆਪਣੇ ਘਰ ਦੇ ਨਿਅਮ ਬਣਾਉਂਦੀਆਂ ਅਸੀਂ ਪੰਜਾਬੀ ਦੀ ਤਰੱਕੀ ਨੂੰ ਵੀ ਸ਼ਾਮਿਲ ਕਰੀਏ । ਕਿਸੇ ਸਰਕਾਰ , ਕਿਸੇ  ਸਰਕਾਰੀ ਸੰਸਥਾ ਦੀ ਆਪਣੀ ਹੱਦ ਹੁੰਦੀ ਹੈ । ਆਪਣੇ ਘਰ ਅੰਦਰ ਪੰਜਾਬੀ ਦੇ ਸਨਮਾਨ ਦਾ ਸਾਨੂੰ ਅਸੀਮਤ ਹੱਕ ਹੈ । ਘਰ ਅੰਦਰ ਪੰਜਾਬੀ ਬੋਲਣ ਦਾ ਨਿਅਮ ਹੋਵੇ । ਬੱਚੇ ਬਾਹਰ ਦੂਜਿਆਂ ਭਾਸ਼ਾਵਾਂ ਸਿਖ ਜਾਣਗੇ ਪਰ ਪੰਜਾਬ ਤੋਂ ਬਾਹਰ ਭਾਰਤ ਦੇ ਕਿਸੇ ਵੀ ਪ੍ਰਾਂਤ , ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਪੰਜਾਬੀ ਬੋਲਣ ਤੇ ਸਿਖਣ ਦਾ ਅਉਸਰ ਘਰ ਵਿੱਚ ਹੀ ਮਿਲ ਸਕਦਾ ਹੈ । ਇੰਟਰਨੇਟ ਨੇ ਪੰਜਾਬੀ ਸਿਖਣਾ ਬਹੁਤ ਸੌਖਾ ਕਰ ਦਿੱਤਾ ਹੈ । ਕਈ ਐਪ ਮੌਜੂਦ ਹਨ , ਆਨ ਲਾਈਨ ਕਲਾਸ ਕੀਤੀ ਜਾ ਸਕਦੀ ਹੈ । ਘਰ ਦੇ ਵੱਡੇ ਪੰਜਾਬੀ ਦੀ ਵਰਤੋਂ ਕਰਾਂਗੇ ਤਾਂ ਬੱਚੇ ਆਪ ਹੀ ਪ੍ਰੇਰਿਤ ਹੋਵਾਂਗੇ । ਸੰਕਲਪ ਹੋਣਾ ਚਾਹੀਦਾ ਹੈ । ਸੰਕਲਪ ਹੋਵੇ ਤਾਂ ਰਾਹ ਆਪ ਨਿਕਲ ਆਉਂਦੀ ਹੈ । ਆਸਟ੍ਰੇਲੀਆ ਵਿੱਚ ਰਹਿ ਕੇ ਵੀ ਪੰਜਾਬੀ ਦਾ ਸੰਕਲਪ ਰੱਖਣ ਵਾਲੇ ਨੌਜਵਾਨ ਸਰਦਾਰ ਇੰਦਰਪਾਲ ਸਿੰਘ ਦੇ ਨਿਅਮ ਆਪ ਹੀ ਬਣ ਜਾਂਦੇ ਹਨ । ਉਨ੍ਹਾਂ ਦੀ ਬੇਟੀ ਸੁਹਾਵੀ ਕੌਰ ਨੂੰ ਸਕੂਲ ਦੀ ਲਾਈਬ੍ਰੇਰੀ ਤੋਂ ਅੰਗਰੇਜ਼ੀ ਦੀਆਂ ਕਿਤਾਬਾਂ ਮਿਲਦੀਆਂ ਹਨ । ਸਰਦਾਰ ਇੰਦਰਪਾਲ ਸਿੰਘ ਬੱਚੀ ਨੂੰ ਕਿਤਾਬ ਦੀ ਸਟੋਰੀ ਪੜ੍ਹਾਉਂਦੇ ਹਨ , ਅੰਗਰੇਜ਼ੀ ਵਿੱਚ ਹੀ ਸਮਝਾਉਂਦੇ ਹਨ ਤਾਂ ਜੋ ਸਕੂਲ ਵਿੱਚ ਟਾਸਕ ਪੂਰਾ ਕਰ ਸਕੇ । ਪਰ ਫਿਰ ਮਿਹਨਤ ਕਰ ਬੱਚੀ ਨੂੰ ਪੰਜਾਬੀ ਵਿੱਚ ਵੀ ਸਮਝਾਉਂਦੇ ਹਨ । ਜਦੋਂ ਦਾਦਾ , ਦਾਦੀ ਦਾ ਫੋਨ ਆਉਣਾ ਹੈ ਤਾਂ ਸੁਹਾਵੀ ਉਨ੍ਹਾਂ ਨੂੰ ਸਟੋਰੀ ਪੰਜਾਬੀ ਵਿੱਚ ਸੁਣਾਉਂਦੀ ਹੈ । ਜਦੋਂ ਉਸ ਦੀ ਤਾਰੀਫ ਹੁੰਦੀ ਹੈ ਤਾਂ ਮਨ ਵਿੱਚ ਭਾਵ ਦ੍ਰਿੜ੍ਹ ਹੁੰਦਾ ਹੈ ਕਿ ਪੰਜਾਬੀ ਉਸ ਨੂੰ ਮਾਣ ਦਿਵਾਉਣ ਵਾਲੀ ਹੈ ।  ਜਿਸ ਦੇ ਮਨ ਅੰਦਰ ਸੰਕਲਪ ਹੋਵੇ ਉਹ ਆਪ ਨਿਅਮ ਬਣਾ ਲੈਂਦਾ ਹੈ ।

ਮਾਂ ਜੀਵਨ ਦੇ ਕਿਸੇ ਮੋੜ ਤੇ ਸਾਥ ਛੱਡ ਜਾਂਦੀ  ਹੈ ਪਰ ਮਾਂ ਬੋਲੀ ਦਾ ਸਾਥ ਅੰਤਮ ਸਵਾਸ ਤੱਕ ਦਾ ਹੈ । ਇਹ ਛੁੱਟ ਨਹੀਂ ਸਕਦਾ । ਆਪਣੇ ਆਪ ਨੂੰ ਤੇ ਆਪਣੀਆਂ ਨੂੰ ਪਛਾਣਨ ਦੀ ਲੋੜ ਹੈ ।

                                                                          – ਡਾ ਸਤਿੰਦਰ ਪਾਲ ਸਿੰਘ