-ਜੋਧ ਸਿੰਘ
ਸਿੱਖ ਧਰਮ ਦੀ ਸਥਾਪਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ-ਸੰਪਾਦਨ ਨੇ ਉੱਤਰੀ ਭਾਰਤ ਦੇ ਵਿਚਕਾਰ ਜਗਤ ਵਿਚ ਇਕ ਨਵਾਂ ਮੋੜ ਲੈ ਆਂਦਾ। ਲੋਕਾਂ ਨੂੰ ਅਵਤਾਰਵਾਦ, ਕਰਮ-ਕਾਂਡ, ਜਾਤੀਵਾਦ ਆਦਿਕ ਦੇ ਫਜ਼ੂਲ ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਹੋਇਆ। ਗੁਰੂ ਸਾਹਿਬਾਨ ਨੇ ਵੇਦ, ਵੇਦਾਂਗਾਂ ਨੂੰ ਬੇਸ਼ੱਕ ਕਥਾ-ਕਹਾਣੀਆਂ ਅਤੇ ਪਾਪ-ਪੁੰਨ ਨਿਰੂਪਣ ਦਾ ਸਰੋਤ ਹੀ ਮੰਨਿਆ ਅਤੇ ਇਨ੍ਹਾਂ ਗ੍ਰੰਥਾਂ ਵਿਚ ਆਏ ਬਿਰਤਾਂਤਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪਰ ਫਿਰ ਵੀ ਵੇਦਾਂ ਵਿਚਲੇ ਨਾਮ ਤੱਤ ਨੂੰ ਜਾਨਣ, ਬੁੱਝਣ ਦੀ ਪ੍ਰੇਰਨਾ ਦੇਣ ਤੋਂ ਗੁਰੇਜ ਵੀ ਨਹੀਂ ਕੀਤਾ। ਸਰਾਧ, ਪਿੱਤਰ ਪੂਜਾ ਆਦਿਕ ਕਰਮਾਂ ਨੂੰ ਛੱਡ ਕੇ ਹਰ ਵਿਅਕਤੀ ਨੂੰ ਇਹ ਉਪਦੇਸ਼ ਦਿੱਤਾ ਕਿ ਜੇ ਤੁਹਾਡਾ ਵਰਤਮਾਨ ਚੰਗਾ ਹੈ, ਸਵੈਮਾਨ ਪੂਰਨ ਹੈ ਤਾਂ ਤੁਹਾਨੂੰ ਅਤੀਤ ਅਰਥਾਤ ਬੀਤ ਚੁੱਕੇ ਲਈ ਪੂਰਨਾ ‘ਨਹੀਂ ਪਏਗਾ ਅਤੇ ਭਵਿੱਖ ਦੀ ਫਿਕਰ ਨਹੀਂ ਕਰਨੀ ਪਵੇਗੀ। ਪਰ ਜੇ ਵਿਅਕਤੀ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਾਵਰੀਐ ਅਥਵਾ ‘ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ’ ਦੇ ਸਿਧਾਂਤਾਂ ਨੂੰ ਅਣਗੋਲਿਆ ਹੀ ਛੱਡ ਦੇਵੇਗਾ, ਤਾਂ ਫਿਰ ਉਸ ਦਾ ਜੀਵਨ-ਸੰਤੁਲਨ ਵਿਗੜ ਜਾਏਗਾ। ਸਮਾਜਿਕ ਨਾ-ਬਰਾਬਰੀ ਦੇ ਹੋਰ ਵੀ ਕਈ ਕਾਰਨ ਹੋਣਗੇ ਪਰ ਭਾਰਤ ਵਿਚ ਜਾਤ-ਪਾਤ ਅਤੇ ਵਰਣ-ਵੰਡ ਨੇ ਇਸ ਪਾਸੇ ਕਾਫੀ ਹਿੱਸਾ ਪਾਇਆ ਹੈ।
