
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥
(ਅੰਗ ੧੪੨)
ਜੀਵ ਤੇ ਨਿਰਜੀਵ ਵਸਤਾਂ ਵਿਚ ਧਿਰ ਤੇ ਧੁਰੇ ਦੀ ਵਿਸ਼ੇਸ਼ ਮਹੱਤਤਾ ਹੈ। ਸੰਸਾਰੀ ਜੀਵਨ ਤੋਂ ਲੈ ਕੇ ਨਿਰੰਕਾਰੀ ਯਾਤਰਾ ਤੱਕ ਧਿਰ ਤੇ ਧੁਰਾ ਹੀ ਸਹਾਰਾ ਬਣਦੇ ਹਨ। ਗੱਡੀ ਧੁਰੇ ਦੇ ਸਹਾਰੇ ਹੀ ਕਿਰਿਆਸ਼ੀਲ ਹੈ, ਨਹੀਂ ਤਾਂ ਉਹ ਧੁਰੇ ਤੋਂ ਬਗੈਰ ਛਕੜਾ ਬਣ ਕੇ ਖੜੋਤ ਤੇ ਵਿਨਾਸ਼ ਦਾ ਸ਼ਿਕਾਰ ਹੋ ਜਾਵੇਗੀ। ਇਸ ਤਰ੍ਹਾਂ ਅਧਿਆਤਮਿਕ ਖੇਤਰ ਵਿਚ ਸਿੱਖ ਦਾ ਜੀਵਨ-ਧੁਰਾ ‘ਗੁਰ ਸ਼ਬਦਾ ਹੈ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਦੀ ਪਰਿਵਾਰ ਨੂੰ ਮੂਲ ਮੰਤਰ ਵਿਚ ਇਕ ਪ੍ਰਭੂ ਦਾ ਸਰੂਪ ਵਰਣਨ ਕਰ ਕੇ ਫਿਰ ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਦਾ ਸਬਕ ਦ੍ਰਿੜ ਕਰਵਾਇਆ। ਫਿਰ ਬਾਰ-ਬਾਰ ਉਸ ਇਕ ਦਾ ਸਿਮਰਨ ਕਰਨ ਤੇ ਉਸ ਦੇ ਭਾਣੇ ‘ਚ ਰਹਿਣ ਦੀ ਪ੍ਰੇਰਣਾ ਕੀਤੀ ਹੈ, ਤਾਂ ਕਿ ਸਿੱਖ ਸਮਾਜ ਦਰ-ਦਰ ‘ਤੇ ਨਾ ਭਟਕਦਾ ਫਿਰੇ। ਇਸ ਸਬੰਧੀ ਗੁਰਬਾਣੀ ਵਿੱਚ ਬੇਅੰਤ ਫ਼ਰਮਾਨ
ਹਨ:
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ॥੧॥
(ਅੰਗ ੨੫੭)
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ॥੨॥
(ਅੰਗ ੪੯੯)
ਅਸੀਂ ਸਿੱਖ ਲੋਕ ਸਹਿਜ ਭਾਵੀ ਵਿਚਾਰੀਏ ਤਾਂ ਸਾਡਾ ਰੋਜ਼ਾਨਾ ਦਾ ਆਪਸੀ ਮਿਲਾਪ ਸਮੇਂ ਸੰਬੋਧਨੀ ਬੋਲਾ “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਹੈ ਅਤੇ ਬੇਸ਼ੱਕ “ਸਤਿ ਸ੍ਰੀ ਅਕਾਲ ਬੁਲਾਈਏ, ਇਹ ਸਾਨੂੰ ਉਸ ਇਕ ਵਾਹਿਗੁਰੂ ਜਾਂ ਇਕ ਅਕਾਲ ਨਾਲ ਜੋੜਦੇ ਹੋਏ ਚੇਤੰਨ ਕਰਦੇ ਹਨ ਕਿ ਆਪਣੇ ਮੁੱਖ ਧੁਰੇ ਨਾਲ ਜੁੜ ਕੇ ਰਹੋ। ਉਸ ਇਕ ਪ੍ਰਭੂ ਪ੍ਰਾਪਤੀ ਲਈ ਮੁੱਖ ਧੁਰਾ ਸਾਡਾ ਗੁਰੂ ਗ੍ਰੰਥ ਤੇ ਪੰਥ ਹੈ। ਦਸਵੇਂ ਜਾਮੇ ਵਿਚ ਨਾਨਕ ਜੋਤ ਨੇ ਅੰਤਲੇ ਸਮੇਂ ਆਪਣੇ ਨਾਦੀ ਪੁੱਤਰਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਸਾਂ ਕਿਸੇ ਸਰੀਰ ਦੀ ਪੂਜਾ ਵੱਲ ਨਹੀਂ ਜਾਣਾ ਅਤੇ ਕੇਵਲ ਤੇ ਕੇਵਲ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਵਿਚਾਰਨਯੋਗ ਗੱਲ ਹੈ ਕਿ ਦਸ ਗੁਰੂ ਸਾਹਿਬਾਨ ਜੀ ਨੇ ਪੰਜ ਭੂਤਕ ਸਰੀਰ ਵਿਚ ਵਿਚਰਦਿਆਂ ਵੀ ਸਿੱਖ ਨੂੰ ਗੁਰਬਾਣੀ ਪੜ੍ਹਨ-ਸੁਣਨ ਤੇ ਵਿਚਾਰਨ ਦਾ ਹੀ ਸਬਕ ਦ੍ਰਿੜ ਕਰਵਾਇਆ ਤੇ ਬਾਣੀ-ਬਾਣਾ ਬਖ਼ਸ਼ ਕੇ ਜੀਵਨ-ਮਰਯਾਦਾ ਪ੍ਰਪੱਕ ਕੀਤੀ। ਅੱਜ ਭਾਵਨਾ ਵਾਲੇ ਗੁਰਸਿੱਖਾਂ ਨੂੰ ਕੋਈ ਸ਼ੰਕਾ ਨਹੀਂ, ਸਗੋਂ ਦ੍ਰਿੜ ਵਿਸ਼ਵਾਸ ਹੈ ਕਿ ਸਤਿਗੁਰਾਂ ਦੀ ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ ਸਦੀਵੀ ਸੱਚ ਹੈ।
ਤਸਵੀਰ ਦਾ ਦੂਜਾ ਪਾਸਾ ਦੇਖੋ ਤਾਂ ਇਸ ਸਮੇਂ ਸਿੱਖ ਸਮਾਜ ਵਿਚ ਕੁਝ ਕੁ ਵਰਗ ਅਗਿਆਨਤਾ ਜਾਂ ਭਰਮ-ਵਸ ਗੁੰਮਰਾਹ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਮੂਲ ਸਿਧਾਂਤ ਜਾਂ ਧੁਰੇ ਤੋਂ ਭਟਕਦਾ ਦਿਖਾਈ ਦਿੰਦਾ ਹੈ। ਕਦੀ ਕਿਸੇ ਦੇ ਸਰੀਰ ਦੀ ਪੂਜਾ ਵੱਲ ਦੌੜਦਾ, ਕਦੀ ਨਾਮ-ਦਾਨ ਲੈਣ ਜਾਂਦਾ, ਕਦੀ ਕਬਰਾਂ-ਮੜੀਆਂ ਦੀ ਵਕਤੀ ਪੂਜਾ ‘ਚ ਉਲਝਦਾ, ਕਦੀ ਧਾਗੇ ਤਵੀਤਾਂ ਦਾ ਸਹਾਰਾ ਭਾਲਦਾ ਤੇ ਕਦੀ ਜੰਤਰਾਂ-ਮੰਤਰਾਂ ਦੇ ਭਰਮਾਂ ‘ਚ ਭਟਕਦਾ ਹੈ।
