
ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਇਆ ਸਿੱਖ ਮਤ ਸੰਸਾਰ ਦੇ ਬਾਕੀ ਸਾਰੇ ਪ੍ਰਸਿੱਧ ਮਤਾਂ ਦੇ ਵਿੱਚੋਂ ਨਵੀਨ ਤੇ ਨਿਰਾਲਾ ਹੈ. ਆਰੰਭਤਾ ਦੇ ਸਮੇਂ ਤੋਂ ਹੀ ਸਨਾਤਨ ਮਤ, ਜੋਗ ਪੰਥ, ਤੇ ਬਾਅਦ ਦੇ ਵਿੱਚ ਇਸਲਾਮਿਕ ਮਤ ਦੇ ਵੱਲੋਂ ਸਿੱਖ ਮਤ ਨੂੰ ਆਪਣੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਅੱਜ ਤੱਕ ਜਾਰੀ ਹੈ, ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਕਹਿਣ ਤੇ ‘ਹਮ ਹਿੰਦੂ ਨਹੀਂ’ ਨਾਂ ਦੀ ਕਿਤਾਬ ਲਿਖੀ. ਦੇਸ਼ ਦੇ ਸੰਵਿਧਾਨ ਦੀ ਧਾਰਾ 25 ਬੀ ਸਿੱਖਾਂ ਨੂੰ ਹਿੰਦੂਆਂ ਦਾ ਹੀ ਅੰਗ ਦੱਸਦੀ ਹੈ, ਅਕਸਰ ਹੀ ਸਨਾਤਨੀ ਇਹ ਸਵਾਲ ਕਰਦੇ ਹਨ ਕਿ ਤੁਸੀਂ ਸਾਡੇ ਵਿੱਚੋਂ ਨਿਕਲੇ ਹੋ, ਮਨੁੱਖ ਹਰੇਕ ਸਵਾਲ ਦਾ ਜਵਾਬ ਲੱਭਣ ਲੱਗ ਜਾਂਦਾ, ਸਹੀ ਸਵਾਲਾਂ ਦੇ ਜਵਾਬ ਹੁੰਦੇ ਹਨ, ਪਰ ਗਲਤ ਸਵਾਲ ਦਾ ਜਵਾਬ ਵੀ ਸਵਾਲ ਹੀ ਹੁੰਦਾ ਹੈ, ਸਨਾਤਨੀਆਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਦੱਸੋ ਅਸੀਂ ਤੁਹਾਡੇ ਵਿੱਚੋਂ ਕਿਉਂ ਨਿਕਲੇ, ਅਸੀਂ ਦੂਸਰੇ ਮਤਾਂ ਦੇ ਨਾਲੋਂ ਨਿਰਾਲੇ ਕਿਵੇਂ ਹਾ ਇਹ ਸਮਝਣ ਦੇ ਵਾਸਤੇ ਸਾਨੂੰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪੰਡਿਤ ਹਰਦਿਆਲ , ਤੇ ਸੁਮੇਰ ਪਰਬਤ ਦੇ ਉੱਪਰ ਜੋਗੀਆਂ ਦੇ ਨਾਲ ਹੋਈ ਗੋਸ਼ਟਿ ਨੂੰ ਸਮਝਣਾ ਬਹੁਤ ਜਰੂਰੀ ਹੈ
ਬੇਦੀਆਂ ਦੀ ਕੁਲ ਦੇ ਵਿੱਚ ਪਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ ਦੀ ਗ੍ਰਹਿ ਵਿਖੇ ਪਹਿਲੇ ਪਾਤਸ਼ਾਹ ਦਾ ਆਗਮਨ ਹੋਇਆ, ਪਿਤਾ ਕਲਿਆਣ ਦਾਸ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਆਪਣੇ ਘਰ ਦੇ ਵਿੱਚ ਸਦ ਕੇ ਨਾਮ ਰੱਖਣ ਦੀ ਬੇਨਤੀ ਕੀਤੀ, ਤੇ ਪੰਡਿਤ ਹਰਦਿਆਲ ਜੀ ਨੇ ਬਾਲਕ ਦਾ ਨਾਮ ਨਾਨਕ ਰਖਿਆ, ਨੌ ਸਾਲ ਦੀ ਉਮਰ ਦੇ ਵਿੱਚ ਸਨਾਤਨ ਮੱਤ ਦੀ ਰਹੁਰੀਤ ਦੇ ਅਨੁਸਾਰ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਜਨੇਊ ਦੀ ਰਸਮ ਕਰਨ ਦੀ ਪੰਡਤ ਹਰਦਿਆਲ ਜੀ ਨੂੰ ਬੇਨਤੀ ਕੀਤੀ, ਗਰਮੀਆਂ ਦੀ ਰੁੱਤ ਦੇ ਵਿੱਚ ਘਰ ਨੂੰ ਸਵਾਰ ਕੇ ਵਧੀਆ ਭੋਜਨ ਬਣਾ ਕੇ ਸਾਰੇ ਬੇਦੀ,ਰਿਸ਼ਤੇਦਾਰ ਤੇ ਰਾਏ ਭੋਏ ਦੀ ਤਲਵੰਡੀ ਵਾਸੀਆਂ ਦੇ ਇਕੱਠ ਦੇ ਵਿੱਚ ਗੁਰੂ ਨਾਨਕ ਸਾਹਿਬ ਜਨੇਊ ਪਾਉਣ ਦੇ ਵਾਸਤੇ ਚੌਂਕੀ ਦੇ ਉੱਪਰ ਬਿਠਾਇਆ, ਬਜ਼ੁਰਗ ਪੰਡਿਤ ਹਰਦਿਆਲ ਜੈਸੇ ਹੀ ਜਨੇਊ ਪਾਉਣ ਦੇ ਵਾਸਤੇ ਸਤਿਗੁਰਾਂ ਦੇ ਨੇੜੇ ਆਇਆ, ਨੌ ਸਾਲ ਦੇ ਬਾਲ ਸਤਿਗੁਰੂ ਨਾਨਕ ਸਾਹਿਬ ਨੇ ਇਕੱਠ ਦੇ ਵਿੱਚ ਉਸ ਦਾ ਹਥ ਫੜ ਲਿਆ, ਇਕਦਮ ਪੰਡਿਤ ਹਰਦਿਆਲ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ, ਗੁੱਸੇ ਦੇ ਨਾਲ ਅੱਖਾਂ ਲਾਲ ਹੋ ਗਈਆਂ ਉੱਚੀ ਆਵਾਜ਼ ਦੇ ਵਿੱਚ ਸਤਿਗੁਰਾਂ ਨੂੰ ਕਹਿਣ ਲੱਗਾ
ਪੰਡਿਤ ਹਰਦਿਆਲ :- ਕੀ? ਮੈਂ ਕੁਝ ਗਲਤ ਕਰ ਰਿਹਾ ਸੀ
ਸਤਿਗੁਰੂ ਨਾਨਕ :- ਨਹੀਂ ਪੰਡਿਤ ਜੀ, ਤੁਸੀਂ ਬਿਲਕੁਲ ਠੀਕ ਕਰ ਰਹੇ ਸੀ
ਠੀਕ ਸੁਣਦਿਆਂ ਸਾਰ ਉਹਦੇ ਮੱਥੇ ਦੀਆਂ ਤਿਊੜੀਆਂ ਵੀ ਸਾਫ ਹੋ ਗਈਆਂ, ਅੱਖਾਂ ਦੇ ਵਿੱਚੋਂ ਲਾਲੀ ਵੀ ਮਿਟ ਗਈ, ਮਸਤਕ ਦੇ ਵਿੱਚ ਪੈਦਾ ਹੋਈ ਸ਼ਾਂਤੀ ਦੇ ਪ੍ਰਸ਼ਨ ਉੱਠਿਆ
ਪੰਡਿਤ ਹਰਦਿਆਲ:- ਜੇ ਮੈਂ ਠੀਕ ਕਰ ਰਿਹਾ ਸੀ ਫਿਰ ਤੁਸੀਂ ਮੇਰਾ ਹੱਥ ਫੜ ਕੇ ਰੋਕਿਆ ਕਿਉਂ ?
