
ਅਸੀਂ ਇਸ ਬਾਤ ਨੂੰ ਅੱਛੀ ਤਰ੍ਹਾਂ ਜਾਨਦੇ ਹਾਂ ਕਿ ਜੋ ਵਸਤੂ ਅਪਨੀ ਅਸਲੀ ਹਾਲਤ ਪਰ ਕਾਇਮ ਰਹਿੰਦੀ ਹੈ ਤਦ ਉਹ ਸਭ ਦੇ ਸਾਮਨੇ ਇੱਜ਼ਤ ਦੀ ਨਿਗਾਹ ਨਾਲ ਦੇਖੀ ਜਾਂਦੀ ਹੈ, ਕਿੰਤੂ ਜੋ ਵਸਤੂ ਅਪਨੀ ਅਸਲਈਯਤ ਨੂੰ ਛੱਡ ਬੈਠਦੀ ਹੈ ਤਦ ਉਹ ਹਰ ਇਕ ਦੇ ਮੂੰਹੋਂ ਧਿਕਾਰ ਅਤੇ ਨਫਰਤ ਦੇ ਜੋਗ ਹੋ ਜਾਂਦੀ ਹੈ, ਜਿਸ ਤੇ ਸਾਫ ਸਿੱਧ ਹੁੰਦਾ ਹੈ ਕਿ ਹਰ ਇਕ ਵਸਤੂ ਦਾ ਅਪਨੀ ਅਸਲੀ ਜਗ੍ਹਾ ਪਰ ਖੜੇ ਰਹਨਾ ਹੀ ਉਸ ਦੀ ਸ਼ੋਭਾ ਦੇ ਲਾਇਕ ਹੈ, ਜਿਸ ਦੇ ਦ੍ਰਿਸ਼ਟਾਂਤ ਸਾਡੇ ਸਾਮਨੇ ਪ੍ਰਤੱਖ ਹਨ।
ਕੇਸ ਜੋ ਪੁਰਖ ਦੀ ਸੁੰਦ੍ਰਤਾ ਦਾ ਇਕ ਨਮੂਨਾ ਹਨ ਅਰ ਜਿਨ੍ਹਾਂ ਦੀ ਸ਼ੋਭਾ ਕਵੀ ਲੋਗ ਅਪਨੇ ਕਾਵ੍ਯ ਦੇ ਗ੍ਰੰਥਾਂ ਵਿਚ ਵੱਡੇ ਹੀ ਉਤਸ਼ਾਹ ਨਾਲ ਕਰਦੇ ਹਨ, ਉਨ੍ਹਾਂ ਦੀ ਇਤਨੀ ਸੁੰਦ੍ਰਤਾ ਅਰ ਸ਼ੋਭਾ ਉਤਨੇ ਚਿਰ ਹੀ ਹੈ ਜਿਤਨਾ ਚਿਰ ਉਹ ਅਪਨੀ ਜਗਾ ਪਰ ਕਾਇਮ ਰਹਿਨ, ਪਰੰਤੂ ਜਦ ਉਹ ਅਪਨੇ ਅਸਥਾਨ ਤੇ ਕੱਟ ਕੇ ਗੇਰੇ ਜਾਨ ਤਦ ਮਹਾਂ ਯਾਨਕ ਅਤੇ ਘ੍ਰਿਣਾਂ ਦੇ ਜੋਗ ਹੋ ਜਾਂਦੇ ਹਨ ਅਰ ਉਨ੍ਹਾਂ ਨੂੰ ਹੱਥ ਲਾਉਨ ਤੇ ਭੀ ਚਿਤ ਘ੍ਰਿਣਾ ਆਉਂਦੀ ਹੈ।
ਇਸੇ ਤਰ੍ਹਾਂ ਦੰਦ ਜਿਨ੍ਹਾਂ ਨੂੰ ਮੁਖ ਦਾ ਸ਼ਿੰਗਾਰ ਦੇਖ੍ਯਾ ਜਾਂਦਾ ਹੈ ਅਰ ਕਵੀ ਲੋਗ ਜਿਨ੍ਹਾਂ ਨੂੰ ਚੰਬੇ ਦੀਆਂ ਕਲੀਆਂ ਅਤੇ ਅਨਾਰ ਦੇ ਦਾਣਿਆਂ ਦੀ ਸ਼ੋਭਾ ਦੇਂਦੇ ਹਨ ਉਹੋ ਦੰਦ ਜੇ ਟੁੱਟ ਕੇ ਮੂੰਹ ਤੇ ਬਾਹਰ ਨਿਕਲ ਜਾਨ ਤਦ ਉਨ੍ਹਾਂ ਨੂੰ ਦੇਖਨ ਲਈ ਭੀ ਚਿੱਤ ਨਹੀਂ ਕਰਦਾ ਅਰ ਉਸ ਵੇਲੇ ਪੁਰਖ ਹੱਥ ਲਾਉਂਦਾ ਭੀ ਘ੍ਰਿਣਾਂ ਕਰਦਾ ਹੈ, ਜਿਸ ਤੇ ਸਾਬਤ ਹੁੰਦਾ ਹੈ ਕਿ ਦੰਦ ਅਪਨੀ ਜਗ੍ਹਾ ਪਰ ਹੀ ਸ਼ੋਭਾ ਦੇ ਜੋਗ ਹੁੰਦੇ ਹਨ।
ਇਸੀ ਤਰ੍ਹਾਂ ਫਾਰਸੀ ਦੇ ਵਿਚ ਇਕ ਕਥਨ ਹੈ ਕਿ “ਸੰਗੇ ਸੰਗੀਨ ਬਜਾਏ ਖੁਦ ਅਸਤ’ ਇਸ ਦਾ ਤਾਤਪ੍ਰਜ ਇਹ ਹੈ ਕਿ ਪੱਥਰ ਅਪਨੀ ਜਗ੍ਹਾ ਪਰ ਪਿਆ ਹੀ ਭਾਰੀ ਕਹਿਆ ਜਾਂਦਾ ਹੈ ਕਿੰਤੂ ਜਦ ਅਪਨੀ ਜਗ੍ਹਾ ਤੇ ਹਿਲ ਜਾਂਦਾ ਹੈ ਤਦ ਉਹ ਭਾਰਾ ਨਹੀਂ ਕਿਹਾ ਜਾਂਦਾ ਹੈ।
ਇਸੀ ਤਰ੍ਹਾਂ ਜਦ ਅਸੀਂ ਕੋਮਾਂ ਦਾ ਹਾਲ ਦੇਖਦੇ ਹਾਂ ਤਦ ਭੀ ਇਹੋ ਪਾਉਂਦੇ ਹਾਂ ਅਰ ਖਿਆਲ ਕਰਦੇ ਹਾਂ ਕਿ ਜਿਤਨਾ ਚਿਰ ਕੋਈ ਕੌਮ ਅਪਨੀ ਅਸਲੀ ਜਗਾ ਪਰ ਖੜੀ ਰਹਿੰਦੀ ਹੈ ਉਤਨਾ ਚਿਰ ਉਹ ਸ਼ੋਭਾ ਦੇ ਜੋਗ ਹੁੰਦੀ ਹੈ ਅਰ ਜਦ ਅਪਨੀ ਜਗ੍ਹਾ ਤੇ ਗਿਰ ਜਾਂਦੀ ਹੈ ਤਦ ਅਪਨੀ ਸਾਰੀ ਸ਼ੋਭਾ ਨੂੰ ਨਾਸ ਕਰ ਦੇਂਦੀ ਹੈ।… ਈਸਾਈ ਅਤੇ ਮੁਸਲਮਾਨ ਕੌਮਾਂ ਨੇ ਅੱਜ ਕੱਲ ਜੋ ਇੱਜ਼ਤ ਹਾਸਲ ਕੀਤੀ ਹੈ ਇਸ ਦਾ ਕਾਰਨ ਇਹੋ ਹੈ ਜੋ ਇਹ ਅਪਨੀ ਜਗ੍ਹਾ ਪਰ ਕਾਇਮ ਰਹੀਆਂ ਹਨ ਜਿਸ ਤੇ ਕੌਮੀ ਖ੍ਯਾਲਾਤ ਇਨ੍ਹਾਂ ਦੇ ਮਨਾਂ ਵਿਚ ਕੁੱਟ-ਕੁੱਟ ਕੇ ਭਰੇ ਹੋਏ ਹਨ ਜਿਸ ਦੇ ਪ੍ਰਤਾਪ ਇਹ ਕੌਮਾਂ ਪ੍ਰਤਾਪਵਾਨ ਹਨ।
