
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਸਿੱਖਾਂ ਦਾ ਇਕ ਹੋਰ ਵੱਡਾ ਗੁਣ ਇਹ ਹੈ ਕਿ –
ਕੋਈ ਨਾ ਕਰੈ ਕਿਸੀ ਸ਼ਰੀਕਾ।
ਕੋਈ ਨਾ ਸੁਣਾਵੈ ਦੁਖ ਨਿਜ ਜੀਅ ਕਾ।
ਸਿੱਖ ਇੰਝ ਰਹਿੰਦੇ ਸਨ ਜਿਵੇਂ ਸੁਹਿਰਦ ਸੱਕੇ ਭਰਾ ਹੋਣ :
ਇਕ ਥਾਂ ਤੇ ਸਭ ਲੇਹੁ ਪੁਸ਼ਾਕ।
ਇਕਹਿ ਥਾਲ ਸਭ ਦੇਵਹਿ ਰਾਖ।
ਇਕ ਥਾਇ ਸਭ ਰਖਹਿ ਕਮਾਈ।
ਰਖੈ ਨਹੀ ਕਿਉ ਤਿਸੈ ਛਪਾਈ।
ਇਥੋਂ ਤਕ –
ਆਪ ਸਹੈ ਵੈ ਨੰਗ ਅਰ ਭੁੱਖ।
ਦੇਖ ਸਕੈਂ ਨਾ ਸਿੰਘਨ ਦੁੱਖ।
ਆਪ ਗੁਜ਼ਾਰੋਂ ਅਗਨੀ ਨਾਲ।
ਸਿੰਘਨ ਘਲੈ ਪੁਸ਼ਾਕ ਸਿਵਾਲ।
ਕਈ ਪਸੀਨਾ ਪੀਸ ਕਮਾਵੈ।
ਵੈ ਭੀ ਸਿੰਘਨ ਪਾਸ ਪਹੁੰਚਾਵੈ।
ਵਾਨ ਵੱਟ ਕਈ ਕਰੈਂ ਮਜੂਰੀ।
ਭੇਜਣ ਸਿੰਘਨ ਪਾਸ ਜ਼ਰੂਰੀ।
ਦੂਰ ਜਾਇ ਜੋ ਚਾਕਰੀ ਕਰਹੀ।
ਆਇ ਸਿੰਘਨ ਕੈ ਆਗੈ ਧਰਹੀ।
ਸਿੰਘ ਜਉ ਪਰਦੇਸ ਸਿਧਾਰੇ।
ਭੇਜਣ ਸਿੰਘਨ ਓਇ ਗੁਰੂ ਪਿਆਰੇ ।
ਜੀਵਨ ਦਾਨ ਕਰਨ ਦੇ ਬੀਜ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਪਾ ਦਿੱਤੇ ਸਨ। ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿਚ :
‘ਭੇਖ ਫਕੀਰੀ ਤਜਯੋ ਸਰੀਰਾ।
ਸੰਸਾਰੀ ਪਹਰਹਿ ਚੀਰਾ।
ਕ੍ਰਿਸ਼ੀ ਕਰਾਵਨ ਲਗੇ ਬਿਸਾਲਾ।
ਦੇਗ ਚਲਾਵਹਿ ਪਰਮ ਕਿਰਪਾਲਾ ‘
ਇਸ ਸਾਦਗੀ ਵਿਚ ਰਹਿੰਦੇ ਸਨ ਕਿ ਬਾਬਾ ਲਹਿਣਾ ਜੀ ਜਦ ਪਹਿਲੀ ਵਾਰੀ ਕਰਤਾਰਪੁਰ ਸੰਗ ਦਾ ਸਾਥ ਛੱਡ ਆਏ ਸਨ ਤਾਂ ਖੇਤਾਂ ਵਲੋਂ ਘਰ ਜਾਂਦੇ ਗੁਰੂ ਨਾਨਕ ਦੇਵ ਜੀ ਕੋਲੋਂ ਹੀ ਪੁੱਛ ਬੈਠੇ ਸਨ ਕਿ ਗੁਰੂ ਨਾਨਕ ਦਾ ਘਰ ਕਿਸ ਪਾਸੇ ਹੈ ? ਨਾ ਚੇਲਿਆਂ ਦੀ ਡਾਰ ਤੇ ਨਾ ਕੋਈ ਤੜਕ-ਭੜਕ ਸੀ।
ਕਰਤਾਰਪੁਰ ਦੇ ਨੇਮ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ :
