107 views 6 secs 0 comments

ਗੁਰਮੁਖਿ ਬੁਢੇ ਕਦੇ ਨਾਹੀ . . .

ਲੇਖ
January 24, 2025

-ਸ. ਤਰਸੇਮ ਸਿੰਘ

ਸ੍ਰੀ ਗੁਰੂ ਨਾਨਕ ਸਾਹਿਬ ਜੀ ਮਨੁੱਖੀ ਜੀਵਨ ਦੀਆਂ ਅਵਸਥਾਵਾਂ ਨੂੰ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਉਂਦੇ ਹਨ:
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਨਹਾਰੁ॥ (ਪੰਨਾ ੧੩੮)

ਗੁਰੂ ਸਾਹਿਬ ਅਨੁਸਾਰ ੧੦ ਸਾਲ ਤਕ ਬਾਲੀ ਉਮਰ ਹੈ, ੨੦ ਤਕ ਅੱਲੜ੍ਹਪੁਣਾ ਹੈ, ੩੦ ਸਾਲਾਂ ਦਾ ਸੁੰਦਰ ਅਖਵਾਉਂਦਾ ਹੈ; ਜਿਸ ਨੂੰ ਮਦਹੋਸ਼ੀ ਵਿਚ ਕੁਝ ਵੀ ਯਾਦ ਨਹੀਂ ਰਹਿੰਦਾ। ੪੦ ਸਾਲਾਂ ਦਾ ਭਰ ਜੁਆਨ ਹੁੰਦਾ ਹੈ। ੫੦ ਸਾਲ ਤਕ ਪੈਰ ਖਿਸਕਣੇ ਸ਼ੁਰੂ ਹੋ ਜਾਂਦੇ ਹਨ ਤੇ ੬੦ ਸਾਲ ਤੋਂ ਬਾਅਦ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ੭੦ਵੇਂ ਤਕ ਮੱਤ ਮਾਰੀ ਜਾਂਦੀ ਹੈ। ੮੦ਵੇਂ ਸਾਲ ਤਕ ਮਨੁੱਖ ਕੁਝ ਵੀ ਕਰਨ ਦੇ ਸਮਰੱਥ ਨਹੀਂ ਰਹਿੰਦਾ। ਜਦਕਿ ੯੦ ਸਾਲ ਤੋਂ ਬਾਅਦ ਜੀਊਣ ਦਾ ਕੋਈ ਹੱਜ ਈ ਨਹੀਂ। ਬਿਰਧ ਅਵਸਥਾ ਸਭ ਤੋਂ ਸੰਵੇਦਨਸ਼ੀਲ ਅਵਸਥਾ ਹੈ। ਇਸ ਅਵਸਥਾ ਨੂੰ ਕੋਈ ਵੀ ਕਬੂਲਣ ਲਈ ਤਿਆਰ ਨਹੀਂ, ਪਰ ਭੋਗਣੀ ਪੈਂਦੀ ਹੈ। ਬਾਲਪਨ ਜਵਾਨੀ ਦੀ ਉਡੀਕ ਕਰਦਾ ਹੈ, ਪਰ ਜਵਾਨੀ ਬੁਢਾਪੇ ਨੂੰ ਨਹੀਂ ਉਡੀਕਦੀ ਬਲਕਿ ਉਸ ਨੂੰ ਰੋਕਣ ਲਈ ਵੀਹ ਤਰੱਦਦ ਕਰਦੀ ਹੈ, ਜਿਸ ਦਾ ਕੋਈ ਤੋੜ ਨਹੀਂ। ਥੋੜ੍ਹੀ ਦੇਰ ਇਸ ਅਵਸਥਾ ਤੋਂ ਰਾਹਤ ਪਾਉਣ ਲਈ ਮਨੁੱਖ ਭਰਮ ਜ਼ਰੂਰ ਪਾਲ ਲੈਂਦਾ ਹੈ। ਇਸ ਨੂੰ ਖਿੜ੍ਹੇ ਮੱਥੇ ਕੋਈ ਪ੍ਰਵਾਨ ਨਹੀਂ ਕਰਦਾ। ਬੁਢਾਪਾ ਅਜਿਹੀ ਅਵਸਥਾ ਹੈ ਜੋ ਇਕ ਵਾਰ ਆ ਗਈ ਤਾਂ ਫਿਰ ਸਿਵੇ ‘ਚ ਹੀ ਸੜਦੀ ਹੈ। ਇਹ ਇਕ ਸਚਾਈ ਹੈ ਕਿ ਅਸੀਂ ਸੰਸਾਰਿਕ ਜੀਵ ਬਚਪਨ ਤੋਂ ਜਵਾਨੀ ‘ਚ ਪਹੁੰਚਣ ਲਈ ਖੁਰਾਕਾਂ ਖਾਂਦੇ ਹਾਂ, ਜਵਾਨੀ ਬਰਕਰਾਰ ਰੱਖਣ ਵਾਸਤੇ ਕਈ ਤਰੱਦਦ ਕਰਦੇ ਹਾਂ, ਪਰ ਬੁਢਾਪਾ ਆਉਣ ਦੀ ਨਾ ਤਾਂ ਕੋਈ ਦਵਾਈ ਖਾਂਦਾ ਹੈ ਤੇ ਨਾ ਹੀ ਬੁਢਾਪੇ ਨੂੰ ਕੋਈ ਉਡੀਕਦਾ ਹੈ।

