73 views 15 secs 0 comments

ਜ਼ਫ਼ਰਨਾਮਾ

ਲੇਖ
June 23, 2025

ਸ੍ਰੀ।ਗੁਰੂ ਗੋਬਿੰਦ ਸਿੰਘ ਜੀ ਦੀ ਪਰਮ ਉੱਚ ਸ਼ਖ਼ਸੀਅਤ-ਇਲਾਹੀ ਈਮਾਨ, ਆਤਮ ਸਨਮਾਨ ਅਤੇ ਅਦਭੂਤ ਗਿਆਨ ਦਾ ਸੰਗਮ ਹੈ, ਜਿਸ ਦੀ ਮਿਸਾਲ ਧਾਰਮਿਕ ਸੰਸਾਰ ਵਿਚ ਘਟ ਹੀ ਮਿਲਦੀ ਹੈ । ਉਹ ਰੂਹਾਨੀ ਰਹਿਬਰ ਸਨ, ਵਿਦਵਾਨ ਕਵੀ ਸਨ ਤੇ ਬਲਵਾਨ ਸੈਨਾਪਤਿ ਸਨ: ਤੇ ਇਹ ਤਿੰਨੇ ਗੁਣ ਔਰੰਗਜ਼ੇਬ ਵਲ ਲਿਖੇ ਆਪ ਦੇ ਪੱਤਰ-ਜ਼ਫ਼ਰਨਾਮੇ-ਵਿਚ ਆਪਣਾ ਪੂਰਾ ਜਲਵਾ ਦਿਖਾਉਂਦੇ ਦਿਸਦੇ ਹਨ ।
ਇਹ ਫ਼ਾਰਸੀ ਖ਼ਤ ਰੂਪਕ ਪੱਖ ਤੋਂ ਵੀ ਵੱਖਰੀ ਨੁਹਾਰ ਵਾਲਾ ਹੈ, ਉਸ ਸਮੇਂ ਸਰਕਾਰ ਪੱਧਰ ਤੇ ਲਿਖੇ ਜਾਣ ਵਾਲੇ ਖ਼ਤ ਪੱਤਰ ਆਮ ਤੌਰ ਤੇ ਨਸਰ ਜਾਂ ਵਾਰਤਕ ਵਿਚ ਹੀ ਹੁੰਦੇ ਹਨ, ਜਦੋਂ ਕਿ ਇਹ ਨਜ਼ਮ ਜਾਂ ਛੰਦਾਬੰਦੀ ਵਿਚ ਹੈ । ਦੂਜੇ, ਬਾਦਸ਼ਾਹ ਜਾਂ ਕਿਸੇ ਉਚ ਅਧਿਕਾਰੀ ਵਲ ਲਿਖੇ ਪੱਤਰ, ਉਸ ਦੀ ਵਿਸ਼ੇਸ਼ਣਮਾਲਾ ਨਾਲ ਹੀ ਸ਼ੁਰੂ ਹੁੰਦੇ ਸਨ । ਲੇਕਿਨ ਇਥੇ ਇਸ ਦਾ ਅਭਾਵ ਹੈ ਤੇ ਪਹਿਲੇ ਬਾਰਾਂ ਸ਼ਿਅਰ ਕੇਵਲ ਅਕਾਲ ਪੁਰਖ ਦੀ ਮਹਿਮਾ ਵਿਚ ਹੀ ਹਨ। ਤੀਜੇ ਇਸ ਖ਼ਤ ਦਾ ਕਲੇਵਰ ੧੧੧ ਸ਼ਿਅਰਾਂ ਦਾ ਹੈ ਜੋ ਕਿ ਸਮੇਂ ਦੇ ਸਭਿਆਚਾਰ ਅਨੁਸਾਰ ਬੜਾ ਪ੍ਰਤਿਸ਼ਠਤ ਅੰਕ ਸੀ। ਚੌਥੇ, ਇਹ ਗੱਲ ਵੀ ਧਿਆਨ ਗੋਚਰੇ ਕਰਨ ਵਾਲੀ ਹੈ ਕਿ ਜਿਸ ਦੇਸ, ਕਾਲ ਤੇ ਅਵਸਥਾ ਸਮੇਂ ਗੁਰੂ ਸਾਹਿਬ ਨੇ ਇਹ ਤਵਾਰੀਖ਼ੀ ਦਸਤਾਵੇਜ਼ ਲਿਖੀ, ਉਹ ਕਿਤਨੀ ਵਚਿਤਰ ਭਾਂਤ ਦੀ ਸੀ । ਮਾਲਵੇ ਦੇ ਕਾਂਗੜ ਨਗਰ ਦੀ ਦੀਨਾ ਨਾਂ ਦੀ ਬਸਤੀ, ਭਾਈ ਦੇਸੂ ਤਖਣੇਟੇ ਦਾ ਕੱਚਾ ਚੁਬਾਰਾ ਤੇ ਮਹੀਨਾ ਪੋਹ ੧੭੬੨ ਬਿ. (ਅਰਥਾਤ ਦਸੰਬਰ ੧੭੦੫) ਤੇ ਲਿਖਣ ਵਾਲਾ ਅਨੰਦਪੁਰ ਅਤੇ ਚਮਕੌਰ ਦੇ ਲੰਮੇ ਸੰਗਰਾਮਾਂ ਦਾ ਵਰਿਆਮ ਜੋਧਾ ਗੁਰੂ, ਜਿਸ ਦੇ ਸੈਂਕੜੇ ਸਾਥੀ ਤੇ ਪਰਿਵਾਰ ਦੇ ਅਨੇਕਾਂ ਜੀਅ ਸਦਾ ਦਾ ਵਿਛੋੜਾ ਦੇ ਚੁੱਕੇ ਹਨ ਪਰ ਗੁਰੂ ਦੀ ਆਤਮਾ ਇਤਨੀ ਬਲਵਾਨ ਤੇ ਅਨੋਖੇ ਈਮਾਨ ਤੇ ਸ਼ਾਨ ਨਾਲ ਭਰਪੂਰ ਹੈ ਕਿ ਉਸ ਦਾ ਕੋਈ ਮੁਕਾਬਲਾ ਨਹੀਂ । ਹਾਲਾਤ ਬਦਲ ਗਏ ਪਰ ਇਤਕਾਦਾਤ ਬਿਲਕੁਲ ਨਹੀਂ ਬਦਲੇ । ਉਹ ਅਟੱਲ ਤੇ ਅਡਲ ਸਨ, ਪਰਬਤ ਵਾਂਙ ਅਚੱਲ ।
(੧) ਗੁਰੂ ਹੁੰਦਿਆਂ ਉਹ ਜੀਵਨ ਭਰ ਸਿੱਖਾਂ ਨੂੰ ਇਹੋ ਇਲਾਹੀ ਈਮਾਨ ਦ੍ਰਿੜਾਉਂਦੇ ਰਹੇ ਕਿ ਸਦਾ ਇਕ ਅਕਾਲ ਪੁਰਖ ਉਤੇ ਪੂਰਨ ਭਰੋਸਾ ਰੱਖਣਾ ਹੈ, ਉਸ ਤੋਂ ਬਿਨਾਂ ਕਿਸੇ ਹੋਰ ਦੀ ਓਟ ਨਹੀਂ ਤੱਕਣੀ, ਉਹ ਸਦਾ ਅੰਗ ਸੰਗ ਹੈ—
