106 views 15 secs 0 comments

ਗੁਰਬਾਣੀ ਵਿਚ ਇਸਤਰੀ ਚੇਤਨਾ

ਲੇਖ
February 20, 2025

-ਪ੍ਰੋ. ਨਵ ਸੰਗੀਤ ਸਿੰਘ

ਇਸਤਰੀ ਅਤੇ ਮਰਦ ਪ੍ਰਕਿਰਤੀ ਦੇ ਆਧਾਰ-ਸਤੰਭ ਹਨ। ਸਾਰੀ ਸ੍ਰਿਸ਼ਟੀ, ਚਾਹੇ ਉਹ ਬਨਸਪਤੀ ਹੈ, ਚਾਹੇ ਪ੍ਰਾਣੀ ਜਗਤ- ਸਭ ਦਾ ਮੂਲ ਨਰ ਅਤੇ ਨਾਰੀ ਦਾ ਸੰਜੋਗ ਹੈ। ਮਾਨਵ-ਸਮਾਜ ਦਾ ਅੱਧਾ ਹਿੱਸਾ ਨਾਰੀ ਹੈ ਤੇ ਅੱਧਾ ਨਰ, ਪਰ ਜਨਨੀ ਅਤੇ ਪਾਲਣਹਾਰੀ ਹੋਣ ਕਰਕੇ ਕਈ ਪੱਖਾਂ ਤੋਂ ਇਸਤਰੀ ਦਾ ਮਹੱਤਵ ਵਧੇਰੇ ਹੈ।

ਜੇਕਰ ਪੁਰਾਤਨ ਇਤਿਹਾਸ, ਮਿਥਿਹਾਸ, ਧਰਮ ਤੇ ਦਰਸ਼ਨ ਨੂੰ ਵਾਚੀਏ ਤਾਂ ਪਤਾ ਲਗਦਾ ਹੈ ਕਿ ਇਸਤਰੀ ਹਮੇਸ਼ਾ ਪੁਰਸ਼ ਦੇ ਨਾਲ-ਨਾਲ ਰਹੀ ਹੈ। ਇਸਤਰੀ ਮਰਦ ਦੇ ਸੰਜੋਗ ਨਾਲ ਹੀ ਸ੍ਰਿਸ਼ਟੀ ਰਚਨਾ ਹੋਈ ਹੈ। ਧਰਮ, ਸਾਹਿਤ, ਦਰਸ਼ਨ, ਪੌਰਾਣ, ਚਿੱਤਰਕਲਾ, ਸ਼ਿਲਪ ਕਲਾ ਆਦਿ ਵਿਚ ਇਸੇ ਭਾਵ ਨੂੰ ਰੇਖਾਂਕਿਤ ਕੀਤਾ ਗਿਆ ਹੈ।’

