45 views 7 secs 0 comments

ਗੁਰਬਾਣੀ ਵਿੱਚ ਸੁਖ ਦਾ ਸੰਕਲਪ

ਲੇਖ
August 04, 2025

ਦੁਨੀਆ ਵਿੱਚ ਜਿਹੜਾ ਵੀ ਪ੍ਰਾਣੀ ਆਇਆ ਹੈ, ਉਹ ਹਰ ਹੀਲੇ ਸੁਖੀ ਰਹਿਣਾ ਚਾਹੁੰਦਾ ਹੈ ਅਤੇ ਸੁਖਾਂ ਦੀ ਪ੍ਰਾਪਤੀ ਲਈ ਹਰ ਵੇਲੇ ਯਤਨਸ਼ੀਲ ਵੀ ਰਹਿੰਦਾ ਹੈ। ਉਸ ਦੇ ਸਾਰੇ ਕੰਮਕਾਰ ਅਤੇ ਯਤਨ ਸੁਖਾਂ ਦੀ ਪ੍ਰਾਪਤੀ ਦੇ ਦੁਆਲੇ ਹੀ ਘੁੰਮਦੇ ਹਨ । ਸੁਖ ਦੇ ਕਈ ਪ੍ਰਕਾਰ ਹਨ। ਚੰਗੀ ਸਿਹਤ ਦਾ ਸੁਖ, ਚੰਗੀ ਔਲਾਦ ਦਾ ਸੁਖ, ਧਨ ਦੌਲਤ ਦਾ ਸੁਖ, ਸਮਾਜ ਵਿੱਚ ਉੱਚੇ ਦਰਜੇ ਦਾ ਸੁਖ ਅਤੇ ਇਸ ਨਾਲ ਜੁੜੇ ਹੋਏ ਹੋਰ ਅਨੇਕਾਂ ਛੋਟੇ ਵੱਡੇ ਸੁਖ ਤੇ ਸੁਵਿਧਾਵਾਂ।
ਜੀਵਨ ਵਿੱਚ ਦੋ ਗੱਲਾਂ ਬਹੁਤ ਮਹੱਤਵਪੂਰਨ ਹਨ-ਕਈਆਂ ਨੂੰ ਤਾਂ ਜਨਮ ਜਾਤ ਹੀ ਸੁਖਾਂ ਭਰਿਆ ਜੀਵਨ ਮਿਲਦਾ ਹੈ ਪਰ ਉਹ ਫਿਰਵੀ ਸੰਤੋਖੀ ਤੇ ਸਬਰ ਸੁਕਰ ਵਾਲੇ ਨਹੀਂ ਦਿਸਦੇ। ਸਭ ਕੁਝ ਹੁੰਦਿਆਂ ਹੋਇਆਂ ਵੀ ਹੋਰ ਲਾਲਸਾ ਅਧੀਨ ਰੱਬ ਨਾਲ ਗਿਲੇ ਕਰੀ ਜਾਣਗੇ ਤੇ ਇੱਕ ਉਹ ਹਨ ਜਿਹੜੇ ਜਿਸ ਹਾਲਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਰੱਖਿਆ ਹੈ, ਉਸੇ ਵਿੱਚ ਹੀ ਰਾਜ਼ੀ ਰਹਿ ਕੇ ਫਿਰ ਵੀ ਮਾਲਕ ਦਾ ਸੁਕਰਾਨਾ ਕਰਦੇ ਹਨ ਤੇ ਨਾਲ ਹੀ ਉਸ ਨੂੰ ਚੇਤੇ ਵੀ ਕਰਦੇ ਹਨ।
ਗੁਰਬਾਣੀ ਮੁਤਾਬਕ ਸੁਖ ਅਤੇ ਦੁੱਖ ਜ਼ਿੰਦਗੀ ਦੇ ਦੋ ਪੱਖ ਹਨ। ਜਿਵੇਂ ਅਸੀਂ ਵੱਖ ਵੱਖ ਪਹਿਰਾਵੇ ਪਾਉਂਦੇ ਹਾਂ, ਇਵੇਂ ਹੀ ਦੁੱਖ ਅਤੇ ਸੁਖ ਮਨੁੱਖ ਦੇ ਵਸਤਰਾਂ ਸਮਾਨ ਹਨ। ਗੁਰਬਾਣੀ ਦੀ ਤੁੱਕ ਹੈ –
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਸੁੱਖਾਂ ਬਾਰੇ ਬਹੁਤੇ ਲੋਕਾਂ ਦਾ ਨਜ਼ਰੀਆ ਇਹ ਹੈ ਕਿ ਜਿਸ ਕੋਲ ਬਹੁਤੀ ਮਾਇਆ ਹੈ ਉਹ ਸੁਖੀ ਹੈ, ਜਿਸ ਨੇ ਬਹੁਤ ਸਾਰੇ ਦੇਸ਼ ਘੁੰਮੇ ਹਨ, ਉਹ ਸੁਖੀ ਹੈ, ਜਿਸ ਨੇ ਬੜੇ ਰੰਗ ਤਮਾਸ਼ੇ ਦੇਖੇ ਹਨ ਉਹ ਆਨੰਦ ਵਿੱਚ ਹੈ ਪਰ ਗੁਰਬਾਣੀ ਮੁਤਾਬਿਕ ਇਹ ਸਭ ਮਿਥਿਆ ਗੱਲਾਂ ਹਨ। ਅਸਲ ਸੁਖ ਹਰਿ ਦੇ ਨਾਮ ਵਿੱਚ ਹੈ-
ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੧੧੪੭)