‘ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ
ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥
(ਜਾਪੁ)
ਪਾਂਇ ਗਹੇ ਜਬ ਤੇ ਤੁਮਰੇ
ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ
(ਬਚਿਤ੍ਰਨਾਟਕ)
‘ਤੁਮਹਿ ਛਾਡਿ ਕੋਊ ਅਵਰਿ ਨ ਧਯਾਊਂ
ਜੋ ਬਰ ਚਾਹੂੰ ਸੁ ਤੁਮ ਤੇ ਪਾਊਂ ॥
(ਬੇਨਤੀ ਚਉਪਈ)
ਜ਼ਫ਼ਰਨਾਮੇ ਦੇ ਅੱਧੇ ਸ਼ੇਅਰਾਂ ਵਿਚ ਇਸੇ ਈਮਾਨ ਦੀ ਗੂੰਜ ਹੈ । ਪਹਿਲੇ ਮੰਗਲਾਚਰਣ ਦੇ ਇਕ ਦਰਜਨ ਸ਼ੇਅਰ ਇਸੇ ਅਕਾਲੀ ਵਿਸ਼ਵਾਸ ਦੇ ਲਖਾਇਕ ਹਨ ਕਿ ਉਹ ਅਲੌਕਿਕ ਸ਼ਕਤੀਆਂ ਦਾ ਮਾਲਕ ਸਦਾ ਸਭ ਦੀ ਰੱਖਿਆ ਕਰਨ ਵਾਲਾ ਕ੍ਰਿਪਾਲੂ, ਦਿਆਲੂ ਹੈ ਤੇ ਸਾਡੀ ਟੇਕ ਕੇਵਲ ਉਸੇ ਉਤੇ ਹੈ । ਬਾਦਸ਼ਾਹ ਨੂੰ ਸੰਬੋਧਨ ਕਰਦਿਆਂ ਸਾਫ਼ ਕਿਹਾ ਹੈ ਕਿ ਜੇ ਤੇਰੀ ਨਿਗਾਹ ਲੱਖਾਂ ਲਸ਼ਕਰਾਂ ਤੇ ਆਪਣੇ ਮਾਲ ਖ਼ਜ਼ਾਨਿਆਂ ਉੱਤੇ ਹੈ ਤਾਂ ਸਾਡੀ ਨਜ਼ਰ ਤਾਂ ਇਕੋ ਇਕ ਮਾਲਕ ਦੇ ਸ਼ੁਕਰਾਨਿਆਂ ਉੱਤੇ ਹੀ ਹੈ। ਤੈਨੂੰ ਆਪਣੇ ਮੁਲਕ-ਔ ਮਾਲ ਦਾ ਮਾਣ ਹੋਵੇਗਾ ਪਰ ਸਾਡਾ ਮਾਣ ਤਾਣ ਤਾਂ ਅਕਾਲ ਹੀ ਹੈ। ਕਿਤਨੀ ਸਾਫਗੋਈ ਹੈ ਤੇ ਕਿਤਨਾ ਅਤੁਟ ਭਰੋਸਾ ਹੈ।
ਤੁਰਾ ਗਰ ਨਜ਼ਰ ਹਸਤ, ਲਸ਼ਕਰ ਵ ਜ਼ਰ ॥ ਕਿ ਮਾਰਾ ਨਿਗਾਹ ਅਸਤੁ ਯਜ਼ਦਾਂ ਸ਼ੁਕਰ ॥ (੧੦੪) ਕਿ ਊ ਰਾ ਗਰੂਰ ਅਸਤੁ ਬਰ ਮੁਲਕੋ ਮਾਲ ॥
ਵ ਮਾਰਾ ਪਨਾਹ ਅਸਤੂ, ਯਜ਼ਦਾਂ ਅਕਾਲ ॥ (੧੦੬)
(੨) ਇਸ ਪੱਤਰ ਵਿਚ ਅੱਗੇ ਜਾ ਕੇ ਜਿਥੇ ਔਰੰਗਜ਼ੇਬ ਦੇ ਕੁਝ ਸੈਨਿਕ ਗੁਣਾਂ ਦਾ ਚਰਚਾ ਕੀਤਾ, ਉੱਥੇ ਨਿਝਕ ਹੋ ਕੇ ਉਸ ਦੀਆਂ ਕਮਜ਼ੋਰੀਆਂ ਤੋਂ ਵੀ ਪੜਦਾ ਚੁਕਿਆ ਹੈ। ਉਸ ਸਮੇਂ ਕਿਸੇ ਦੀ ਮਜਾਲ ਨਹੀਂ ਸੀ ਕਿ ਮੁਗ਼ਲ ਸਾਮਰਾਜ ਦੇ ਵੱਡੇ ਥੰਮ ਨੂੰ ਇਉਂ ਵੰਗਾਰ ਸਕੇ ਪਰ ਗੁਰੂ ਜੀ ਨੇ ਪੂਰੀ ਨਿਰਭੈਤਾ ਨਾਲ ਕਿਹਾ ਕਿ ਤੂੰ ਮੁਲਕ ਦਾ ਵਾਲੀ ਜ਼ਰੂਰ ਹੈ ਪਰ ਈਮਾਨਦਾਰੀ ਤੇ ਸੱਚੇ ਧਰਮ ਦੇ ਗੁਣਾਂ ਤੋਂ ਖਾਲੀ ਹੀ ਹੈ।
ਸ਼ਹਿਨਸ਼ਾਹਿ ਅਰੰਗਜ਼ੇਬ ਆਲਮੀ ॥
ਕਿ ਦਾਰਾਇ ਦੋਰ ਅਸਤੌ ਦੂਰ ਅਸਤ ਦੀ ॥ (੯੪)
ਫਿਰ ਤਾੜਨਾ ਵੀ ਕੀਤੀ ਹੈ ਕਿ ਤੂੰ ਬੇਲਿਹਾਜ਼ ਜ਼ਮਾਨੇ ਦੇ ਚੱਕ ਵੱਲ ਵੇਖ ਕਿ ਕਿਵੇਂ ਉਹ ਸਭ ਨੂੰ ਤਹਿਸ ਨਹਿਸ ਕਰਦਾ ਜਾ ਰਿਹਾ ਹੈ ਤੇ ਇਕ ਦਿਨ ਤੈਨੂੰ ਵੀ ਉਸ ਦਾ-ਸ਼ਿਕਾਰ ਹੋਣਾ ਪਵੇਗਾ, ਇਸ ਲਈ ਤੂੰ ਤੇਗ, ਬੇਦਰੇਗ ਹੋ ਕੇ ਮਤ ਚਲਾ ।