ਬਾਣੀ ਮੁਖੋਂ ਉਚਾਰੀਐ ਹੁਇ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸਟਿ ਚਰਚਾ ਸਦਾ ਅਨਹਦਿ ਸ਼ਬਦ ਉਠੈ ਧੁਨਕਾਰਾ।
ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ।
ਗੁਰਮੁਖ ਭਾਰ ਅਥਰਬਣ ਤਾਰਾ।
ਕਰਤਾਰਪੁਰ ਭਲਾ-ਭਲਾ ਦੀ ਧੁਨੀ ਉੱਠਦੀ ਰਹਿੰਦੀ ਸੀ। ਕਰਤਾਰਪੁਰ ਦੇ ਉਸਾਰੇ ਜਾ ਰਹੇ ਸਮਾਜ ਵਿਚ ਕੋਈ ਊਚ-ਨੀਚ, ਕੋਈ ਵਹਿਮ-ਭਰਮ, ਕੋਈ ਰੀਤ-ਰਿਵਾਜ, ਕੋਈ ਜਿਨਸੀ ਨਸਲੀ ਭੇਦ, ਇਥੋਂ ਤੱਕ ਕੋਈ ਹਾਕਮ-ਮਹਿਕੂਮ ਵਾਲੀ ਗੱਲ ਨਹੀਂ ਸੀ।
ਮਹਾਰਾਜ ਦਾ ਫ਼ਰਮਾਨ ਸੀ :
ਰਯਤਿ ਰਾਜੇ ਕਹਾ ਸਬਾਏ
ਦੁਹੁ ਅੰਤਰਿ ਸੋ ਜਾਸੀ।।
ਕਹਤ ਨਾਨਕੁ ਗੁਰ ਸਚੇ ਕੀ ਪਉੜੀ
ਰਹਸੀ ਅਲਖ ਨਿਵਾਸੀ।।
(ਮਾਰੂ ਮਹਲਾ ੧, ਅੰਗ ੧੦੧੬)
ਮੁਨਸ਼ੀ ਸੁਜਾਨ ਰਾਇ ਭੰਡਾਰੀ ਨੇ ਖ਼ਾਲਸਾ-ਤਵਾਰੀਖ ਵਿਚ ਲਿਖਿਆ ਹੈ :
“ਬਾਬਾ ਨਾਨਕ ਸਤਿ ਮਾਰਗ ਦੇ ਪਾਂਧੀਆਂ ਦੇ ਮੋਹਰੀ, ਪਾਕ ਦਿਲੀ ਦੀ ਜਾਗਦੀ ਜੋਤ, ਰੱਬੀ ਨੂਰ ਦੇ ਚਮਤਕਾਰਾਂ ਦੇ ਚਾਨਣ-ਮੁਨਾਰੇ ਅਤੇ ਅਪਾਰ ਗੁੱਝੇ ਭੇਦਾਂ ਦੇ ਪ੍ਰਤੱਖ ਪ੍ਰਮਾਣ ਹਨ। ਜੱਗ ਨੂੰ ਜੀਵਨ ਜਾਚ ਸਿਖਲਾ ਆਪ ਇਲਾਕਾ ਬਟਾਲਾ ਦੇ ਪਿੰਡਾਂ ਵਿਚੋਂ ਇਕ ਥਾਵੇਂ ਰਾਵੀ-ਦਰਿਆ ਕਿਨਾਰੇ ਟਿਕ ਗਏ । ਬ੍ਰਹਮ ਗਿਆਨ ਦੇ ਅਸਰ ਭਰੇ ਬਚਨ ਬਿਲਾਸ ਸਦਕੇ ਆਪ ਜੀ ਦੀਆਂ ਧੁੰਮਾਂ ਪੈ ਗਈਆਂ ਤੇ ਦੇਸ ਦੇਸਾਂਤਰਾਂ ਤੋਂ ਲੋਕੀਂ ਆ ਕੇ ਉਨ੍ਹਾਂ ਦੇ ਸਿੱਖ ਬਣਨ ਲੱਗੇ। ਕੈਸਾ ਸਮਾਜ ਤਿਆਰ ਹੋ ਗਿਆ ਸੀ। ਉਸ ਦੀ ਉਦਾਹਰਣ ਸਾਡੇ ਸਾਖੀਕਾਰਾਂ ਦਿੱਤੀ ਹੈ :
ਏਕ ਬਾਰ ਗੁਰੂ ਨਾਨਕ ਜੀ ਧਰਮਸਾਲੋਂ ਖੇਤਾਂ ਵੱਲ ਜਾ ਰਹੇ ਸਨ ਕੀ ਡਿੱਠੇ ਨੇ ਕਿ ਇਕ ਸਿੱਖ ਸਾਹਮਣੇ ਲੱਗੇ ਬੋਹਲ ਦੇ ਇਕ ਢੇਰ ਵਿਚੋਂ ਛੱਜਾਂ ਨਾਲ ਉਲਦ-ਉਲਦ ਦੂਜੇ ਢੇਰ ਵਿਚ ਪਾਈ ਜਾ ਰਿਹਾ ਹੈ।
ਗੁਰੂ ਨਾਨਕ ਜੀ ਰੁਕ ਗਏ ਤੇ ਪੁੱਛਿਆ :
‘ਭਲੇ ਲੋਕਾ! ਐਸਾ ਕਿਉਂ ਕਰ ਰਿਹਾ ਹੈਂ ?”
