
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰਨਾਂ ਮਹਾਂਪੁਰਖਾਂ ਦੀ ਬਾਣੀ ਜਿਥੇ ਮੁੱਖ ਤੌਰ ਤੇ, ਮਨੁੱਖ ਮਾਤਰ ਨੂੰ ਨਾਮ ਜਪਣ ਅਤੇ ਜੀਵਨ ਮੁਕਤ ਹੋਣ ਦਾ ਸੁਨੇਹੜਾ ਦਿੰਦੀ ਹੈ ਜਿਸ ਦੇ ਮੂਲ ਸਰੋਤ ਪ੍ਰੇਮ, ਅਨੁਰਾਗ ਅਤੇ ਵੈਰਾਗ ਹਨ, ਓਥੇ ਨਾਲ ਹੀ ਗੁਰਬਾਣੀ ਦਾ ਗਹੁ ਨਾਲ ਅਧਿਐਨ ਕਰਨ ਉਪਰੰਤ ਇਹ ਤੱਥ ਉਜਾਗਰ ਹੁੰਦਾ ਹੈ ਕਿ ਗੁਰਬਾਣੀ ਮਨੁੱਖ ਨੂੰ ਦੁਨੀਆਂ ਵਿੱਚ ਸਵੈਮਾਨ ਅਤੇ ਅਣਖ ਨਾਲ ਸਿਰ ਉਚਾ ਕਰਕੇ ਜਿਊਣ ਦਾ ਸੁਨੇਹਾ ਦਿੰਦੀ ਹੈ। ਬਾਣੀ ਮੁਤਾਬਿਕ ਜੇ ਕੋਈ ਮਨੁੱਖ ਇਸ ਢੰਗ ਦਾ ਜੀਵਨ ਜਿਊਂਦਾ ਹੈ ਕਿ ਉਸਨੂੰ ਜਿੰਦਾ ਰਹਿਣ ਲਈ ਅੰਨ ਪਾਣੀ ਤਾਂ ਮਿਲਦਾ ਹੈ, ਉਸ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ, ਪਰ ਉਸ ਦਾ ਜੀਵਨ ਸਵੈਮਾਨ-ਰਹਿਤ ਹੈ, ਉਸ ਦੀ ਸੋਚ ਅਤੇ ਜੀਵਨ ਜਾਚ ਗੁਲਾਮਾਂ ਵਰਗੀ ਹੈ ਤਾਂ ਉਸਦੇ ਅਜਿਹੇ ਜੀਵਨ ਦਾ ਕੋਈ ਲਾਭਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਮਹਾਨ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਮਨੁੱਖ ਨੂੰ ਸਵੈਮਾਨ ਨਾਲ ਧੌਣ ਉਚੀ ਕਰਕੇ ਜਿਊਣ ਦੀ ਪ੍ਰੇਰਣਾ ਅਤੇ ਹੌਸਲਾ ਦਿੱਤਾ ਹੈ। ਆਪ ਜੀ ਦਾ ਫੁਰਮਾਨ ਹੈ
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ।।
ਜਦੋਂ ਗੁਰੂ ਸਾਹਿਬ ਨੇ ਬਾਦਸ਼ਾਹ ਬਾਬਰ ਵਲੋਂ ਭਾਰਤ ਉਤੇ ਕੀਤੇ ਹਮਲੇ ਵੇਲੇ, ਦੇਸ਼ ਵਾਸੀਆਂ ਉਤੇ ਢਾਹੇ ਜਾ ਰਹੇ ਜੁਲਮਾਂ ਨੂੰ ਅੱਖੀਂ ਦੇਖਿਆ ਤਾਂ ਉਨ੍ਹਾਂ ਨੇ ਅਕਾਲ ਪੁਰਖ ਨੂੰ ਵੀ ਰੋਹ ਅਤੇ ਰੋਸ ਨਾਲ ਸੰਬੋਧਨ ਕਰਦਿਆਂ ਗਿਲਾ ਕੀਤਾ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ (ਅੰਗ ੩੬੦)
ਆਪ ਜੀ ਨੇ ਇਨਕਲਾਬੀ ਸੁਰ ਵਿੱਚ ਬਾਬਰ ਨੂੰ ਜਾਬਰ ਕਹਿਣ ਦੀ ਮਹਾਨ ਜੁਰਅੱਤ ਕੀਤੀ ਅਤੇ ਉਸਦੀ ਆਤਮਾ ਨੂੰ ਹਲੂਣ ਕੇ ਜਗਾਇਆ ਅਤੇ ਆਪਣੇ ਦੇਸ਼ ਵਾਸੀਆਂ ਦੀ ਬੰਦ ਖਲਾਸੀ ਕਰਵਾਈ।
ਸ਼੍ਰੋਮਣੀ ਭਗਤ ਕਬੀਰ ਸਾਹਿਬ ਵੀ ਆਪਣੀ ਬਾਣੀ ਵਿੱਚ ਇਨਕਲਾਬੀ ਸੋਚ ਅਪਨਾਉਣ ਦਾ ਸੁਨੇਹਾ ਦਿੰਦੇ ਹੋਏ ਧਾਰਮਿਕ ਅਜ਼ਾਦੀ ਲਈ ਜੂਝਣ ਦਾ ਪੈਗਾਮ ਇਉਂ ਦਿੰਦੇ ਹਨ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥
(ਅੰਗ ੧੧੦੫)
ਗੁਰਬਾਣੀ ਦਾ ਕਥਨ ਹੈ ਕਿ ਪ੍ਰੇਮ ਮਾਰਗ ਉਤੇ ਚਲਣ ਵਾਲੇ ਜੀਅੜੇ ਨੂੰ ਆਪਣਾ ਆਪਾ ਕੁਰਬਾਨ ਕਰਨ ਲਈ ਹਮੇਸ਼ਾਂ ਤੱਤਪਰ ਰਹਿਣਾ ਚਾਹੀਦਾ ਹੈ। ਕੁਰਬਾਨੀ ਵੀ ਸਵੈ-ਇੱਛਾ ਨਾਲ ਦਿੱਤੀ ਪਰਵਾਣ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
(ਅੰਗ ੧੪੧੦)
ਗੁਰਬਾਣੀ ਦਾ ਸੰਦੇਸ਼ ਹੈ ਕਿ ਮਾਨਵਤਾ ਦੀ ਖਾਤਿਰ ਆਪਾ ਵਾਰਨ ਵਾਲਾ ਸਹੀ ਅਰਥਾਂ ਵਿੱਚ ਜੌਧਾ ਅਤੇ ਸੂਰਮਾ ਹੈ। ਗੁਰ ਫੁਰਮਾਨ ਹੈ:
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥
(ਅੰਗ ੫੭੯)
ਗੁਰਬਾਣੀ ਮੁਤਾਬਿਕ ਅਸੂਲ ਪ੍ਰਸਤੀ ਅਤੇ ਧਰਮ ਲਈ ਕੁਰਬਾਨੀ ਕਰਨ ਵਾਲਾ ਵਿਅਕਤੀ ਅਮਰ ਪਦਵੀ ਨੂੰ ਪ੍ਰਾਪਤ ਕਰਦਾ ਹੈ।
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥
ਗੁਰਬਾਣੀ ਦੇ ਇਨਕਲਾਬੀ ਸੰਦਰਭ ਵਿੱਚ ਮਨੁੱਖ ਨੂੰ, ਗੁਸਾਂਈਂ ਦਾ ਪਹਿਲਵਾਨੜਾ ਅਰਥਾਤ ਅਖਾੜੇ ਦਾ ਮੱਲ ਆਖ ਕੇ ਵਡਿਆਇਆ ਗਿਆ ਹੈ। ਇਸ ਮੱਲ ਨੇ ਸਮਰੱਥ ਗੁਰੂ ਤੋਂ ਓਟ ਆਸਰਾ ਅਤੇ ਕੰਡ ਤੇ ਥਾਪੜਾ ਲੈ ਕੇ, ਪੰਜ ਵਿਕਾਰਾਂ ਨਾਲ ਜੂਝਦਿਆਂ ਉਨ੍ਹਾਂ ਉਤੇ ਫਤਹਿ ਹਾਸਲ ਕਰਨੀ ਹੈ:
ਹਉ ਗੋਸਾਈ ਦਾ ਪਹਿਲਵਾਨੜਾ ॥
ਮੈ ਗੁਰ ਮਿਲਿ ਉਚ ਦੁਮਾਲੜਾ ॥
ਸਭ ਹੋਈ ਛਿੰਝ ਇਕਠੀਆ
ਦਯੁ ਬੈਠਾ ਵੇਖੈ ਆਪਿ ਜੀਉ॥੧੭॥
ਵਾਤ ਵਜਨਿ ਟੰਮਕ ਭੇਰੀਆ ॥
ਮਲ ਲਥੇ ਲੈਦੇ ਫੇਰੀਆ ॥
(ਅੰਗ ੭੩)
ਜਿਹੜਾ ਮਨੁੱਖ ਪੰਜ ਵਿਕਾਰਾਂ ਨੂੰ, ਗੁਰੂ ਤੋਂ ਮਿਲੇ ਆਤਮਿਕ ਬਲ ਨਾਲ ਹਰਾ ਦਿੰਦਾ ਹੈ. ਉਹ ਸਹੀ ਅਰਥਾਂ ਵਿੱਚ ਜੀਵਨ ਦਾ ਨਾਇਕ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੱਚੇ ਮਾਰਗ ਉਤੇ ਸਾਬਤ ਕਦਮੀ ਨਾਲ ਚੱਲਣ ਵਾਲਿਆਂ ਨੇ ਕਦੇ ਕਿਸੇ ਤਾਕਤਵਰ ਤੋਂ ਤਾਕਤਵਰ ਦੀ ਵੀ ਪ੍ਰਵਾਹ ਨਹੀਂ ਕੀਤੀ। ਭਗਤ ਕਬੀਰ ਜੀ ਨੂੰ ਵੀ ਸਮੇਂ ਦੇ ਬਾਦਸ਼ਾਹ ਨੇ ਹਾਥੀ ਅੱਗੇ ਸੁਟਵਾਇਆ ਅਤੇ ਬੇੜੀਆਂ ਵਿੱਚ ਜਕੜ੍ਹ ਕੇ ਗੰਗਾ ਨਦੀ ਵਿੱਚ ਸੁੱਟਵਾ ਦਿੱਤਾ। ਉਨ੍ਹਾਂ ਅੰਦਰਲੀ ਇਨਕਲਾਬੀ ਸੋਚ ਨੇ ਉਨ੍ਹਾਂ ਨੂੰ ਜੇਤੂ ਬਣਾ ਕੇ ਉਨ੍ਹਾਂ ਦੀ ਜੈ ਜੈ ਕਾਰ ਕਰਵਾਈ:
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥
ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
(ਅੰਗ ੧੧੬੨)
ਇਸੇ ਪ੍ਰਕਾਰ ਜਦੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਨੂੰ ਸਮੇਂ ਦੇ ਹਾਕਮਾਂ ਨੇ ਧਮਕਾ ਕੇ ਉਨ੍ਹਾਂ ਕੋਲੋਂ ਰਾਮ ਦੀ ਥਾਂ ਅੱਲ੍ਹਾ ਜਾਂ ਖੁਦਾ ਅਖਵਾਉਣਾ ਚਾਹਿਆ ਤਾਂ ਉਨ੍ਹਾਂ ਨੇ ਦਲੇਰੀ ਨਾਲ ਇਨਕਾਰ ਕਰ ਦਿੱਤਾ ਤੇ ਫੁਰਮਾਇਆ:
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
ਮੇਰੋ ਅਉਰ ਪਨ ਸਿਉ ਨਹੀ ਕਾਮੁ ॥੧॥ ਰਹਾਉ ॥
(ਅੰਗ ੧੧੯੪)
ਇਥੋਂ ਤੱਕ ਕੇ ਜਦੋਂ ਭਗਤ ਨਾਮਦੇਵ ਜੀ ਦੀ ਮਾਤਾ ਨੇ ਵੀ ਉਨ੍ਹਾਂ ਨੂੰ ਹਾਕਮਾਂ ਦਾ ਆਖਾ ਮੰਨਣ ਲਈ ਆਖਿਆ ਤਾਂ ਉਨ੍ਹਾਂ ਨੇ ਮਾਤਾ ਨੂੰ ਇਹ ਖਰੀ ਗੱਲ ਸੁਣਾਈ:
ਰੁਦਨੁ ਕਰੈ ਨਾਮੇ ਕੀ ਮਾਇ ॥
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
(ਅੰਗ ੧੧੬੫)
ਸ੍ਰੀ ਨਾਮਦੇਵ ਜੀ ਨੂੰ ਅੱਲ੍ਹਾ ਜਾਂ ਖੁਦ੍ਹਾ ਕਹਿਣ ਵਿੱਚ ਕੋਈ ਇਤਰਾਜ਼ ਨਹੀਂ ਸੀ ਪਰ ਉਹ ਕਿਸੇ ਦੀ ਧੌਂਸ ਅੱਗੇ ਹਰਗਿਜ਼ ਝੁਕਣ ਵਾਲੇ ਨਹੀਂ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਿਰੀ ਰਾਗ, ਮਾਨਸਿਕ ਤੋਰ ਤੇ ਡਿਗੇ ਢੱਠੇ ਤੇ ਨਿਰਾਸ਼ ਵਿਅਕਤੀ ਵਿੱਚ ਜੋਸ਼ ਅਤੇ ਉਤਸ਼ਾਹ ਦਾ ਸੰਚਾਰ ਕਰਦਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਨ ਕੀਤੀ ਆਸਾ ਕੀ ਵਾਰ ਫੋਕਟ ਕਰਮ ਕਾਂਡਾਂ, ਅਨਿਆਂ ਅਤੇ ਜਬਰ ਵਿਰੁੱਧ ਉਠ ਖਲੋਣ ਦਾ ਹੌਕਾ ਦਿੰਦੀ ਹੈ।
ਸਿੱਖ ਇਤਿਹਾਸ ਦੇ, ਅਣਗਿਣਤ ਸ਼ਹੀਦਾਂ, ਮੁਰੀਦਾਂ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆਂ ਨੇ ਗੁਰਬਾਣੀ ਤੋਂ ਮਿਲਦੇ ਇਨਕਲਾਬੀ ਸੁਨੇਹੇ ਦੀ ਪ੍ਰੇਰਣਾ ਸਦਕਾ ਹੀ ਲਾਸਾਨੀ ਕੁਰਬਾਨੀਆਂ ਦੇ ਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਸੋ ਗੁਰਬਾਣੀ ਦੇ ਇਨਕਲਾਬੀ ਉਪਦੇਸ਼ਾਂ ਤੇ ਚੱਲ ਕੇ ਕੋਈ ਵੀ ਪ੍ਰਾਣੀ, ਜੀਅੜੇ ਤੋਂ ਮਰਜੀਵੜਾ ਬਣ ਸਕਦਾ ਹੈ।
ਸ: ਤੀਰਥ ਸਿੰਘ ਢਿੱਲੋਂ