
ਗੁਰਬਾਣੀ ਦੇ ਪ੍ਰਮੁੱਖ ਸਿਧਾਂਤਾਂ ਵਿਚ ਸੇਵਾ-ਭਾਵਨਾ ਦਾ ਸਥਾਨ ਪ੍ਰਮੁੱਖ ਹੈ ਤੇ ਇਸ ਦੀਆਂ ਪਰਤਾਂ ਦੀ ਮੌਜੂਦਗੀ ਕਿਸੇ ਨਾ ਕਿਸੇ ਰੂਪ ਵਿਚ ਸਮੁੱਚੀ ਗੁਰਬਾਣੀ-ਸੰਰਚਨਾ ਵਿਚ ਕਾਰਜਸ਼ੀਲ ਹੈ। ਇਸ ਦਾ ਪ੍ਰਮੁੱਖ ਕਾਰਨ ਇਸ ਸੰਕਲਪ ਦੀ ਵਿਵਹਾਰਕ ਕਾਰਜਸ਼ੀਲਤਾ ਹੈ, ਜੋ ਮਨੁੱਖਾ ਸਰੀਰ, ਆਤਮਾ ਤੇ ਮਨ ਨਾਲ ਅੰਤਰ ਸੰਬੰਧਿਤ ਹੈ। ਗੁਰਬਾਣੀ ਦਾ ਨੈਤਿਕ-ਵਿਧਾਨ ਸੇਵਾ ਦੇ ਸੰਕਲਪ ਉੱਪਰ ਉਸਾਰਿਆ ਹੋਇਆ ਹੈ, ਜਿਸ ਵਿੱਚੋਂ ਸਹਿਜ ਰੂਪ ਵਿਚ ਸਦਗੁਣ ਪੈਦਾ ਹੁੰਦੇ ਹਨ। ਮਾਨਵੀ ਸੇਵਾ, ਸਮਰਪਣ, ਤਿਆਗ, ਨਿਮਰਤਾ, ਦਇਆ, ਸੰਤੋਖ-ਸਬਰ, ਕੁਰਬਾਨੀ ਪ੍ਰੇਮ ਆਦਿ ਅਜਿਹੇ ਨੈਤਿਕ ਗੁਣ ਇਸ ਸੰਕਲਪ ਦਾ ਵਿਹਾਰਕ ਤੇ ਭਾਵਾਤਮਕ ਰੂਪ ਹਨ। ਇਨ੍ਹਾਂ ਦਾ ਸੁਮੇਲ ਹੀ ‘ਸਚਿਆਰ’ ਮਨੁੱਖ ਦੀ ਉਸਾਰੀ ਤੇ ਉੱਚਾ-ਸੁੱਚਾ ਵਿਅਕਤਿਤਵ ਹੈ, ਜੋ ਅੱਗੇ ਉਸ ਨੂੰ ਅੰਤਮ ਲਕਸ਼ ਦੀ ਪ੍ਰਾਪਤੀ ਦੀ ਸੋਝੀ ਕਰਾਉਂਦਾ ਹੈ। ਇਹੋ ਗੁਰਾਬਾਣੀ ਦਾ ਨੈਤਿਕ-ਸੰਸਾਰ ਹੈ।
ਸਿੱਖ ਸਭਿਆਚਾਰ ਵਿਚ ਨਿਸ਼ਕਾਮ ਸੇਵਾ-ਭਾਵਨਾ ਉੱਚੀ-ਸੁੱਚੀ ਮਾਨਸਿਕ ਅਵਸਥਾ ਦੀ ਸੂਚਕ ਹੈ। ਨਿਸ਼ਕਾਮ ਸੇਵਾ-ਭਾਵਨਾ ਤਨ-ਮਨ-ਧਨ ਰਾਹੀਂ ਮਨੁੱਖ ਨੂੰ ਨਿਮਰ ਬਣਾ ਕੇ ਨਾਕਾਰਤਮਕ ਬਿਰਤੀਆਂ ਨੂੰ ਮੂਲੋਂ ਖ਼ਤਮ ਕਰਦੀ ਹੈ। ਮਨੁੱਖ ਪ੍ਰਭੂ ਦਾ ਸੱਚਾ ਸੇਵਕ ਬਣ ਕੇ ਹਉਮੈਂ, ਵੈਰ-ਵਿਰੋਧ, ਦੁਸ਼ਮਣੀ, ਪਾਪ ਤੇ ਝੂਠ ਨੂੰ ਮਨ ਵਿੱਚੋਂ ਦੂਰ ਕਰਦਾ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸੇਵਾ ਦਾ ਮਹਾਤਮ ਸਮਝਾਉਂਦੇ ਹੋਏ ਉਪਦੇਸ਼ ਦਿੰਦੇ ਹਨ:
ਵਿਚਿ ਦੁਨੀਆ ਸੇਵ ਕਮਾਈਐ ॥
ਤਾ ਦਰਗਹ ਬੈਸਣੁ ਪਾਈਐ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੬)