ਸਤਿਗੁਰੂ ਨਾਨਕ :- ਮੈਂ ਠੀਕ ਜਨੇਊ ਦੇ ਨਾਲ ਸਹਿਮਤ ਨਹੀਂ
ਪੰਡਿਤ ਹਰਦਿਆਲ :- ਫਿਰ ਤੁਸੀਂ ਕਿਸ ਜਨੇਊ ਦੇ ਨਾਲ ਸਹਿਮਤ ਹੋ
ਸਤਿਗੁਰੂ ਨਾਨਕ -: ਮੈਂ ਪੂਰਨ ਜਨੇਊ ਦੇ ਨਾਲ ਸਹਿਮਤ ਹਾਂ, ਜੇ ਤੁਹਾਡੇ ਕੋਲ ਪੂਰਨ ਜਨੇਊ ਹੈ,ਤਾਂ ਤੁਸੀਂ ਮੈਨੂੰ ਪਾ ਦਿਓ
ਪੰਡਿਤ ਹਰਦਿਆਲ -: ਬੜੀ ਹੈਰਾਨਗੀ ਦੇ ਨਾਲ!ਪੂਰਨਜਨੇਊ, ਮੈਂ ਤਾਂ ਕਿਧਰੇ ਪੜਿਆ ਸੁਣਿਆ ਨਹੀਂ ਹੈ ਇਸ ਦੇ ਬਾਰੇ, ਪੂਰਨ ਜਨੇਊ ਬਣਦਾ ਕਿਵੇਂ ਹੈ?
ਸਤਿਗੁਰੂ ਨਾਨਕ -: ਬਿਲਕੁਲ ਉਸੇ ਤਰੀਕੇ ਦੇ ਨਾਲ, ਜਿਸ ਢੰਗ ਦੇ ਨਾਲ ਠੀਕ ਜਨੇਊ ਬਣਦਾ
ਪੰਡਿਤ ਹਰਦਿਆਲ -: ਜੇ ਬਣਦਾ ਉਸੇ ਤਰ੍ਹਾਂ ਦੇ ਨਾਲ ਹੈ ਫਿਰ ਦੋਹਾਂ ਦੇ ਵਿੱਚ ਭੇਦ ਕੀ ਹੈ
ਸਤਿਗੁਰੂ ਨਾਨਕ:- ਠੀਕ ਜਨੇਊ ਕਪਾਹ ਦੇ ਸੂਤ ਨੂੰ ਗੰਡਾ ਮਾਰ ਕੇ ਵਟ ਚਾੜ ਕੇ ਬਣਾਈਦਾ ਹੈ, ਪੂਰਨ ਜਨੇਊ ਦਇਆ ਦੀ ਕਪਾਹ, ਸੰਤੋਖ ਦੇ ਸੂਤ , ਜਤ ਦੀਆਂ ਗੰਢਾਂ ਤੇ ਸਤ ਦੇ ਵਟ ਤੋਂ ਬਣਦਾ ਹੈ, ਔਰ ਪੂਰਨ ਜਨੇਊ ਮਨ ਨੂੰ ਪਾਇਆ ਜਾਂਦਾ ਜੇ ਤੇਰੇ ਕੋਲ ਹੈਗਾ ਤੇ ਮੈਨੂੰ ਪਾ ਦੇ,
ਪੰਡਿਤ ਹਰਦਿਆਲ :- ਪੂਰਨ ਜਨੇਊ ਤੇ ਠੀਕ ਜਨੇਊ ਦੇ ਵਿੱਚ ਫਰਕ ਕੀ ਹੈ
ਸਤਿਗੁਰੂ ਨਾਨਕ -: ਠੀਕ ਜਨੇਊ ਟੁੱਟ ਜਾਂਦਾ, ਇਸ ਨੂੰ ਮੈਲ ਲੱਗ ਜਾਂਦੀ ਹੈ ਅੱਗ ਦੇ ਵਿੱਚ ਸੜ ਜਾਂਦਾ ਤੇ ਕੋਈ ਲਾ ਕੇ ਵੀ ਲੈ ਸਕਦਾ ਜਾ ਸਕਦਾ, ਪਰ ਪੂਰਨ ਜਨੇਊ ਨਾ ਟੁੱਟਦਾ ਨਾ ਮੈਲਾ ਹੁੰਦਾ ਨਾ ਅੱਗ ਦੇ ਵਿੱਚ ਸੜਦਾ ਨਾ ਇਹਨੂੰ ਕੋਈ ਲਾਹ ਕੇ ਲਿਜਾ ਸਕਦਾ, ਜਿਸ ਨੇ ਵੀ ਪੂਰਨ ਜਨੇਊ ਪਾਇਆ ਹੋਵੇ ਉਹ ਲੋਕ ਪਰਲੋਕ ਦੇ ਵਿੱਚ ਧਨਤਾ ਦੇ ਯੋਗ ਸਮਝਿਆ ਜਾਂਦਾ ਹੈ, ਠੀਕ ਜਨੇਊ ਚਾਰ ਕੌਡੀਆਂ ਦਾ ਕਿਸੇ ਤੋਂ ਮੰਗਵਾ ਕੇ ਬ੍ਰਾਹਮਣ ਜਜਮਾਨ ਦੇ ਪਾ ਕਿ ਆਪ ਗੁਰੂ ਬਣ ਜਾਂਦਾ, ਸਮੇਂ ਦੇ ਨਾਲ ਜਜਮਾਨ ਮਰ ਜਾਂਦਾ ਤੇ ਪਰਲੋਕ ਦੇ ਵਿੱਚ ਬਿਨਾਂ ਜਨੇਊ ਤੋਂ ਹੀ ਚਲਾ ਜਾਂਦਾ
ਪੰਡਿਤ ਹਰਦਿਆਲ -: ਕੋਈ ਹੋਰ ਭੇਦ ਵੀ ਦੱਸੋ ਠੀਕ ਤੇ ਪੂਰਨ ਜਨੇਊ ਦਾ!
