
ਅੱਜ ਕੱਲ ਦੇ ਸਾਰੇ ਲੋਗ ਜਿਤਨਾ ਅਪਨਾ ਅਚਾਰੋ ਬਿਹਾਰ ਕਰਦੇ ਹਨ ਸੋ ਸੰਸਾਰ ਦੇ ਲੋਗਾਂ ਦੇ ਖੁਸ਼ ਕਰਨ ਲਈ ਕਰਦੇ ਦੇਖੀਦੇ ਹਨ ਜਿਸ ਤੇ ਉਨ੍ਹਾਂ ਦਾ ਇਹ ਖਿਆਲ ਹੁੰਦਾ ਹੈ ਕਿ ਅਸੀਂ ਸੰਸਾਰੀ ਜੀਵਾਂ ਦੇ ਖ੍ਯਾਲਾਂ ਵਿਚ ਅੱਛੇ ਸਮਝੇ ਜਾਈਏ ਅਰ ਇਹ ਲੋਗ ਸਾਡੇ ਉੱਤੇ ਖੁਸ਼ ਰਹਿਨ॥
ਬਹੁਤ ਸਾਰੇ ਲੋਗ ਅਪਨੇ ਲੜਕੇ ਲੜਕੀ ਦੇ ਬਿਆਹ ਪਰ ਅਪਨਾ ਘਰ ਬਾਰ ਅਤੇ ਜ਼ਮੀਨਾਂ ਗਹਿਨੇ ਪਾ ਕੇ ਓਸ ਦਾ ਰੁ ਿਾ ਲੈ ਕੇ ਕੰਜਰੀਆਂ ਦੇ ਨਾਚ ਅਰ ਆਤਸ਼ਬਾਜ਼ੀ ਤੇ ਪਟਾਕਿਆਂ ਪਰ ਖਰਚ ਕਰ ਦੇਂਦੇ ਹਨ। ਜਿਸ ਤੇ ਓਹ ਇਹ ਸਮਝਦੇ ਹਨ ਕਿ ਲੋਕ ਖੁਸ਼ ਹੋਨ ਅਰ ਆਖਨ ਕਿ ਭਾਈ ਵੱਡੀ ਕਰਤੂਤ ਕੀਤੀ ਹੈ॥
ਕਿਤਨੇ ਪੁਰਖ ਅਪਨੀ ਮਾਈ ਯਾ ਪਿਤਾ ਦੇ ਚਲਾਣੇ ਪਰ ਉਨ੍ਹਾਂ ਨੂੰ ਵੱਡੇ ਕਰਨ ਲਈ ਦੋਸ਼ਾਲੇ ਪਾਉਂਦੇ ਹਨ ਅਰ ਬਿਬਾਨ ਕੱਢ ਕੇ ਪਿੱਛੋਂ ਭੰਡਾਰਾ ਕਰਦੇ ਹਨ, ਜਿਸ ਤੇ ਇਹ ਆਸ ਰੱਖਦੇ ਹਨ ਕਿ ਲੋਗ ਸਾਡੀ ਸੋਭਾ ਕਰਨ ਅਰ ਦਿਲਾਂ ਵਿਚ ਖੁਸ਼ ਹੋਨ॥
ਇਸੀ ਪ੍ਰਕਾਰ ਕੋਈ ਸਪਾਹੀ ਹੱਥ ਵਿਚ ਤਲਵਾਰ ਲੈ ਕੇ ਅਪਨਾ ਸਿਰ ਤਲੀ ਪਰ ਧਰ ਕੇ ਦੁਸ਼ਮਨ ਪਰ ਵਾਰ ਕਰਦਾ ਹੈ ਅਰ ਚਿੱਤ ਵਿਚ ਏਹੋ ਉਮੀਦ ਰੱਖਦਾ ਹੈ ਕਿ ਮੇਰਾ ਹਾਕਮ ਮੇਰੇ ਪਰ ਖੁਸ਼ ਹੋਵੇ।
