92 views 7 secs 0 comments

ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ : ਹੋਲਾ ਮਹੱਲਾ

ਲੇਖ
March 10, 2025

-ਡਾ. ਅਮਰਜੀਤ ਕੌਰ

ਗੁਰੂ ਸਾਹਿਬਾਨ ਦਾ ਉਦੇਸ਼ ਹੀ ਨੀਵਿਆਂ ਨੂੰ ਗ਼ਲ ਨਾਲ ਲਾਉਣਾ ਸੀ, ਜਿਸ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਨਵਾਂ ਰੂਪ ‘ਦਿੱਤਾ। ਖਾਲਸਾ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵ ਬਲ ਹਾਸਲ ਕਰ ਕੇ ਮੁਰਦਾ ਹੋ ਚੁੱਕੇ ਦਿਲਾਂ ਵਿਚ ਜਾਨ ਪਾ ਕੇ ਸੁਰਜੀਤ ਕੀਤਾ। ਹਿੰਦੁਸਤਾਨ ਦੇ ਇਤਿਹਾਸ ਵਿਚ ਪੜ੍ਹੀ ਜਾਣ ਵਾਲੀ ਵਿਲੱਖਣ ਦਾਸਤਾਨ ਹੈ।

ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਸ ਗੱਲ ਵੱਲ ਸੰਕੇਤ ਦਿੱਤਾ ਕਿ ਕਿਵੇਂ ਗਿਆਨ ਵਿਹੂਣੀ ਜਨਤਾ ਬੇਅਣਖ ਹੋ ਕੇ ਮੁਰਦਿਆਂ ਵਾਂਗ ਹਕੂਮਤ ਦੀ ਵਫ਼ਾਦਾਰੀ ਕਰ ਰਹੀ ਹੈ ਅਤੇ ਗ਼ੁਲਾਮਾਂ ਵਾਲੀ ਜ਼ਿੰਦਗੀ ਜੀਅ ਰਹੀ ਹੈ। ‘ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥” ਗੁਰੂ ਜੀ ਨੇ ਲੋਕਾਂ ਨੂੰ ਸਵੈ-ਗਿਆਨ ਦਾ ਪ੍ਰਕਾਸ਼ ਕਰਾਇਆ। ਗੁਰੂ ਸਾਹਿਬ ਜੀ ਦੇ ਨਵੇਂ ਵਿਚਾਰਾਂ ਸਦਕਾ ਐਸੀ ਸੰਗਤ ਬਣੀ ਜਿਨ੍ਹਾਂ ਤਕੜੀਆਂ ਘਾਲਾਂ ਘਾਲੀਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਖ਼ਤ ਤੇ ਬੈਠੇ ਅਤੇ ਉਨ੍ਹਾਂ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਤੇ ਸ਼ਾਹੀ ਵਸਤਰ ਧਾਰਨ ਕੀਤੇ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਹਿ ਕੇ ਸੰਗਤ ਨੂੰ ਚੰਗੇ ਸ਼ਸਤਰ, ਵਧੀਆ ਘੋੜੇ ਗੁਰੂ ਭੇਟਾ ‘ਚ ਲਿਆਉਣ ਲਈ ਸੁਨੇਹੇ ਭਿਜਵਾਏ। ਸਿੱਖ ਨੌਜਵਾਨਾਂ ਨੂੰ ਗੁਰੂ ਸਾਹਿਬ ਨੇ ਘੋੜਸਵਾਰੀ, ਸ਼ਸਤਰ ਚਲਾਉਣੇ, ਸ਼ਿਕਾਰ ਖੇਡਣਾ, ਕਸਰਤਾਂ ਕਰਨੀਆਂ, ਗਤਕਾਬਾਜ਼ੀ ਅਤੇ ਉਹ ਖੇਡਾਂ ਜਿਸ ਨਾਲ ਸਰੀਰ ਰਿਸ਼ਟ-ਪੁਸ਼ਟ ਰਹੇ ਆਦਿ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਕੋਲ ਤਕੜੀ ਫੌਜ ਤਿਆਰ ਹੋ ਗਈ ਸੀ। ਇਹੀ ਕਾਰਨ ਸੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿੰਨੀਆਂ ਵੀ ਲੜਾਈਆਂ ਮੁਗ਼ਲ ਸਾਮਰਾਜ ਨਾਲ ਲੜੀਆਂ ਉਨ੍ਹਾਂ ਵਿਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਲੋਕਾਂ ਨੂੰ ਯਕੀਨ ਹੋ ਗਿਆ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਅੰਜਾਈਂ ਨਹੀਂ ਗਈ। ਉਹ ਕੁਝ ਕਰਨ ਦੇ ਕਾਬਲ ਹੋ ਗਏ ਹਨ। ਪੰਜਾਬ ਦਾ ਕੇਂਦਰੀ ਇਲਾਕਾ ਮਾਝਾ ਗੁਰੂ ਸਾਹਿਬ ਜੀ ਦੇ ਹੁਕਮਾਂ ’ਤੇ ਜਾਨਾਂ ਵਾਰਨ ਨੂੰ ਤਿਆਰ ਹੋ ਗਿਆ ਸੀ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਸਾਰੇ ਦੇਸ਼ ਨੂੰ ਇਕ ਵਾਰੀ ਫਿਰ ਝੰਜੋੜ ਕੇ ਰੱਖ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਨੂੰ ਵਹੀਰਾਂ ਘੱਤੀਆਂ ਗਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ਾਂ ਅਤੇ ਫੌਜੀ ਸਿੱਖਿਆ ਰਾਹੀਂ ਆਪਣੇ ਸਿੱਖਾਂ ਨੂੰ ਮਾਨਵਤਾ ਪ੍ਰਤੀ ਉਨ੍ਹਾਂ ਦੇ ਹੱਕਾਂ ਅਤੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ। ਵਧੀਆ ਘੋੜੇ ਖਰੀਦੇ ਗਏ। ਬਹੁ-ਗਿਣਤੀ ਵਿਚ ਹਥਿਆਰ ਇਕੱਤਰ ਕੀਤੇ ਗਏ। ਕਿਲ੍ਹੇ ਬਣਵਾਏ, ਨਗਾਰੇ ’ਤੇ ਚੋਟ ਲਗਾਈ ਗਈ, ਉੱਚੇ ਨਿਸ਼ਾਨ ਸਾਹਿਬ ਝੁਲਾਏ। ਇਸ ਤਰ੍ਹਾਂ ਧਾਰਮਿਕ ਸ਼ਰਧਾ ਰੱਖਣ ਵਾਲਿਆਂ ਦੀ ਸਵੈ-ਸੇਵੀ ਫੌਜ ਤਿਆਰ ਹੁੰਦੀ ਗਈ, ਜਿਸ ਦਾ ਗੁਰੂ ਸਾਹਿਬ ਆਪ ਨਿਰੀਖਣ ਕਰਦੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜ ਕਿਲ੍ਹੇ ਬਣਵਾਏ। ਇਹ ਕਿਲ੍ਹੇ ਅਨੰਦਗੜ੍ਹ ਸਾਹਿਬ, ਕੇਸਗੜ੍ਹ ਸਾਹਿਬ, ਫ਼ਤਿਹਗੜ੍ਹ ਸਾਹਿਬ, ਅਗੰਮਗੜ੍ਹ ਸਾਹਿਬ ਤੇ ਹੋਲਗੜ੍ਹ ਸਾਹਿਬ ਸਨ।

ਹੋਲਾ ਸ਼ਬਦ ਦੇ ਅਰਥ ਹਨ– ਹਮਲਾ ਜਾਂ ਰੱਲਾ ਜਾਂ ਹੱਲਾ ਕਰਨ ਦੀ ਥਾਂ। ‘ਮਹਾਨ ਕੋਸ਼” ਅਨੁਸਾਰ ਸ੍ਰੀ ਗੁਰੂ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤਿ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇਕ ਖਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਯਾ ਦਿੰਦੇ ਸੀ ਅਤੇ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ।