ਸਤਿਗੁਰੂ ਨਾਨਕ -: ਠੀਕ ਜਨੇਊ ਤਨ ਦੇ ਉੱਪਰ ਪਾਇਆ ਜਾਂਦਾ ਮਨੁੱਖ ਧਾਰਮਿਕ ਦਿਖਾਈ ਦਿੰਦਾ, ਪਰ ਮਨ ਦੇ ਤਲ ਤੇ ਠੱਗੀਆ,ਗਾਲਾਂ,ਚੋਰੀਆਂ,ਪਹਿਨਾਮੀਆਂ ਚਲਦੀਆਂ ਹੀ ਰਹਿੰਦੀਆਂ ਨੇ, ਗਿਆਨ ਇੰਦਰੇ ਜਨੇਊ ਤੋਂ ਬਿਨਾਂ ਹੀ ਰਹਿ ਜਾਂਦੇ ਨੇ, ਅਜਿਹੇ ਜਨੇਊ ਪਾਉਣ ਵਾਲੇ ਮਨੁੱਖ ਸੰਸਾਰ ਦੇ ਵਿੱਚ ਅਪਮਾਨ ਦੇ ਪਾਤਰ ਬਣਦੇ ਨੇ, ਪੂਰਨ ਜਨੇਊ ਮਨ, ਗਿਆਨ ਇੰਦਰੇ ਤੇ ਕਰਮ ਇੰਦਰੀਆਂ ਨੂੰ ਵੀ ਪਾਇਆ ਜਾਂਦਾ
ਪੰਡਿਤ ਹਰਦਿਆਲ -: ਹੋਰ ਕਿਰਪਾ ਕਰੋ
ਸਤਿਗੁਰੂ ਨਾਨਕ -: ਪੂਰਨ ਜਨੇਊ ਨੂੰ ਧਾਰਨ ਕਰਨ ਵਾਲਾ ਮਨੁੱਖ ਨਾਮ ਦਾ ਮੰਨਣ ਕਰਦਾ, ਸਰਬ ਵਿਆਪਕ ਪਰਮਾਤਮਾ ਦੀ ਸਲਾਹਣਾ ਹੀ ਉਹਦਾ ਸਚਾ ਜਨੇਊ ਹੁੰਦਾ ਤੇ ਦਰਗਾਹ ਦੇ ਵਿੱਚ ਪਾਇਆ ਜਾਂਦਾ ਜੋ ਕਦੇ ਵੀ ਨਹੀਂ ਟੁੱਟਦਾ
ਪੰਡਿਤ ਹਰਦਿਆਲ :- ਤੁਸੀਂ ਧੰਨਤਾ ਦੇ ਯੋਗ ਹੋ, ਸਨਾਤਨ ਮਤ ਵਾਲੇ ਜਨੇਊ ਦੀ ਤੁਹਾਨੂੰ ਲੋੜ ਨਹੀਂ ਹੈ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਤੁਹਾਡੇ ਵਾਲਾ ਜਨੇਊ ਪ੍ਰਾਪਤ ਹੋਵੇ, ਤੇ ਲੋਕ ਪਰਲੋਕ ਦੇ ਵਿੱਚ ਮੇਰੀ ਪਤ ਬਣੀ ਰਹੇ ( ਰਾਏ ਭੋਇ ਦੀ ਤਲਵੰਡੀ ਵਿੱਚ ਪੰਡਿਤ ਹਰਦਿਆਲ ਦੇ ਨਾਲ ਹੋਈ ਗੋਸਟਿ ਵਿੱਚੋਂ )
