
ਐ ਕੌਮ ! ਤੂੰ ਦੇਖ ਜੋ ਜਿਨ੍ਹਾਂ ਕੌਮਾਂ ਨੇ ਅਪਨੇ ਗੁਰੂ ਦੀਆਂ ਬਰਕਤਾਂ ਨੂੰ ਹਰ ਦਮ ਯਾਦ ਰੱਖਿਆ ਹੈ ਸੋ ਕਿਸ ਤਰ੍ਹਾਂ ਦੁਨੀਆਂ ਪਰ ਫਲੀਆਂ ਅਤੇ ਫੁੱਲੀਆਂ ਹਨ ਅਰ ਉਨ੍ਹਾਂ ਦੇ ਪ੍ਰਤਾਪ ਦਾ ਸਤਾਰਾ ਕਿਸ ਤਰ੍ਹਾਂ ਚਮਕ ਰਿਹਾ ਹੈ, ਪ੍ਰੰਤੂ ਤੇਰੇ ਦਿਨ ਕੁਛ ਐਸੇ ਹੀ ਉਲਟੇ ਹੋ ਰਹੇ ਹਨ ਜਿਨ੍ਹਾਂ ਤੇ ਤੈਨੂੰ ਅਪਨੇ ਗੁਰੂਆਂ ਦੀ ਬਰਕਤਾਂ ਕੁਛ ਭੀ ਚੇਤੇ ਨਹੀਂ ਆਉਂਦੀਆਂ ਅਰ ਤੂੰ ਉਨ੍ਹਾਂ ਤੇ ਫਿਰਕੇ ਕ੍ਰਿਤਘਨਤਾ ਵੱਲ ਹੀ ਜਾਇ ਰਹੀ ਹੈਂ।
ਹੇ ਕੌਮ ! ਤੂੰ ਯਾਦ ਕਰ ਅਪਨੇ ਪੁਰਾਣੇ ਉਨ੍ਹਾਂ ਦਿਨਾਂ ਨੂੰ ਜਦ ਤੇਰਾ ਕੁਛ ਨਾਮ ਅਤੇ ਨਸ਼ਾਨ ਭੀ ਇਸ ਸੰਸਾਰ ਪਰ ਨਹੀਂ ਸਾ ਅਰ ੪੩੧ ਸਾਲ ਤੇ ਇਕ ਮਹੀਨਾਂ ਪਹਿਲੇ ਤੇਰਾ ਕੁਛ ਪਤਾ ਭੀ ਨਹੀਂ ਸਾ ਕਿ ਤੈਂ ਪੈਦਾ ਹੋ ਕੇ ਕ੍ਯਾ ਕੁਛ ਕਰਨਾ ਹੈ, ਪ੍ਰੰਤੂ ਇਸ ਤੇ ਉਰੇ ਆ ਕੇ ਭੀ ਤੂੰ ਇਕ ਇਸ ਬਨਾਵਟ ਪਰ ਰਹੀ ਜਿਸ ਪਰਕਾਰ ਸ਼ੇਰ ਦਾ ਬੱਚਾ ਅੱਖੀਂ ਖੁੱਲ੍ਹਨ ਤੇ ਪਹਿਲੇ ਹੁੰਦਾ ਹੈ ਜਿਸ ਤਰ੍ਹਾਂ ਉਹ ਮਾਸਾਹਾਰੀ ਸ਼ੇਰ ਨਿਰਾ ਬੱਚਾ ਹੋਨੇ ਦੇ ਕਾਰਨ ਦੁੱਧ ਪਰ ਹੀ ਅਪਨੀ ਪਾਲਨਾ ਕਰਦਾ ਹੈ। ਇਸੇ ਤਰ੍ਹਾਂ ਤੋਂ ਭੀ ਅਪਨੇ ਜਨਮ ਤੇ ਮਗਰੋਂ ਕੁਛ ਕੁ ਕਾਲ ਨਿਰਾ ਭਜਨ ਕੀਰਤਨ ਅਤੇ ਸਹਨਸੀਲਤਾ ਨਾਲ ਹੀ ਦਿਨ ਕਟੀ ਕੀਤੀ ਸੀ।
ਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾਂ ਤੇਰੀ ਇਸ ਬਾਤ ਦੀ ਗੁਵਾਹੀ ਦੇ ਰਿਹਾ ਹੈ ਕਿ ਉਨ੍ਹਾਂ ਦੇ ਸਮਯ ਜਲ ਦੇ ਘੜੇ ਜਦ ਕਾਫਰ ਜਾਨ ਕੇ ਲੋਗ ਭੰਨ ਦੇਂਦੇ ਸਨ ਅਰ ਗਰੀਬ ਸਿੱਖ ਆ ਕੇ ਗੁਰੂ ਜੀ ਦੇ ਪਾਸੋਂ ਉਨ੍ਹਾਂ ਦਾ ਉਪਾਓ ਪੁੱਛਦੇ ਸਨ ਤਦ ਏਹੋ ਉੱਤ੍ਰ ਮਿਲਦਾ ਸਾ ਕਿ ਇਹ ਲੋਗ ਜ਼ੁਲਮ ਕਰਨੇ ਅਤੇ ਤੁਸੀਂ ਸਹਾਰਨੇ ਵਾਸਤੇ ਪੈਦਾ ਕੀਤੇ ਗਏ ਹੋ ਜਿਸ ਤੇ ਬਦਲਾ ਲੈਣਾ ਸਾਡਾ ਕੰਮ ਨਹੀਂ ਹੈ। ਐ ਪੰਥ ! ਤੂੰ ਦੇਖ ਜੋ ਤੇਰੀ ਉਸ ਸਮਯ ਕ੍ਯਾ ਹਾਲਤ ਸੀ ਜਿਸ ਤੇ ਤੂੰ ਅਪਨੇ ਪਾਣੀ ਦੇ ਘੜੇ ਭੰਨਨੋਂ ਬਚਾਉਨ ਲਈ ਭੀ ਕਿਸੇ ਖਾਸ ਖ੍ਯਾਲ ਤੇ ਰੋਕ੍ਯਾ ਜਾਂਦਾ ਸਾ ਪ੍ਰੰਤੂ ਉਸ ਸਮਯ ਕੇਵਲ ਅਕਾਲ ਪੁਰਖ ਦਾ ਅਰਾਧਨ ਅਤੇ ਲੰਗਰ ਦਾ ਇਕ ਕਰਨਾ ਹੀ ਤੇਰੇ ਵਾਸਤੇ ਸਮਰੱਥਾ ਦਾ ਕਾਰਨ ਸਾ।
ਇਸ ਤੇ ਮਗਰੋਂ ਐ ਪੰਥ ! ਤੇਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇਰੇ ਸਾਮ੍ਹਨੇ ਜ਼ਾਲਮ ਪੁਰਖਾਂ ਦੇ ਹੱਥੋਂ ਤੱਤੇ ਰੇਤੇ ਸਰੀਰ ਪਰ ਪੁਆਏ ਅਰ ਤੱਤੇ ਤਵਿਆਂ ਪਰ ਖੜੇ ਹੋ ਕੇ ਨਦੀ ਵਿਚ ਪ੍ਰਾਣ ਗੁਵਾਏ, ਪਰੰਤੂ ਜਿਸ ਤਰ੍ਹਾਂ ਇਕ ਨਿੱਕਾ ਬੇਟਾ ਬਾਪ ਦੀ ਬਿਪਤਾ ਨੂੰ ਦੇਖ ਕੇ ਸਵਾਇ ਰੋਣ ਤੇ ਕੁਝ ਭੀ ਮਦਦ ਨਹੀਂ ਦੇ ਸਕਦਾ। ਇਸੇ ਪ੍ਰਕਾਰ ਉਸ ਸਮੇਂ ਤੇਰਾ ਸਵਾਇ ਹਾਹਾ-ਕਾਰ ਤੇ ਹੋਰ ਕੁਝ ਭੀ ਜ਼ੋਰ ਨਹੀਂ ਚਲਦਾ ਸਾ॥
ਇਸ ਤੇ ਅਗਲੇ ਸ ਵਿਚ ਹੀ ਤੇਰੇ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦੀ ਦੋ ਤਲਵਾਰਾਂ ਪਹਰ ਕੇ ਤੇਰੀ ਸੂਰਬੀਰਤਾ ਨੂੰ ਇਸ ਤਰ੍ਹਾਂ ਪਲਟਾ ਦਿੱਤਾ ਜਿਸ ਤਰ੍ਹਾਂ ਅੱਖੀਂ ਖੁੱਲ੍ਹਨੇ ਪਰ ਸ਼ੇਰ ਦਾ ਬੇਟਾ ਹਾਥੀਆਂ ਪਰ ਗਰਜਦਾ ਹੈ ਪਰ ਫਿਰ ਭੀ ਹੇ ਕੌਮ ! ਤੇਰੀਆਂ ਬਹਾਦਰੀਆਂ ਅਰ ਜੰਗ ਵਿਚ ਫਤੇ ਹਾਸਲ ਕਰਨੀਆਂ ਕੋਈ ਇਤਨੇ ਦਰਜੇ ਤੱਕ ਨਹੀਂ ਸਨ ਕਿ ਤੈਨੂੰ ਸਰਬਦਾ ਸੁਖੀ ਕਰ ਸਕਦੀਆਂ।.