ਭਗਤ ਸ਼ੇਖ ਫਰੀਦ ਜੀ ਜਵਾਨੀ ਨੂੰ ਯਾਦ ਕਰਦੇ ਨਿਤਾਣੇ ਬੁਢਾਪੇ ਨੂੰ ਬੜੇ ਖ਼ੂਬਸੂਰਤ ਸ਼ਬਦਾਂ ‘ਚ ਇਸ ਤਰ੍ਹਾਂ ਬਿਆਨ ਕਰਦੇ ਹਨ:
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ॥
                                                                                     ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (ਪੰਨਾ ੧੩੭੮)
ਭਾਵ ਕਿ ਇਨ੍ਹਾਂ ਲੱਤਾਂ ਨਾਲ ਬਹੁਤ ਦੂਰ ਤਕ ਭਉਂ ਆਉਂਦਾ ਸਾਂ, ਅੱਜ ਮੈਨੂੰ ਨੁੱਕਰੇ ਪਿਆ ਪਾਣੀ ਵਾਲਾ ਕੁੱਜਾ ੧੦੦ ਕੋਹ ਨੂੰ ਲੱਗ ਰਿਹਾ ਹੈ। ਬੁਢਾਪੇ ‘ਚ ਸਰੀਰਕ ਸਮਰੱਥਾ ਘੱਟ ਜਾਂਦੀ ਹੈ। ਚੰਗੇ-ਭਲੇ ਅੰਗ ਕੰਮ ਕਰਨੋਂ ਹਟ ਜਾਂਦੇ ਹਨ। ਸਰੀਰ ਕਈ ਰੰਗ ਵਟਾਉਂਦਾ ਹੈ:
ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ॥

                                                                               ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ॥ (ਪੰਨਾ ੧੩੭੮)
ਬੁਢਾਪੇ ਦੀ ਬਹੁਤ ਹੀ ਤਰਸਯੋਗ ਹਾਲਤ ਨੂੰ ਭਗਤ ਭੀਖਣ ਜੀ ਨੇ ਸੋਰਠਿ ਰਾਗ ਵਿਚ ਇਸ ਤਰ੍ਹਾਂ ਲਿਖਿਆ ਹੈ:
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥ (ਪੰਨਾ ੬੫੯)
ਸਾਰੀ ਉਮਰ ਦੁਨਿਆਵੀ ਕੰਮਾਂ-ਕਾਰਾਂ ‘ਚ ਰੁੱਝਿਆ ਬੰਦਾ ਪਰਮਾਤਮਾ ਨੂੰ ਅਖੀਰਲੇ ਵੇਲੇ ਉਦੋਂ ਯਾਦ ਕਰਦਾ ਹੈ ਜਦੋਂ ਕਾਸੇ ਜੋਗਾ ਨਹੀਂ ਰਹਿੰਦਾ:
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ॥
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ॥ (ਪੰਨਾ ੪੭੯)

ਬੁਢਾਪਾ ਹੀ ਅਸਲ ਵਿਚ ਸਵੈ-ਵਿਸ਼ਲੇਸ਼ਣ ਦਾ ਵੇਲਾ ਹੁੰਦਾ ਹੈ। ਜਿਨ੍ਹਾਂ ਵਾਸਤੇ ਝੂਠ-ਸੱਚ, ਠੱਗੀਆਂ-ਠੋਰੀਆਂ ਆਦਿ ਮਾਰੀਆਂ ਹੁੰਦੀਆਂ ਹਨ, ਜਦੋਂ ਉਹ ਨੇੜੇ ਨਹੀਂ ਢੁੱਕਦੇ ਤਾਂ ਮਨੁੱਖ ਦਾ ਕੀਤੇ ਮਾੜੇ ਕੰਮਾਂ ਨੂੰ ਯਾਦ ਕਰ ਕੇ ਪਛਤਾਉਣਾ ਕੁਦਰਤੀ ਹੈ। ਗੁਰਬਾਣੀ ਦਾ ਫੁਰਮਾਨ ਹੈ:
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥ ਸੁਤ ਦਾਰਾ ਪਹਿ ਆਨਿ ਲੁਟਾਵੈ॥
ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥
(ਪੰਨਾ ੬੫੬)

ਪਰ ਬੀਤੇ ਨੂੰ ਤਾਂ ਹੋਣੀ ਵੀ ਨਹੀਂ ਫੜ ਸਕਦੀ। ਦਰਅਸਲ ਜਵਾਨੀ ਵੇਲੇ ਬੁਢਾਪਾ ਯਾਦ ਹੀ ਨਹੀਂ ਰਹਿੰਦਾ। ਬਹੁਤ ਘੱਟ ਲੋਕ ਹੁੰਦੇ ਹਨ ਜੋ ਬੁਢਾਪਾ ਮਾਣਦੇ ਹਨ। ਉਂਞ ਮਾਣਨਾ ਤੇ ਭੋਗਣਾ ਵੱਖਰੇ-ਵੱਖਰੇ ਵਿਸ਼ੇ ਹਨ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ॥ (ਪੰਨਾ ੧੪੧੮)

ਭਾਵ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਿਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ ਉਹ ਮਨੁੱਖ (ਆਤਮਿਕ ਜੀਵਨ) ਵਿਚ ਕਦੇ ਕਮਜ਼ੋਰ ਨਹੀਂ ਹੁੰਦੇ। ਜਿਨ੍ਹਾਂ ਦੀ ਪਰਮਾਤਮਾ ਦੀ ਭਗਤੀ ਕਰ ਕੇ ਅੰਦਰਲੀ ਸੂਰਤ ਕਾਇਮ ਹੁੰਦੀ ਹੈ। ਉਹ ਬੁਢਾਪੇ ਨੂੰ ਕਬੂਲ ਕਰ ਕੇ ਸੰਤੁਸ਼ਟੀ ਭਰਿਆ ਜੀਵਨ ਮਾਣਦੇ ਹੋਏ ਕਦੇ ਬੁੱਢੇ ਨਹੀਂ ਹੁੰਦੇ। ਬੁਢਾਪਾ ਫਿਰ ਬੁਢਾਪਾ ਨਹੀਂ ਰਹਿੰਦਾ ਬਲਕਿ ਆਤਮਿਕ ਸੁਖ ਦਾ ਵੇਲਾ ਹੁੰਦਾ ਹੈ, ਜਿਸ ਦੇ ਤਜ਼ਰਬੇ ਤੋਂ ਹੋਰਾਂ ਕਈਆਂ ਨੂੰ ਫਾਇਦਾ ਹੋ ਸਕਦਾ ਹੈ। ਸੋ, ਆਓ ਬੁਢਾਪੇ ਨੂੰ ਮਾਣੀਏ !