ਬੇਸ਼ਕ ਇਹ ਸਾਰੀਆਂ ਗਵਾਹੀਆਂ ਇਸਤਰੀ ਦੀ ਪੁਰਸ਼ ਨਾਲ ਹਮਕਦਮੀ ਦੀ ਗਵਾਹੀ ਭਰਦੀਆਂ ਹਨ, ਪਰ ਫਿਰ ਵੀ ਇਸਤਰੀ ਦੀ ਸਥਿਤੀ ਨਿਰਾਸ਼ਾਜਨਕ ਹੀ ਰਹੀ ਹੈ। ਜਿਵੇਂ-ਜਿਵੇਂ ਮਨੁੱਖ ਨੇ ਸਮਾਜਿਕ ਸੰਗਠਨਾਂ ਦੇ ਰੂਪ ਵਿਚ ਰਹਿਣਾ ਸ਼ੁਰੂ ਕੀਤਾ, ਸਮਾਜ ਦਾ ਵਿਕਾਸ ਹੁੰਦਾ ਗਿਆ, ਪਰ ਮਰਦ-ਇਸਤਰੀ ਦੇ ਰਿਸ਼ਤੇ ਜਟਿਲ ਹੁੰਦੇ ਗਏ। ਨਵੇਂ-ਨਵੇਂ ਰਿਸ਼ਤੇ ਹੋਂਦ ਵਿਚ ਆਏ ਨਾਤੇਦਾਰੀਆਂ ਸਥਾਪਿਤ ਹੋਈਆਂ ਅਤੇ ਇਨ੍ਹਾਂ ਨੂੰ ਨਿਭਾਉਣ ਲਈ ਮਰਯਾਦਾਵਾਂ ਸਥਾਪਿਤ ਹੋਈਆਂ। ਇਕ ਨਰੋਏ ਸਮਾਜ ਦੇ ਨਾਲ ਬਹੁਤ ਸਾਰੇ ਸਮਾਜਿਕ ਪ੍ਰਬੰਧ ਹੋਂਦ ਵਿਚ ਆਏ, ਕੁਝ ਮਨਾਹੀਆਂ ਸਿਰਜੀਆਂ ਗਈਆਂ ਅਤੇ ਸਮੁੱਚਾ ਮਾਨਵ-ਜੀਵਨ ਨਿਯਮਬੱਧ ਹੋ ਗਿਆ। ਇਨ੍ਹਾਂ ਦੀ ਪਾਲਣਾ ਕਰਦਾ ਮਾਨਵ-ਜਗਤ ਸਮਾਜ ਦਾ ਇਕ ਮਹੱਤਵਪੂਰਨ ਮੈਂਬਰ ਬਣ ਗਿਆ। ਇਸਤਰੀ ਅਤੇ ਪੁਰਖ ਵਿਚਕਾਰ ਕਰਤੱਵਾਂ ਅਤੇ ਅਧਿਕਾਰਾਂ ਦੀ ਵੰਡ ਹੋਈ, ਜਿਸ ਵਿਚ ਮਹੱਤਵਪੂਰਨ ਰੁਤਬੇ ਮਰਦ ਨੇ ਹਥਿਆ ਲਏ ਅਤੇ ਬਾਕੀ ਇਸਤਰੀ ਦੇ ਹਿੱਸੇ ਆਏ। ਹੌਲੀ-ਹੌਲੀ ਮਰਦ-ਇਸਤਰੀ ਵਿਚਲੀ ਸਮਾਨਤਾ ਘਟਦੀ ਗਈ। ਮਰਦ ਦਾ ਅਧਿਕਾਰ ਵਧਦਾ ਗਿਆ ਤੇ ਉਹ ਮਾਲਕ ਬਣਦਾ ਗਿਆ, ਜਦਕਿ ਇਸਤਰੀ ਗ਼ੁਲਾਮ ਬਣਦੀ ਗਈ। ਮਰਦ ਨੇ ਧਰਮ, ਸਾਹਿਤ, ਦਰਸ਼ਨ, ਕਲਾ ਆਦਿ ਖੇਤਰਾਂ ਨੂੰ ਵੀ ਆਪਣੇ ਪੱਖ ਵਿਚ ਕਰ ਲਿਆ। ਲੱਗਭਗ ਹਰ ਧਰਮ/ਦੇਸ਼ ਵਿਚ ਇਸਤਰੀ ਨੂੰ ਉਹਦਾ ਬਣਦਾ ਹੱਕ ਨਹੀਂ ਦਿੱਤਾ ਗਿਆ। ‘ਮਨੂੰ ਸਿਮ੍ਰਤੀ’ ਵਿਚ ਤਾਂ ਇਸਤਰੀ ਨੂੰ ਦਲਿਤ ਜਿਹਾ ਰੁਤਬਾ ਦਿੱਤਾ ਗਿਆ ਹੈ: “ਬਚਪਨ ਵਿਚ ਇਸਤਰੀ ਪਿਤਾ ਦੇ ਅਧੀਨ ਰਹੇ, ਜਵਾਨੀ ਵਿਚ ਪਤੀ ਦੇ ਅਧੀਨ ਅਤੇ ਪਤੀ ਦੇ ਪ੍ਰਲੋਕ ਸਿਧਾਰਨ ਤੇ ਉਹ ਪੁੱਤਰਾਂ ਦੇ ਅਧੀਨ ਰਹੇ। ਇਸਤਰੀ ਕਦੇ ਸੁਤੰਤਰ ਨਾ ਹੋ ਸਕੇ।

