100 views 9 secs 0 comments

ਗੁਰਬਾਣੀ ਵਿਚਾਰ – ਪ੍ਰਥਮੇ ਮਨੁ ਪਰਬੋਧੈ ਅਪਨਾ

ਲੇਖ
January 20, 2025

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥ (ਪੰਨਾ ੩੮੧)

ਪੰਚਮ ਪਾਤਸਾਹ ਸ੍ਰੀ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ, ਆਸਾ ਰਾਗ ਵਿਚ ਅੰਕਿਤ ਇਹ ਪਾਵਨ-ਸਤਰਾਂ ਗੁਰਮਤਿ ਪ੍ਰਚਾਰਕ ਦਾ ਆਦਰਸ਼-ਮਾਡਲ ਘੜਨ, ਸਿਰਜਣ ਤੇ ਸੁਆਰਨ ਦੀ ਭਾਵਨਾ ਨਾਲ ਓਤਪੋਤ ਹਨ। ਗੁਰੂ ਪਾਤਸ਼ਾਹ ਦੀ ਗੁਰਮਤਿ-ਮਹੱਲ ਦੀ ਨਿੱਗਰਤਾ ਬਰਕਰਾਰ ਰੱਖਣ ਦੀ ਸੱਚੀ-ਸੁੱਚੀ ਰੀਝ ਇਨ੍ਹਾਂ ਵਿਚੋਂ ਡਲ੍ਹਕਾਂ ਮਾਰਦੀ ਦਿਸਦੀ ਹੈ ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਪਰਮਾਤਮਾ ਦੇ ਸਦਾ-ਸਦੀਵੀ ਸੱਚੇ ਨਾਮ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲਾ ਸ਼ਖਸ ਪਹਿਲਾਂ ਆਪਣੇ ਮਨ ਨੂੰ ਪਰਬੋਧਦਾ ਭਾਵ ਜਗਾਉਂਦਾ ਤੇ ਸਮਝਾਉਂਦਾ ਹੈ, ਫਿਰ ਉਹ ਹੋਰਨਾਂ ਦੇ ਅੰਦਰ ਉਸ ਅਕਾਲ ਪੁਰਖ ਦੀ ਸੱਚੀ ਸਿਫਤ-ਸਲਾਹ ਕਰਨ ਦੀ ਰੀਝ ਪੈਦਾ ਕਰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਐਸਾ ਸ਼ਖਸ ਪਹਿਲਾਂ ਆਪ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਉਹੀ ਜਪਿਆ ਗਿਆ ਜਾਪ ਅਥਵਾ ਨਾਮ-ਸਿਮਰਨ (ਪ੍ਰਭੂ- ਗੁਣਾਂ ਦਾ ਗਾਇਣ ਉਹ ਆਪਣੇ ਮੂੰਹੋਂ ਹੋਰਨਾਂ ਨੂੰ ਸੁਣਾਉਂਦਾ ਹੈ ।

ਕਹਿਣ ਤੋਂ ਭਾਵ ਇਹ ਕਿ ਗੁਰਮਤਿ ਪ੍ਰਚਾਰਕ ਦੀ ਮੂਲ ਮੁਢਲੀ ਕਸਵੱਟੀ ਪਰਮਾਤਮਾ ਦੇ ਸੱਚੇ ਨਾਮ ਦੇ ਤਤਸਾਰ ਦਾ ਧਾਰਨੀ ਹੋਣਾ ਹੈ ਅਥਵਾ ਇਸ ਪਰਮ ਗੁਣ ਦਾ ਸੰਚਾਰ ਉਸ ਦੀ ਪਹਿਲੀ ਲੋੜ ਹੈ-ਸਿਧਾਂਤਕ ਪੜ੍ਹਾਈ ਤੇ ਅਮਲੀ ਸਿਖਲਾਈ ਹੈ । ‘ਪ੍ਰਥਮੇ ਮਨੁ ਪਰਬੋਧੈ ਅਪਨਾ” ਅਤੇ “ਰਾਮ ਨਾਮ ਜਪੁ ਹਿਰਦੈ ਜਾਪੈ” ਇਸੇ ਪੜ੍ਹਾਈ ਤੇ ਸਿਖਲਾਈ ਨੂੰ ਦਿੜ੍ਹਾਉਂਦੇ ਪਾਵਨ ਬਚਨ ਹਨ। ਪੜ੍ਹਾਈ-ਸਿਖਲਾਈ ਉਪਰੰਤ ਦੂਜਾ ਪੜਾਅ ਆਉਂਦਾ ਹੈ ਅਮਲੀ ਕਾਰਜ ਦਾ ਜੋ ਨਿਸਚੈ ਹੀ ਪਹਿਲਾ ਪੜਾਅ ਭਲੀ ਭਾਂਤ ਪੂਰਾ ਹੋਣ ‘ਤੇ ਹੀ ਆਰੰਭ ਹੋ ਸਕਦਾ ਹੈ, ਪਹਿਲਾਂ ਬਿਲਕੁਲ ਨਹੀਂ ।

