
ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਰੋਸ ਵਜੋਂ ਸਿੱਖਾਂ ਨੇ ਜਦੋਂ ਸ਼ਾਂਤਮਈ ਧਰਨਾ ਲਗਾਇਆ ਸੀ ਤਾਂ ਦੋ ਥਾਵਾਂ ‘ਤੇ (ਕੋਟਕਪੂਰਾ ਅਤੇ ਬਹਿਬਲ ਕਲਾਂ) ਪੁਲਿਸ ਵੱਲੋਂ ਸੰਗਤ ‘ਤੇ ਗੋਲੀ ਚਲਾਈ ਗਈ ਸੀ। ਤਕਰੀਬਨ 10 ਸਾਲਾਂ ਬਾਅਦ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਮੁੜ ਸ਼ੁਰੂ ਹੋ ਗਈ ਹੈ। ਇਹ ਕੇਸ ਪਿਛਲੇ ਕਈ ਸਾਲਾਂ ਤੋਂ ਸਿਆਸੀ ਅਤੇ ਤਕਨੀਕੀ ਉਲਝਣਾਂ ਵਿਚ ਘਿਰਿਆ ਹੋਇਆ ਸੀ, ਪਰ ਹੁਣ 24 ਫਰਵਰੀ ਨੂੰ ਅਦਾਲਤ ਮੁਲਜ਼ਮਾਂ ‘ਤੇ ਦੋਸ਼ ਲਗਾਉਣ ਦੇ ਮੁੱਦੇ ‘ਤੇ ਵਿਆਪਕ ਬਹਿਸ ਸੁਣੇਗੀ।
ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਇੱਕੋ ਦਿਨ ਵਾਪਰਣ ਬਾਵਜੂਦ ਵੱਖ-ਵੱਖ ਸਮਿਆਂ ‘ਤੇ ਅਲੱਗ-ਅਲੱਗ ਕੇਸਾਂ ਰੂਪ ਵਿੱਚ ਦਰਜ ਕੀਤੇ ਗਏ। 130 ਨੰਬਰ ਐਫਆਈਆਰ, ਜੋ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੀ ਹੋਈ ਹੈ, ਪਹਿਲਾਂ ਹੀ ਚੰਡੀਗੜ੍ਹ ਦੀ ਅਦਾਲਤ ‘ਚ ਭੇਜੀ ਜਾ ਚੁੱਕੀ ਹੈ। ਦੂਜੇ ਪਾਸੇ, 129 ਨੰਬਰ ਐਫਆਈਆਰ, ਜੋ 2018 ਵਿੱਚ ਨਵੀਂ ਜਾਂਚ ਅਤੇ ਨਿਆਂ ਦੀ ਮੰਗ ਉੱਠਣ ‘ਤੇ ਦਰਜ ਕੀਤੀ ਗਈ, ਹੁਣੇ ਤਕ ਵੱਖ-ਵੱਖ ਕਾਨੂੰਨੀ ਕਾਰਵਾਈਆਂ ਵਿਚ ਫਸੀ ਹੋਈ ਹੈ।
ਕੱਲ੍ਹ ਹੋਈ ਸੁਣਵਾਈ ਦੌਰਾਨ, ਜੱਜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਈ ਨਵੇਂ ਹੁਕਮ ਨਾ ਮਿਲਣ ਦੇ ਆਧਾਰ ‘ਤੇ ਕੋਟਕਪੂਰਾ ਗੋਲੀਕਾਂਡ ਦੀ ਕਾਰਵਾਈ ਜਾਰੀ ਰੱਖਣ ਦਾ ਫੈਸਲਾ ਕੀਤਾ। ਮੁਲਜ਼ਮਾਂ ਵਿੱਚ ਸ਼ਾਮਲ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਤੇ ਹੋਰ ਪੁਲੀਸ ਅਧਿਕਾਰੀ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ, ਪਰ 129 ਨੰਬਰ ਐਫਆਈਆਰ ਦੀ ਟਰਾਂਸਫਰ ਹਾਲੇ ਤੱਕ ਅਨਿਸ਼ਚਿਤ ਰਹੀ।
24 ਫਰਵਰੀ ਦੀ ਸੁਣਵਾਈ ਨਿਰਣਾਇਕ ਹੋ ਸਕਦੀ ਹੈ, ਜਿੱਥੇ ਅਦਾਲਤ ਮੁਲਜ਼ਮਾਂ ‘ਤੇ ਦੋਸ਼ ਲਗਾਉਣ ‘ਤੇ ਅਖੀਰੀ ਫੈਸਲਾ ਲਵੇਗੀ।