ਦਸਮੇਸ਼ ਜੀ ਨੇ ਸੰਮਤ ੧੭੫੭ ਚੇਤ ਵਦੀ ੧ ਨੂੰ ਹੋਲਗੜ੍ਹ ਕਿਲ੍ਹੇ ਵਿਚ ਹੋਲਾ-ਮਹੱਲਾ ਖੇਡਣ ਦੀ ਰੀਤ ਚਲਾਈ। ਖਾਲਸੇ ਦੇ ਬੋਲੇ ਵਿਚ ਕਵੀ ਨਿਹਾਲ ਸਿੰਘ ਹੋਲਾ ਬਾਰੇ ਇਸ ਤਰ੍ਹਾਂ ਲਿਖਦੇ ਹਨ:
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰੁ ਕਰਦੋਨਾ ਟੋਲਾ ਹੈ।
ਸ਼ੁਭ ਟਕਸ਼ਾਲਾ ਅਰੁ ਲੱਖ ਬਾਹਾ ਕਲਗਾ ਸਿੰਘ ਸੁਹੇਲਾ ਹੈ।
ਅਪਰ ਮੁਸ਼ਹਿਰਾ ਦਾੜਾ ਜੈਸੇ, ਤੈਸਾ ਹੋਲਾ ਬੋਲਾ ਹੈ।

ਹੋਲਾ ਸ਼ਬਦ ਹੋਲੀ ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਖਾਲਸੇ ਨੇ ਲੋਕਾਂ ਦੇ ਮਨਾਂ ਵਿਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਮਾਰਸ਼ਲ ਆਰਟ ਦੇ ਨਾਲ ਖਾਲਸਾਈ ਬੋਲੇ ਪ੍ਰਚਲਿਤ ਕੀਤੇ। ਜਿਨ੍ਹਾਂ ਨੂੰ ਹੁਣ ਤਕ ਬੋਲਿਆ ਜਾ ਰਿਹਾ ਹੈ। ਇਸ ਤਰ੍ਹਾਂ ਹੋਲੀ ਨੂੰ ਹੋਲਾ ਕਹਿਣਾ ਖਾਲਸੇ ਦੀ ਵਿਲੱਖਣਤਾ ’ਤੇ ਚੜ੍ਹਦੀ ਕਲਾ ਦੇ ਪ੍ਰਤੀਕ ਦੀ ਭਾਵਨਾ ਨੂੰ ਪ੍ਰਗਟਾਉਣਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਤਮਿਕ ਸ਼ਕਤੀ ਦੇ ਚਮਤਕਾਰ ਦਿਖਾਉਣੇ ਅਰੰਭ ਕਰ ਦਿੱਤੇ। ਕਨਿੰਘਮ ਆਪਣੇ ਇਤਿਹਾਸ ਵਿਚ ਲਿਖਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਰਾਂ ਹੇਠ ਲਿਤਾੜੀਆਂ ਹੋਈਆਂ ਸੁੱਤੀਆਂ ਤੇ ਅਲਸਾਈਆਂ ਸ਼ਕਤੀਆਂ ਨੂੰ ਸਫ਼ਲ ਢੰਗ ਨਾਲ ਉਤਾਰਿਆ। ਸ਼ੂਦਰਾਂ ਤੋਂ ਸ਼ੇਰ ਬਣਾਉਣ ਬਾਰੇ ਮੈਕਾਲਫ ਕਹਿੰਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਭਾਰਤ ਵਿਚ ਕਿਸੇ ਵੀ ਯੁੱਧ ਨਾਇਕ ਨੂੰ ਉਨ੍ਹਾਂ ਬੰਦਿਆਂ ਤੋਂ ਸੈਨਾ ਨਿਰਮਾਣ ਕਰਨ ਦਾ ਚਿਤ ਚੇਤਾ ਵੀ ਨਹੀਂ ਸੀ। ਜਿਨ੍ਹਾਂ ਨੂੰ ਜਨਮ ਜਾਤ ਤੋਂ ਅਪਵਿੱਤਰ ਸਮਝਿਆ ਜਾਂਦਾ ਸੀ।

