
ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ॥
ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ॥੧॥(ਅੰਗ ੮੨੩)
ਮਨੁੱਖੀ ਸ਼ਖ਼ਸੀਅਤ ਦੀ ਸੰਪੂਰਨ ਉਸਾਰੀ ਵਿਚ ਪੰਦਰਵੀਂ ਕਲਾ ‘ਚਾਤ੍ਰਤਾ ਕਲਾ (ਸਿਆਣਪ) ਹੈ। ਚਾਤ੍ਰਤਾ ਦੇ ਅਰਥਾਂ ਨੂੰ ਵਿਸਥਾਰ ਵਿਚ ਜਾਣਨਾ ਹੋਵੇ ਤਾਂ ਗਿਆਨੀ ਕਿਰਪਾਲ ਸਿੰਘ ਜੀ ਨੇ ‘ਸਮ ਅਰਥ ਕੋਸ਼’ ਵਿਚ ਇਸ ਦੇ ਅਨੇਕ ਸਮਾਨ-ਅਰਥੀ ਸ਼ਬਦ ਦਿੱਤੇ ਹਨ, ਜਿਵੇਂ : ਉਸਨਾਕ, ਉਖਣ, ਉਧਤ, ਸਿਆਣਾ, ਸੁਘੜ, ਸੁਜਾਣ, ਹੁਸਨਾਕ, ਕਾਮਲ, ਕੋਵਿੰਦ, ਚਾਤੁਰ, ਚਲਾਕ, ਦਾਨਾ, ਨਾਗਰ, ਪਟੂ, ਪਰਬੀਨ, ਪੈਕਾਰ, ਬਿਚੱਖਣ, ਬੀਨਾ, ਬੁਧਿਮਾਨ, ਲਤੀਫ਼ ਆਦਿ ਹਨ।
ਇਕ ਵਿਦਵਾਨ ਨੇ ਲਿਖਿਆ ਹੈ, ‘ਕਸ਼ਟ ਮਨੁੱਖ ਨੂੰ ਸੋਚਣ ਲਾਉਂਦਾ ਹੈ, ਸੋਚ ਮਨੁੱਖ ਨੂੰ ਸਿਆਣਾ ਬਣਾਉਂਦੀ ਹੈ ਤੇ ਸਿਆਣਪ ਜ਼ਿੰਦਗੀ ਨੂੰ ਸੁਖਾਵਾਂ ਬਣਾਉਂਦੀ ਹੈ।”
ਇਕ ਹੋਰ ਵਿਦਵਾਨ ਐਸਕੀਮੋ ਦਾ ਕਥਨ ਹੈ, ‘ਸਿਆਣਾ ਵਿਅਕਤੀ ਖੂਹ ‘ਚ ਬੈਠਾ ਵੀ ਪਹਾੜ ਉੱਪਰ ਬੈਠੇ ਮੁਰਖ ਵਿਅਕਤੀ ਨਾਲੋਂ ਜ਼ਿਆਦਾ ਦੇਖ ਲੈਂਦਾ ਹੈ।” ਖੈਰ, ਸਿਆਣਪ ਬਾਰੇ ਇਹ ਵੀ ਸੱਚ ਹੈ ਕਿ ਪੰਘੂੜੇ ‘ਚ ਸਿੱਖੀਆਂ ਗੱਲਾਂ ਕਬਰਾਂ ਤਕ ਨਾਲ ਜਾਂਦੀਆਂ ਹਨ। ਇਹ ਵੀ ਤੱਤ ਗਿਆਨ ਹੈ ਕਿ ਇਕ ਮਨੁੱਖ ਨੂੰ ਚੌਰਾਸੀ ਲੱਖ ਜੂਨਾਂ ਦਾ ਸਰਦਾਰ ਹੋਣ ਦਾ ਮਾਣ ਵੀ ਉਸ ਦੀ ਸਿਆਣਪਤਾ ਜਾਂ ਚਾਤ੍ਰਤਾ ਨੇ ਹੀ ਦਿਵਾਇਆ ਹੈ। ਚਾਤ੍ਰਤਾ ਸਫ਼ਲ ਜੀਵਨ ਦਾ ਮੂਲ ਆਧਾਰ ਹੈ ਤੇ ਇਸ ਦਾ ਵਿਪਰੀਤ ਸ਼ਬਦ ਮੂਰਖਤਾ ਹੀ ਆਵੇਗਾ। ਸਾਡੇ ਆਮ ਬੋਲਚਾਲ ਵਿਚ ਕਿਹਾ ਜਾਂਦਾ ਹੈ ਕਿ ‘ਕਮਲ ਨਾ ਮਾਰ ਸਿਆਣਾ ਬਣ…।’ ਪੰਜਾਬੀ ਲੋਕ ਅਖਾਣ ਹੈ ਕਿ ‘ਸਿਆਣਾ ਵੈਰੀ ਵੀ ਮੂਰਖ ਮਿੱਤਰ ਨਾਲੋਂ ਚੰਗਾ ਹੁੰਦਾ।”
ਇਸ ਸਮਾਜ ਵਿਚ ਸਿਆਣਪਤਾ ਦੀ ਹੀ ਵਡਿਆਈ ਹੈ ਕਿ ਸਿਆਣੀ ਗੱਲ ਜਾਂ ਵਿਚਾਰ ਦੀ ਕੀ ਕੀਮਤ ਹੁੰਦੀ ਹੈ। ਲੋਕ-ਅਖਾਣ ਹੈ, ‘ਸਿਆਣੇ ਦੇ ਕਹੇ ਦਾ ਤੇ ਅਉਲੇ ਦੇ ਖਾਧੇ ਦਾ ਪਿੱਛੋਂ ਸੁਆਦ ਆਉਂਦਾ ਹੈ।”
ਇਸੇ ਤਰ੍ਹਾਂ ਕਈ ਵਾਰ ਜਦ ਸਿਆਣਾ ਪੁਰਸ਼ ਵੱਡੀ ਗਲਤੀ ਕਰ ਬੈਠੇ ਤਾਂ ਸਮਾਜ ਇਹ ਵੀ ਕਹਿ ਦਿੰਦਾ ਹੈ ਕਿ ‘ਸਿਆਣਾ ਕਾਂ ਗੰਦਗੀ ‘ਤੇ ਡਿੱਗਦਾ।” ਹੁਣ ਇਹ ਗੱਲ ਸਿਆਣਪ ਨੂੰ ਸਾਂਭਣ ਦੀ ਸੁਚੇਚਤਾ ਹੈ ਕਿ ਸਿਆਣਪਤਾ ਨੂੰ ਦਾਗ਼ ਨਾ ਲੱਗ ਜਾਵੇ। ਪੰਚ ਤੰਤਰ ਵਿਚ ਕਥਾ ਹੈ ਕਿ ਵਿਦਵਾਨ ਲੋਕ-ਗਿਆਨ, ਸੂਰਬੀਰਤਾ, ਧਨ ਦੌਲਤ ਤੇ ਸ਼ੁਭ ਗੁਣਾਂ ਵਾਲੇ ਜੀਵਨ ਨੂੰ ਅਸਲੀ ਜੀਵਨ ਕਹਿੰਦੇ ਹਨ, ਭਾਵੇਂ ਉਹ ਜੀਵਨ ਇਕ ਪਲ ਲਈ ਕਿਉਂ ਨਾ ਹੋਵੇ, ਉਂਜ ਤਾਂ ਕਾਂ ਵੀ ਜੂਠ ਆਦਿ ਖਾ ਕੇ ਚਿਰ ਕਾਲ ਤਕ ਜੀਊਂਦਾ ਰਹਿੰਦਾ ਹੈ।