-ਬਬੀਂ ਗਰਦਿਸ਼ੇ ਬੇਵਫ਼ਾਏ ਜ਼ਮਾਂ ॥
ਕਿ ਬਰ ਹਰ ਬੁਗੁਜ਼ਰਦ ਮਕੀਨੋ ਮਕਾਂ ॥੧੦੮॥…

-ਮਜ਼ਨ ਤੇਗ਼ ਬਰ ਖੂਨ ਕਸ ਬੇਦਰੇਗ
ਤੁਰਾ ਨੀਜ਼ ਖੂੰ ਚਰਖ਼, ਰੇਜਦ ਬਰ ਤੇਗ ॥੬੯॥

ਜਿਥੋਂ ਤਕ ਤੇਰੀ ਇਸਲਾਮ ਦੀ ਖ਼ਿਦਮਤ ਦਾ ਸਵਾਲ ਹੈ ਉਹ ਵੀ ਇਕ ਢੰਗ ਹੀ ਹੈ । ਨ ਤੂੰ ਸੱਚੇ ਦੀਨੀ ਰਸਤਿਆਂ ਉੱਤੇ ਚਲਣ ਵਾਲਾ ਹੈ ਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਸਾਹਿਬ ਉੱਤੇ ਹੀ ਕੋਈ ਭਰੋਸਾ ਹੈ—
‘ਨ ਈਮਾਂ ਪ੍ਰਸਤੀ, ਨ ਔਜਾਇ ਦੀਂ
ਨ ਸਾਹਿਬ ਸ਼ਨਾਸੀ ਨ ਮਹਮਦ ਯਕੀ ॥੪੬॥
ਗੁਰੂ ਸਾਹਿਬ ਨੇ ਇਥੇ ਇਕ ਹੋਰ ਗੱਲ ਵੀ ਚੇਤੇ ਕਰਾਈ ਹੈ ਕਿ ਇਸਲਾਮ ਤਾਂ ਬੁਤ ਪ੍ਰਸਤੀ ਦੇ ਖਿਲਾਫ਼ ਹੈ ਪਰ ਤੂੰ ਅਸੂਲਾਂ ਨੂੰ ਛਿੱਕੇ ਟੰਗ ਕੇ ਬੁਤਪ੍ਰਸਤ ਪਹਾੜੀਆਂ ਨਾਲ ਗਾਂਢਾ ਸਾਂਢਾ ਕੀਤਾ, ਇਹ ਕਿੱਥੋਂ ਦੀ ਦੀਨਦਾਰੀ ਜਾਂ ਸ਼ਰੀਅਤ ਪ੍ਰਤੀ ਹੈ ? ਮੈਂ ਬੁਤ ਪ੍ਰਸਤ ਸ਼ਰਾਰਤੀ ਪਹਾੜੀਆਂ ਨੂੰ ਸੋਧਣ ਵਾਲਾ ਹਾਂ, ਫਿਰ ਸਾਡੇ ਖਿਲਾਫ਼ ਫ਼ੌਜਦਾਰੀ ਕਿਉਂ
ਮਨਮ ਕੁਸ਼ਤਹ ਅਮ ਕੋਹਿਯਾ ਬੁਤ ਪ੍ਰਸਤ ॥
ਕਿ ਆਂ ਬੁਤ ਪ੍ਰਸਤੰਦੋ ਮਨ ਬੂਤ ਸ਼ਿਕਸਤ ॥੯੫॥