ਸੇਵਾ-ਭਾਵਨਾ ਨੂੰ ਭਾਵੇਂ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥਾਂ ਵਿਚ ਮਹੱਤਵ ਦਿੱਤਾ ਗਿਆ ਹੈ, ਪਰ ਗੁਰਬਾਣੀ ਵਿਚ ਸੇਵਾ-ਭਾਵਨਾ ਪ੍ਰਭੂ-ਪ੍ਰਾਪਤੀ ਲਈ ਇਕ ਪ੍ਰਮੁੱਖ ਅਧਿਆਤਮਿਕ ਕਰਮ ਹੈ। ਲੋੜਵੰਦਾਂ ਨਿਮਾਣਿਆਂ ਤੇ ਗ਼ਰੀਬਾਂ ਦੀ ਸੇਵਾ ਕਰਨਾ ਗੁਰਮਤਿ ਦਾ ਸੱਚਾ-ਸੁੱਚਾ ਅਸੂਲ ਹੈ। ਸਮੁੱਚੀ ਗੁਰਬਾਣੀ ਸੰਰਚਨਾ ਤੇ ਸਿੱਖ ਇਤਿਹਾਸ ਵਿਚ ਇਸ ਸਿਧਾਂਤ ਦਾ ਵਿਹਾਰਕ ਰੂਪ ਸਾਨੂੰ ਥਾਂ-ਥਾਂ ’ਤੇ ਨਜ਼ਰ ਆਉਂਦਾ ਹੈ।
ਗੁਰੂ ਸਾਹਿਬਾਨ ਨੇ ਸਮੁੱਚੀ ਲੋਕਾਈ ਨੂੰ ਪਹਿਲਾਂ ਆਪ ਸੇਵਕ ਬਣ ਕੇ ਮਨੁੱਖਤਾ ਤੇ ਲੋੜਵੰਦਾਂ ਦੀ ਨਿਸ਼ਕਮ ਸੇਵਾ ਕਰ ਕੇ ਇਹ ਸਿਖਾਇਆ ਕਿ ਮਨੁੱਖਤਾ ਦੀ ਸੇਵਾ ਉੱਤਮ ਸੇਵਾ ਹੈ, ਇਸ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਿਸ਼ਕਾਮ ਸੇਵਾ-ਭਾਵਨਾ ਨੂੰ ਪ੍ਰਭੂ-ਪ੍ਰਾਪਤੀ ਦਾ ਮਾਰਗ ਦੱਸਦੇ ਹੋਏ ਮਨੁੱਖ ਮਾਤਰ ਨੂੰ ਉਪਦੇਸ਼ ਦਿੰਦੇ ਹਨ:
-ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥
ਬਿਨੁ ਸੇਵਾ ਕਿਨੈ ਨ ਪਾਇਆ ਦੂਜੇ ਭਰਮਿ ਖੁਆਈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੦੧੧)
-ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥ ਇਸ ਨੋ ਵਿਆਪੈ ਸੋਗ ਸੰਤਾਪੁ ॥
ਸੋ ਸੇਵਹੁ ਜਿਸੁ ਮਾਈ ਨ ਬਾਪੁ ॥ ਵਿਚਹੁ ਚੂਕੈ ਤਿਸਨਾ ਅਰੁ ਆਪੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੪੩)
ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਆਪ ਸੇਵਾ ਵਿਚ ਪ੍ਰਣਾਏ ਹੋਏ ਸਨ। ਉਨ੍ਹਾਂ ਨੇ ਆਪਣੀ ਬਾਣੀ ਤੇ ਆਪਣੇ ਜੀਵਨ ਵਿਚ ਸੇਵਾ-ਭਾਵਨਾ ਨੂੰ ਪ੍ਰਮੁੱਖਤਾ ਦਿੱਤੀ, ਗੁਰੂ ਜੀ ਦਾ ਫੁਰਮਾਨ ਹੈ:
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੨੮)
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਨੂੰ ਉੱਚੀ ਮਾਨਸਿਕ ਸਥਿਤੀ ਨਾਲ ਜੋੜਦੇ ਹੋਏ ਮਨੁੱਖ ਨੂੰ ਉਪਦੇਸ਼ ਦਿੰਦੇ ਹਨ:
-ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੩੧੪)
ਸੇਵਕ ਨੂੰ ਆਪਣੇ ਇਸ਼ਟ ’ਤੇ ਪੂਰਨ ਭਰੋਸਾ ਹੁੰਦਾ ਹੈ। ਸੇਵਕ ਲਈ ਸਭ ਬਰਾਬਰ ਹਨ, ਕੋਈ ਜਾਤ-ਪਾਤ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਪਾਪ ਨਹੀਂ, ਬਸ ਮਨ ਵਿਚ ਪ੍ਰਭੂ ਜੋਤਿ ਵਸਦੀ ਹੈ ਤੇ ਸਾਰਾ ਪਾਸਾਰਾ ਹੀ ਉਸ ਦਾ ਰੂਪ ਨਜ਼ਰ ਆਉਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ :
ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥
ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੯੮੨)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਸੰਗ ਵਿਚ ਮਨੁੱਖ ਨੂੰ ਉਪਦੇਸ਼ ਦਿੰਦੇ ਹਨ:
-ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੮੬)
-ਚਾਰਿ ਪਦਾਰਥ ਜੇ ਕੋ ਮਾਗੈ ॥
ਸਾਧ ਜਨਾ ਕੀ ਸੇਵਾ ਲਾਗੈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੬੬)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਕੋਲੋਂ ਵੀਹ ਰੁਪਏ ਲੈ ਕੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਜੋ ਸੇਵਾ ਕੀਤੀ, ਉਹ ‘ਸੱਚੇ ਸੌਦੇ’ ਦੀ ਪਵਿੱਤਰ ਪਰਿਭਾਸ਼ਾ ਸੀ। ਗੁਰੂ ਜੀ ਦੇ ਸਮੁੱਚੇ ਜੀਵਨ ਵਿਚ ‘ਕਿਰਤ ਕਰਨੀ’, ‘ਨਾਮ ਜਪਣਾ’ ਤੇ ‘ਵੰਡ ਛਕਣਾ’ ਵਰਗਾ ਵਡਮੁੱਲਾ ਵਿਹਾਰਕ ਸਿਧਾਂਤ ਸੇਵਾ-ਸੰਕਲਪ ਦੀ ਉੱਤਮ ਮਿਸਾਲ ਹੈ, ਜਿਸ ’ਤੇ ਸਮੁੱਚਾ ਸਿੱਖ ਸੱਭਿਆਚਾਰ ਉੱਸਰਿਆ ਹੋਇਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਪਣੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਸੇਵਾ-ਸਮਰਪਣ ਦੀ ਭਾਵਨਾ ਇੱਕ ਸੱਚੇ ਸੇਵਕ ਦੀ ਲਾਸਾਨੀ ਉਦਾਹਰਨ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਵਡੇਰੀ ਆਯੂ ਵਿਚ ਰੋਜ਼ਾਨਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਇਸ਼ਨਾਨ ਦੀ ਨਿਰੰਤਰ ਸੇਵਾ ਤੇ ਲੰਗਰ ਦੀ ਸੰਸਥਾ ਨੂੰ ਨਵਾਂ ਰੂਪ ਦੇਣਾ ਆਦਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਇੱਕ ਆਦਰਸ਼ਕ ਸੇਵਕ ਬਣ ਕੇ ਮਨੁੱਖਤਾ ਦੀ ਸੇਵਾ ਸ਼ਰਧਾ, ਪ੍ਰੇਮ ਤੇ ਸਮਰਪਣ ਨਾਲ ਕਰਨਾ, ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ, ਕੁਰਬਾਨੀ, ਸਮਰਪਣ, ਧੀਰਜ, ਦਇਆ ਦੀ ਲਾਸਾਨੀ ਸ਼ਖ਼ਸੀਅਤ ਸਨ, ਇਸੇ ਕਰਕੇ ਅੱਜ ਸੰਸਾਰ ਉਨ੍ਹਾਂ ਨੂੰ ‘ਸ਼ਹੀਦਾਂ ਦੇ ਸਿਰਤਾਜ’ ਕਹਿ ਕੇ ਯਾਦ ਕਰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਲਈ ਸੇਵਾ-ਭਾਵਨਾ ਨੂੰ ਅਧਿਆਤਮਿਕ ਪ੍ਰਾਪਤੀ ਦਾ ਮਹੱਤਵਪੂਰਨ ਸਾਧਨ ਦੱਸਦੇ ਹਨ:
ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੮੮੩)
ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ‘ਮੀਰੀ-ਪੀਰੀ ਦੇ ਸਿਧਾਂਤ’ ਨਾਲ ਮਨੁੱਖਤਾ ਦੀ ਸੇਵਾ, ਸ੍ਰੀ ਗੁਰੂ ਹਰਿਰਾਇ ਜੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਲੋੜਵੰਦਾਂ, ਨਿਮਾਣਿਆਂ ਤੇ ਗ਼ਰੀਬਾਂ ਦੀ ਨਿਮਰ ਹੋ ਕੇ ਸੇਵਕ ਬਣ ਕੇ ਕੀਤੀ ਸੇਵਾ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਿਆਗ-ਭਾਵਨਾ, ਕੁਰਬਾਨੀ, ਮਨੁੱਖੀ ਪ੍ਰੇਮ ਨਾਲ ਆਪਾ ਵਾਰ ਕੇ ਕੀਤੀ ਸੇਵਾ, ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਬੰਸ ਵਾਰ ਕੇ ਕੀਤੀ ਮਨੁੱਖਤਾ ਦੀ ਸੇਵਾ, ਜਿਸ ਨੇ ਮਨੁੱਖਤਾ ਅੰਦਰ ‘ਖਾਲਸੇ’ ਦੀ ਸਿਰਜਣਾ ਨਾਲ ‘ਨਿਰਭਉ’ ਦੇ ਨਵੇਂ ਅਰਥ ਭਰੇ। ਜੁਲਮ ਤੇ ਜ਼ਾਬਰ ਦੇ ਟਾਕਰੇ ਲਈ ਨਿਮਾਣਿਆਂ, ਨਿਓਟਿਆਂ ਵਿਚ ਨਵਾਂ ਜੋਸ਼, ਨਵੀਂ ਰੂਹ, ਨਵੇਂ ਰੂਪ ਰਾਹੀਂ ਕੀਤੀ ਗਈ ਮਹਾਨ ਸੇਵਾ ਹੈ। ਅਜਿਹੀ ਨਿਸ਼ਕਾਮ ਸੇਵਾ ਦੀ ਸੰਸਾਰ ਦੇ ਇਤਿਹਾਸ ਵਿਚ ਮਿਸਾਲ ਮਿਲਣੀ ਅਸੰਭਵ ਹੈ। ਇਸ ਸੇਵਾ ਤੇ ਕੁਰਬਾਨੀ ਨੇ ਆਮ ਮਨੁੱਖ ਵਿਚ ਅਜਿਹੀ ਕ੍ਰਾਂਤੀਕਾਰੀ ਤੇ ਸ਼ਕਤੀਸ਼ਾਲੀ ਰੋਸ਼ਨੀ ਭਰ ਦਿੱਤੀ ਕਿ ਉਹ ‘ਸਵਾ ਲਾਖ ਸੇ ਏਕ ਲੜਾਊਂ’ ਦੀ ਸੰਸਾਰ ਦੇ ਇਤਿਹਾਸ ਵਿਚ ਲਾਸਾਨੀ ਮਿਸਾਲ ਬਣ ਗਿਆ। ਸਮੁੱਚਾ ਸਿੱਖ ਇਤਿਹਾਸ ਕੁਰਬਾਨੀ, ਸੇਵਾ, ਸਮਰਪਣ ਦਇਆ ਤੇ ਪ੍ਰੇਮ ਦਾ ਇਤਿਹਾਸ ਹੈ, ਜਿਸ ਨੇ ਬੰਦ-ਬੰਦ ਕਟਵਾ ਕੇ, ਖੋਪਰੀਆਂ ਲੁਹਾ ਕੇ, ਆਰਿਆਂ ਨਾਲ ਚਿਰਵਾ ਕੇ, ਚਰਖੜੀਆਂ ’ਤੇ ਚੜ੍ਹ ਕੇ, ਆਪਣੇ ਬੱਚਿਆਂ ਦੇ ਟੁੱਕੜੇ ਝੋਲੀਆਂ ਵਿਚ ਪੁਆ ਕੇ ਵੀ ਸੀਅ ਨਹੀਂ ਕੀਤੀ, ਸਗੋਂ ਨਿਮਰ ਸੇਵਕ ਬਣ ਕੇ ਪ੍ਰਭੂ ਦਾ ਭਾਣਾ ਮੰਨਿਆ। ਇਹੋ ਕੌਮ ਦੀ ਕੌਮ ਪ੍ਰਤੀ ਸੇਵਾ-ਭਾਵਨਾ ਹੈ, ਜੋ ਹਮੇਸ਼ਾ ਸੰਸਾਰ ਦੀ ਸਮੁੱਚੀ ਲੋਕਾਈ ਲਈ ‘ਸਰਬੱਤ ਦਾ ਭਲਾ’ ਮੰਗਦੀ ਹੈ। ਇਹੋ ਸੇਵਾ ਤੇ ਸਮਰਪਣ ਨੇ ਲਹੂ ਭਿੱਜਾ ਵਿਲੱਖਣ ਇਤਿਹਾਸ ਸਿਰਜਿਆ।
ਸਿੱਖ ਇਤਿਹਾਸ ਵਿਚ ਅਜਿਹੇ ਸੇਵਕਾਂ ਸੂਰਬੀਰਾਂ ਦੀ ਗਿਣਤੀ ਵਰਣਨਯੋਗ ਤੇ ਬਹੁਤ ਲੰਮੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਨੀ ਸਿੰਘ ਜੀ, ਪੀਰ ਬੁੱਧੂ ਸ਼ਾਹ ਜੀ, ਬਾਬਾ ਦੀਪ ਸਿੰਘ ਜੀ, ਪੰਜ ਪਿਆਰੇ, ਚਾਲੀ ਮੁਕਤੇ ਤੇ ਭਾਈ ਘਨ੍ਹੱਈਆ ਜੀ ਵਰਗੇ ਅਨੇਕਾਂ ਆਦਰਸ਼ਕ ਸੇਵਕਾਂ, ਸਿੰਘਾਂ-ਸਿੰਘਣੀਆਂ ਨਾਲ ਇਤਿਹਾਸ ਭਰਿਆ ਹੋਇਆ ਹੈ।