ਇਵੇਂ ਹੀ ਹੋਰਨਾਂ ਮਤ-ਮਤਾਂਤਰਾਂ ਵਿਚ ਵੀ ਇਸਤਰੀ ਦੀ ਪਾਕੀਜ਼ਗੀ ਕੋਈ ਅਰਥ ਨਹੀਂ ਰੱਖਦੀ ਅਤੇ ਇਸ ਨੂੰ ਗੈਰ- ਇਖ਼ਲਾਕੀ ਅਤੇ ਗਵਾਰ ਮੰਨਿਆ ਗਿਆ। ਬੁੱਧ ਮਤ ਵਿਚ ਇਸਤਰੀ ਨੂੰ ਜ਼ਹਿਰ ਮੰਨਿਆ ਹੈ; ਇਸਲਾਮ ਵਿਚ ਦੋ ਇਸਤਰੀਆਂ ਦੀ ਗਵਾਹੀ ਇਕ ਮਰਦ ਦੇ ਬਰਾਬਰ ਹੈ; ਜੈਨ ਮਤ ਵਿਚ ਵਿਸ਼ਵਾਸ ਹੈ ਕਿ ਇਸਤਰੀ ਦਾ ਕਦੇ ਕਲਿਆਣ ਨਹੀਂ ਹੋ ਸਕਦਾ; ਜੋਗ ਮਤ ਵਿਚ ਇਸਤਰੀ ਨੂੰ ਮੁਕਤੀ ਦੇ ਰਾਹ ਵਿਚ ਰੁਕਾਵਟ ਮੰਨਿਆ ਗਿਆ ਹੈ ਅਤੇ ਇਸ ਨੂੰ ਨਾਗਣ, ਬਾਘਣ ਤੇ ਸੱਪਣੀ ਜਿਹੇ ਘ੍ਰਿਣਾਜਨਕ ਵਿਸ਼ੇਸ਼ਣ ਦਿੱਤੇ ਗਏ।

ਪੰਦਰ੍ਹਵੀਂ ਸਦੀ ਦੇ ਦੂਜੇ ਅੱਧ ਵਿਚ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਦੋਂ ਇਸਤਰੀ ਦੀ ਹਾਲਤ ਬਹੁਤ ਤਰਸਯੋਗ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮਹਿਸੂਸ ਕੀਤਾ ਕਿ ਇਕ ਨਰੋਏ ਸਮਾਜ ਦੀ ਉਸਾਰੀ ਲਈ ਜ਼ਰੂਰੀ ਹੈ ਕਿ ਇਸਤਰੀ ਦਾ ਸਤਿਕਾਰ ਕਾਇਮ ਰੱਖਿਆ ਜਾਵੇ। ਉਨ੍ਹਾਂ ਨੇ ਇਸਤਰੀ ਦੇ ਮਹੱਤਵ ਨੂੰ ਦ੍ਰਿੜ੍ਹ ਕਰਵਾਉਂਦਿਆਂ ਸਪਸ਼ਟ ਕੀਤਾ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (ਪੰਨਾ ੪੭੩)