(੩) ਚੰਗੇ ਭਲੇ ਪੁਰਸ਼ ਦਾ ਲੱਛਣ ਇਹੋ ਹੈ ਕਿ ਉਹ ਬਚਨਾਂ ਦਾ ਪੂਰਾ ਸੂਰਾ ਹੋਵੇ ਪਰ ਜੋ ਵਾਅਦੇ ਤੋਂ ਹੀ ਖਿਸਕ ਜਾਵੇ ਉਹ ਮਰਦ ਕਹੇ ਜਾਣ ਦੇ ਲਾਇਕ ਨਹੀਂ। ਇਹ ਗੱਲ ਗੁਰੂ ਜੀ ਨੇ ਇਸ ਲਈ ਚੇਤੇ ਕਰਾਈ। ਕਿਉਂਕਿ ਬਾਦਸ਼ਾਹ ਦੇ ਦੀਵਾਨ ਤੇ ਫ਼ੌਜੀ ਅਧਿਕਾਰੀ ਕੁਰਾਨ ਦੀ ਕਸਮ ਖਾ ਕੇ ਕੀਤੇ ਇਕਰਾਰ ਨਾਮੇ ਨੂੰ ਬੇਹਯਾਈ ਨਾਲ ਤੋੜ ਕੇ ਅਨੰਦਪੁਰ ਛੱਡਣ ਦੇ ਬਾਵਜੂਦ ਆਪ ਉੱਤੇ ਹਮਲਾਵਰ ਆਣ ਹੋਏ ਸਨ ਤੇ ਸੈਂਕੜੇ ਬੀਰ ਬਹਾਦਰ ਸਿੰਘਾਂ ਨੂੰ ਖਾਹਮਖਾਹ ਬਿਪਦਾ ਦੇ ਮੂੰਹ ਸੁਟ ਦਿੱਤਾ ਸੀ । ਇਸੇ ਕਰ ਕੇ ਬਚਨ ਭੰਗ ਕਰਨ ਦੀ ਸ਼ਿਕਾਇਤ ਬਾਰ ਬਾਰ ਦੁਹਰਾਈ ਗਈ-
ਹਮੂੰ ਮਰਦ ਬਾਯਦ ਸ਼ਵਦ ਸੁਖ਼ਨ ਵਰ ॥
ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ ॥੫੫॥

ਆਪਣੀ ਵਿਥਿਆ ਸਤਿਗੁਰਾਂ ਇਥੋਂ ਹੀ ਸ਼ੁਰੂ ਕੀਤੀ ਹੈ ਕਿ ਮੈਨੂੰ ਅਜੇਹੀਆਂ ਝੂਠੀਆਂ ਕਸਮਾਂ ਉੱਤੇ ਕੋਈ ਇਤਬਾਰ ਨਹੀਂ, ਤੇਰੇ ਸੈਨਿਕ ਤੇ ਅਸੈਨਿਕ-ਅਰਥਾਤ ਬਖਸ਼ੀ ਤੇ ਦੀਵਾਨ ਸਭੇ ਝੂਠ ਬੋਲਣ ਵਾਲੇ ਹਨ-
‘ਮਰਾ ਇਅਤਬਾਰੇ ਬਰੀ ਕਸਮ ਨੇਸਤ
ਕਿ ਏਜਦ ਗਵਾਹਸਤ ਯਜਦਾ ਯਕੇਸਤ ॥੧੩॥
ਨ ਕਤਰਹ ਮੇਰਾ ਇਅਤਬਾਰੇ ਬਰੋਸਤ
ਕਿ ਬਖ਼ਸ਼ੀ ਵ ਦੀਵਾਂ ਹਮਾ ਕਿਜ਼ਬ ਗੋਸਤ ॥੧੪॥

