(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
-ਗਿ. ਦਿੱਤ ਸਿੰਘ
ਪ੍ਯਾਰੇ ਪਾਠਕੋ ਹਰ ਇਕ ਸਭਾ ਯਾ ਸਮਾਜ ਵਿਚ ਜਦ ਵਖ੍ਯਾਨ ਹੁੰਦੇ ਹਨ ਅਤੇ ਕਿਸੇ ਅੰਗ੍ਰੇਜ਼ੀ ਫਾਰਸੀ ਤੇ ਹਿੰਦੀ ਗੁਰਮੁਖੀ ਦੀਆਂ ਖਬਰਾਂ ਵਿਚ ਜਦ ਕੋਈ ਮਜਮੂਨ ਨਿਕਲਦੇ ਹਨ ਤਦ ਇਹੋ ਮਜਮੂਨ ਹੁੰਦਾ ਹੈ (ਭਾਰਤ ਦੀ ਦੁਰਦਿਸਾ) ਅਰਥਾਤ ਹਿੰਦੁਸਤਾਨ ਦੀ ਬੁਰੀ ਹਾਲਤ) ਜਿਸ ਪਰ ਇਹ ਤਾਤਪਜ ਹੁੰਦਾ ਹੈ ਕਿ ਇਸ ਦੇਸ ਦੀ ਹਰ ਪ੍ਰਕਾਰ ਦੀ ਬੁਰੀ ਹਾਲਤ ਹੋਇ ਰਹੀ ਹੈ। ਇਸ ਭਾਰਤ ਦੀ ਸੂਰਬੀਰਤਾ ਸਤ ਵਾਦਿਤਾ ਨਿਸ ਕਪਟਤਾ ਵਿਸ੍ਵਾਸ, ਧਨ ਦੌਲਤ ਆਦਿਕ ਹਰ ਇਕ ਸੁਭ ਗੁਣ ਅਤੇ ਵਡਿਆਈ ਮਿੱਟੀ ਨਾਲ ਮਿਲ ਗਈ ਅਤੇ ਮਿਲਦੀ ਜਾਂਦੀ ਹੈ ਜਿਸ ਤੇ ਇਹ ਦੇਸ ਸਦਾ ਦੇ ਲਈ ਗੁਲਾਮ ਅਤੇ ਨਿਰਬਲ ਹੋ ਗਿਆ ਹੈ ਜਿਸ ਤੇ ਕੋਈ ਦਿਨ ਆਏਗਾ ਜੋ ਇਸ ਦਾ ਜੀਵਨ ਭੀ ਕਠਨ ਹੋ ਜਾਏਗਾ।।
ਜਦ ਇਨਾ ਵਖ੍ਯਾਨਾਂ ਅਤੇ ਮਜਮੂਨਾਂ ਨੂੰ ਅਸੀਂ ਅਛੀ ਤਰਾਂ ਵਿਚਾਰ ਕੇ ਦੇਖਦੇ ਹਾਂ ਤਦ ਅਸੀ ਏਹੋ ਆਖਦੇ ਹਾਂ ਕਿ ਇਸ ਦੇਸ ਦੀ ਜਿਤਨੀ ਦੁਰਦਿਸਾ ਹੋਵੇ ਸੋ ਥੋੜੀ ਹੈ ਅਰ ਜਿਤਨਾ ਇਸ ਪਰ ਜੁਲਮ ਕੀਤਾ ਜਾਏ ਸੋ ਉਤਨਾ ਹੀ ਘੱਟ ਹੈ, ਕਿਉਂਕਿ ਇਹ ਦੇਸ ਹੀ ਪਾਪੀ ਅਤੇ ਕ੍ਰਿਤਘਨ ਹੈ ਅਰ ਇਸ ਜਿਹਾ ਬੇਅਨੁਖ ਅਤੇ ਬੇਸਰਮ ਅਰ ਖੁਦਗਰਜ ਹੋਰ ਕੋਈ ਦੇਸ ਨਹੀ ਹੈ ਜਿਸ ਤੇ ਅਸੀ ਇਹ ਕਹ ਸਕਦੇ ਹਾਂ ਕਿ ਈਸ੍ਵਰ ਜੋ ਕੁਛ ਇਸ ਨਾਲ ਕਰ ਰਿਹਾ ਹੈ ਅਤੇ ਉਸ ਨੈ ਕੀਤਾ ਹੈ ਸੋ ਐਨ ਇਨਸਾਫ ਅਤੇ ਗ੍ਯਾਇ ਕੀਤਾ ਹੈ।