ਸਮਾਜਿਕ ਵਿਤਕਰਾ ਸਿੱਖ ਜੀਵਨ ਵਿਚ ਸਭ ਤੋਂ ਵੱਡਾ ਪਾਖੰਡ ਮੰਨਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੀ ਇਸ ਤੱਥ ਦਾ ਸਪੱਸ਼ਟ ਪ੍ਰਮਾਣ ਹੈ ਕਿ ਸਿੱਖ ਧਰਮ ਬਿਨਾਂ ਕਿਸੇ ਜਾਤੀ-ਭੇਦ, ਪ੍ਰਾਂਤ-ਭੇਦ, ਸੱਚ ਦੇ ਦਿੱਤੇ ਗਏ ਹੋਕੇ ਨੂੰ ਸੁਣਨ, ਸਮਝਣ ਅਤੇ ਉਸ ਉੱਪਰ ਅਮਲ ਕਰਨ ਨੂੰ ਤਿਆਰ ਹੈ। ਗੁਰੂ ਨਾਨਕ ਸਾਹਿਬ ਨੇ ਕਦੇ ਵੀ ਕਿਸੇ ਵਿਅਕਤੀ ਨੂੰ ਉੱਚੇ ਜਾਂ ਨੀਵੇਂ ਰੂਪ ਵਿਚ ਨਹੀਂ ਵੇਖਿਆ। ਉਹ ਸਦਾ ਹਰ ਇਕ ਦੇ ਬੌਧਿਕ ਅਤੇ ਅਧਿਆਤਮਿਕ ਵਿਕਾਸ ਦੇ ਚਾਹਵਾਨ ਰਹੇ। ਵਿਅਕਤੀ ਸਮਾਜ ਦੀ ਮਹੱਤਵਪੂਰਨ ਇਕਾਈ ਹੈ, ਇਸ ਲਈ ਬਾਣੀ ਵਿਚ ਅਸੀਂ ਆਦਰਸ਼ ਵਿਅਕਤੀ ਦੇ ਗੁਣਾਂ ਦਾ ਕਥਨ ਵੇਖਦੇ ਹਾਂ। ਇਸ ਆਦਰਸ਼ ਵਿਅਕਤੀ ਨੂੰ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਦਾ ਨਾਂ ਦਿੱਤਾ, ਗੁਰੂ ਅਰਜਨ ਸਾਹਿਬ ਨੇ ਉਸੇ ਨੂੰ ਹੀ ਬ੍ਰਹਮ ਗਿਆਨੀ ਕਿਹਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਗੁਰਮੁਖਾਂ ਬ੍ਰਹਮ ਗਿਆਨੀਆਂ ਵਿਚੋਂ ਖਾਲਸੇ ਦੀ ਉਤਪਤੀ ਕੀਤੀ। ਬਾਣੀ ਵਿਚ ਇਹ ਝਲਕਾਰਾ ਸਪੱਸ਼ਟ ਹੈ ਕਿ ਗੁਰੂ ਸਾਹਿਬਾਨ ਵਿਅਕਤੀ ਨੂੰ ਮਨੁੱਖਾ ਪੱਧਰ ਤੋਂ ਦੇਵਤਿਆਂ ਦੀ ਪੱਧਰ ਵੱਲ ਲਿਜਾਣ ਲਈ ਸੁਰਤਿ, ਮਤਿ, ਮਨ ਅਤੇ ਬੁੱਧੀ ਦੇ ਸੁਮੇਲ ਵਾਲੇ ਵਿਅਕਤੀ ਦੀ ਸਿਰਜਣਾ ਕਰਨ ਦੇ ਆਹਰ ਵਿਚ ਲੱਗੇ ਰਹੇ ਅਤੇ ਲਗ- ਪਗ ੨੪੦ ਸਾਲਾਂ ਵਿਚ ਜਾਤ, ਕੁਲ ਅਤੇ ਅਭਿਮਾਨ ਤੋਂ ਵਿਹੀਨ ਇਕ ਅਜੇਹੀ ਕੌਮ ਦੀ ਸਿਰਜਣਾ ਕੀਤੀ, ਜਿਸ ਦਾ ਹਰ ਵਿਅਕਤੀ ਕਾਦਰ ਦੀ ਰਚਨਾ ਦਾ ਇਕ ਅਦਭੁੱਤ ਨਮੂਨਾ ਸੀ। ਇਸ ਵਿਅਕਤੀ ਵਿਚ ਭਾਵਨਾਵਾਂ, ਇੱਛਾਵਾਂ ਅਤੇ ਵਿਚਾਰਾਂ ਦਾ ਅਦੁੱਤੀ ਸੁਮੇਲ ਸੀ ਅਤੇ ਇਸ ਵਿਅਕਤੀ ਨੇ ਇਕ ਅਜਿਹੇ ਸਮਾਜ ਦਾ ਨਿਰਮਾਣ ਕੀਤਾ, ਜਿਸ ਵਿਚ ਅੰਧ-ਵਿਸ਼ਵਾਸ, ਮਾਨਸਕ ਪਛੜੇਵੇਂ ਅਤੇ ਗਰੀਬਾਂ ਦੇ ਸ਼ੋਸ਼ਣ ਲਈ ਕੋਈ ਥਾਂ ਨਹੀਂ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਨਸਾਨ ਨੂੰ ਹਿੰਦੂ, ਸਿੱਖ, ਮੁਸਲਮਾਨ ਜਾਂ ਫਿਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ‘ ਵੰਡ ਕਰਕੇ ਨਹੀਂ ਵੇਖਿਆ ਗਿਆ ਬਲਕਿ ਉਸ ਨੂੰ ਇਕ ਪਾਸੇ ਜੀਵ ਵਿਗਿਆਨਕ ਸਮੁੱਚ ਦੇ ਰੂਪ ਵਿਚ ਅਤੇ ਦੂਜੇ ਪਾਸੇ ਉਸ ਨੂੰ ਪਰਮ ਸੱਚ ਦੇ ਅੰਸ਼ ਦੇ ਰੂਪ ਵੇਖਿਆ ਗਿਆ ਹੈ, ਜਿਹੜਾ ਕਿ ਆਪਣੇ ਸ਼ੁਭ ਕਰਮਾਂ ਰਾਹੀਂ ਉਸ ਪਰਮ ਸੱਚ ਨਾਲ ਇਕਮਿਕ ਦੇ ਹੋਣ ਲਈ ਬਿਹਬਲ ਹੈ। ਸ਼ੁਭ ਕਰਮ ਜਾਂ ਨਿਰਮਲ ਕਰਮ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਹੋ ਸਕਦਾ ਹੈ। ਨਿਰਮਲ ਕਰਮ, ਕਿਸੇ ਇਕ ਖਾਸ ਵਰਗ ਜਾਂ ਵਰਨ ਦਾ ਜਾਤੀ ਅਧਿਕਾਰ ਨਹੀਂ ਹੋ ਸਕਦੇ। ਸਿੱਖ ਧਰਮ ਇਸੇ ਲਈ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਾ ਹੋਇਆ ਜਾਤ ਵਰਨ ਦੀ ਕਿਸੇ ਵੀ ਅਜਿਹੀ ਸੰਸਥਾ ਦੇ ਵਿਰੋਧ ਵਿਚ ਖੜ੍ਹਾ ਹੋਣ ਵਾਲਾ ਧਰਮ ਹੈ, ਜਿਹੜਾ ਕਿਸੇ ਵੀ ਸੂਰਤ ਵਿਚ ਇਹ ਤੱਥ ਨਹੀਂ ਮੰਨ ਸਕਦਾ ਕਿ ਧਰਤੀ ਦੇ ਕੁਝ ਵਿਅਕਤੀ ਪਰਮਾਤਮਾ ਦੇ ਮੁਖ ਤੋਂ, ਕੁਝ ਭੁਜਾਵਾਂ ਤੋਂ ਅਤੇ ਕੁਝ ਪੈਰਾਂ ਤੋਂ ਪੈਦਾ ਹੋਏ ਹਨ ਅਤੇ ਏਸੇ ਲਈ ਇਨ੍ਹਾਂ ਦੇ ਕਿਰਤ ਕਰਮ ਵੱਖੋ-ਵੱਖ ਹਨ ਅਤੇ ਇਹ ਪਰਸਪਰ ਉੱਚੇ-ਨੀਵੇਂ ਵੀ ਹਨ। ਗੁਰੂ ਜੀ ਆਸਾ ਦੀ ਵਾਰ ਵਿਚ ਖੁੱਲ੍ਹ ਕੇ ਆਖਦੇ ਹਨ ਕਿ ਬੇਸ਼ੱਕ ਜੋਗੀਆਂ, ਬ੍ਰਾਹਮਣਾਂ, ਖੱਤਰੀਆਂ ਅਤੇ ਸ਼ੂਦਰਾਂ ਦਾ ਜੀਵਨ ਮਾਰਗ ਸਮਾਜ ਦੇ ਉੱਚ ਵਰਗ ਦੇ ਲੋਕਾਂ ਨੇ ਆਪਣੇ ਸੁਆਰਥਾਂ ਦੀ ਪੂਰਤੀ ਖਾਤਰ ਹੁਣ ਤਕ ਗਿਆਨ ਪ੍ਰਾਪਤ ਕਰਨਾ, ਪਾਠ ਕਰਨਾ, ਜੰਗ-ਯੁੱਧ ਕਰਨੇ ਅਤੇ ਪਰਾਈ ਕਿਰਤ ਕਰਕੇ ਗੁਲਾਮੀ ਕਰਨਾ ਨਿਰਧਾਰਤ ਕੀਤਾ ਹੋਇਆ ਹੈ ਪਰੰਤੂ ਮੈਂ ਉਸ ਵਿਅਕਤੀ ਦਾ ਦਾਸ ਬਣਨਾ ਸਵੀਕਾਰ ਕਰਦਾ ਹਾਂ, ਜਿਹੜਾ ਇਨ੍ਹਾਂ ਸਾਰਿਆਂ ਵਿਤਕਰਿਆਂ ਨੂੰ ਨਾ ਮੰਨ ਕੇ ਮਨੁੱਖ ਅੰਦਰ ਜਗਾਈ ਜੋਤ ਦੇ ਰਹੱਸ ਨੂੰ ਸਮਝਦਾ ਹੈ ਅਤੇ ਸਾਰਿਆਂ ਨੂੰ ਸਾਰੇ ਅਧਿਕਾਰ ਦਿੰਦਾ ਹੈ:
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥
(ਪੰਨਾ ੪੬੯)
ਇਹ ਵੀ ਕਹਿਣਾ ਉਚਿੱਤ ਨਹੀਂ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਕਿਸੇ ਨੇ ਜਾਤ-ਪਾਤ ਦੇ ਖਿਲਾਫ ਆਵਾਜ਼ ਹੀਂ ਨਹੀਂ ਉਠਾਈ। ਲਗ-ਪਗ ਸਾਰੇ ਸੰਤਾਂ ਅਤੇ ਜ਼ਿਆਦਾਤਰ ਭਗਤਾਂ ਦਾ ਜਾਤੀਵਾਦ ਪ੍ਰਤੀ ਦ੍ਰਿਸ਼ਟੀਕੋਣ ਬੜਾ ਕ੍ਰਾਂਤੀਕਾਰੀ ਸੀ ਪਰੰਤੂ ਜਾਤੀਵਾਦ ਦੇ ਗੜ੍ਹਾਂ ਨੂੰ ਤੋੜਨ ਲਈ ਉਨ੍ਹਾਂ ਦੇ ਹਮਲੇ, ਕਿਸੇ ਨਾ ਕਿਸੇ ਰੂਪ ਵਿਚ ਕਮਜ਼ੋਰ ਹੀ ਸਾਬਤ ਹੋਏ। ਕਾਰਨ ਸਪੱਸ਼ਟ ਸੀ ਕਿਉਂਕਿ ਜ਼ਿਆਦਾਤਰ ਇਹ ਸੰਤ, ਭਗਤ ਆਪ ਅਖੌਤੀ ਨੀਵੀਂਆਂ ਜਾਤਾਂ ਨਾਲ ਸੰਬੰਧਤ ਸਨ। ਇਨ੍ਹਾਂ ਭਗਤਾਂ ਨੇ ਪੂਜਾ-ਪਾਠ ਅਤੇ ਵਿਹਾਰਕ ਜੀਵਨ ਸਬੰਧੀ ਕਈ ਅੰਧ-ਵਿਸ਼ਵਾਸ਼ਾਂ ਨੂੰ ਤੋੜਨ ਦੀ ਪ੍ਰੇਰਨਾ ਲੋਕਾਂ ਨੂੰ ਦਿੱਤੀ ਪਰ ਫਿਰ ਵੀ ਜਾਤ-ਪਾਤ ਦੇ ਸਿਸਟਮ ਵਿਚ ਇਹ ਕੋਈ ਉਲੇਖਯੋਗ ਤਬਦੀਲੀ ਨਹੀਂ ਆ ਸਕੀ। ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਆਦਿ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀਆਂ ਨੂੰ ਗਹੁ ਨਾਲ ਪੜ੍ਹਨ ‘ਤੇ ਉਦਾਸੀ ਭਰਪੂਰਤਾ ਵੇਖਣ ਨੂੰ ਮਿਲਦੀ ਹੈ। ਅਖੌਤੀ ਨੀਵੀਂ ਜਾਤੀ ਵਾਲਿਆਂ ‘ਤੇ ਹੋ ਰਹੇ ਅਨਿਆਂ ਨੂੰ ਵੇਖ ਕੇ ਕਿਤੇ-ਕਿਤੇ ਭਗਤ ਕਬੀਰ ਜੀ ਵਰਗੇ ਕ੍ਰਾਂਤੀਕਾਰੀ ਆਕ੍ਰੋਸ਼-ਪੂਰਨ ਹੋ ਜਾਂਦੇ ਹਨ ਅਤੇ ਉਹ ਕਹਿੰਦੇ ਹਨ:
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ॥
(ਪੰਨਾ ੧੩੬੪)
ਪਰ ਨਾਲ ਹੀ ਨਾਲ ਉਸ ਇਸ ਅਨਿਆਂ ਨੂੰ ਚੁੱਪ-ਚਾਪ ਨਾ ਸਵੀਕਾਰਦੇ ਹੋਏ ਲਲਕਾਦੇ ਹਨ:
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥
(ਪੰਨਾ ੩੨੪)
ਭਗਤ ਨਾਮਦੇਵ ਜੀ ਵੀ ਬੜੇ ਹੀ ਦੁਖੀ ਸੁਰ ਵਿਚ ਆਪਣੀ ਅਖੌਤੀ ਨੀਵੀਂ ਜਾਤ ਉਤੇ ਹੋ ਰਹੇ ਅਨਿਆਂ ਪ੍ਰਤੀ ਪਰਮਾਤਮਾ ਅੱਗੇ ਪੁਕਾਰ ਕਰਦੇ ਹਨ।
ਇਸ ਸਭ ਦੇ ਬਾਵਜੂਦ ਵੀ ਉਸ ਜਾਤੀ ਅਭਿਮਾਨੀਆਂ ਦਾ ਧਿਆਨ ਇਸ ਬੁਰਾਈ ਵੱਲ ਪੂਰੀ ਤਰ੍ਹਾਂ ਖਿੱਚਿਆ ਨਹੀਂ ਜਾ ਸਕਿਆ। ਜਾਤ-ਪਾਤ ਦੇ ਗੜ੍ਹ ਨੂੰ ਤੋੜਨ ਲਈ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਵਾਜ਼ ਅਤੇ ਲਲਕਾਰ ਬਾਹਰੋਂ ਆ ਰਹੀ ਆਵਾਜ਼ ਨਹੀਂ ਬਲਕਿ ਇਹ ਅਖੌਤੀ ਉੱਚ ਜਾਤੀ ਵਾਲਿਆਂ ਦੇ ਵਿੱਚੋਂ ਹੀ ਉਠ ਰਹੀ ਇਕ ਬੁਲੰਦ ਆਵਾਜ਼ ਸੀ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਗੁਰੂ ਜੇ ਖੁਦ ਇਕ ਉੱਚੀ ਜਾਤ ਅਰਥਾਤ ਖੱਤਰੀ ਬੰਸ ਵਿਚੋਂ ਪੈਦਾ ਹੋਏ ਸਨ, ਉਨ੍ਹਾਂ ਨੇ ਜੀਵਨ ਦੇ ਆਰੰਭ ਵਿਚ ਹੀ ਆਪਣਾ ਇਕ ਪੱਕਾ ਸਾਥੀ ਭਾਈ ਮਰਦਾਨਾ ਜੀ ਨੂੰ ਬਣਾਇਆ, ਜੋ ਨਾ ਕੇਵਲ ਜਾਤ ਦਾ ਮਿਰਾਸੀ ਹੀ ਸੀ ਬਲਕਿ ਮੁਸਲਮਾਨ ਵੀ ਸੀ। ਆਪਣੇ ਜੀਵਨ ਦੇ ਅੰਤ ਤਕ ਭਾਈ ਮਰਦਾਨਾ ਦਿਨ ਰਾਤ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਵਿਚਰਦਾ ਰਿਹਾ। ਇਸ ਕ੍ਰਾਂਤੀਕਾਰੀ ਕਦਮ ਲਈ ਗੁਰੂ ਜੀ ਨੂੰ ਕਈ ਵਾਰੀ ਪਿਤਾ ਦੀਆਂ ਝਿੜਕਾਂ ਵੀ ਸੁਣਨੀਆਂ ਪਈਆਂ ਹੋਣਗੀਆਂ। ਪਰੰਤੂ ਉਹ ਆਪਣੇ ਸਿਧਾਂਤ ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥” (ਪੰਨਾ ੮੩) ਉਤੇ ਅਟੱਲ ਰਹੇ। ਗੁਰੂ ਨਾਨਕ ਸਾਹਿਬ ਦਾ ਪੱਕਾ ਵਿਸ਼ਵਾਸ ਸੀ ਕਿ “ਜਾਣਹੁ ਜੋਤਿ ਨਾ ਪੂਛਹੁ ਜਾਤੀ ਆਗੈ ਜਾਤਿ ਨ ਹੇ॥” (ਪੰਨਾ ੩੪੯) ਰਾਗ ਗਉੜੀ ਵਿਚ ਭਗਤ ਕਬੀਰ ਜੀ ਸ੍ਰਿਸ਼ਟੀ ਤੋਂ ਪਹਿਲਾਂ ਸਾਰੇ ਜੀਵਾਂ ਦੀ ਸਮਾਨਤਾ ਵੱਲ ਸੰਕੇਤ ਕਰਦੇ ਹੋਏ, ਇਕ ਅਨਾਮ ਪੰਡਤ ਉਤੇ ਕਟਾਖ ਕਰਦੇ ਹਨ:
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥੧॥ਰਹਾਉ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥੨॥ (ਪੰਨਾ ੩੨੪)