(੪) ਜ਼ਿੰਦਗੀ ਦੇ ਵਿਕਾਸ ਲਈ ਲੜਾਈ-ਭਿੜਾਈ ਜਾਂ ਖੂਨ ਖਰਾਬਾ-ਜ਼ਰੂਰੀ ਨਹੀਂ । ਗੁਰੂ ਸਾਹਿਬ ਸ਼ਸਧਾਰੀ ਹੁੰਦੇ ਹੋਏ ਵੀ ਅਕਾਰਣ-ਜੰਗ ਜਦਲ ਦੇ ਵਿਰੁੱਧ ਸਨ ਤੇ ਉਹ ਚਾਹੁੰਦੇ ਸਨ ਕਿ ਹਰ ਹੀਲੇ ਅਮਨ ਅਮਾਨ ਤੇ ਗੱਲ ਬਾਤ ਦੁਆਰਾ ਹਰ ਮਾਮਲਾ ਨਿਪਟਾ ਲਿਆ ਜਾਵੇ । ਅਨੰਦਪੁਰ ਦੀ ਤਬਾਹੀ ਦੇ ਬਾਦ ਹੀ ਉਹ ਖ਼ੁਦ ਸੁਲਹ ਸਫਾਈ ਲਈ ਸ਼ਾਹੀ ਮੁਲਾਕਾਤ ਦਾ ਸੁਝਾਉ ਸਹੀ ਸਮਝਦੇ ਸਨ ਪਰ ਜਦ ਇਹ ਸੰਵਾਦ ਦਾ ਸਾਧਨ ਸਫਲਾ ਨ ਹੋਵੇ ਤਾਂ ਫਿਰ ਦੁਸ਼ਟ ਦਮਨ ਲਈ ਤੇਗ ਦੇ ਦਸਤੇ ਉੱਤੇ ਹੱਥ ਰੱਖਣਾ ਵੀ ਜਾਇਜ਼ ਤਸੱਵਰ ਕਰਦੇ ਸਨ ।
ਚੁ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

(੫) ਇਤਨੀਆਂ ਬਿਖਮ ਘਾਟੀਆਂ ਵਿੱਚੋਂ ਲੰਘਣ ਦੇ ਬਾਵਜੂਦ ਗੁਰੂ ਸਾਹਿਬ ਨੂੰ ਸੱਚੇ ਧਰਮ ਜਾਂ ਨੇਕੀ ਦੀ ਫਤਿਹ ਦਾ ਕਿੰਨਾ ਅਤੁਟ ਵਿਸ਼ਵਾਸ ਸੀ, ਇਹ ਵੀ ਕਮਾਲ ਦੀ ਗੱਲ ਹੈ। ਅਨੰਦਪੁਰ ਦੇ ਉਜਾੜੇ ਪਰਿਵਾਰ ਤੇ ਹੋਰ ਨਿਕਟਵਰਤੀ ਸਿੱਖਾਂ ਦੇ ਅਸਹਿ ਵਿਛੋੜੇ ਨੇ ਵੀ ਇਸ ਨਿਸਚੇ ਨੂੰ ਡੋਲਣ ਨਹੀਂ ਦਿੱਤਾ ਸਗੋਂ ਉਨ੍ਹਾਂ ਕਿਹਾ-ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ, ਆਖ਼ਿਰ ਮਾਸੂਮਾਂ ਦੀ ਕਾਤਿਲ ਹਕੂਮਤ ਇਕ ਦਿਨ ਬੁਰੀ ਤਰ੍ਹਾਂ ਮਾਰ ਖਾਏਗੀ ਤੇ ਕੁੰਝਗੀ ਖਾਲਸਾ ਵਧੇ ਫੁਲੇਗਾ। ਇਹ ਕੀ ਬਹਾਦਰੀ ਦੀ ਗੱਲ ਹੈ ਕਿ ਚੰਗਿਆੜੀਆਂ ਨੂੰ ਬਝਾਉਂਦਾ ਫਿਰੇ ਪਰ ਦਘਦੀ ਭੱਠੀ ਨੂੰ ਹੋਰ ਭੜਕਾਉਂਦਾ ਫਿਰੇ ।
ਚਿਹਾ ਸ਼ੁਦ ਕਿ ਚੂੰ ਬੱਚਗਾ ਕੁਸ਼ਤਹ ਚਾਰ ।।
ਕਿ ਬਾਕੀ ਬਮਾਂਦਸਤੁ ਪੇਚੀਦਹ ਮਾਰ ॥੭੮॥
ਚਿ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ ॥੭੯॥

(੬) ਆਮ ਤੌਰ ਤੇ ਸਾਡੇ ਇਤਿਹਾਸ ਨੂੰ ਇਹ ਪਤਾ ਨਹੀਂ ਕਿ ਮੁਗ਼ਲ ਸਰਕਾਰ ਨੇ ਕਿਹੜੀਆਂ ਸ਼ਰਤਾਂ ਰੱਖ ਕੇ ਗੁਰੂ ਜੀ ਤੋਂ ਅਨੰਦਪੁਰ ਦਾ ਕਿਲ੍ਹਾ ਛੁਡਵਾਇਆ ਸੀ ਪਰ ਇਸ ਜ਼ਫ਼ਰਨਾਮੇ ਵਿਚ ਉਹ ਸ਼ਰਤਾਂ ਵੀ ਅਪਨੇ ਬਾਦਸ਼ਾਹ ਦੇ ਧਿਆਨ ਗੋਚਰੇ ਕਰ ਕੇ ਦੱਸੀਆਂ ਹਨ ਕਿ ਕਿੱਥੇ ਉਹ ਸ਼ਰਤਾਂ ਤੇ ਕਿੱਥੇ ਸ਼ਾਹੀ ਫ਼ੌਜਾਂ ਦਾ ਮਾਰੂ ਹਮਲਾ । ਆਪ ਨੇ ਕਿਹਾ, ਉਹ ਕਸਮ ਨਾਮਾ ਜੇ ਆਪ ਦੇਖਣਾ ਚਾਹੋ ਤਾਂ ਮੈਂ ਉਹ ਤੁਹਾਡੇ ਵਲ ਭੇਜ ਦਿੰਦਾ ਹਾਂ-
ਤੁਰਾ ਗਰ ਬਬਾਯਦ ਬ ਕਉਲੇ ਕੁਰਾਂ
ਬਨਿਜ਼ਦੇ ਸ਼ੁਮਾ ਰਾ ਰਮਾਨਮ ਹਮਾਂ ॥੫੭॥