ਫੇਰ ਕੋਈ ਪੰਡਤ ਠਾਕੁਰ ਦੁਆਰੇ ਵਿਚ ਕਥਾ ਕਰਨ ਲਈ ਪੁਰਾਣ ਖੋਲ੍ਹ ਬੈਠਦਾ ਹੈ ਅਰ ਵੱਡੀਆਂ ਸੁਰਤੀਆਂ ਅਤੇ ਸਿੰਮ੍ਰਤੀਆਂ ਸੁਨਾਉਂਦਾ ਹੈ ਜਿਸ ਦਾ ਤਾਤਪ੍ਰਯ ਏਹੋ ਹੁੰਦਾ ਹੈ ਕਿ ਲੋਗ ਸਾਡੇ ਪਰ ਖ਼ੁਸ਼ ਰਹਿਨ॥
ਇਸੀ ਪ੍ਰਕਾਰ ਕੋਈ ਦਾਤਾ ਦਾਨ ਕਰਦਾ ਹੈ ਅਰ ਚਿੱਤ ਵਿਚ ਇਹ ਵਾਸਨਾ ਰੱਖ ਲੈਂਦਾ ਹੈ ਕਿ ਸੰਸਾਰ ਦੇ ਲੋਗ ਮੇਰੇ ਪਰ ਪ੍ਰਸੰਨ ਹੋਨ॥
ਫੇਰ ਕੋਈ ਪੁਰਖ ਵੱਡਾ ਲੈਕਚਰਾਰ ਬਨ ਕੇ ਲੈਕਚਰ ਦੇਂਦਾ ਹੈ ਅਰ ਚਿੱਤ ਵਿਚ ਇਹ ਖ੍ਯਾਲ ਕਰਦਾ ਹੈ ਕਿ ਲੋਕ ਮੈਨੂੰ ਚੰਗਾ ਸਮਝ ਕੇ ਮੇਰੇ ਪਰ ਖੁਸ਼ ਹੋਨ, ਇਸੀ ਤਰ੍ਹਾਂ ਕਈ ਪੁਰਖ ਅਪਨੇ ਧਰਮ ਨੂੰ ਛੱਡ ਕੇ ਦੂਸਰੇ ਦੀ ਮ੍ਰਯਾਦਾ ਵੱਲ ਜਾਇ ਧਸਦੇ ਹਨ, ਜੋ ਚਿੱਤ ਵਿਚ ਏਹੋ ਸ਼ੋਕ ਰੱਖਦੇ ਹੈਨ ਕਿ ਲੋਗ ਸਾਡੇ ਪਰ ਖੁਸ਼ ਰਹਿਨ॥
ਭਾਵੇਂ ਇਸੀ ਪ੍ਰਕਾਰ ਸਾਰੇ ਲੋਗ ਅਪਨੀ-ਅਪਨੀ ਜਗਾ ਪਰ ਕਠਪੁਤਲੀ ਦੀ ਤਰ੍ਹਾਂ ਨ੍ਰਿਤ ਕਰਦੇ ਦੇਖੀਦੇ ਹਨ ਅਰ ਕਈ ਪ੍ਰਕਾਰ ਦੇ ਦੁੱਖ ਭੀ ਸਹਿੰਦੇ ਦੇਖੀਦੇ ਹਨ, ਪਰੰਤੂ ਅੰਤ ਨੂੰ ਉਨ੍ਹਾਂ ਦਾ ਤਾਤਪ੍ਰਯ ਏਹੋ ਹੁੰਦਾ ਹੈ ਕਿ ਲੋਕ ਸਾਡੇ ਪਰ ਖੁਸ਼ ਰਹਿਨ ਅਤੇ ਸਾਡੀ ਉਸਤਤੀ ਕਰਨ॥
ਅਸੀਂ ਅਪਨੇ ਇਨ੍ਹਾਂ ਖ੍ਯਾਲਾਂ ਵਾਲੇ ਪੁਰਖਾਂ ਦੇ ਅੱਗੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਹੇ ਮਹਾਤਮਾ ਜਨੋਂ! ਕਿਆ ਇਹ ਸੰਸਾਰ ਦੇ ਜੀਵਾਂ ਨੂੰ ਖੁਸ਼ ਕਰਕੇ ਤੁਸੀਂ ਪਰਮੇਸ਼ਰ ਦੇ ਸਨਮੁਖ ਸੋਭਾ ਦੇ ਜੋਗ ਜਾਓਗੇ ਯਾ ਤੁਸਾਡੇ ਆਤਮਾਂ ਉਸ ਸ ਪਰ ਇਸ ਬਾਤ ਪਰ ਗੁਵਾਹੀ ਦੇਨਗੇ ਕਿ ਅਸੀਂ ਜੋ ਕੁਛ ਕੀਤਾ ਸੋ ਠੀਕ ਕੀਤਾ ਸੀ, ਕਦੇ ਨਹੀਂ॥
ਇਸ ਵਾਸਤੇ ਤੁਸੀਂ ਸਿੱਖ੍ਯਾ ਲਵੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਿਨ੍ਹਾਂ ਨੂੰ ਸਾਰੇ ਲੋਗਾਂ ਨੇ ਕੁਰਾਹੀ ਦੱਸਿਆ ਫੇਰ ਗੁਰੂ ਕਲਗੀਧਰ ਤੇ ਜਿਨ੍ਹਾਂ ਨੂੰ ਸਭ ਨੇ ਛੱਡ ਦਿੱਤਾ ਅਰ ਸਾਰੇ ਲੋਗ ਨਾਖੁਸ਼ ਹੋਇ ਗਏ, ਪਰੰਤੂ ਉਨ੍ਹਾਂ ਨੇ ਸਭ ਨੂੰ ਛੱਡ ਕੇ ਅਪਨਾ ਜੀਵਨ ਅਕਾਲ ਪੁਰਖ ਦੇ ਖੁਸ਼ ਕਰਨ ਲਈ ਅਰਪਨ ਕਰ ਦਿੱਤਾ ਸੀ ਜਿਸ ਤੇ ਉਨ੍ਹਾਂ ਨੇ ਉਸ ਅਪਨੇ ਮਹਾਨ ਪਿਤਾ ਨੂੰ ਪ੍ਰਸੰਨ ਕੀਤਾ ਸੀ ਜਿਸ ਤੇ ਸੰਸਾਰ ਝਖ ਮਾਰ ਕੇ ਆਪੇ ਪ੍ਰਸੰਨ ਹੋ ਗਿਆ ਅਤੇ ਉਨ੍ਹਾਂ ਨੂੰ ਅਪਨੇ ਮੁਕਤੀ ਦਾਤਾ ਮੰਨਨ ਲੱਗ ਪਿਆ॥
ਇਸ ਵਾਸਤੇ ਜੇ ਤੁਸੀਂ ਸੰਸਾਰਕ ਜੀਵਾਂ ਨੂੰ ਭੀ ਖੁਸ਼ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਖੁਸ਼ ਕਰੋ ਉਸ ਸੱਚੇ ਅਕਾਲ ਪੁਰਖ ਨੂੰ ਜਿਸ ਤੇ ਸਭ ਸ੍ਰਿਸ਼ਟੀ ਦੇ ਜੀਵ ਤੁਹਾਡੇ ਪਰ ਆਪੇ ਖੁਸ਼ ਹੋ ਜਾਨਗੇ॥
(ਖ਼ਾਲਸਾ ਅਖ਼ਬਾਰ ਲਾਹੌਰ, ੨੮ ਫਰਵਰੀ ੧੮੯੬, ਪੰਨਾ ੩)
ਗਿਆਨੀ ਦਿੱਤ ਸਿੰਘ