
ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾ ਪੰਥ ਦੀ ਸੁਤੰਤਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਗ਼ੈਰ-ਰਾਜੀ ਸਿੰਘਾਸਣ ਹੈ। ਸਿੱਖ ਕੌਮ ਕੋਲ ਜਿੱਥੇ ਰੂਹਾਨੀਅਤ ਪੱਖ ਤੋਂ ਅਗਵਾਈ ਲਈ ਸਰਬਸਾਂਝਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਬਸਾਂਝਾ ਕੇਂਦਰੀ ਧਰਮ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੌਜੂਦ ਹੈ, ਉੱਥੇ ਸਮੇਂ-ਸਮੇਂ ਰਾਜਨੀਤਕ ਅਗਵਾਈ ਲਈ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਪੰਜ ਤਖ਼ਤ ਸਾਹਿਬਾਨ ਵੀ ਹਨ। ਇਨ੍ਹਾਂ ਪੰਜਾਂ ਤਖ਼ਤਾਂ ‘ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਹੋਣ ਦੇ ਨਾਲ-ਨਾਲ ਸਿੱਖ ਮਾਨਸਿਕਤਾ ਦੀ ਪ੍ਰਭੂਸੱਤਾ ਦਾ ਕੇਂਦਰੀ ਧੁਰਾ ਵੀ ਹੈ।
ਇਸ ਤਖ਼ਤ ਦੀ ਸਿਰਜਣਾ ਦੇ ਹਾਲਾਤ, ਉਦੇਸ਼, ਸੰਕਲਪ ਤੇ ਸਿਧਾਂਤ ਸਿੱਖ ਸਮਾਜ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸ਼ੇਸ਼ ਮਹੱਤਤਾ ਦੇ ਧਾਰਨੀ ਬਣਾਉਂਦੇ ਹਨ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਹਾਕਮ ਜਹਾਂਗੀਰ ਵਲੋਂ ਸ਼ਹੀਦ ਕਰਨ ਤੋਂ ਬਾਅਦ ਸਿੱਖ ਸਮਾਜ ਅੰਦਰ ਅਜੀਬ ਕਿਸਮ ਦੇ ਹਾਲਾਤ ਬਣ ਗਏ ਸਨ। ਸਿੱਖ ਧਰਮ ਦੀ ਭਗਤੀ ਲਹਿਰ ਨੂੰ ਰਾਜਸੀ ਪ੍ਰਭੂਸੱਤਾ ਦੇ ਪ੍ਰਭਾਵ ਤੋਂ ਮੁਕਤ ਰੱਖਣ ਅਤੇ ਸਿੱਖਾਂ ਅੰਦਰ ਜ਼ੁਲਮ ਨਾਲ ਟਾਕਰੇ ਲਈ ਨਵੀਂ ਕਿਸਮ ਦਾ ਜੋਸ਼ ਤੇ ਉਤਸ਼ਾਹ ਪੈਦਾ ਕਰਨ ਲਈ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ, ਜਿਹੜਾ ਭਗਤੀ ਤੇ ਸ਼ਕਤੀ ਦਾ ਸੁਮੇਲ ਸੀ। ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪ੍ਰਭੂਸੱਤਾ ਸੰਪੰਨ ਗ਼ੈਰ-ਰਾਜੀ ਪੰਥਕ ਰਾਜ ਸਿੰਘਾਸਣ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਕਵੀ ਸੋਹਣ ਰਚਿਤ ‘ਗੁਰਬਿਲਾਸ ਪਾਤਿਸ਼ਾਹੀ ਛੇਵੀਂ’ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਹਾੜ ਸੁਦੀ ਪੰਚਮੀ, ਸੰਮਤ 1763 ਬਿਕਰਮੀ ਮੁਤਾਬਿਕ ਜੂਨ 1606 ਈਸਵੀ ਨੂੰ ਹੋਈ। ਨੀਂਹ ਰੱਖਣ ਦੀ ਰਸਮ ਅਤੇ ਉਸਾਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਖ਼ੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੀਤੀ। ਨਾਲ ਉਸਾਰੀ ਦਾ ਕਾਰਜ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਕੀਤਾ। ਗੁਰੂ ਜੀ ਨੇ ਇਸ ਤਖ਼ਤ ਦਾ ਪਹਿਲਾ ਜਥੇਦਾਰ-ਪ੍ਰਬੰਧਕ ਭਾਈ ਗੁਰਦਾਸ ਜੀ ਨੂੰ ਹੀ ਥਾਪਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘਾਸਣ ‘ਤੇ ਬਿਰਾਜਮਾਨ ਹੋ ਕੇ ਛੇਵੇਂ ਗੁਰੂ ਸਿੱਖਾਂ ਨੂੰ ਜ਼ੁਲਮ ਨਾਲ ਲੜਨ ਲਈ ਹਥਿਆਰਬੰਦ ਲੜਾਈ ਦੀ ਪ੍ਰੇਰਨਾ ਦਿੰਦੇ। ਛੇਵੇਂ ਪਾਤਿਸ਼ਾਹ ਨੇ ਇੱਥੋਂ ਹੀ ਸਿੱਖਾਂ ਲਈ ਪਹਿਲਾ ਹੁਕਮਨਾਮਾ ਜਾਰੀ ਕਰਕੇ ਮੁਗ਼ਲ ਹਕੂਮਤ ਦੀ ਲਗਾਈ ਪਾਬੰਦੀ ਦੇ ਉਲਟ ਸਿੱਖਾਂ ਨੂੰ ਵਧੀਆ ਸ਼ਸਤਰ ਅਤੇ ਘੋੜੇ ਆਦਿ ਰੱਖਣ ਅਤੇ ਭੇਟ ਕਰਨ ਦੇ ਹੁਕਮ ਕੀਤੇ।
ਜਲਦੀ ਹੀ ਸੈਂਕੜਿਆਂ ਦੀ ਗਿਣਤੀ ਵਿਚ ਹਥਿਆਰਬੰਦ ਘੋੜ ਸਵਾਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਕੱਤਰ ਹੋਣ ਲੱਗੇ। ਗੁਰੂ ਸਾਹਿਬ ਨੇ ਸੂਰਬੀਰ ਸਿੱਖਾਂ ਨੂੰ ਚਾਰ ਜਥਿਆਂ ਵਿਚ ਵੰਡ ਕੇ ਇਕ ਜਥੇਬੰਦਕ ਫ਼ੌਜ ਦਾ ਰੂਪ ਦੇ ਦਿੱਤਾ। ਇਨ੍ਹਾਂ ਚਾਰ ਜਥਿਆਂ ਦੇ ਮੁਖੀ ਭਾਈ ਬਿਧੀ ਚੰਦ, ਭਾਈ ਪਿਰਾਨਾ, ਭਾਈ ਜੇਠਾ ਅਤੇ ਪੈਂਦੇ ਖ਼ਾਂ ਨੂੰ ਥਾਪਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਿਰਾਜਮਾਨ ਹੁੰਦੇ ਅਤੇ ਸਾਹਮਣੇ ਵਿਹੜੇ ਵਿਚ ਦਰਬਾਰ ਸਜਦਾ। ਢਾਡੀ ਬੀਰ ਰਸ ਭਰਪੂਰ ਵਾਰਾਂ ਗਾਉਂਦੇ ਅਤੇ ਸਿੱਖਾਂ ਵਿਚ ਜੋਸ਼ ਅਤੇ ਬੀਰ ਰਸ ਭਰਦੇ।
ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ, ‘ਹਰਿਮੰਦਰ ਸਾਹਿਬ ਦੇ ਸਾਹਮਣੇ ਇਹ ਤਖ਼ਤ ਇਸ ਲਈ ਬਣਾਇਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦਾ ਜੀਵ, ਸਿਆਸਤ ਕਿਸੇ ਦੇ ਹਵਾਲੇ ਨਾ ਕਰੇ ਤੇ ਸਿਆਸਤ ਨੂੰ ਮਾੜਾ ਕਹਿ ਕੇ ਨਾ ਧਿਰਕਾਰੇ, ਸਗੋਂ ਇਸ ਨੂੰ ਨਿਗਾਹਬਾਨ ਸਮਝੇ। ਦੂਜੇ ਪਾਸੇ, ਤਖ਼ਤ ਦਾ ਮਾਲਕ ਬਣਾਇਆ ਗਿਆ ਕਿ ਧਰਮ ਦਾ ਸਤਿਕਾਰ ਕਾਇਮ ਰਹੇ।’
ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦਾ ਅੰਮ੍ਰਿਤ ਸਰੋਵਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਰੂਹਾਨੀ ਤੇ ਜੰਗੀ ਜਜ਼ਬੇ ਦਾ ਸਰੋਤ ਰਹੇ ਹਨ। ਦੀਵਾਲੀ ਤੇ ਵਿਸਾਖੀ ਮੌਕੇ ਇੱਥੇ ਸਰਬੱਤ ਖ਼ਾਲਸਾ ਸੱਦਿਆ ਜਾਂਦਾ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਗੰਭੀਰ ਪੰਥਕ ਮਸਲਿਆਂ ਦੇ ਸਰਬਸੰਮਤੀ ਨਾਲ ਹੱਲ ਤੋਂ ਇਲਾਵਾ ਸੰਕਟ-ਕਾਲੀਨ ਹਾਲਾਤ ਦਾ ਸਾਹਮਣਾ ਕਰਨ ਲਈ ਵਿਉਂਤਬੰਦੀਆਂ ਕੀਤੀਆਂ ਜਾਂਦੀਆਂ ਰਹੀਆਂ।