ਇਹ ਕਹਿ ਕੇ ਅਗਲੇ ਚਾਰ ਸ਼ਿਅਰਾਂ ਵਿਚ ਉਸ ਇਕਰਾਰਨਾਮੇ ਦਾ ਸਾਰੰਸ਼ ਦੇ ਦਿੱਤਾ ਹੈ ਕਿ ਤੁਸੀਂ ਕਾਂਗੜ ਵਿਚ ਤਸ਼ਰੀਫ ਲੈ ਜਾਓ, ਇਸ ਤੋਂ ਬਾਦ ਮੁਲਾਕਾਤ ਦਾ ਪ੍ਰਬੰਧ ਕੀਤਾ ਕਾਵੇਗਾ । ਇਸ ਪਾਸੇ ਤੁਹਾਨੂੰ ਆਉਣ ਵਿਚ ਕੋਈ ਖ਼ਤਰਾ ਵੀ ਨਹੀਂ । ਕਿਉਂਕਿ ਸਾਰੀ ਬੈਰਾੜ ਕੌਮ ਸਾਡੇ ਹੁਕਮ ਹੇਠ ਹੈ । ਜਦ ਤੁਸੀਂ ਇਧਰ ਆ ਪਧਾਰੇ ਤਾਂ ਜ਼ਬਾਨੀ ਗੱਲ ਬਾਤ ਰਾਹੀਂ ਸਾਰਾ ਮਾਮਲਾ ਨਜਿੱਠ ਲਿਆ ਜਾਵੇਗਾ। ਇਹ ਵੀ ਆਖ਼ਰੀ ਸ਼ਰਤ ਸੀ ਕਿ ਇਧਰ ਆਉਣ ਤੇ ਆਪ ਨੂੰ ‘ਇਕ ਹਜ਼ਾਰੀ’ ਦਾ ਅਧਿਕਾਰ ਅਰਥਾਤ ਇਕ ਹਜ਼ਾਰ ਸਵਾਰ ਰੱਖਣ ਦੀ ਖੁਲ੍ਹ ਹੋਵੇਗੀ । ਸੋ ਇਹ ਚਾਰੇ ਗੱਲਾਂ ਹਕੂਮਤ ਦੀ ਪੇਸ਼ਕਸ਼ ਸਨ ਇੰਨਾਂ ਚਾਰ ਸ਼ਿਅਰਾਂ ਵਿਚ ਕਲਮ ਬੰਦ ਕਰ ਕੇ ਸਤਿਗੁਰਾਂ ਨੇ ਬਾਦਸ਼ਾਹ ਦੀ ਗਿਆਤ ਲਈ ਭਿਜਵਾਇਆ ਸੀ-

ਕਿ ਤਸ਼ਰੀਫ ਦਰ ਕਸਬਰ ਕਾਂਗੜ ਕੁਨਦ
ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵਦ ॥੫੮॥
ਨ ਜ਼ਰੱਹ ਦਰੀਂ ਰਾਹ ਖ਼ਤਰਹ ਤੁਰਾਸਤ ॥
ਹਮਹ ਕੌਮਿ ਬੈਰਾੜ ਹੁਕਮਿ-ਹੁਕਮਿ ਮਰਾਸਤ ॥੫੯॥
ਬਿਯਾ ਤਾ ਸੁਖ਼ਨ ਖੁਦ ਜ਼ਬਾਨੀ ਕੁਨੇਮ
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ ॥੬੦॥
ਯਕੇ ਅਸਪ ਸ਼ਾਇਸਤਏ ਯਕ ਹਜ਼ਾਰ ॥
ਬਿਯਾ ਤਾ ਬਾਗੀਰੀ ਬ ਮਨ ਈ ਦਿਯਾਰ ॥੬੧॥