ਅਜੋਕੇ ਗੁਰਮਤਿ ਪ੍ਰਚਾਰਕ ਦਾ ਮੌਜੂਦਾ ਕਿਰਦਾਰ ਤੇ ਵਿਹਾਰ ਉਪਰਕੋਤ ਗੁਰ-ਫੁਰਮਾਨ ਵਿਚ ਪ੍ਰਗਟਾਏ ਗੁਰੂ-ਆਸ਼ੇ ਦੇ ਅਨੁਕੂਲ ਤਸੱਲੀਬਖਸ ਨਹੀਂ ਹੈ। ਤਦ ਹੀ ਤਾਂ ਸਾਡਾ ਪ੍ਰਚਾਰ ਪ੍ਰਭਾਵਹੀਣ ਹੋਣ ਲੱਗ ਪਿਆ ਹੈ। ਅਸੀਂ ਬਾਹਰ ਦਾ ਗੁਰਮੁਖੀ ਸਰੂਪ ਤੇ ਬਾਣਾ ਤਾਂ ਪਹਿਨ ਲਿਆ ਪਰ ਸਾਡਾ ਅਮਲ, ਸਾਡਾ ਕਿਰਦਾਰ ਖਾਲਸ ਕੁੰਦਨ ਰੂਪ ਨਹੀਂ ਹੋਇਆ।

ਗਂਲੀ ਅਸੀ ਚੰਗੀਆ ਆਚਾਰੀ ਬੁਰੀਆਹ ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥
(ਪੰਨਾ ੮੫)

ਅਸੀ ਮਨ ਨੂੰ ਤਾਂ ਪਰਬੋਧਿਆ ਹੀ ਨਹੀਂ ਪਰ ਹੋਰਨਾਂ ਨੂੰ ਰੀਝਾਉਣ ਤੇ ਸੁਣਾਉਣ ਲਈ ਪੱਥਾਂ ਭਾਰ ਹੋਏ ਪਏ ਹਾਂ । ਸਾਡਾ ਉਪਦੇਸ਼ ਅਜੋਕੀ ਨੌਜਵਾਨ ਪੀੜ੍ਹੀ ਲੈਣ ਤੋਂ ਇਨਕਾਰੀ ਹੋਈ ਪਈ ਹੈ । ਇਹ ਸਮਾਂ ਸਮੂਹ ਗੁਰਮਤਿ ਪ੍ਰਚਾਰਕਾਂ ਲਈ ਡੂੰਘੇ ਆਤਮ-ਵਿਸ਼ਲੇਸਣ ਤੇ ਸਵੈ- ਪੜਚੋਲ ਦਾ ਹੈ । ਜੇਕਰ ਅਸੀਂ ਗੁਰੂ-ਆਸ਼ੇ ਅਨੁਸਾਰ ਅਜਿਹਾ ਕਰ ਲਿਆ ਤਾਂ ਨਿਸਚੈ ਹੀ ਸਾਡੇ ਬੋਲਾਂ ਵਿਚ ਬਲ ਆਏਗਾ, ਸਾਡੇ ਪ੍ਰਚਾਰ ਦਾ ਪ੍ਰਭਾਵ ਨਾ ਹੋਣ ਦੀ ਸਮੱਸਿਆ ਨਹੀਂ ਰਹੇਗੀ ।