
-ਗਿ. ਦਿੱਤ ਸਿੰਘ
ਪਿਛਲੇ ਦੋ ਪਰਚਿਆਂ ਵਿਚ ਅਸੀਂ ਈਸਾਈ ਅਤੇ ਮੁਸਲਮਾਨਾਂ ਦੀ ਕੌਮ ਦੇ ਮਹਾਤਮਾਂ ਅਤੇ ਉਨ੍ਹਾਂ ਦੇ ਸੇਵਕਾਂ ਦਾ ਪੁਰਖਾਰਥ ਦੱਸ ਕੇ ਅਪਨੇ ਪਯਾਰੇ ਪਾਠਕਾਂ ਨੂੰ ਇਹ ਪ੍ਰਗਟ ਕਰ ਆਏ ਹਾਂ ਕਿ ਇਹ ਕੌਮਾਂ ਕੈਸੀ ਉੱਨਤੀ ਪਰ ਹਨ।
ਹੁਣ ਅਸੀਂ ਖ਼ਾਲਸਾ ਕੌਮ ਦੇ ਬਾਨੀ ਅਤੇ ਉਨ੍ਹਾਂ ਦੇ ਸੇਵਕਾਂ ਦਾ ਹਾਲ ਦੱਸ ਕੇ ਇਹ ਸਾਬਤ ਕਰਾਂਗੇ ਕਿ ਜਿਸ ਕੌਮ ਦੇ ਯਾਰਿਆਂ, ਧਰਮਾਤਮਾਂ, ਸੂਰਬੀਰਾਂ ਨੇ ਅਜੇਹੀਆਂ ਕੁਰਬਾਨੀਆਂ ਕੀਤੀਆਂ ਸਨ ਸੋ ਉਸ ਕੌਮ ਦਾ ਅੱਜ ਕਲ ਕ੍ਯਾ ਹਾਲ ਹੈ।
ਇਸ ਕੌਮ ਦੇ ਪਹਲੇ ਨੌਂ ਗੁਰੂਆਂ ਦੇ ਜੀਵਨ ਚਰਤ ਨੂੰ ਛੱਡ ਕੇ ਜਦ ਅਸੀਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁਰਖਾਰਥ ਵੱਲ ਨਜ਼ਰ ਕਰਦੇ ਹਾਂ ਤਦ ਸਾਨੂੰ ਦੁਨੀਆਂ ਭਰ ਵਿਚ ਅਜੇਹਾ ਦ੍ਰਿਸ਼ਟਾਂਤ ਹੋਰ ਕੋਈ ਨਹੀਂ ਮਿਲਦਾ ਜੋ ਕਲਗੀਧਰ ਸੋਢੀ ਪਾਤਸ਼ਾਹ ਦਾ ਮੁਕਾਬਲਾ ਕਰੇ।
ਦਸਵੇਂ ਗੁਰੂ ਜੀ ਨੇ ਅਪਨੀ ਬਾਲ ਅਵਸਥਾ ਵਿਚ ਹੀ ਅਪਨੇ ਜੀਵਨ ਨੂੰ ਪਰਉਪਕਾਰਾਂ ਵਿਚ ਲਗਾ ਦਿੱਤਾ ਸੀ ਜਿਸ ਦੀ ਗੁਵਾਹੀ ਸਾਨੂੰ ਉਨ੍ਹਾਂ ਦੇ ਪੁਰਾਣੇ ਜੀਵਨ ਚਰਤਾਂ ਤੋਂ ਮਿਲ ਸਕਦੀ ਹੈ। ਗੁਰਬਿਲਾਸਾਂ ਵਿਚ ਇਸ ਪਰਕਾਰ ਲਿਖ੍ਯਾ ਹੈ ਕਿ ਜਦ ਦਸਵੇਂ ਪਾਤਸ਼ਾਹ ਸੱਤਾਂ ਸਾਲਾਂ ਦੀ ਉਮਰ ਵਿਚ ਸੇ ਤਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਕਸ਼ਮੀਰ ਦੇ ਬ੍ਰਾਹਮਨ ਲੋਗ ਮੁਸਲਮਾਨ ਬਾਦਸ਼ਾਹ ਦੇ ਹੱਥੋਂ ਤੰਗ ਹੋ ਕੇ ਆਏ ਅਤੇ ਅਪਨੇ ਦੁੱਖ ਦੂਰ ਕਰਨ ਲਈ ਗੁਰੂ ਜੀ ਅੱਗੇ ਪੁਕਾਰ ਕੀਤੀ- ਜਿਸ ਪਰ ਨੌਵੇਂ ਗੁਰੂ ਜੀ ਨੇ ਉਨ੍ਹਾਂ ਦੀ ਪੁਕਾਰ ਸੁਨ ਕੇ ਨੇਤ੍ਰਾਂ ਤੋਂ ਜਲ ਬਹਾ ਦਿੱਤਾ ਸੀ- ਆਖਦੇ ਹਨ ਕਿ ਦਸਵੇਂ ਪਾਤਸ਼ਾਹ ਜੀ ਭੀ ਤੀਰ ਕਮਾਨ ਹੱਥ ਵਿਚ ਲੀਤੇ ਹੋਏ ਖੇਲਦੇ-ਖੇਲਦੇ ਅਪਨੇ ਪਿਤਾ ਦੇ ਪਾਸ ਆਏ ਅਤੇ ਨੇਤ੍ਰਾਂ ਥੋਂ ਜਲ ਜਾਨ ਦਾ ਕਾਰਨ ਪੁੱਛਿਆ ਜਿਸ ਪਰ ਪਹਲੇ ਤਾਂ ਪਿਤਾ ਨੇ ਕੁਛ ਨਾ ਦੱਸਿਆ ਪਰੰਤੂ ਅੰਤ ਨੂੰ ਇਹ ਆਖ੍ਯਾ ਕਿ ਬਾਦਸ਼ਾਹ ਵਕਤ ਜ਼ਬਰਦਸਤੀ ਇਨ੍ਹਾਂ ਲੋਕਾਂ ਦਾ ਧਰਮ ਨਾਸ਼ ਕਰਨਾ ਚਾਹੁੰਦਾ ਹੈ ਜਿਸ ਤੇ ਇਹ ਦੁਖੀ ਹੋ ਕੇ ਮੇਰੇ ਪਾਸ ਆਏ ਹਨ ਅਰ ਮੈਨੂੰ ਇਨ੍ਹਾਂ ਦੀ ਇਸ ਦਸ਼ਾ ਪਰ ਸ਼ੋਕ ਹੋਇਆ ਹੈ।
ਇਸ ਬਾਤ ਨੂੰ ਸੁਨਦੇ ਹੀ ਦਸਮ ਗੁਰੂ ਜੀ ਨੇ ਅਪਨੇ ਪਿਤਾ ਅੱਗੇ ਬੇਨਤੀ ਕੀਤੀ ਕਿ ਮਹਾਂਰਾਜ ਕਿਸੇ ਪ੍ਰਕਾਰ ਇਨ੍ਹਾਂ ਦਾ ਦੁੱਖ ਦੂਰ । ਭੀ ਹੋ ਸਕਦਾ ਹੈ ਜਿਸ ਪਰ ਪਿਤਾ ਨੇ ਉੱਤਰ ਦਿੱਤਾ ਕਿ ਜੇ ਕੋਈ ਧਰਮਾਤਮਾ ਇਸ ਸਮਯ ਸੀਸ ਦੇਵੇ ਤਾਂ ਇਸ ਦੁੱਖ ਦੀ ਨਵਿਰਤੀ ਹੋ ਸਕਦੀ ਹੈ ਜਿਸ ਪਰ ਦਸਮ ਗੁਰੂ ਜੀ ਨੇ ਝੱਟ ਪੱਟ ਅਪਨੇ ਮੁਖਾਰਬਿੰਦ ਤੇ ਇਹ ਆਖ੍ਯਾ ਕਿ ਮਹਾਂਰਾਜ ਆਪ ਤੇ ਵੱਧ ਕੇ ਹੋਰ ਧਰਮਾਤਮਾ ਕੌਨ ਹੈ ਤਾਂ ਤੇ ਆਪ ਇਨ੍ਹਾਂ ਦੇ ਵਾਸਤੇ ਸੀਸ ਦੇ ਕੇ ਇਨ੍ਹਾਂ ਦੇ ਦੁੱਖ ਨੂੰ ਦੂਰ ਕਰੋ।
ਪ੍ਯਾਰੇ ਪਾਠਕੋ ਕ੍ਯਾ ਅਜੇਹਾ ਦ੍ਰਿਸ਼ਟਾਂਤ ਆਪ ਦੇ ਸਾਮਨੇ ਕੋਈ ਹੋਰ ਹੈ?
(ਖ਼ਾਲਸਾ ਅਖ਼ਬਾਰ ਲਾਹੌਰ, ੧੬ ਅਗਸਤ ੧੮੯੫, ਪੰਨਾ ੩)