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਬਾਰੇ ਉਕਤ ਵਿਚਾਰ ਹੀ ਨਹੀਂ ਦਿੱਤੇ, ਸਗੋਂ ਸਾਰੀ ਉਮਰ ਇਸ ਉੱਤੇ ਪਹਿਰਾ ਵੀ ਦਿੱਤਾ। ਉਨ੍ਹਾਂ ਨੇ ਖ਼ੁਦ ਆਪਣੀ ਮਾਤਾ ਤ੍ਰਿਪਤਾ, ਭੈਣ ਨਾਨਕੀ ਅਤੇ ਸੁਪਤਨੀ ਬੀਬੀ ਸੁਲੱਖਣੀ ਜੀ ਦਾ ਸਤਿਕਾਰ ਕਾਇਮ ਰੱਖਿਆ। ਗੁਰੂ ਜੀ ਨੇ ਇਸਤਰੀ ਜਾਤੀ ਪ੍ਰਤੀ ਆਪਣੀ ਬਾਣੀ ਵਿਚ ਅਨੇਕ ਸਿਧਾਂਤਾਂ ਦਾ ਪ੍ਰਤਿਪਾਦਨ ਕੀਤਾ ਅਤੇ ਸੁਚੱਜੇ ਜੀਵਨ ਦੀਆਂ ਜੁਗਤੀਆਂ ਦੱਸੀਆਂ, ਤਾਂਕਿ ਇਸਤਰੀ ਨੂੰ ਆਪਣੀ ਖੁਸ਼ੀ ਹੋਈ ਆਦਰਯੋਗ ਥਾਂ ਪ੍ਰਾਪਤ ਹੋ ਸਕੇ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸਤਰੀ ਦੇ ਸਨਮਾਨ ਦੀ ਬਹਾਲੀ ਲਈ ਕੁਝ ਹੋਰ ਠੋਸ ਕਦਮ ਉਠਾਏ। ਆਪ ਨੇ ਸਮਾਜਿਕ ਨਾ-ਬਰਾਬਰੀ, ਛੂਤ-ਛਾਤ ਅਤੇ ਊਚ-ਨੀਚ ਦਾ ਵਿਤਕਰਾ ਖਤਮ ਕਰਨ ਲਈ ਲੰਗਰ-ਪ੍ਰਥਾ ਦੀ ਸਥਾਪਨਾ ਕੀਤੀ ਅਤੇ ਲੰਗਰ ਵਿਚ ਇਸਤਰੀਆਂ ਨੂੰ ਉੱਚਿਤ ਸਥਾਨ ਦੇ ਕੇ ਸਮਾਜਿਕ ਜੀਵਨ ਦਾ ਅਨਿੱਖੜ ਅੰਗ ਬਣਾਇਆ। ਭਾਈ ਸੱਤਾ ਅਤੇ ਭਾਈ ਬਲਵੰਡ ਜੀ ਰਚਿਤ ਰਾਮਕਲੀ ਕੀ ਵਾਰ ਵਿਚ ਇਸ ਗੱਲ ਦੀ ਗਵਾਹੀ ਮਿਲਦੀ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ ੯੬੭)

ਸ੍ਰੀ ਗੁਰੂ ਅਮਰਦਾਸ ਜੀ ਨੇ ਭਾਰਤ ਵਿਚ ਪ੍ਰਚਲਿਤ ਸਤੀ-ਪ੍ਰਥਾ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ ਤੇ ਸਮਝਾਇਆ ਕਿ ਪਤੀ ਦੀ ਚਿਖਾ ਵਿਚ ਸੜ ਮਰਨ ਵਾਲੀ ਪਤਨੀ ਸਤੀ ਨਹੀਂ ਹੁੰਦੀ, ਸਗੋਂ ਪਤੀ ਦੇ ਵਿਜੋਗ ਨੂੰ ਪਲ-ਪਲ ਜਰਨ ਵਾਲੀ, ਸ਼ੀਲਤਾ ਅਤੇ ਸੰਤੋਖ ਧਾਰਨ ਕਰਨ ਵਾਲੀ ਇਸਤਰੀ ਹੀ ਅਸਲ ਅਰਥਾਂ ਵਿਚ ਸਤੀ ਅਖਵਾਉਣ ਦੀ ਹੱਕਦਾਰ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹਾਲੰਨਿ॥ (ਪੰਨਾ ੭੮੭)

ਗੁਰਬਾਣੀ ਵਿਚ ਇਕ ਪਾਸੇ ਜਿੱਥੇ ਇਸਤਰੀ ਦੇ ਪ੍ਰਸੰਗ ਵਿਚ ਮਨੁੱਖ ਜਾਤੀ ਦੇ ਆਚਾਰ-ਅੰਗਾਂ ਦਾ ਵਰਣਨ ਹੈ, ਉੱਥੇ ਦੂਜੇ ਪਾਸੇ ਇਸਤਰੀ ਲਈ ਵੀ ਆਚਾਰ-ਪਾਲਣ ਦੀ ਸਿੱਖਿਆ ਦਿੱਤੀ ਗਈ ਹੈ। ਦੇਸ਼ ਵਿਚ ਪ੍ਰਚਲਿਤ ਸਤੀ-ਪ੍ਰਥਾ ਨੂੰ ਗੁਰਬਾਣੀ ਵਿਚ ਕਬੂਲ ਨਹੀਂ ਕੀਤਾ ਗਿਆ। ਗੁਰਬਾਣੀ ਵਿਚ ਇਸ ਨੂੰ ਹੀਣ-ਕਰਮ ਕਿਹਾ ਗਿਆ ਹੈ:
ਜਲੈ ਨ ਪਾਈਐ ਰਾਮ ਸਨੇਹੀ॥
ਕਿਰਤਿ ਸੰਜੋਗਿ ਸਤੀ ਉਠਿ ਹੋਈ॥ (ਪੰਨਾ ੧੮੫)

ਗੁਰਬਾਣੀ ਵਿਚ ਚੰਗੀਆਂ ਇਸਤਰੀਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਸੁਹਾਗਣ, ਸੁਚੱਜੀ, ਗੁਣਵੰਤੀ, ਗੁਰਮੁਖ, ਸਿਆਣੀ, ਸ਼ੀਲਵੰਤੀ, ਆਚਾਰਵੰਤੀ, ਜਨਨੀ ਜਿਹੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਕੀਤਾ ਗਿਆ ਹੈ ਤੇ ਭੈੜੀਆਂ ਇਸਤਰੀਆਂ ਨੂੰ ਦੁਹਾਗਣ, ਛੁੱਟੜ, ਕੁਚੱਜੀ, ਮਨਮੁਖ, ਔਗਣਹਾਰੀ, ਬਿਰਹਨ, ਵਿਧਵਾ ਆਦਿ ਸ਼ਬਦਾਂ ਰਾਹੀਂ ਨਿੰਦਿਆ ਗਿਆ ਹੈ।

ਗੁਰਬਾਣੀ ਵਿਚ ਇਸਤਰੀ ਨੂੰ ਮਰਦ ਦਾ ਈਮਾਨ ਰੱਖਣ ਵਾਲੀ ਵਜੋਂ ਚਿਤਰਿਆ ਗਿਆ ਹੈ। ਉਹ ਕਿਸੇ ਵੀ ਤਰ੍ਹਾਂ ਮਨੁੱਖ ਦੇ ਧਰਮ ਵਿਚ ਰੁਕਾਵਟ ਨਹੀਂ ਬਣਦੀ। ਸ੍ਰੀ ਗੁਰੂ ਅਮਰਦਾਸ ਜੀ ਆਦਰਸ਼ ਪਤੀ-ਪਤਨੀ ਦੀ ਰੂਪ-ਰੇਖਾ ਉਲੀਕਦੇ ਹੋਏ ਦ੍ਰਿੜ੍ਹ ਕਰਵਾਉਂਦੇ ਹਨ:
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ ੭੮੮)

ਜਿੱਥੇ ਹੋਰਨਾਂ ਮੱਤ-ਮਤਾਂਤਰਾਂ ਵਿਚ ਇਸਤਰੀਆਂ ਨੂੰ ਅਧੂਰੀ, ਮੁਕਤੀ ਦੇ ਰਾਹ ਵਿਚ ਰੁਕਾਵਟ ਖਿਆਲ ਕੀਤਾ ਗਿਆ ਹੈ, ਉੱਥੇ ਗੁਰਮਤਿ ਵਿਚ ਉਸਨੂੰ ਬੱਤੀ ਸੁਲੱਖਣੀ ਅਤੇ ਸਦ-ਗੁਣਾਂ ਨਾਲ ਭਰਪੂਰ ਆਖ ਕੇ ਇਸਤਰੀ ਦਾ ਸਨਮਾਨ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਅਜਿਹੀ ਸਦਗੁਣਾਂ ਵਾਲੀ ਇਸਤਰੀ ਜਿਸ ਘਰ ਵਿਚ ਆਵੇਗੀ, ਉੱਥੇ ਸੁਖ, ਸ਼ਾਂਤੀ, ਖੁਸ਼ਹਾਲੀ ਅਤੇ ਖੇੜਾ ਬਣਿਆ ਰਹੇਗਾ:
ਬਤੀਹ ਸੁਲਖਣੀ ਸਚੁ ਸੰਤਤਿ ਪੂਤ॥
ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥
ਸਗਲ ਸੰਤੋਖੀ ਦੇਰ ਜੇਠਾਨੀ॥੩॥
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥
(ਪੰਨਾ ੩੭੧)