ਇਸੇ ਤਰ੍ਹਾਂ ਖਾਲਸਾ ਕੌਮ ਭੀ ਜਿਤਨੇ ਚਿਰ ਅੰਮ੍ਰਿਤ ਪਰ ਵਿਸ਼ਾਸ ਕਰਕੇ ਦਸਮੇਂ ਗੁਰੂ ਜੀ ਦੇ ਉਪਦੇਸ਼ਾਂ ਪਰ ਚਲਦੀ ਰਹੀ ਉਤਨਾ ਚਿਰ ਇਸ ਦੇ ਛੋਟੇ ਤੇ ਛੋਟੇ ਖਾਨਦਾਨ ਭੀ ਸਿੰਘ ਸਰਦਾਰ ਕਹਿ ਕੇ ਪੁਕਾਰੇ ਜਾਂਦੇ ਸਨ ਅਰ ਹੋਰ ਆਦਮੀਆਂ ਨੂੰ ਇਨ੍ਹਾਂ ਦੇ ਅੱਗੇ ਓਹ ਇੱਜ਼ਤ ਨਹੀਂ ਸੀ, ਪਰੰਤੂ ਸ਼ੋਕ ਦੀ ਬਾਤ ਹੈ ਕਿ ਜਦ ਤੇ ਇਸ ਕੌਮ ਦੇ ਆਦਮੀ ਧਰਮ ਤੇ ਗਿਰ ਕੇ ਦਸਮੇਂ ਗੁਰੂ ਜੀ ਮਹਾਰਾਜ ਦੇ ਅੰਮ੍ਰਿਤ ਦੀ ਸ਼ਕਤੀ ਨੂੰ ਵਿਸਾਰ ਬੈਠੇ ਹਨ ਅਤੇ ਵਿਸ਼ੇ ਵਿਕਾਰਾਂ ਵਿਚ ਪੈ ਕੇ ਅਪਨਾ ਨਾਸ਼ ਕਰ ਬੈਠੇ ਹਨ ਤਦ ਤੇ ਇਹ ਕੌਮ ਇਕ ਹਾਸੀ ਦੇ ਜੋਗ ਹੋ ਗਈ ਹੈ ਜਿਸ ਤੇ ਮੂਰਖ ਤੇ ਮੂਰਖ ਆਦਮੀ ਭੀ ਹਰ ਇਕ ਬੇਵਕੂਫੀ ਦੀ ਬਾਤ ਵਿਚ ਸਿੱਖਾ ਸ਼ਾਹੀ ਕਰਕੇ ਪੁਕਾਰਨ ਲੱਗ ਗਿਆ ਹੈ ਇਸ ਦਾ ਕਾਰਨ ਇਹੋ ਹੈ ਜੋ ਖਾਲਸਾ ਜੀ ਅਪਨੇ ਅਸੂਲਾਂ ਪਰ ਪੱਕਾ ਨਹੀਂ ਰਿਹਾ, ਜਿਸ ਤੇ ਇਸ ਦੀ ਇਹ ਦਸ਼ਾ ਹੋ ਗਈ ਹੈ।
ਇਸ ਵਾਸਤੇ ਅਸੀਂ ਵੱਡੀ ਨਿੰਮ੍ਰਤਾ ਨਾਲ ਪੰਥ ਹਿਤੈਸ਼ੀਆਂ ਅੱਗੇ ਬੇਨਤੀ ਕਰਦੇ ਹਾਂ ਕਿ ਐ ਸੱਜਨ ਜਨੋਂ ! ਆਪ ਜਾਗੋ ਅਰ ਦੇਖੋ ਜੋ ਆਪ ਦੀ ਹਾਲਤ ਕਿੱਥੋਂ ਤੋੜੀ ਗਿਰ ਗਈ ਹੈ ਅਰ ਜਿਸ ਦਾ ਨਤੀਜਾ ਇਹ ਹੋਵੇਗਾ ਕਿ ਆਪ ਦੀ ਇੱਜ਼ਤ ਇਸ ਸੰਸਾਰ ਪਰ ਰੱਤੀ ਭਰ ਭੀ ਨਹੀਂ ਰਹੇਗੀ, ਇਸ ਵਾਸਤੇ ਹੇ ਸੱਜਨ ਜਨੋਂ! ਆਪ ਉਠੋ ਅਰ ਪੁਕਾਰੋ ਕਿ, ਐ ਪੰਥ! ਤੂੰ ਅਪਨੇ ਅਸੂਲਾਂ ਪਰ ਪੱਕਾ ਰਹੁ।
(ਖ਼ਾਲਸਾ ਅਖ਼ਬਾਰ ਲਾਹੌਰ, ੧੨ ਜੁਲਾਈ ੧੯੦੧, ਪੰਨਾ ੩)
ਗਿਆਨੀ ਦਿੱਤ ਸਿੰਘ