ਮਨ ਅੰਦਰ ਪ੍ਰਭ ਨਾਮ ਦੀ ਜਗਦੀ ਜੋਤ ਦੀ ਤੀਬਰਤਾ ਕਾਰਨ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਅਧਿਆਤਮ ਦੇ ਪੰਧ ਉਤੇ ਕੋਈ ਰਾਹ ਥੋੜ੍ਹਾ ਅੱਗੇ ਹੈ ਤੇ ਕੋਈ ਥੋੜ੍ਹਾ ਪਿੱਛੇ, ਪਰ ਹਨ ਇਹ ਸਾਰੇ ਉਸ ਇੱਕੋ ਪਾਰਬ੍ਰਹਮ ਪਰਮਾਤਮਾ ਨਾਮ ਮੰਜ਼ਿਲ ਦੇ ਪਾਂਧੀ। ਸ੍ਰੀ ਗੁਰੂ ਅਮਰਦਾਸ ਜੀ ਸਿਰੀਰਾਗੁ ਵਿਚ ਫ਼ੁਰਮਾਉਂਦੇ ਹਨ ਕਿ ਸ਼ਬਦ-ਗੁਰੂ ਦੀ ਰਹਿਨੁਮਾਈ ਵਿਚ ਹੀ ਬ੍ਰਹਮਵੇਤਾ ਅਰਥਾਤ ਬ੍ਰਹਮ ਨੂੰ ਜਾਣਨ ਵਾਲਾ ਬਣਿਆ ਜਾ ਸਕਦਾ ਹੈ ਅਤੇ ਹਉਮੈ ਦੀਰਘ ਰੋਗ ਤੋਂ ਛੁਟਕਾਰਾ ਪ੍ਰਾਪਤ ਹੋ ਸਕਦਾ ਹੈ। ਫਿਰ ਉਹ ਵਿਅਕਤੀ ਚਾਹੇ ਕਿਸੇ ਵੀ ਅਖੌਤੀ ਨੀਵੀਂ ਜਾਂ ਉੱਚੀ ਜਾਤੀ ਨਾਲ ਸੰਬੰਧਤ ਹੋਵੇ, ਕੋਈ ਫਰਕ ਨਹੀਂ ਪੈਂਦਾ:
ਨਾਮਾ ਛੀਬਾ ਕਬੀਰ ਜੋਲਾਹਾ ਪੂਰੇ ਗੁਰ ਤੇ ਗਤਿ ਪਾਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥
(ਪੰਨਾ ੬੭)
ਦਰਅਸਲ ਜਿਵੇਂ ਧਰਮ ਦੇ ਦ੍ਰਿਸ਼ਟੀਕੋਣ ਤੋਂ ਦਿਸ਼ਾਵਾਂ ਤਾਂ ਕੇਵਲ ਦੋ ਹੀ ਹਨ-ਇਕ ਅੰਤਰ-ਮਨ ਵੱਲ ਲਿਜਾਣ ਵਾਲੀ ਅਤੇ ਦੂਜੀ ਬਾਹਰਮੁਖਤਾ ਵੱਲ ਲਿਜਾਣ ਵਾਲੀ। ਇਵੇਂ ਹੀ ਵਿਅਕਤੀ ਮੋਟੇ ਤੌਰ ‘ਤੇ ਦੋ ਤਰ੍ਹਾਂ ਦੇ ਹੀ ਹਨ– ਚੰਗੇ ਜਾਂ ਮਾੜੇ, ਗੁਰਮੁਖ ਜਾਂ ਮਨਮੁਖ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਤੱਥ ਦੀ ਪੁਸ਼ਟੀ ਬਚਿਤ ਨਾਟਕ ਵਿਚ ਕਰਦੇ ਹਨ ਕਿ ਚੰਗੇ ਕਰਮ ਕਰਨ ਵਾਲਿਆਂ ਨੂੰ ਲੋਕਾਂ ਨੇ ਦੇਵਤੇ ਜਾਣਿਆਂ ਅਤੇ ਮਾੜੇ ਆਚਰਣ ਵਾਲਿਆਂ ਨੂੰ ਰਾਖਸ਼ਸ਼ ਕਿਹਾ ਹੈ। ਇਸ ਦਾ ਇਕ ਅਰਥ ਇਹ ਵੀ ਨਿਕਲਦਾ ਹੈ ਕਿ ਕਿਸੇ ਖਾਸ ਵਰਨ ਕੁਲ ਵਿਚ ਜਨਮ ਲੈਣ ਨਾਲ ਵਿਅਕਤੀ ਉਸ ਜਾਤ ਕੁਲ ਵਾਲਾ ਨਹੀਂ ਬਣਦਾ ਬਲਕਿ ਚੰਗੇ ਕਰਮਾਂ ਕਰਕੇ ਰਾਖਸ਼ਸ਼ ਵੀ ਦੇਵਤੇ ਬਣ ਸਕਦੇ ਹਨ ਅਤੇ ਭੈੜੇ ਕਰਮਾਂ ਕਾਰਨ ਦੇਵਤੇ ਵੀ ਰਾਖਸ਼ਸ਼ ਪੱਧਰ ‘ਤੇ ਆ ਸਕਦੇ ਹਨ:
ਸਾਧ ਕਰਮ ਜੋ ਪੁਰਖ ਕਮਾਵੈ॥ ਨਾਮ ਦੇਵਤਾ ਜਗਤ ਕਹਾਵੈ॥
ਕੁਕ੍ਰਿਤ ਕਰਮ ਜੋ ਜਗ ਮੈ ਕਰਹੀ॥ ਨਾਮ ਅਸੁਰ ਤਿਨ ਕੋ ਸਭ ਧਰਹੀ॥੧੫॥
(ਦਸਮ ਗ੍ਰੰਥ, ਪੰਨਾ ੪੮)
ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਜਾਤ ਨੂੰ ਵਿਅਕਤੀ ਦੀ ਪਛਾਣ ਦਾ ਚਿੰਨ੍ਹ ਨਹੀਂ ਮੰਨਿਆ ਬਲਕਿ ਰਾਗ ਆਸਾ ਵਿਚ ਸਪੱਸ਼ਟ ਕਿਹਾ ਹੈ:
ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥
( ਪੰਨਾ ੩੬੩ )
ਏਸੇ ਰਾਗ ਵਿਚ ਇਕ ਹੋਰ ਸਥਾਨ ‘ਤੇ ਸ੍ਰੀ ਗੁਰੂ ਅਮਰਦਾਸ ਜੀ ਸ਼ਬਦ ਬ੍ਰਹਮ ਦੀ ਘਟ ਘਟ ਅੰਦਰ ਜਗਦੀ ਜੋਤ ਨੂੰ ਹੀ ਚੰਗੇ ਮਾੜੇ ਹੋਣ ਦਾ ਪ੍ਰਮਾਣ ਮੰਨਦੇ ਹੋਏ ਕਹਿੰਦੇ ਹਨ:
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥
(ਪੰਨਾ ੪੨੬)
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਜ਼ਿਆਦਾ ਜ਼ੋਰ ਸੱਚ ਅਤੇ ਸਚਿਆਰ ਉਤੇ ਦਿੱਤਾ ਹੈ। ਅੰਤਮ ਪੁਰਖ ਸੱਚ ਦੇ ਆਧਾਰ ਉਤੇ ਹੀ ਹੋਵੇਗੀ, ਕਿਸੇ ਜਾਤ ਜਾਂ ਵਰਨ ਦੇ ਆਧਾਰ ਉਤੇ ਨਹੀਂ। ਝੂਠ ਅਤੇ ਝੂਠਾ ਅਭਿਮਾਨ ਇਕ ਅਜਿਹਾ ਜ਼ਹਿਰ ਹੈ, ਜਿਸ ਨੂੰ ਕਿਸੇ ਵੀ ਜਾਤ ਵਾਲਾ ਜੇ ਹੱਥ ਵਿਚ ਰੱਖਣ ਅਰਥਾਤ ਚੱਖਣ ਦੀ ਕੋਸ਼ਿਸ਼ ਕਰੇਗਾ, ਤਾਂ ਨਿਸ਼ਚਿਤ ਹੀ ਉਸ ਦੀ ਦੁਰਗਤੀ ਹੋਵੇਗੀ:
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥
ਸਚੇ ਦੀ ਸਿਰਕਾਰ ਜੁਗੁ ਜੁਗੁ ਜਾਣੀਐਂ॥
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥ (ਪੰਨਾ ੧੪੨ )
ਇਥੇ ਇਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਭਗਤ ਰਾਮਾਨੁਜ ਅਤੇ ਬਨਾਰਸ ਦੇ ਭਗਤ ਰਾਮਾਨੰਦ ਜੀ ਨੇ ਜਿਹੜੇ ਕਿ ਖੁਦ ਉੱਚੀਆਂ ਜਾਤੀਆਂ ਵਿਚੋਂ ਸਨ, ਮਨੁੱਖ ਦੀ ਸਮਾਨਤਾ ਅਤੇ ਭਾਈਚਾਰੇ ਉਤੇ ਜ਼ੋਰ ਨਹੀਂ ਦਿੱਤਾ? ਇਹ ਸੱਚ ਹੈ ਕਿ ਅਧਿਆਤਮਿਕ ਪੱਧਰ ‘ਤੇ ਇਨ੍ਹਾਂ ਮਹਾਂਪੁਰਖਾਂ ਨੇ ਮਨੁੱਖਾਂ ਦੀ ਸਮਾਨਤਾ ਦਾ ਭਰਪੂਰ ਉਪਦੇਸ਼ ਦਿੱਤਾ ਪ੍ਰੰਤੂ ਗੁਰੂ ਸਾਹਿਬਾਨ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਆਪਣੇ ਹਰ ਉਪਦੇਸ਼ ਨੂੰ ਕੇਵਲ ਥਿਊਰੀ ਤਕ ਹੀ ਸੀਮਤ ਨਹੀਂ ਰੱਖਿਆ ਬਲਕਿ ਉਸ ਉਪਦੇਸ਼ ਦੀ ਅਜ਼ਮਾਇਸ਼ ਲਈ ਸੰਸਥਾਵਾਂ ਦੀ ਵੀ ਨੀਂਹ ਰੱਖੀ। ਲੰਗਰ ਇਕ ਅਜਿਹੀ ਸਿੱਖ ਸੰਸਥਾ ਹੈ, ਜਿਹੜੀ ਸਮਾਜਿਕ ਜੀਵਨ ਦੇ ਅਧਿਆਤਮਿਕ ਸੰਦਰਭ ਅਤੇ ਵਿਹਾਰਕ ਜੀਵਨ ਦੀ ਸਵੈ-ਵਿਰੋਧਤਾ ਨੂੰ ਦੂਰ ਕਰਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਅਜਿਹੀ ਅਧਿਆਤਮਿਕਤਾ ਨੂੰ ਕਿਸੇ ਗਿਣਤੀ ਵਿਚ ਨਹੀਂ ਗਿਣਦੇ, ਜਿਹੜੀ ਅਧਿਆਤਮਿਕਤਾ ਆਪਣੇ ਨਾਲ ਵਸਦੇ ਲੋਕਾਂ ਪ੍ਰਤੀ ਹਰ ਪੱਧਰ ‘ਤੇ ਸਤਿਕਾਰ ਅਤੇ ਹਮਦਰਦੀ ਪੈਦਾ ਨਹੀਂ ਕਰਦੀ। ਮਲਕ ਭਾਗੋ ਅਤੇ ਭਾਈ ਲਾਲੋ ਦੀ ਸਾਖੀ ਤੋਂ ਬਾਖੂਬੀ ਇਹ ਸਬਕ ਸਿੱਖਿਆ ਜਾ ਸਕਦਾ ਹੈ। ਮਨ ਅਤੇ ਆਤਮਾ ਦੀ ਪਵਿੱਤਰਤਾ ਦੇ ਸਾਹਮਣੇ ਜਾਤ-ਪਾਤ ਦਾ ਨਾ ਤਾਂ ਕੋਈ ਆਧਾਰ ਹੈ ਤੇ ਨਾ ਹੀ ਲੋੜ। ਜਾਤ-ਪਾਤ ਦੇ ਅਭਿਮਾਨ ਨੂੰ ਤੋੜਨ ਦੀ ਪ੍ਰੇਰਨਾ ਦੇਣ ਵਾਲੀ ਘਟਨਾ ਖਾਲਸੇ ਦੇ ਸਿਰਜਣ ਦੀ ਘਟਨਾ ਵੀ ਹੈ, ਜਿਸ ਵਿਚ ਤਿਆਗ, ਨਿਰਭੈਤਾ ਅਤੇ ਪਵਿੱਤਰਤਾ ਦਾ ਸਤਿਕਾਰ ਕੀਤਾ ਗਿਆ ਹੈ, ਇਹ ਨਹੀਂ ਦੇਖਿਆ ਗਿਆ ਕਿ ਕੋਈ ਨਾਈ ਹੈ, ਜੱਟ ਹੈ ਜਾਂ ਖੱਤਰੀ। ਇਹ ਵੀ ਨਹੀਂ ਦੇਖਿਆ ਗਿਆ ਕਿ ਕੋਈ ਦਿੱਲੀ ਦਾ ਹੈ, ਲਾਹੌਰ ਦਾ ਹੈ, ਬਿਦਰ ਦਾ ਹੈ ਜਾਂ ਫਿਰ ਜਗਨ ਨਾਥਪੁਰੀ ਦਾ। ਗੁਰੂ ਸਾਹਿਬਾਨ ਨੇ ਹਰ ਕਦਮ ‘ਤੇ ਸੱਚ ਦੀ ਜਗਦੀ ਜੋਤ ਦਾ ਸਤਿਕਾਰ ਕਰਨਾ ਸਿਖਾਇਆ ਹੈ ਅਤੇ ਏਸੇ ਲਈ ਬਿਨਾਂ ਕਿਸੇ ਹੀਨ ਭਾਵਨਾ ਦੇ ਗੁਰੂ ਨਾਨਕ ਸਾਹਿਬ ਲਲਕਾਰ ਕੇ ਕਹਿ ਸਕੇ ਹਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ ੧੫)
(੬/੧੯੯੯)