ਦੌਲਤ ਰਾਏ ਦੇ ਮਤ ਅਨੁਸਾਰ ਜੋ ਕੁਝ ਭਗਵਾਨ ਰਾਮ ਨਾ ਕਰ ਸਕੇ, ਜਿਸ ਦਾ ਸ੍ਰੀ ਕ੍ਰਿਸ਼ਨ ਨੂੰ ਕੋਈ ਫੁਰਨਾ ਨਾ ਫੁਰਿਆ, ਜਿਹੜਾ ਕੰਮ ਸ਼ੰਕਰਾਚਾਰੀਆ ਨੂੰ ਘਟੀਆ ਦਿੱਸਦਾ ਸੀ, ਜਿਸ ਦਾ ਧਿਆਨ ਸੂਰਜ ਅਤੇ ਚੰਦਰ ਬੰਸੀ ਵੀਰਾਂ ਨੂੰ ਨਾ ਆਇਆ, ਉਹ ਕੰਮ ਪੂਰਾ ਕਰਨ ਦਾ ਬੀੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੁੱਕਿਆ ਤੇ ਪੂਰਾ ਕਰ ਵਿਖਾਇਆ। ਉਹ ਲੋਕ ਜਿਨ੍ਹਾਂ ਤੇਗ ਨੂੰ ਕਦੀ ਛੁਹਿਆ ਨਹੀਂ ਸੀ, ਜਿਨ੍ਹਾਂ ਦੀਆਂ ਮਨੂਵਾਦੀ ਬ੍ਰਾਹਮਣਾਂ ਨੇ ਠੱਠੀਆਂ, ਖੂਹ, ਛੱਪੜ ਅਲੱਗ ਕਰ ਦਿੱਤੇ ਸਨ। ਜਿਨ੍ਹਾਂ ਨੂੰ ‘ ਭਗਤੀ ਕਰਨ ਦੇ, ਵਿੱਦਿਆ ਪੜ੍ਹਨ ਦੇ ਅਧਿਕਾਰਾਂ ਤੋਂ ਵੰਚਿਤ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਪਰਛਾਵਾਂ ਲੈਣਾ ਭ੍ਰਿਸ਼ਟ ਹੋ ਜਾਣਾ ਐਲਾਨ ਕਰ ਦਿੱਤਾ ਜਾ ਚੁੱਕਾ ਸੀ। ਗੁਰੂ ਸਾਹਿਬ ਨੇ ਇਨ੍ਹਾਂ ਮਸੂਮ ਚਿੜ੍ਹੀਆਂ ਨੂੰ ਬਾਜ਼ਾਂ ਨਾਲ ਲੜਨ ਤੇ ਲੜ ਕੇ ਮਾਰ ਦੇਣ ਦੇ ਸਮਰੱਥ ਕਰ ਦਿੱਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੋਲਾ ਮਹੱਲਾ ਦੀ ਪਰੰਪਰਾ ਹੁਣ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਨ-ਓ-ਸ਼ੌਕਤ ਨਾਲ ਚਲਾਈ ਜਾ ਰਹੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਮਹੱਲਾ ਕੱਢਿਆ ਜਾਂਦਾ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜਿਆਂ ’ਤੇ ਸਵਾਰ ਹੋ ਕੇ ਤੇ ਪੈਦਲ ਜੈਕਾਰੇ ਛੱਡਦੀਆਂ ਹੋਈਆਂ ਪੂਰੇ ਜਾਹ-ਓ-ਜਲਾਲ ਨਾਲ ਚਲਦੀਆਂ ਹਨ। ਜਿਹੜੀਆਂ ਵੀ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਤੁਰੀਆਂ ਹੁੰਦੀਆਂ ਹਨ ਉਹ ਹੋਲੇ ਮਹੱਲੇ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਹੁੰਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਮਹੱਲੇ ਦੇ ਦਰਸ਼ਨ ਕਰ ਕੇ ਸ਼ਾਮ ਤੋਂ ਹੀ ਘਰੀਂ ਪਰਤ ਪੈਂਦੀਆਂ ਹਨ। ਇਸ ਤਰ੍ਹਾਂ ਹੋਲਾ ਮਹੱਲਾ ਜਿੱਥੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਉੱਥੇ ਖਾਲਸਾਈ ਸ਼ਾਨ ਦੇ ਪ੍ਰਤੱਖ ਦਰਸ਼ਨ ਵੀ ਕਰਾਉਂਦਾ ਹੈ।