ਮਨੁੱਖ ਦੀ ਸਮਝ ਧਾਰਮਿਕ ਤੌਰ ਤੇ ਠੀਕ ਤੇ ਗਲਤ ਦੀ ਹੁੰਦੀ ਹੈ, ਆਪਣੇ ਮਤ ਨੂੰ ਠੀਕ ਤੇ ਦੂਸਰਿਆਂ ਦੇ ਮਤ ਨੂੰ ਗਲਤ ਸਾਬਤ ਕਰਨ ਦਾ ਮਨੁੱਖ ਯਤਨ ਕਰਦਾ, ਸਨਾਤਨੀ ਆਪਣੇ ਆਪ ਨੂੰ ਪਵਿੱਤਰ ਤੇ ਇਸਲਾਮ ਦੇ ਮੰਨਣ ਵਾਲਿਆਂ ਨੂੰ ਮਲੇਸ਼ ਕਹਿੰਦੇ ਹਨ, ਇਸਲਾਮ ਦੇ ਪੈਰੋਕਾਰ ਆਪਣੇ ਆਪ ਨੂੰ ਮੋਮਨ, ਤੇ ਹਿੰਦੂਆਂ ਨੂੰ ਕਾਫਿਰ ਕਹਿੰਦੇ ਹਨ, ਮਲੇਸ਼ ਤੇ ਕਾਫਿਰ ਸ਼ਬਦ ਆਪਣੇ ਆਪ ਨੂੰ ਠੀਕ ਤੇ ਦੂਸਰੇ ਨੂੰ ਗਲਤ ਸਾਬਤ ਕਰਨ ਦਾ ਉਪਰਾਲਾ ਹਨ.
ਸਤਿਗੁਰਾਂ ਨੇ ਜਿੱਥੇ ਆਪਣੇ ਉਪਦੇਸ਼ਾਂ ਦੇ ਰਾਹੀਂ ਪੂਰਨ ਪੰਥ ਦੀ ਸਿਰਜਣਾ ਕੀਤੀ, ਉੱਥੇ ਦੂਸਰੇ ਪੰਥਾਂ ਦੇ ਵਾਲਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਉਪਦੇਸ਼ ਦੇ ਕੇ ਪੂਰਨ ਕਰਨ ਦਾ ਯਤਨ ਕੀਤਾ. ਸਤਿਗੁਰੂ ਦੀ ਕਿਰਪਾਲਤਾ ਦੇ ਪਾਤਰ ਬਣਦਿਆਂ, ਸਤਿਗੁਰਾਂ ਤੋਂ ਪ੍ਰੇਰਨਾ ਲੈਂਦਿਆਂ ਸਾਨੂੰ ਪ੍ਰਚਾਰ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ, ਜਿਵੇਂ ਸਤਿਗੁਰਾਂ ਦੀਆਂ ਗੋਸ਼ਟਾਂ ਦੇ ਸਦਕਾ ਸਿੱਧਾਂ ਦੇ ਅੰਦਰ ਸ਼ਾਂਤੀ ਵਰਤੀ, ਤੇ ਉਸ ਸ਼ਾਂਤੀ ਦਾ ਸ਼ੁਕਰਾਨਾ ਕਰਦਿਆਂ ਸਿੱਧਾਂ ਨੇ ਸਤਿਗੁਰ ਨਾਨਕ ਸਾਹਿਬ ਜੀ ਨੂੰ ਧਨ ਆਖਿਆ.
ਬਾਬੇ ਕੀਤੀ ਸਿਧਿ ਗੋਸਟਿ ਸ਼ਬਦ ਸਾਂਤਿ ਸਿਧਾ ਵਿਚ ਆਈ |
ਜਿਣਿ ਮੇਲਾ ਸ਼ਿਵਰਾਤਿ ਦਾ ਖਟ ਦਰਸ਼ਨ ਆਦੇਸਿ ਕਰਾਈ |
ਸਿਧਿ ਬੋਲਨਿ ਸੁਭ ਬਚਨਿ : ਧਨੁ ਨਾਨਕ ਤੇਰੀ ਵਡੀ ਕਮਾਈ|
ਵਡਾ ਪੁਰਖ ਪ੍ਰਗਟਿਆ ਕਲਿਜੁਗ ਅੰਦਰਿ ਜੋਤਿ ਜਗਾਈ |
ਭਾਈ ਗੁਰਦਾਸ ਜੀ (ਵਾਰ 1ਪਉੜੀ 44ਵੀਂ )
ਗਿਆਨੀ ਗੁਰਜੀਤ ਸਿੰਘ ਪਟਿਆਲਾ
(9888466987)