ਇਹਨਾਂ ਪਾਵਨ ਤੁਕਾਂ ਦਾ ਅਰਥ ਇਹ ਹੈ ਕਿ ਲੱਖ ਯਤਨ ਕਰ ਲਓ ਸੁਖਾਂ ਦੀ ਪ੍ਰਾਪਤੀ ਤਾਂ ਹੀ ਹੋਵੇਗੀ ਜੇ ਪ੍ਰਭੂ ਦੇ ਸੱਚੇ ਨਾਮ ਨੂੰ ਅਧਾਰ ਬਣਾ ਕੇ ਕਾਰਜ ਸ਼ੀਲ ਹੋਵਾਂਗੇ। ਦੁਨੀਆ ਦੇ ਸੁਖ ਛਿਨ ਭੰਗਰ ਹਨ, ਸਦੀਵੀ ਸੁਖਾਂ ਪ੍ਰਾਪਤੀ ਹਰੀ ਦੇ ਗੁਣ ਗਾਇਨ ਕਰਨ ਅਤੇ ਉਸ ਦੇ ਭਾਣੇ ਵਿੱਚ ਵਿਚਰ ਕੇ ਬੰਦਗੀ ਕਰਨ ਵਿੱਚ ਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 210 ਉੱਤੇ ਸੰਸਾਰ ਦੇ ਲੋਕਾਂ ਨੂੰ ਇਹ ਸਮਝਾਇਆ ਗਿਆ ਹੈ ਕਿ ਹਰੀ ਦੇ ਨਾਮ ਬਿਨਾ ਸੁਖ ਅਸੰਭਵ ਹੈ-
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਵੈਰਾਗਮਈ ਬਾਣੀ ਵਿੱਚ ਸੁਖ ਪ੍ਰਾਪਤ ਕਰਨ ਦਾ ਸਾਧਨ ਇਸ ਪ੍ਰਕਾਰ ਦੱਸਦੇ ਹਨ –
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥
(ਅੰਗ ੧੪੨੭)

