
ਜ਼ਿਲ੍ਹਾ ਗੁਰਦਾਸਪੁਰ ਦਾ ਨਗਰ ਬਟਾਲਾ ਪੰਜਾਬ ਦਾ ਇਕ ਪ੍ਰਸਿੱਧ ਤੇ ਇਤਿਹਾਸਿਕ ਮਹੱਤਤਾ ਵਾਲਾ ਨਗਰ ਹੈ। ਇਹ ਸ੍ਰੀ ਅੰਮ੍ਰਿਤਸਰ ਤੋਂ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ’ਤੇ ਸ੍ਰੀ ਅੰਮ੍ਰਿਤਸਰ ਤੋਂ ਤਕਰੀਬਨ ਚਾਲ੍ਹੀ ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
‘ਮਹਾਨ ਕੋਸ਼’ ਅਨੁਸਾਰ ਬਟਾਲਾ ਨਗਰ ਨੂੰ ਬਹਿਲੋਲ ਲੋਧੀ ਦੀ ਹਕੂਮਤ ਸਮੇਂ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ। ਇਹ ਨਗਰ ਪੁਰਾਤਨ ਇਤਿਹਾਸਕ ਮਹੱਤਵ ਵਾਲਾ ਹੈ। ਉੱਥੇ ਇਸ ਦਾ ਸਿੱਖ ਇਤਿਹਾਸ ਨਾਲ ਵੀ ਵਿਸ਼ੇਸ਼ ਸੰਬੰਧ ਹੈ। ਬਟਾਲੇ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਛੇਵੇਂ ਗੁਰੂ ਜੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਸਮੇਂ ਇੱਥੇ ਪਧਾਰੇ ਸਨ।
ਪੰਜਾਬ ਦੀ ਮੁਹਿੰਮ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਬਟਾਲੇ ’ਤੇ ਕਬਜ਼ਾ ਕੀਤਾ ਸੀ ਅਤੇ ਮਿਸਲ ਕਾਲ ਸਮੇਂ ਸਰਦਾਰ ਜੱਸਾ ਰਾਮਗੜ੍ਹੀਆ, ਸਰਦਾਰ ਜੈ ਸਿੰਘ ਅਤੇ ਸਰਦਾਰ ਗੁਰਬਖਸ਼ ਸਿੰਘ ਮਿਸਲ ਕਨ੍ਹਈਆ ਨੇ ਵੀ ਇੱਥੇ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਵੀ ਇਸ ਨਗਰ ਦੀ ਹਾਕਮ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਵੱਲੋਂ ਬਣਾਇਆ ਮਹਿਲ ਅੱਜ ਵੀ ਏਥੇ ਮੌਜੂਦ ਹੈ ਜੋ ਕਿ ਵਰਤਮਾਨ ਸਮੇਂ ਬੇਰਿੰਗ ਕ੍ਰਿਸਚੀਅਨ ਕਾਲਜ ਦੀ ਇਮਾਰਤ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਜਦ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ ਤਾਂ ਉਦੋਂ ਗੁਰੂ ਜੀ ਦੀ ਮੰਗਣੀ ਇਸ ਬਟਾਲਾ ਸ਼ਹਿਰ ਦੇ ਬਾਬਾ ਮੂਲ ਚੰਦ ਜੀ ਪਟਵਾਰੀ ਤੇ ਉਨ੍ਹਾਂ ਦੀ ਸੁਪਤਨੀ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਈ। ਸ੍ਰੀ ਮੂਲ ਚੰਦ ਜੀ ਉਂਞ ਪਿਛੋਕੜ ਵਜੋਂ ਪੱਖੋਕੇ ਰੰਧਾਵੇ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ, ਜੋਕਿ ਚੌਧਰੀ ਅਜਿੱਤੇ ਰੰਧਾਵੇ ਦੀ ਜਾਇਦਾਦ ਦੀ ਨਿਗਰਾਨੀ ਕਰਨ ਲਈ ਇੱਥੇ ਆ ਕੇ ਵੱਸੇ ਸਨ।
ਉਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਚੱਲ ਕੇ ਬਾਰਸਤਾ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਵਾਲੇ ਇਲਾਕਿਆਂ ਤੋਂ ਹੁੰਦੀ ਹੋਈ ਬਟਾਲੇ ਪੁੱਜੀ ਸੀ। ਇਸ ਬਰਾਤ ਵਿਚ ਭਾਈ ਮਰਦਾਨਾ ਜੀ, ਹਾਕਮ ਰਾਏ ਬੁਲਾਰ ਜੀ, ਨਵਾਬ ਦੌਲਤ ਖਾਂ ਆਦਿ ਸ਼ਖ਼ਸੀਅਤਾਂ ਵੀ ਸ਼ਾਮਲ ਸਨ। ਬਰਾਤ ਦਾ ਬਟਾਲੇ ਪਹੁੰਚਣ ’ਤੇ ਉਸ ਸਮੇਂ ਦੇ ਪਤਵੰਤੇ ਸੱਜਣਾਂ ਤੇ ਰਿਸ਼ਤੇਦਾਰਾਂ (ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਚੌਧਰੀ ਅਜਿੱਤਾ ਰੰਧਾਵਾ ਜੀ ਵੀ ਸ਼ਾਮਲ ਸਨ) ਨੇ ਨਿੱਘਾ ਸੁਆਗਤ ਕੀਤਾ। ਬਰਾਤ ਦਾ ਉਤਾਰਾ ਪਹਿਲਾਂ ਅਜੋਕੇ ਗੁਰਦੁਆਰਾ ਕੰਧ ਸਾਹਿਬ ਵਾਲੇ ਸਥਾਨ ’ਤੇ ਕੀਤਾ ਗਿਆ। ਅੱਜਕਲ ਇਹ ਅਸਥਾਨ ਬਟਾਲੇ ਸ਼ਹਿਰ ਵਿਚ ਨਹਿਰੂ ਦਰਵਾਜ਼ੇ ਤੋਂ ਚਕਰੀ ਬਜ਼ਾਰ ਰਾਹੀਂ ਹੁੰਦਿਆਂ ਹੋਇਆਂ ਟਿੱਬਾ ਬਜ਼ਾਰ ਪਾਰ ਕਰ ਕੇ ਅੱਚਲੀ ਦਰਵਾਜ਼ੇ ਦੇ ਰਸਤੇ ਵਿਚ ਹੈ। ਇਹ ਸਥਾਨ ਸ੍ਰੀ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ’ਤੇ ਬਟਾਲਾ ਰੇਲਵੇ ਸਟੇਸ਼ਨ ਤੋਂ ਢੇਡ ਕੁ ਕਿਲੋਮੀਟਰ ਅਤੇ ਬੱਸ ਸਟੈਂਡ ਬਟਾਲਾ ਤੋਂ ਮਹਿਜ਼ ਇੱਕ ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
ਗੁਰਦੁਆਰਾ ਕੰਧ ਸਾਹਿਬ ਵਾਲਾ ਸਥਾਨ ਉਸ ਸਮੇਂ ਭਾਈ ਜਮੀਤ ਰਾਏ ਬੰਸੀ ਦੀ ਹਵੇਲੀ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਜੀ ਦੀ ਬਰਾਤ ਇੱਥੇ ਪਹੁੰਚੀ ਸੀ, ਤਾਂ ਉਸ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਉੱਥੇ ਇਕ ਪੁਰਾਤਨ ਕੱਚੀ ਕੰਧ ਸੀ, ਜਿਸ ਦੇ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਰਾਤੀਆਂ ਸਮੇਤ ਠਹਿਰਾਅ ਕੀਤਾ। ਉਸ ਸਮੇਂ ਉੱਥੇ ਮੌਜੂਦ ਇਕ ਬਿਰਧ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ, “ਇਸ ਕੰਧ ਦੇ ਹੇਠਾਂ ਨਾ ਬੈਠੋ ਇਹ ਕੱਚੀ ਹੈ।” ਇਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ, “ਮਾਤਾ ਜੀ! ਇਹ ਕੰਧ ਜੁਗੋ-ਜੁਗ ਕਾਇਮ ਰਹੇਗੀ।” ਸਤਿਗੁਰਾਂ ਦੇ ਬਚਨਾਂ ਸਦਕਾ ਇਹ ਕੱਚੀ ਕੰਧ ਅੱਜ ਵੀ ਇੱਥੇ ਮੌਜੂਦ ਹੈ, ਜਿਸਦੇ ਨਾਮ ’ਤੇ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ ਹੈ। ਵਰਤਮਾਨ ਸਮੇਂ ਵਿਚ ਇਹ ਕੰਧ ਸ਼ੀਸ਼ੇ ਦੇ ਫਰੇਮ ਵਿਚ ਸੁਰੱਖਿਅਤ ਹੈ। ਇਸ ਇਤਿਹਾਸਿਕ ਕੰਧ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਕੰਧ ਸਾਹਿਬ ਵਾਲੇ ਸਥਾਨ ’ਤੇ ਠਹਿਰਾਅ ਉਪਰੰਤ ਗੁਰੂ ਜੀ ਦਾ ਵਿਆਹ ਇੱਥੋਂ ਲਾਗੇ ਹੀ ਗੁਰਦੁਆਰਾ ਡੇਹਰਾ ਸਾਹਿਬ ਵਾਲੇ ਸਥਾਨ ’ਤੇ ਭਾਦੋਂ ਸੁਦੀ ੭ ਸੰਮਤ ੧੫੪੪ ਮੁਤਾਬਕ ਸੰਨ ੧੪੮੭ ਈ. ਨੂੰ ਹੋਇਆ।