ਅਹਿਮਦ ਸ਼ਾਹ ਅਬਦਾਲੀ ਜਦੋਂ ਸਤੰਬਰ 1764 ਵਿਚ ਸੱਤਵੀਂ ਵਾਰ ਭਾਰਤ ‘ਤੇ ਹਮਲਾਵਰ ਹੋ ਕੇ ਆਇਆ। ਇਸ ਦੌਰਾਨ ਉਸ ਨੇ ਸ੍ਰੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਇਸ ਦੀ ਮੂਲ ਬੁਰਜੀ ਅਤੇ ਇਮਾਰਤ ਨੂੰ ਢਾਹ ਦਿੱਤਾ ਅਤੇ ਇਸ ਦੇ ਜਥੇਦਾਰ ਭਾਈ ਗੁਰਬਖ਼ਸ਼ ਸਿੰਘ ਸਾਥੀ ਸਿੰਘਾਂ ਸਮੇਤ ਸ਼ਹੀਦ ਹੋ ਗਏ। 10 ਅਪ੍ਰੈਲ 1765 ਨੂੰ ਸਿੱਖ ਪੰਥ ਨੇ ਸਰਬੱਤ ਖ਼ਾਲਸਾ ਵਿਚ ਗੁਰਮਤਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਰਨ ਦਾ ਫ਼ੈਸਲਾ ਕੀਤਾ। ਸਮੁੱਚੀ ਕਾਰ ਸੇਵਾ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਜੈ ਸਿੰਘ ਕਨੱਈਆ, ਤਾਰਾ ਸਿੰਘ ਘੈਬਾ ਅਤੇ ਚੜ੍ਹਤ ਸਿੰਘ ਸ਼ੁਕਰਚਕੀਆ ‘ਤੇ ਆਧਾਰਿਤ ਇਕ ਜਥਾ ਨੀਯਤ ਕੀਤਾ ਗਿਆ। ਇਸ ਜਥੇ ਨੇ ਸੰਗਤ ਤੋਂ ਮਾਇਆ ਇਕੱਤਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕ ਚਾਦਰ ਵਿਛਾਈ। ਸੰਗਤ ਨੇ ਇਸ ਚਾਦਰ ਨੂੰ ਪੈਸਿਆਂ ਨਾਲ ਭਰ ਦਿੱਤਾ। ਇਹ ਰਕਮ ਸ਼ਹਿਰ ਦੇ ਹੀ ਇਕ ਸਹਿਜਧਾਰੀ ਸਿੱਖ ਭਾਈ ਦੇਸ ਰਾਜ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਅਤੇ ਉਹ ਸਮੇਂ-ਸਮੇਂ ਸੇਵਾ ਵਿਚ ਪੈਸੇ ਮੁਹੱਈਆ ਕਰਵਾਉਂਦੇ ਰਹੇ। ਸੰਨ 1766 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੁੰਗੇ ਦੀ ਸੇਵਾ ਮੁਕੰਮਲ ਹੋ ਗਈ। ਉੱਪਰਲੀਆਂ ਚਾਰ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਮੁਕੰਮਲ ਹੋਈਆਂ। ਸਭ ਤੋਂ ਉੱਪਰਲਾ ਬੰਗਲਾ ਅਤੇ ਸੁਨਹਿਰੀ ਗੁੰਬਦ ਦੀ ਉਸਾਰੀ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ। ਜੂਨ 1984 ਵਿਚ ਭਾਰਤੀ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਇਸ ਦੀ ਉੱਪਰਲੀ ਇਮਾਰਤ ਨੂੰ ਢਾਹ ਦਿੱਤਾ। ਭਾਰਤ ਸਰਕਾਰ ਨੇ ਹਮਲੇ ਤੋਂ ਬਾਅਦ ਇਸ ਦੀ ਮੁੜ ਉਸਾਰੀ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਰਾਹੀਂ ਕਰਵਾ ਦਿੱਤੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 1986 ਵਿਚ ਸਿੱਖ ਪੰਥ ਨੇ ਸਰਬੱਤ ਖ਼ਾਲਸਾ ਬੁਲਾ ਕੇ ਸਰਕਾਰ ਦੇ ਬਣਾਏ ਅਕਾਲ ਤਖ਼ਤ ਸਾਹਿਬ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਉਸ ਨੂੰ ਢਾਹ ਕੇ ਮੁੜ ਕਾਰ ਸੇਵਾ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾ ਦਿੱਤੀ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਅਵਚੇਤਨ ਵਿਚ ਕਿਸੇ ਵੀ ਦੁਨਿਆਵੀ ਰਾਜ ਤਖ਼ਤ ਨਾਲੋਂ ਵੀ ਸ਼ਕਤੀਸ਼ਾਲੀ ਪ੍ਰਭੂਸੱਤਾ ਸੰਪੰਨ ‘ਤਖ਼ਤ’ ਵਜੋਂ ਮਾਨਤਾ ਰੱਖਦਾ ਹੈ। ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ-ਆਪ ਵਿਚ ਸਿੱਖਾਂ ਦੀ ਇਕ ਸਰਬਉੱਚ ਸੰਸਥਾ ਹੈ।
ਤਲਵਿੰਦਰ ਸਿੰਘ ਬੁੱਟਰ