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਿਚ ਜੋਗ ਮੱਤ ਦਾ ਕਾਫੀ ਬੋਲਬਾਲਾ ਸੀ। ਜੋਗੀ ਗ੍ਰਿਹਸਥ ਦਾ ਤਿਆਗ ਕਰਕੇ ਸਮਾਜ ਤੋਂ ਦੂਰ ਭੱਜ ਕੇ ਜੰਗਲਾਂ ਵਿਚ ਜਾ ਬੈਠੇ ਸਨ, ਪਰ ਉਨ੍ਹਾਂ ਦੀ ਖਾਣ, ਪੀਣ ਅਤੇ ਪਹਿਨਣ ਦੀ ਇੱਛਾ ਗ੍ਰਹਿਸਥੀਆਂ ਵਰਗੀ ਹੀ ਸੀ। ਗੁਰੂ ਜੀ ਨੇ ਸਮਝਾਇਆ ਕਿ ਇਹ ਕੋਈ ਉਸਾਰੂ ਮਾਰਗ ਨਹੀਂ ਹੈ:
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ (ਪੰਨਾ ੪੬੯)

ਇਹ ਤੱਥ ਵੀ ਇਸਤਰੀ ਦੇ ਹੱਕ ਅਤੇ ਮਹਾਨਤਾ ਵਿਚ ਜਾਂਦਾ ਹੈ ਕਿ ਸਮੂਹ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਇਸਤਰੀ ਅਤੇ ਪਰਮਾਤਮਾ ਨੂੰ ਪਤੀ ਦੇ ਰੂਪ ਵਿਚ ਪ੍ਰਗਟ ਕਰ ਕੇ ਆਤਮਾ ਅਤੇ ਪਰਮਾਤਮਾ ਦੇ ਸਬੰਧਾਂ ਨੂੰ ਪਤੀ-ਪਤਨੀ ਦੇ ਰੂਪ ਵਿਚ ਉਲੀਕਿਆ ਹੈ:
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (ਪੰਨਾ ੫੯੧)

ਇਸ ਪ੍ਰਕਾਰ ਗੁਰਬਾਣੀ ਵਿਚਲੇ ਗੁਰੂ । ਸਾਹਿਬਾਨ, ਭਗਤਾਂ ਦੇ ਨਾਲ-ਨਾਲ ਗੁਰੂ-ਕਾਲ ਵਿਚ ਹੀ ਹੋਏ ਭਾਈ ਗੁਰਦਾਸ ਜੀ ਨੇ ਵੀ ਸਿੱਖ ਸਿਧਾਂਤਾਂ ਦੀ ਲੋਅ ਵਿਚ ਇਸਤਰੀ ਪ੍ਰਤੀ ਸਤਿਕਾਰ ਅਤੇ ਸਨਮਾਨ ਦੀ ਗੱਲ ਕੀਤੀ ਹੈ।

ਸਹਾਇਕ ਪੁਸਤਕਾਂ
੧. ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।
੨. ਅਵਤਾਰ ਸਿੰਘ (ਡਾ.) ਮੇਰਾ ਧਰਮ ਮੇਰਾ ਇਤਿਹਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ, ੧੯੯੬।
੩. ਕਿਰਪਾਲ ਸਿੰਘ ਬਡੂੰਗਰ (ਪ੍ਰੋ.) ਗੁਰਮਤਿ ਵਿਚ ਇਸਤਰੀ ਦਾ ਮਹੱਤਵ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ, ੨੦੧੫।
੪. ਕੁਲਦੀਪ ਕੌਰ (ਡਾ.) ਸਾਡਾ ਵਿਰਸਾ: ਗੁਰਮਤਿ ਪਰਿਪੇਖ, ਸੰਗਮ ਪਬਲੀਕੇਸ਼ਨ, ਪਟਿਆਲਾ, ੨੦੧੪।
੫. ਤ੍ਰਿਪਤ ਕੌਰ, ਆਦਿ ਗ੍ਰੰਥ ਵਿਚ ਇਸਤਰੀ ਦਾ ਸੰਕਲਪ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ੨੦੦੪।
੬. ਡਾ. ਬਲਵਿੰਦਰ ਕੌਰ (ਬਰਾੜ) ਨਾਰੀਵਾਦ: ਸਿਧਾਂਤ, ਚਿੰਤਨ ਅਤੇ ਵਿਹਾਰ ਪੰਜਾਬ, ਪਟਿਆਲਾ, ੨੦੦੪
੭. ਸਿੱਖ ਇਸਤਰੀ ਵਿਸ਼ੇਸ਼ ਅੰਕ (ਭਾਗ ਪਹਿਲਾ), ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸ੍ਰੀ ਅੰਮ੍ਰਿਤਸਰ, ੧੯੭੯।