ਓੜਕ ਨੂੰ ਐ ਕੌਮ ! ਤੇਰਾ ਉਹ ਸੱਚਾ ਪਿਤਾ ਸ਼ਹਨਸ਼ਾਹ ਆਇਆ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਨਾਮ ਕਹਾਇਆ ਜਿਸ ਨੇ ਤੈਨੂੰ ਸਿੰਘ ਸਜਾ ਕੇ ਸ਼ਕਾਰ ਦਾ ਢੰਗ ਸਿਖਾਇਆ ਅਰ ਤੇਰਾ ਦੀਨ ਅਤੇ ਦੁਨੀਆਂ ਦਾ ਕੰਮ ਕੇਵਲ ਜੰਗ ਹੀ ਸਮਝਾਇਆ ਸਾ। ਉਸ ਸ ਹੇ ਕੌਮ ਤੈਂ ਅਪਨੀ ਅਸਲੀ ਸੂਰਤ ਨੂੰ ਧਾਰਨ ਕਰ ਲੀਤਾ ਸਾ ਜਿਸ ਤੇ ਸ਼ਸਤ੍ਰਧਾਰੀ ਸੂਰਬੀਰਤਾ ਦਾ ਦਰਜਾ ਹਾਸਲ ਕੀਤਾ।
ਫਿਰ ਹੁਣ ਤੂੰ ਦੇਖ ਕਿ ਤੇਰੇ ਨਾਲ ਕਿਆ-ਕਿਆ ਕਾਰਨ ਹੋਏ ਸੇ ਜਿਨ੍ਹਾਂ ਦੇ ਸੁਨਨੇ ਪਰ ਸਰੀਰ ਦੇ ਰੋਮ ਖੜੇ ਹੋ ਜਾਂਦੇ ਹਨ ਅਰ ਦਿਲ ਕੰਬ ਉਠਦਾ ਹੈ, ਕਿਉਂਕਿ ਤੂੰ ਯਾਦ ਕਰ ਉਨ੍ਹਾਂ ਦਿਨਾਂ ਨੂੰ ਜਦ ਤੇਰੇ ਸੱਚੇ ਪਾਤਸ਼ਾਹ ਦੇ ਸ਼ਹਜ਼ਾਦੇ ਚਮਕੌਰ ਦੇ ਮੈਦਾਨ ਵਿਚ ਤਲਵਾਰਾਂ ਨਾਲ ਕਤਲ ਕੀਤੇ ਸਨ ਅਰ ਬਾਕੀ ਦੇ ਦੋ ਸਰਹੰਦ ਦੀਆਂ ਨੀਵਾਂ ਹੇਠ ਦਬਾਏ ਸਨ ਫਿਰ ਤੇਰੇ ਮਹਾਰਾਜਾ ਧਿਰਾਜ ਦਸਮੇਂ ਪਾਤਸ਼ਾਹ ਦੀਆਂ ਧਰਮਾਤਮਾਂ ਮਹਾਰਾਣੀਆਂ ਦਿੱਲੀ ਵਿਚ ਬੰਦ ਹੋਈਆਂ ਸਨ ਅਰ ਫਿਰ ਤੇਰੇ ਮਗਰ ਸ਼ਾਹੀ ਦਲ ਇਸ ਤਰ੍ਹਾਂ ਫਿਰ ਰਹੇ ਸਨ ਜਿਸ ਤਰ੍ਹਾਂ ਸ਼ਕਾਰ ਮਗਰ ਸ਼ਕਾਰੀ ਫਿਰਦੇ ਹਨ ਜਿਨ੍ਹਾਂ ਦੇ ਹੱਥੋਂ ਤੇਰੇ ਲੱਖਾਂ ਬੇਗੁਨਾਹ ਬੱਚੇ ਤਲਵਾਰਾਂ ਨਾਲ ਕਤਲ ਹੋਏ ਅਰ ਚਰਖੀਆਂ ਪਰ ਚੜਾਏ ਗਏ ਸਨ।
ਓੜਕ ਨੂੰ ਐ ਕੋਮ ! ਤੇਰੀ ਤੇਗ ਨੇ ਉਸ ਗੁਰੂ ਦੀ ਬਰਕਤ ਪਾ ਕੇ ਅਪਨੇ ਹੱਥ ਫਤੇ ਪਾਈ ਅਰ ਇਸ ਪੰਜਾਬ ਦੇ ਵਿਚ ਤੇਰੀ ਰਾਜਧਾਨੀਆਂ ਬਨਾਈਆਂ, ਜਿਸ ਤੇ ਸੈਂਕੜੇ ਸਰਦਾਰਾਂ ਦੇ ਘਰਾਣੇ ਅੱਜ ਤੱਕ ਬ੍ਰਾਜਮਾਨ ਹਨ ਜੋ ਸਰਕਾਰ ਅੰਗ੍ਰੇਜ਼ੀ ਦੇ ਰਾਜ ਵਿਚ ਇੱਜ਼ਤ ਨਾਲ ਅਪਨਾ ਸੁੱਖ ਭੋਗ ਰਹੇ ਹਨ ਇਸ ਤੇ ਬਿਨਾਂ ਤੇਰੇ ਜੰਗੀ ਬਹਾਦਰ ਸਰਕਾਰ ਅੰਗ੍ਰੇਜ਼ੀ ਦੇ ਝੰਡੇ ਹੇਠ ਅਪਨੀ ਸੱਚੀ ਸੂਰਬੀਰਤਾ ਦਿਖਾ ਕੇ ਸਰਦਾਰ ਬਹਾਦਰ ਅਤੇ ਜੰਗ ਬਹਾਦਰ ਬਨੇ ਹੋਏ ਹਨ।
ਐ ਕੌਮ ! ਤੂੰ ਦੇਖ ਜੋ ਕਿਸ ਹਾਲਤ ਵਿੱਚੋਂ ਨਿਕਲ ਕੇ ਉਸ ਗੁਰੂ ਦੀ ਕ੍ਰਿਪਾ ਨਾਲ ਤੂੰ ਕੇਹੜੇ ਦਰਜੇ ਤੱਕ ਪਹੁੰਚ ਗਈ ਹੈਂ, ਜਿਸ ਤੇ ਸਾਰੀ ਦੁਨੀਆਂ ਤੇਰੀ ਬਾਜ਼ੂਆਂ ਦੀ ਤਾਕਤ ਨੂੰ ਸ਼ਾਬਾਸ਼ ਕਰ ਰਹੀ ਹੈ, ਪਰ ਸ਼ੋਕ ਜੋ ਤੈਂ ਅਪਨੇ ਗੁਰੂ ਦੀਆਂ ਸੱਚੀਆਂ ਬਰਕਤਾਂ ਨੂੰ ਭੁਲਾ ਦਿੱਤਾ ਹੈ, ਇਸ ਵਾਸਤੇ ਤੂੰ ਜਾਗ ਅਰ ਸਵਾਧਾਨ ਹੋ ਅਤੇ ਕਲਗੀਧਰ ਮਹਾਰਾਜ ਦੀਆਂ ਉਨ੍ਹਾਂ ਸੱਚੀਆਂ ਬਰਕਤਾਂ ਨੂੰ ਯਾਦ ਕਰ।.
(ਖ਼ਾਲਸਾ ਅਖ਼ਬਾਰ ਲਾਹੌਰ, ੨ ਮਾਰਚ ੧੯੦੦, ਪੰਨਾ ੩)
ਗਿਆਨੀ ਦਿੱਤ ਸਿੰਘ