ਇਸ ਦ੍ਰਿਸ਼ਟਮਾਨ ਸੰਸਾਰ ਵਿਚ ਇੱਜ਼ਤ ਜਾਂ ਮਾਣ ਹਮੇਸ਼ਾਂ ਸਿਆਣਪਤਾ ਜਾਂ ਚਾਤ੍ਰਤਾ ਦੀ ਸ਼ਕਤੀ ਵਾਲੇ ਮਨੁੱਖ ਨੂੰ ਮਿਲਿਆ ਹੈ। ਇਸ ਚਾਤ੍ਰਤਾbਵਿਚ ਨੈਤਿਕ ਕਦਰਾਂ-ਕੀਮਤਾਂ, ਜੀਵਨ-ਜਾਚ, ਰਹਿਣ-ਸਹਿਣ, ਖਾਣ-ਪੀਣ, ਲੋਕ-ਵਿਹਾਰ, ਬੋਲ-ਚਾਲ, ਸਮਾਜਿਕ ਤੇ ਧਾਰਮਿਕ ਕਦਰਾਂ-ਕੀਮਤਾਂ ਆਦਿ ਸਿਆਣਪਤਾ ਦੇ ਪੈਮਾਨੇ ਹਨ। ਦੂਜੇ ਪਾਸੇ ਭਾਵੇਂ ਠੱਗ, ਚੋਰ, ਡਾਕੂ ਵੀ ਸਿਆਣੇ ਹੁੰਦੇ ਹਨ ਤੇ ਉਹ ਠੱਗੀ ਮਾਰਨ, ਚੋਰੀ ਕਰਨ ਤੇ ਲੁੱਟਣ ਤਕ ਚਾਤ੍ਰਤਾ ਜਾਣਦੇ ਹਨ ਪਰ ਇਕ ਸੱਭਿਅਕ ਸਮਾਜ ਦੀ ਸਿਆਣਪਤਾ ਲਈ ਵੀ ਕਸਵੱਟੀ ਹੁੰਦੀ ਹੈ। ਇਧਰ ਨਕਲ, ਨਸ਼ਾ, ਨੰਗੇਜ਼ਵਾਦ, ਨਿਕੰਮਾਪਣ ਤੇ ਨਕਾਰੂ ਸਾਹਿਤ ਭਾਵੇਂ ਚਾਤਰਪੁਣੇ ਦਾ ਭਰਮ ਤਾਂ ਪਾਲ ਰਿਹਾ ਹੈ ਪਰ ਇਸ ਨੇ ਸੱਭਿਅਕ ਸਮਾਜ ਵਿਚ ਮੂਰਖਪੁਣਾ ਤੇ ਬਦਫੈਲੀਆਂ ਫੈਲਾਉਣ ਵਿਚ ਵੱਡਾ ਵਾਧਾ ਕਰ ਦਿੱਤਾ ਹੈ। ਇਹ ਵੀ ਸੱਚ ਹੈ ਕਿ ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਲੱਗਦਾ ਹੁੰਦਾ ਹੈ ਤੇ ਹਰ ਬੰਦੇ ਨੂੰ ਭਰਮ ਰਹਿੰਦਾ ਹੈ ਕਿ ਅਕਲ ਵਿਚ ਮੈਂ ਵੱਡਾ ਤੇ ਧਨ-ਦੌਲਤ ਦੂਸਰਿਆਂ ਪਾਸ ਬਹੁਤੀ ਹੈ। ਇਹ ਭਰਮ ਵੀ ਕਈਆਂ ਨੂੰ ਸਾਰੀ ਉਮਰ ਸਿਆਣੇ ਨਹੀਂ ਹੋਣ ਦਿੰਦਾ। ਇਸੇ ਲਈ ਖ਼ਤਰਨਾਕ ਨਸ਼ਿਆਂ, ਰੀਤਾਂ-ਰਸਮਾਂ ਤੇ ਭਰਮ ਪਖੰਡਾਂ ਵਿਚ ਫਸਿਆ ਬਹੁਤਾ ਵਰਗ ਮੁਕਤ ਨਹੀਂ ਹੋ ਰਿਹਾ। ਕਾਲੀਦਾਸ ਨੇ ‘ਸ਼ਤ ਮੂਢਾ’ (ਸੌ ਮੂਰਖ) ਕਿਰਤ ਵਿਚ ਸਿਆਣਪ ਸਮਝਾਉਣ ਲਈ ਮੂਰਖਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ :
ਬਸਤਰ ਪਹਿਨੇ ਸਦਾ ਮਲੀਨ।
ਸਮਝੋ ਮੂਰਖ ਬੁਧ ਬਿਹੀਨ।
ਖਾਧੇ ਉਪਰ ਫਿਰ ਮੁੜ ਖਾਵੇ। ਨਿਰਮਲ ਜਲ ਦੇ ਨਾਲ ਨਾ ਨ੍ਹਾਵੇ। ਸਭਾ ਵਿਚ ਬਣੇ ਚਤਰ ਪ੍ਰਾਣੀ।
ਬੇ ਮੌਕੇ ਦੀ ਕਥੇ ਕਹਾਣੀ।
ਅੱਗਾ ਦੇਖ ਧਰੇ ਨਾ ਪੈਰ।
ਉਸ ਮੂਰਖ ਦੀ ਹੋਇ ਨ ਖੈਰ।
ਸਿਆਣਪਤਾ ਨਿੱਜ ਤੋਂ ਸਮਾਜਿਕ ਜੀਵਨ ਤੇ ਫਿਰ ਧਾਰਮਿਕ ਅਤੇ ਅਧਿਆਤਮਿਕ ਜੀਵਨ ਦੀ ਸਫਲਤਾ ਦਾ ਮੂਲ ਆਧਾਰ ਹੈ। ਇਸ ਲੇਖ ਦੇ ਅਰੰਭ ਵਿਚ ਦਿੱਤੀਆਂ ਪੰਕਤੀਆਂ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਪ੍ਰਭੂ ਮੇਰਾ ਦਿਲਾਂ ਦੀਆਂ ਜਾਣਨ ਵਾਲਾ ਹੈ। ਉਸ ਦੀ ਕਿਰਪਾ ਨਾਲ ਇਆਨਪ (ਬੇਸਮਝੀ) ਦੀ ਥਾਂ ਹੁਣ ਮੇਰੇ ਅੰਦਰ ਸਿਆਣਪ ਪੈਦਾ ਹੋ ਗਈ ਹੈ। ਇਹ ਵੀ ਨਿਸ਼ਚਾ ਹੋ ਗਿਆ ਹੈ ਕਿ ਪ੍ਰਭੂ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾਅ ਲੈਂਦਾ ਹੈ ਤੇ ਫਿਰ ਕੋਈ ਵੀ ਮਨੁੱਖ ਦਾ ਖੀਨਾ (ਨੁਕਸਾਨ) ਨਹੀਂ ਕਰ ਸਕਦਾ। ਇਸ ਲਈ ਪ੍ਰਭੂ-ਪਰਮਾਤਮਾ ਉੱਪਰ ਨਿਸ਼ਚਾ ਤੇ ਬਾਣੀ ਦਾ ਸਿਮਰਨ ਮਨੁੱਖੀ ਵਿਕਾਸ ਦਾ ਵੱਡਾ ਆਧਾਰ ਹਨ। ਜਦੋਂ ਇਆਨਪਤਾ ਤੋਂ ਸਿਆਣਪਤਾ ਵੱਲ ਮਨੁੱਖ ਢਲ ਗਿਆ ਤਾਂ ਇਹ ਸ਼ਕਤੀ ਸੰਪੂਰਨ ਸ਼ਖ਼ਸੀਅਤ ਦਾ ਵੱਡਾ ਗੁਣ ਹੈ, ਜਿਸ ਸਬੰਧੀ ਗੁਰੂ ਸਾਹਿਬ ਨੇ ਮਾਨਵਤਾ ਨੂੰ ਸਮਝਾਇਆ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