‘ਹੰਨੈ ਹੰਨੈ ਪਾਤਸ਼ਾਹੀ’ ਅਤੇ ‘ਬੇਲਿਓਂ ਨਿਕਲਦੇ ਸ਼ੇਰ’ ਤੋਂ ਬਾਅਦ, ਭਾਈ ਜਗਦੀਪ ਸਿੰਘ ਫਰੀਦਕੋਟ ਨੇ ਆਪਣੀ ਲਿਖਤ ਲੜੀ ਨਾਨਕਿ ਰਾਜੁ ਚਲਾਇਆ ਦੀ ਤੀਜੀ ਕਿਸ਼ਤ, ਪੁਸਤਕ ਚੜੇ ਤੁਰੰਗ ਉਡਾਵੈ ਬਾਜ, ਨੂੰ ਪ੍ਰਕਾਸ਼ਿਤ ਕੀਤਾ ਹੈ। 18ਵੀਂ ਸਦੀ ਦੇ ਪੁਰਾਤਨ ਸਿੰਘਾਂ ਦੀਆਂ ਕਹਾਣੀਆਂ ਅਤੇ ਗੁਰਬਾਣੀ ਦੇ ਪ੍ਰੇਮ ਨੂੰ ਦਰਸਾਉਂਦੀ ਇਹ ਪੁਸਤਕ ਦੇਸ਼-ਵਿਦੇਸ਼ ਵਿਚ ਵਸਦੀ ਸੰਗਤ ਵੱਲੋਂ ਅਥਾਹ ਪ੍ਰੇਮ ਪ੍ਰਾਪਤ ਕਰ ਰਹੀ ਹੈ। ਇਸ ਭਾਗ ਵਿੱਚ ਸਰਦਾਰ ਬਾਬਾ ਬਘੇਲ ਸਿੰਘ ਜੀ ਦੇ ਜਨਮ ਤੋਂ ਲੈ ਕੇ ਦਿੱਲੀ ਫਤਿਹ ਦੀ ਸਾਖੀ ਅਤੇ ਸ਼ੇਰ-ਏ-ਪੰਜਾਬ ਦੇ ਜਨਮ ਤੱਕ ਦੀ ਕਹਾਣੀ ਦਾ ਵਰਣਨ ਕੀਤਾ ਗਿਆ ਹੈ।
ਕਿਤਾਬ ਵਿੱਚੋਂ ਕੁਝ ਸਤਰਾਂ ਹਨ :
“ਕੀ ਧਰਤੀ ’ਤੇ ਕਦੇ ਕੋਈ ਐਸਾ ਰਾਜ ਸਚਮੁੱਚ ਸਥਾਪਤ ਹੋ ਸਕਦਾ ਹੈ ਰਾਜਾ ਸਾਹਬ ਜਿਹਾ ਕਿ ਤੁਸੀਂ ਖੇਡ ਵਿਚ ਦਿਖਾਇਆ ਹੈ…?”, ਗੋਰਾ, ਬਾਲ ਨੂੰ ਪੁੱਛਦਾ ਹੈ।
“ਹੋ ਸਕਦਾ ਹੈ ਨਹੀਂ, ਹੋ ਚੁੱਕਾ ਹੈ…”, ਬਾਲ ਦ੍ਰਿੜਤਾ ਨਾਲ ਬੋਲਦਾ ਹੈ, “…ਤੇ ਤੁਸੀਂ ਉਸੇ ਰਾਜ ਦੀਆਂ ਹੱਦਾਂ ਵਿਚ ਖਲੋਤੇ ਹੋ…”, ਬਾਲ ਦੀ ਇਸ ਦ੍ਰਿੜਤਾ ’ਤੇ ਦੋਹੇਂ ਗੋਰੇ ਹੈਰਾਨ ਹੋ ਰਹੇ ਹਨ।
“…ਤੇ ਕੌਣ ਹੈ ਰਾਜਾ… ਏਸ ਰਾਜ ਵਿਚ…?”
“ਇਹ ਰਾਜਿਆਂ ਦਾ ਹੀ ਰਾਜ ਹੈ… ਏਥੇ ਸਭ ਰਾਜੇ ਨੇ…”
“ਪਰ ਕਿਸੇ ਨੂੰ ਤਾਂ ਤਖ਼ਤ ਉੱਤੇ ਬਿਠਾਇਆ ਹੋਵੇਗਾ…?”
“ਤਖ਼ਤ ਉੱਤੇ ਗ੍ਰੰਥ ਤੇ ਗ੍ਰੰਥ ਦੀ ਤਾਬਿਆ ਪੰਥ…”, ਜਿਉਂ ਜਿਉਂ ਬਾਲ ਬੋਲਦਾ ਹੈ ਗੋਰਿਆਂ ਦੇ ਲੂ ਕੰਡੇ ਖੜ੍ਹੇ ਹੋ ਰਹੇ ਹਨ।
“ਪਰ ਪ੍ਰਬੰਧ ਚਲਾਉਣ ਲਈ ਕਿਸੇ ਨੂੰ ਤਾਂ ਮੁਖਤਿਆਰੀ ਦਿੱਤੀ ਹੋਏਗੀ…?”
“ਹਾਂ ਸਮੁੱਚੇ ਪੰਥ ਨੇ ਇਕ ਐਸੇ ਸਖਸ਼ ਨੂੰ ਲਾਹੌਰ ਦਰਬਾਰ ਵਿਚ ਬਿਠਾਇਆ ਹੈ ਜੋ ਸਭ ਨੂੰ ਇਕ ਅੱਖ ਨਾਲ ਦੇਖ ਸਕੇ ਤੇ ਤਾਕਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਪਰਜਾ ਦਾ ਸੇਵਕ ਜਾਣੇ…”
(ਚੜੇ ਤੁਰੰਗ ਉਡਾਵੈ ਬਾਜ)