(ਇਹ ਡੇਹਰਾ ਸਾਹਿਬ ਵਾਲਾ ਸਥਾਨ ਗੁਰੂ ਜੀ ਦਾ ਸਹੁਰਾ-ਘਰ ਸੀ। ਜੋ ਕਿ ਗੁਰਦੁਆਰਾ ਕੰਧ ਸਾਹਿਬ ਵਾਲੇ ਸਥਾਨ ਤੋਂ ਕਰੀਬ ੧੦੦ ਮੀਟਰ ਦੂਰੀ ’ਤੇ ਸਥਿਤ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਡੇਹਰਾ ਸਾਹਿਬ ਵਾਲੇ ਸਥਾਨ ’ਤੇ ਮਾਤਾ ਸੁਲੱਖਣੀ ਜੀ ਦਾ ਵੀ ਜਨਮ ਹੋਇਆ ਸੀ। ਜਿੱਥੇ ਉਸ ਸਮੇਂ ਦਾ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ) ਗੁਰਦੁਆਰਾ ਕੰਧ ਸਾਹਿਬ ਵਾਲੇ ਸਥਾਨ ਨੂੰ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਪੱਕਾ ਗੁਰ-ਅਸਥਾਨ ਬਣਾਇਆ ਸੀ ਅਤੇ ਕੁਝ ਜਗੀਰ ਵੀ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ ਸੀ।
ਇਹ ਸਥਾਨ ਪਹਿਲਾਂ ਮੁਕਾਮੀ ਪੁਜਾਰੀਆਂ ਦੀ ਨਿੱਜੀ ਜਾਇਦਾਦ ਸੀ, ਪਰੰਤੂ ਬਾਅਦ ਵਿਚ ਇਹ ਸਥਾਨ ਸੇਵਾ ਕਮੇਟੀ ਗੁਰਦੁਆਰਾ ਕੰਧ ਸਾਹਿਬ ਨੇ ਸੰਭਾਲਿਆ। ਗੁਰਦੁਆਰਾ ਸਾਹਿਬ ਦੀ ਵਰਤਮਾਨ ਇਮਾਰਤ ਦੀ ਨੀਂਹ ਗੁਰਦੁਆਰਾ ਸਾਹਿਬ ਦੇ ਦੁਆਰ ’ਤੇ ਲੱਗੀ ਸਿਲ੍ਹ ਮੁਤਾਬਕ ਸ੍ਰੀ ਸੰਤ ਬਾਬਾ ਹਰਨਾਮ ਸਿੰਘ ਕਿਲ੍ਹੇ ਵਾਲਿਆਂ (ਹਾਲ ਨੁਸ਼ਿਹਰਾ ਸਾਹਿਬ) ੧੨ ਭਾਦਰੋਂ, ੨੦੦੯ ਮੁਤਾਬਿਕ ੨੭ ਅਗਸਤ, ੧੯੫੨ ਨੂੰ ਮਹਾਰਾਜ ਦੇ ਵਿਵਾਹ ਗੁਰਪੁਰਬ ਸਮੇਂ ਰੱਖੀ। ਜੋ ਕਿ ਸੰਗਮਰਮਰ ਦੀ ਬਣੀ ਹੋਈ ਹੈ। ਮੌਜੂਦਾ ਸਮੇਂ ਇਸ ਸਥਾਨ ਦਾ ਪ੍ਰਬੰਧ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਮੈਨੇਜਰ ਰਾਹੀਂ ਕੀਤਾ ਜਾ ਰਿਹਾ ਹੈ।
ਇੱਥੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਾ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੋ ਕਿ ਇਸ ਸਾਲ ੩੦ ਅਗਸਤ, ੨੦੨੫ ਨੂੰ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਸਮੇਂ ਵਾਂਗ ਹੁਣ ਵੀ ਵੱਡੀ ਗਿਣਤੀ ਵਿਚ ਸੰਗਤ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ (ਬਰਾਤ) ਲੈ ਕੇ ਇਸ ਅਸਥਾਨ ’ਤੇ ਪਹੁੰਚ ਕੇ ਗੁਰੂ-ਘਰ ਦੀਆਂ ਖੁਸ਼ੀਆਂ ਹਾਸਲ ਕਰਦੀ ਹੈ।
-ਬਿਕਰਮਜੀਤ ਸਿੰਘ ਜੀਤ*