ਇਸ ਬਾਤ ਦੇ ਸਬੂਤ ਵਿਚ ਅਸੀਂ ਇਤਨਾ ਆਖਦੇ ਹਾਂ ਕਿ ਮੁਸਲਮਾਨਾਂ ਨੈ ਇਨਾ ਦੀ ਦੌਲਤ ਨੂੰ ਲੁਟਿਆ, ਇਨਾ ਦੀ ਬੋਦੀਆਂ ਨੂੰ ਪੁੱਟਿਆ, ਗਲਾਂ ਦੇ ਜੰਜੂਆਂ ਨੂੰ ਤੋੜ ਸੁਟਿਆ, ਇਨਾ ਦੇ ਸਿਰਾਂ ਨੂੰ ਮੁੰਜ ਵਾਂਗ ਕੁਟਿਆ ਅਰ ਸਭ ਨੂੰ ਗੁਲਾਮ ਅਰ ਚੋਰ ਕਰਕੇ ਸਦਿਆ। ਇਸ ਤੇ ਬਿਨਾ ਇਨਾ ਦੀ ਬਹੂ ਬੇਟੀਆਂ ਨੂੰ ਖੋਹ ਕੇ ਅਪਨੇ-ਅਪਨੇ ਘਰੀਂ ਵਸਾਇਆ, ਗਊਆਂ ਮਾਰ ਕੇ ਉਨ੍ਹਾਂ ਦਾ ਲਹੂ ਇਨਾ ਨੂੰ ਪਲਾਇਆ ਇਨਾ ਦੇ ਦੇਵੀ ਦੇਵਤਿਆਂ ਮੰਦਰਾਂ ਨੂੰ ਢਾ ਕੇ ਮਿਟੀ ਨਾਲ ਮਿਲਾਇਆ। ਰਾਮਚੰਦਰ ਕ੍ਰਿਸ਼ਨ ਅਤੇ ਸਿਵ ਜੈਸੇ ਮਹਾਤਮਾਂ ਨੂੰ ਬੁਰੇ-2 ਬੋਲ ਬੋਲ ਕੇ ਉਨਾ ਦੀ ਪ੍ਰਿਤਮਾਂ ਨੂੰ ਖੂਹਾਂ ਵਿਚ ਸਿਟਾਇਆ ਅਤੇ ਸਰਬ ਪਰਕਾਰ ਕਰਕੇ ਇਨਾ ਨੂੰ ਨੁਕਸਾਨ ਪਹੁਚਾਇਆ॥
ਇਤਨੇ ਜੁਲਮਾ ਨੂੰ ਸਹਾਰ ਕੇ ਭੀ ਇਸ ਹਿੰਦੂ ਯਾ ਸਿੱਖ ਕੌਮ ਨੈ ਉਨਾ ਦੇ ਪੀਰਾਂ ਫਕੀਰਾਂ ਦੀ ਕਬਰਾਂ ਪਰ ਮਥੇ ਟੇਕੇ ਅਰ ਖਾਨਗਾਹਾਂ ਨੂੰ ਪੂਜਿਆ ਅਰ ਪੂਜਦੇ ਹਨ। ਅਜ ਕਲ ਤਾਜੀਆਂ ਦੇ ਦਿਨਾਂ ਵਿਚ ਅਸੀ ਕਈ ਖਤ ਤਾਜੀਆਂ ਪਰ ਲਟਕੇ ਹੋਏ ਹਿੰਦੂਆ ਦੇ ਦੇਖੇ ਹਨ ਜਿਨਾ ਵਿਚ ਇਮਾਮ ਪਾਸੋਂ ਮੁਰਾਦ ਮੰਗੀ ਹੋਈ ਸੀ ਇਸ ਤੇ ਬਿਨਾ ਨਗਾਹੇ ਵਾਲੇ ਸੇਖ ਸੁਲਤਾਨ ਨੈ ਤਾਂ ਇਸ ਦੇਸ ਪਰ ਅਜੇਹਾ ਹਥ ਫੇਰਿਆ ਹੈ ਜੋ ਮਾਲਵਾ ਦੁਆਬਾ ਅਤੇ ਮੈਨ ਦੁਆਬ ਸਭਅਪਨੀ ਹੀ ਜਾਗੀਰ ਕਰ ਛੱਡਿਆ ਹੈ ਜਿਸ ਤੇ ਦੁਆਬੇ ਨੂੰ ਕਾਲੀ ਕੰਬਲੀ ਵਾਲਾ ਸੰਗ ਕਰਕੇ ਸੱਦਦੇ ਹਨ ਅਰ ਉਹ ਹਿੰਦੂ ਅਤੇ ਸਿਖ ਸਿਰਾਂ ਪਰ ਕੇਸ ਰਖ ਕੇ ਹੁਕੇ ਪੀਂਦੇ ਹਨ ਅਰ ਕੁਠੇ ਖਾਂਦੇ ਹਨ ਅਰ ਸੁਲਤਾਨ ਦੀ ਚੌਕੀਆਂ ਭਰਦੇ ਹਨ (ਸਾਡਾ ਲਾਲਾਂ ਵਾਲਾ ਪੀਰ) ਕਰਦੇ ਹਨ।
ਇਸਤੇ ਬਿਨਾ ਹੁਣ ਇਕ ਧੌਂਕਲ ਦਾ ਮੇਲਾ ਹੋਇਆ ਹੈ ਉਸ ਪਰ ਹਜਾਰਾਂ ਹਿੰਦੂ ਅਤੇ ਸਿਖ ਅਪਨੀਆਂ ਸੁਖਾਂ ਚਾੜਨ ਲਈ ਗਏ ਸਨ ਜਿਨਾ ਨੂੰ ਦੇਖ ਕੇ ਅਸੀ ਹੈਰਾਨ ਹੋ ਗਏ ਸਾਂ।
ਪ੍ਯਾਰੇ ਪਾਠਕੋ ਇਸ ਹਿੰਦੂ ਯਾ ਸਿਖ ਕੌਮ ਨੇ ਅਪਨੇ ਨਾਸ ਕਰਨੇ ਵਾਲਯਾਂ ਨਾਲ ਤਨ ਮਨ ਤੇ ਧਨ ਤੇ ਇਹ ਵਰਾਤਉ ਕੀਤਾ ਹੈ ਜੋ ਉਪਰ ਥੋੜਾ ਜੇਹਾ ਆਖ ਆਏ ਹਾਂ, ਪਰੰਤੂ ਓਹ ਦਸਮੇ ਗੁਰੂ ਜੀ ਮਹਾਰਾਜ ਨੈ ਇਨਾ ਦੇ ਬਚਾਉਨ ਲਈ ਇਜੇਹੇ ਦੁਖ ਸਹਾਰੇ ਸਨ ਜੋ ਅਪਨਾ ਪਿਤਾ ਅਰ ਪ੍ਯਾਰੇ ਪੁੱਤ੍ਰ ਕੁਰਬਾਨ ਕਰ ਕੇ ਅਪਨੀ ਜਾਨ ਭੀ ਇਨਾ ਹਿੰਦੂ ਅਤੇ ਸਿਖਾਂ ਦੇ ਬਚਾਉਨ ਪਰ ਕੁਰਬਾਨ ਕੀਤਾ ਸੀ ਪਰੰਤੂ ਸੋਕ ਦੀ ਗਲ ਹੈ ਜੋ ਇਹ ਉਨਾ ਦਾ ਕਦੇ ਭੁਲ ਕੇ ਨਾਉ ਭੀ ਨਹੀਂ ਲੈਂਦੇ ਅਰ ਜੇ ਲੈਂਦੇ ਭੀ ਹਨ ਤਾਂ ਇਹ ਆਖਦੇ ਹਨ ਕਿ ਹਾਂ
ਉਨਾ ਦੀ ਰਹਤ ਮਰਯਾਦਾ ਦੇ ਰੱਖਨ ਦਾ ਓਹੋ ਸਮਯ ਸੀ ਅਜ ਕਲ ਕੋਈ ਲੋੜ ਨਹੀ ਹੈ ਇਸ ਉੱਤਰ ਤੇ ਆਪ ਦੇਖ ਸਕਦੇ ਹੋ ਕਿ ਕ੍ਯਾ ਇਨ ਹਿੰਦੂਆਂ ਅਤੇ ਸਿੱਖਾਂ ਨੈ ਦਸਮੇ ਗੁਰੂ ਦਾ ਧੌਕਲ ਪੀਰ ਜਿਤਨਾ ਭੀ ਕਦਰ ਕੀਤਾ ਹੈ।
(ਖ਼ਾਲਸਾ ਅਖ਼ਬਾਰ ਲਾਹੌਰ, ੫ ਜੁਲਾਈ ੧੮੯੫, ਪੰਨਾ ੩)