ਜਗਤ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੇ ਇੱਕ ਸ਼ਬਦ ਵਿੱਚ ਬਹੁਤ ਰਮਜ਼ ਦੀ ਬਾਤ ਸਮਝਾਈ ਹੈ ਕਿਜੇ ਪ੍ਰਭੂ ਦਾ ਨਾਮ ਕੋਲ ਨਹੀਂ ਤਾਂ ਸਭੇ ਸੁਖ ਰੋਗਾਂ ਸਮਾਨ ਬਣ ਜਾਂਦੇ ਹਨ ਅਤੇ ਜੇ ਕਿਸੇ ਨੂੰ ਦੁਖਾਂ ਵਿੱਚ ਰੱਬ ਚੇਤੇ ਆਉਂਦਾ ਹੈ ਤਾਂ ਉਸ ਲਈ ਉਹ ਦੁਖ ਵੀ ਦਾਰੂ ਹੋ ਨਿੱਬੜਦਾ ਹੈ –
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥
ਗੁਰਬਾਣੀ ਮੁਤਾਬਿਕ ਸੁਖਾਂ ਦੀ ਪ੍ਰਾਪਤੀ ਲਈ ਗੁਰੂ ਦੀ ਸ਼ਰਨ ਵਿੱਚ ਆਉਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ ੧੧੮੧ ਉੱਤੇ ਇਸ ਤੁਕ ਨੂੰ ਵਿਚਾਰਿਆ ਜਾ ਸਕਦਾ ਹੈ –
ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥
ਗੁਰੂ ਤੇਗ ਬਹਾਦਰ ਜੀ ਮੁਤਾਬਿਕ ਜਿਹੜਾ ਪ੍ਰਾਣੀ ਦੁਖ ਅਤੇ ਸੁਖ, ਮਾਨ ਅਤੇ ਅਪਮਾਨ, ਉਸਤੱਤ ਅਤੇ ਨਿੰਦਾ, ਸੋਨੇ ਅਤੇ ਮਿੱਟੀ ਨੂੰ ਸਮਾਨ ਰੂਪ ਸਮਝਦਾ ਹੈ, ਉਸੇ ਹੀ ਪ੍ਰਾਣੀ ਨੇ ਜੀਵਨ ਦੇ ਤੱਥ ਸਾਰ ਨੂੰ ਸਮਝਿਆ ਹੈ –
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
(ਅੰਗ ੬੩੩)
ਗੁਰ ਗ੍ਰੰਥ ਸਾਹਿਬ ਦੇ ਅੰਗ ੧੨੬੮ ਉੱਤੇ ਅੰਕਿਤ ਇਹ ਪਾਵਨ ਤੱਕ ਵੀ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਪਾਰਬ੍ਰਹਮ ਨਾਲ ਲਿਵ ਜੋੜਨਾ ਦੱਸਦੀ ਹੈ –
ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥
ਅਰਥਾਤ –
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥
(ਅੰਗ ੧੦੩੪)
ਗੁਰਬਾਣੀ ਵਿੱਚ ਇਹ ਫਰਮਾਨ ਵੀ ਆਉਂਦਾ ਹੈ ਕਿ ਜੋ ਵਿਅਕਤੀ ਕੇਵਲ ਤੇ ਕੇਵਲ ਪਰਮੇਸ਼ਵਰ ਦਾ ਓਟ ਆਸਰਾ ਤੱਕਦਾ ਹੈ ਉਹ ਹੀ ਅਸਲੀ ਅਰਥਾਂ ਵਿੱਚ ਸੁਖੀ ਹੈ –
ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥
ਸੋ ਜੇ ਕੋਈ ਪ੍ਰਾਣੀ ਗੁਰਬਾਣੀ ਦੇ ਉਪਦੇਸ਼ਾਂ ਦੇ ਮੁਤਾਬਿਕ ਜੀਵਨ ਜੀਵੇ ਅਤੇ ਨਾਲ ਹੀ ਸਤਸੰਗਤ ਵਿੱਚ ਜਾ ਕੇ ਸੇਵਾ ਕਰੇ ਤਾਂ ਉਸ ਲਈ ਜਿੱਥੇ ਸੁਖਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਉੱਥੇ ਉਸ ਦੀ ਮੁਕਤੀ ਦਾ ਦਵਾਰ ਵੀ ਖੁੱਲ੍ਹ ਜਾਵੇਗਾ। ਗੁਰਵਾਕ ਹੈ –
ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥
(ਅੰਗ ੨੫-੨੬)

ਸ. ਤੀਰਥ ਸਿੰਘ “ਢਿੱਲੋਂ”
ਮੋ: 981-546-1710