ਸਿੱਖ ਇਤਿਹਾਸ ਵਿਚ ਦਸਵੇਂ ਪਾਤਸ਼ਾਹ ਸਮੇਂ ਭਾਈ ਘਨ੍ਹੱਈਆ ਜੀ ਦਾ ਮਨੁੱਖਤਾ ਲਈ ਪਿਆਰ ਤੇ ਨਿਸ਼ਕਾਮ-ਸੇਵਾ ਗੁਰੂ ਦੀ ਸੇਵਾ ਦੀ ਇਕ ਹੋਰ ਉੱਤਮ ਮਿਸਾਲ ਹੈ। ਗੁਰਮਤਿ ਵਿਚ ਸਾਧ-ਸੰਗਤ ਦੀ ਸੇਵਾ, ਗ਼ਰੀਬਾਂ ਨਿਮਾਣਿਆਂ ਲੋੜਵੰਦਾਂ ਦੀ ਸੇਵਾ, ਲੰਗਰ ਦੀ ਸੇਵਾ ਹੀ ਸਮੁੱਚੀ ਮਨੁੱਖਤਾ ਦੀ ਸੇਵਾ ਮੰਨੀ ਜਾਂਦੀ ਹੈ। ਗੁਰਮਤਿ ਵਿਚ ਇਹ ਹੀ ਆਪਣੇ ਇਸ਼ਟ ਗੁਰੂ ਦੀ ਸੇਵਾ ਹੈ, ਕਿਉਂਕਿ ਸਾਰੀ ਮਨੁੱਖ-ਜਾਤੀ ਨੂੰ ਗੁਰੂ ਦਾ ਰੂਪ ਮੰਨ ਕੇ, ਉਸ ਪ੍ਰਭੂ ਦੀ ਜੋਤਿ ਹਿਰਦੇ ਵਿਚ ਸਮਝ ਕੇ ਕੀਤੀ ਸੇਵਾ ਹੀ ਸਤਿਗੁਰਾਂ ਦੀ ਸੇਵਾ ਦਾ ਪ੍ਰਮੁੱਖ ਰੂਪ ਹੈ। ਭਾਈ ਘਨ੍ਹੱਈਆ ਜੀ ਨੂੰ ਦੁਸ਼ਮਣਾਂ ਵਿਚ ਵੀ ਸਤਿਗੁਰ ਦੀ ਜੋਤਿ ਵਿਖਾਈ ਦਿੰਦੀ ਸੀ, ਕਿਉਂਕਿ ਮਨ ਵਿਚ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਵੱਸਿਆ ਹੋਇਆ ਸੀ। ਮਾਨਵਤਾ ਦੀ ਇਹੋ ਜਿਹੀ ਸੇਵਾ ਹੀ ਪ੍ਰਭੂ-ਪਿਆਰਿਆਂ ਨੂੰ ‘ਬ੍ਰਹਮ ਗਿਆਨੀ’ ਬਣਾ ਦਿੰਦੀ ਹੈ।
ਨਿਮਰਤਾ ਦੀ ਇਹ ਉਤਕ੍ਰਿਸ਼ਟ ਪੌੜੀ ਹੈ, ਜੋ ਸਾਧਕ ਨੂੰ ਪ੍ਰਭੂ-ਪ੍ਰੀਤੀ ਨਾਲ ਇਕਸੁਰ ਕਰਦੀ ਹੈ। ਮਨੁੱਖੀ ਸਦਗੁਣਾਂ ਦਾ ਮਨ ਵਿਚ ਵਾਸਾ ਹੋਣ ਕਰਕੇ ਗੁਰਮੁਖ ਸ਼ਬਦ-ਸਿਮਰਨ ਨਾਲ ਪ੍ਰਭੂ ਦੇ ਪਿਆਰ ਦਾ ਪਾਤਰ ਬਣ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹੋ ਜਿਹੇ ਸਾਧਕ ਲਈ ਉਪਦੇਸ਼ ਦਿੰਦੇ ਹਨ:
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੨੭੩)
ਗੁਰਬਾਣੀ ਵਿਚ ਸੇਵਾ-ਭਾਵਨਾ ਇਕ ਨਿਯਮਬੱਧ ਅਨੁਸ਼ਾਸਨਮਈ ਪਵਿੱਤਰ ਜੀਵਨ-ਜਾਚ ਹੈ। ਇਸ ਜੀਵਨ-ਜੁਗਤ ਨਾਲ ਗੁਰਮੁਖ ਵਿਅਕਤੀ ਤਨ-ਮਨ-ਧਨ ਨਾਲ ਪੂਰਨ ਰੂਪ ਵਿਚ ਆਪਣਾ ਸਾਰਾ ਜੀਵਨ ਗੁਜ਼ਾਰਦਾ ਹੈ ਤੇ ਅੰਤਮ ਰੂਪ ਵਿਚ ਅਧਿਆਤਮਿਕ ਲਕਸ਼ ਦੀ ਅਖੀਰਲੀ ਪੌੜੀ ‘ਜੀਵਨ ਮੁਕਤਿ’ ਤੇ ਪੁੱਜ ਜਾਂਦਾ ਹੈ। ਸਾਰੇ ਸੰਤਾਂ, ਸੂਫੀਆਂ, ਗੁਰੂ ਸਾਹਿਬਾਨ ਦਾ ਜੀਵਨ ਮਨੋਰਥ ਮਨੁੱਖਤਾ ਦੀ ਸੇਵਾ ਰਿਹਾ ਹੈ, ਜਿਸ ਰਾਹੀਂ ਉਹ ਪ੍ਰਭੂ-ਅਨੁਭਵ ਨਾਲ ਮਨੁੱਖਤਾ ਵਿੱਚ ਸ਼ੁੱਧ ਜੀਵਨ-ਜਾਚ ਤੇ ਪ੍ਰਭੂ ਮਿਲਣ ਦੀ ਜੁਗਤੀ ਵੰਡਦੇ ਰਹੇ।
-ਡਾ. ਸੁਰਿੰਦਰ ਸਿੰਘ ਕੈਥਲ*