ਉਸ ਹੱਥ ਜੋੜ ਕਿਹਾ :
‘ਮਹਾਰਾਜ! ਅਸੀਂ ਦੋ ਭਰਾ ਹਾਂ। ਮੇਰੇ ਘਰ ਸੰਤਾਨ ਨਹੀਂ। ਨਿੱਕੇ ਦਾ ਟੱਬਰ ਖੁੱਲ੍ਹਾ ਹੈ। ਫ਼ਸਲ ਦੀ ਵੰਡ ਬਰਾਬਰ ਦੀ ਕਰ, ਬੋਹਲ ਲਗਾ, ਨਿੱਕਾ ਘਰ ਗਿਆ ਹੈ। ਉਸ ਦੀ ਲੋੜ ਮੇਰੇ ਨਾਲੋਂ ਬਹੁਤੀ ਹੈ, ਇਸ ਲਈ ਉਸ ਦੀ ਢੇਰੀ ਵਿਚ ਪਾ ਰਿਹਾ ਹਾਂ। ਉਸ ਦੀ ‘ਹਉ’ ਨੂੰ ਠੇਸ ਨਾ ਪੁੱਜੇ, ਇਸ ਲਈ ਜਾਣ ਪਿਛੋਂ ਪਿਆ ਕਰਦਾ ਹਾਂ ।
ਗੁਰੂ ਨਾਨਕ ਜੀ, ਧੰਨ ਸਿੱਖੀ ਆਖ ਖੇਤਾਂ ਨੂੰ ਚਲੇ ਗਏ। ਜਦ ਪਰਤੇ ਤਾਂ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਢੇਰਾਂ ਪਾਸ ਇਕ ਖੜ੍ਹਾ ਸਿੱਖ ਕਾਹਲੀ-ਕਾਹਲੀ ਇਕ ਢੇਰ ਤੋਂ ਦੂਜੇ ਵਿਚ ਪਾਈ ਜਾ ਰਿਹਾ ਹੈ। ਗੁਰੂ ਜੀ ਨੇ ਉਥੇ ਰੁਕ ਪੁੱਛਿਆ :
‘ਸਿੱਖਾ! ਇਹ ਕੀ ਕਰ ਰਿਹਾ ਹੈਂ ?’
ਉਸ ਨੇ ਵੀ ਨਿੰਮ੍ਰਤਾ ਵਿਚ ਕਿਹਾ :
‘ਸੱਚੇ ਪਾਤਸ਼ਾਹ! ਅਸੀਂ ਦੋ ਭਰਾ ਹਾਂ। ਵੱਡੇ ਭਰਾ ਦੇ ਘਰ ਆਇਆ-ਗਿਆ ਬਹੁਤ ਹੈ। ਸਾਡਾ ਕੀ, ਅਸੀਂ ਜਿਉਂ-ਤਿਉਂ ਗੁਜ਼ਾਰਾ ਕਰ ਲਵਾਂਗੇ। ਆਇਆ ਰਾਜ਼ੀ ਜਾਏ, ਸੋ ਆਪਣੇ ਹਿੱਸੇ ਵਿਚੋਂ ਵੱਡੇ ਭਰਾ ਦੀ ਢੇਰੀ ਵਿਚ ਪਾ ਰਿਹਾ ਹਾਂ। ਕਾਹਲੀ ਇਸ ਲਈ ਕਿ ਮਤਾਂ ਉਹ ਉਤੋਂ ਨਾ ਆ ਜਾਏ।’ ਮਹਾਰਾਜ ਨਿੰਮ੍ਹਾ-ਨਿੰਮ੍ਹਾ ਮੁਸਕਰਾਏ ਤੇ ਅਸੀਸ ਦਿੱਤੀ। ਇਕ ਦੂਜੇ ਦੀਆਂ ਚਾਅ ਨਾਲ ਲੋੜਾਂ ਪੂਰੀਆਂ ਕਰਨ ਦੇ ਬੀਜ ਉਥੇ ਕਰਤਾਰਪੁਰ ਪੈ ਗਏ ਸਨ।
ਪ੍ਰਿੰਸੀਪਲ ਸਤਿਬੀਰ ਸਿੰਘ