ਪਰ ਸਾਡੇ ਟੀਕਾਕਾਰ ਇਸ ਗੱਲ ਨੂੰ ਸਮਝਣੋਂ ਅਸਮਰਥ ਰਹੇ ਤੇ ਇਨ੍ਹਾਂ ਸ਼ਿਅਰਾਂ ਦੇ ਅਰਥ ਇਹ ਲਾਉਂਦੇ ਰਹੇ ਕਿ ਗੁਰੂ ਸਾਹਿਬ ਬਾਦਸ਼ਾਹ ਨੂੰ ਕਾਂਗੜ ਆਉਣ ਦਾ ਸੱਦਾ ਦੇ ਰਹੇ ਹਨ। ਪਰੰਤੂ ਇਹ ਗੱਲ ਇਤਿਹਾਸਕ ਤੌਰ ਤੇ ਸਹੀ ਨਹੀਂ ਸੀ ਕਿਉਂਕਿ ਇਸੇ ਖ਼ਤ ਵਿਚ ਦੋ ਤਿੰਨ ਥਾਂ ਗੁਰੂ ਜੀ ਉਹ ਸੁਝਾਓ ਦੇ ਰਹੇ ਹਨ ਕਿ ਸ਼ਾਹੀ ਫ਼ੁਰਮਾਨ ਭੇਜ ਕੇ ਮੁਲਾਕਾਤ ਦਾ ਮੌਕਾ ਬਣਾਇਆ ਜਾਵੇ ਤਾਂ ਕਿ ਸਿੱਖ ਲਹਿਰ ਬਾਰੇ ਪਈਆਂ ਗ਼ਲਤ ਫ਼ਹਿਮੀਆਂ ਨੂੰ ਦੂਰ ਕੀਤਾ ਜਾ ਸਕੇ। ਅੰਤ ਇਹ ਗੱਲ ਬਾਦਸ਼ਾਹ ਨੂੰ ਪਰਵਾਣ ਕਰਨੀ ਪਈ ਤੇ ਉਸ ਨੇ ਸੂਬਾ ਲਾਹੌਰ ਤੇ ਨਵਾਬ ਸਰਹੰਦ ਨੂੰ ਉਚੇਚਾ ਲਿਖਿਆ ਕਿ ਇਨ੍ਹਾਂ ਨੂੰ ਸਰਕਾਰੀ ਪ੍ਰਬੰਧ ਹੇਠ ਤੁਰਤ ਮੇਰੇ ਪਾਸ ਪਹੁੰਚਾਇਆ ਜਾਵੇ । ਇਸ ਸੱਦੇ ਕਾਰਨ ਹੀ ਆਪ ਨੇ ਦੱਖਣ ਵਲ ਕੂਚ ਕੀਤਾ ਸੀ । ਇਹ ਗੱਲ ਵੱਖਰੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਜਾਣ ਕਾਰਨ ਇਹ ਮੁਲਾਕਾਤ ਸੰਭਵ ਨ ਹੋ ਸਕੀ। ਸੋ ਇਸ ਜ਼ਫ਼ਰਨਾਮੇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਕਾਇਲ ਕਰ ਦਿੱਤਾ ਸੀ ਕਿ ਜੋ ਕੁਝ ਮੁਗ਼ਲ ਸਰਕਾਰ ਦੇ ਕਰਿੰਦਿਆਂ ਨੇ ਇਨ੍ਹਾਂ ਨਾਲ ਕੀਤਾ, ਉਹ ਨਵਾਜਬ ਹੈ । ਇਸੇ ਨਜ਼ਰੀਏ ਨੂੰ ਸਨਮੁਖ ਰੱਖ ਕੇ ਬਾਦਸ਼ਾਹ ਬਹਾਦਰ ਸ਼ਾਹ ਨੇ ਆਗਰੇ ਦੇ ਮੁਕਾਮ ਤੇ ੨੩ ਸਾਵਣ ੧੭੬੪ ਬਿ. (ਇੱਕੀ ਜੁਲਾਈ ੧੭੦੭ ਈ.) ਨੂੰ ਗੁਰੂ ਸਾਹਿਬ ਨਾਲ ਲੰਮੀ ਮੁਲਾਕਾਤ ਕੀਤੀ । ਇਸ ਦਾ ਸੰਖੇਪ ਬਿਉਰਾ ਦਿੰਦਿਆਂ ਗੁਰੂ ਸਾਹਿਬ ਨੇ ਧਉਲ ਦੀ ਸੰਗਤ ਦੇ ਨਾਂ ਹੁਕਮਨਾਮਾ ਭੇਜਦਿਆਂ ਸੰਤੁਸ਼ਟਤਾ ਪ੍ਰਗਟਾਈ ਹੈ—
‘ ਸ੍ਰਬਤਿ ਸੰਗਤਿ ਧਉਲ ਕੀ ਤੁਸੀ ਮੇਰਾ ਖਾਲਸਾ ਹੋ,
ਗੁਰੂ ਰਖੈਗਾ, ਗੁਰੂ ਗੁਰੂ ਜਪਣਾ ਜਨਮੁ ਸਵਰੇਗਾ ।
ਸ੍ਰਬ ਸੁਖ ਨਾਲਿ ਪਾਤਿਸ਼ਾਹ ਪਾਸਿ ਆਏ,
ਸਿਰੋਪਾਉ ਅਰੁ ਸਠਿ ਹਜ਼ਾਰ ਦੀ ਧੁਖਧੁਖੀ ਜੜਾਉ ਇਨਾਮੁ ਹੋਈ ।
ਹੋਰ ਭੀ ਕੰਮ ਗੁਰੂ ਕਾ ਸਦਕਾ ਸਭ ਹੋਤੇ ਹੈਂ…।
(ਸੰਮਤ ੧੭੬੪ ਮਿਤੀ ਕਾਤਕੋ ੧)

ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਤੇ ਮੁਗ਼ਲ ਫ਼ੌਜਾਂ ਦਾ ਸਿੱਖ ਲਹਿਰ ਪ੍ਰਤੀ ਕਿਸ ਤਰ੍ਹਾਂ ਦਾ ਕਠੋਰ ਤੇ ਕਰੂਰ ਰਵੱਈਆ ਸੀ ।ਚਮਕੌਰ ਦੇ ਯੁੱਧ ਬਾਰੇ ਤਾਂ ਇਕ ਇਕ ਪ੍ਰਾਮਣੀਕ ਲਿਖਤ ਹੈ ਹੀ ਪਰ ਜੋ ਕੁਝ ਅਹਿਦਨਾਮੇ ਤੋੜ ਕੇ ਸ਼ਾਹੀ ਫ਼ੌਜਾਂ ਨੇ ਕੀਤਾ ਉਹ ਘੋਰ ਅਨਿਆਂ ਦੀ ਝਾਕੀ ਪੇਸ਼ ਕਰਦਾ ਹੈ । ਮੁਢ ਵਿਚ ਹੀ ਗੁਰੂ ਸਾਹਿਬ ਦੱਸ ਰਹੇ ਹਨ ਕਿ ਭੁੱਖਣ ਭਾਣੇ ਚਾਲੀ ਆਦਮੀ ਕੀ ਕਰਦੇ ਜਦੋਂ ਕਿ ਅਚਾਨਕ ਉਨ੍ਹਾਂ ਉੱਤੇ ਬੇਅੰਦਾਜ਼ ਹਜੂਮ ਟੁੱਟ ਪਿਆ।

ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥

ਇਥੇ (ਦਹ ਲਕ) ਦਾ ਲਫ਼ਜ਼ੀ ਅਰਥ ‘ਦਸ ਲੱਖ’ ਕਰਨਾ ਦਰੁਸਤ ਨਹੀਂ, ਇਹ ਤਾਂ ਮੁਹਾਵਰੇ ਦੇ ਰੂਪ ਵਿਚ ‘ਬੇਹਿਸਾਬ ਮੁਲਖਈਏ’ ਦਾ ਬੋਧਕ ਹੈ । ਅਜੇਹੇ ਬਿਖੜੇ ਹਾਲਾਤ ਦੇ ਬਾਵਜੂਦ ਜਿਵੇਂ ਗੁਰੂ ਸਾਹਿਬ ਤੇ ਉਨ੍ਹਾਂ ਦੇ ਸੰਗੀ ਸਾਥੀਆਂ ਨਿਰਭੈਤਾ, ਦਲੇਰੀ ਤੇ ਸਾਹਸ ਦਾ ਸਬੂਤ ਦਿੱਤਾ, ਉਹ ਇਤਿਹਾਸ ਲਈ ਇਕ ਬੇਮਿਸਾਲ ਵਾਰਦਾਤ ਬਣ ਗਈ ਜੋ ਸੰਗਰਮੀਏ ਸਿੱਖਾਂ ਲਈ ਪ੍ਰੇਰਨਾ ਦਾ ਸਰੋਤ ਹੁੰਦੀ ਗਈ।
ਗੁਰੂ ਸਾਹਿਬ ਜ਼ਫ਼ਰਨਾਮੇ ਦੇ ਅੰਤ ਵਿਚ ਦ੍ਰਿੜ੍ਹ ਅਡੋਲਤਾ ਤੇ ਦ੍ਰਿੜ ਨਿਸਚੇ ਦਾ ਪ੍ਰਗਟਾਵਾ ਕਰਦੇ ਕਹਿੰਦੇ ਹਨ ਕਿ ਜੇ ਰੱਬ ਵਰਗਾ ਮਿਹਰਵਾਨ ਦੋਸਤ ਹੋਵੇ ਤਾਂ ਦੁਸ਼ਮਣ ਕੀ ਵਿਗਾੜ ਸਕਦਾ ਹੈ ਭਾਵੇਂ ਉਹ ਸੌ ਗੁਣਾਂ! ਵੈਰ ਕਿਉਂ ਨ ਕਮਾਵੇ। ਇਸ
ਜੇ ਦੋਖੀ ਹਜ਼ਾਰਾਂ ਕਿਸਮ ਦੀਆਂ ਮੁਸੀਬਤਾਂ ਵੀ ਖੜ੍ਹੀਆਂ ਕਰ ਦੇਣ ਤਾਂ ਵੀ ਉਹ ਦਾ ਇਕ ਵਾਲ ਵਿੰਗਾ ਨਹੀਂ ਕਰ ਸਕਦਾ।

ਚੁ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ
ਅਗਰ ਦੁਸ਼ਮਨੀ ਰਾ ਬ ਸਦ ਤਨ ਕੁਨਓ॥੧੧੦॥
ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ
ਨ ਯਕ ਮੂਇ ਉ ਰਾ ਆਜ਼ਾਰ ਆਵੁਰਦ ॥੧੧੧॥

ਜ਼ਫ਼ਰਨਾਮੇ ਦੀ ਇਹ ਅਮਰ ਸਪਿਰਟ ਐਸੀ ਹੈ ਜੋ ਖਾਲਸੇ ਦੇ ਅੰਗ ਸੰਗ ਰਹੀ ਤੇ ਇਸ ਨੂੰ ਸਦਾ ਫ਼ਤਹਿ-ਦਿਵਾਉਂਦੀ ਆਈ ਹੈ ਤੇ ਜਿੱਤ ਦੇ ਇਸੇ ਜਲਵੇ ਕਾਰਨ ਇਸ ਨੂੰ ‘ਜ਼ਫ਼ਰਨਾਮਾ’ ਕਹਿ ਕੇ ਸਲਾਮ ਕੀਤਾ ਜਾਂਦਾ ਹੈ ।

ਪ੍ਰੋ. ਪਿਆਰਾ ਸਿੰਘ ਪਦਮ