ਇਹ ਲੋਕ ਸਿਆਣਪਾਂ ਹਨ, “ਤੀਲਾਂ ਦੇ ਘੋੜੇ ਕਦੀ ਨਾ ਦੌੜੇ। ਵਿਚਾਰਨ ਵਾਲੀ ਗੱਲ ਹੈ ਕਿ ਧੁੰਦ ਦੇ ਬੱਦਲਾਂ ਨੇ ਕਦੀ ਮੀਂਹ ਨਹੀਂ ਵਰਸਾਇਆ, ਕਾਗਜ਼ਾਂ ਦੇ ਫੁੱਲ ਮਹਿਕਦੇ ਨਹੀਂ ਹੁੰਦੇ, ਟੁੱਟੀਆਂ ਬੇੜੀਆਂ ਕਦੇ ਪਾਰ ਨਹੀਂ ਲਾਉਂਦੀਆਂ, ਕਬਰਾਂ ਦੇ ਮੁਰਦੇ ਜਿਊਂਦਿਆਂ ਦਾ ਕੁਝ ਨਹੀਂ ਸੰਵਾਰਦੇ ਹੁੰਦੇ ਤੇ ਇਸ ਸਾਰੀ ਭੱਜ-ਦੌੜ ਪਿੱਛੇ ਲੋਕ ਅਖਾਣ ਜਾਗ੍ਰਿਤ ਕਰਦਾ ਹੈ, “ਕੱਲਰ ਖੇਤੀ ਬੀਜੀਐ ਕਿਹੁ ਕਾਜ ਨਾ ਸਰੀਐ। ਸ੍ਰੀ ਗੁਰੂ-ਗ੍ਰੰਥ ਤੇ ਪੰਥ ਦੇ ਅਮੀਰ ਫ਼ਲਸਫੇ ਤੋਂ ਭਟਕੀ ਹੋਈ ਸਿੱਖ ਮਾਨਸਿਕਤਾ ਨੂੰ ਸਮਝਾਉਣ ਲਈ ਬੇਅੰਤ ਦਲੀਲਾਂ ਹਨ। ਇਸ ਪਿੱਛੇ ਸਮੂਹ ਗੁਰਸਿੱਖਾਂ ਦੀ ਭਾਵਨਾ ਇਹੋ ਹੈ ਕਿ ਗੁਰਬਾਣੀ ਪੜ੍ਹੋ, ਵਿਚਾਰੋ ਤੇ ਅਮਲ ਕਰੋ। ਥਾਂ-ਥਾਂ ਕਿਉਂ ਭਟਕਦੇ ਹੋ? ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਦੀ ਰਚਨਾ ਕੱਚ-ਸੱਚ ਦਾ ਨਿਤਾਰਾ ਇਉਂ ਕਰਦੀ ਹੈ :
ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ। ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ। ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ। ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ।
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ।
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ॥੧੭॥
(ਵਾਰ ੩੫ ੧੭)
ਭਾਵ :- ਧਰੇਕ ਦੇ ਧਿਰਕੋਨਿਆਂ ਦੇ ਗੁੱਛੇ ਨੂੰ ਦਾਖ ਦਾ ਗੁੱਛਾ ਨਹੀਂ ਕਿਹਾ ਜਾਂਦਾ। ਅੱਕ ਦੀ ਖੱਖੜੀ ਭਾਵੇਂ ਅੰਬ ਦੇ ਰੂਪ ਵਰਗੀ ਹੈ, ਪਰ ਉਸ ਨੂੰ ਕੋਈ ਅੰਬ ਨਹੀਂ ਕਹਿੰਦਾ। ਮੁਲੰਮੇ ਦੇ ਗਹਿਣਿਆਂ ਦੀ ਕੋਈ ਸਾਖੀ ਨਹੀਂ ਭਰਦਾ ਕਿ ਸੋਨੇ ਦੇ ਹਨ। ਸ਼ੀਸ਼ਾ (ਫਟਕ) ਹੀਰਿਆਂ ਸੰਗ ਨਹੀਂ ਪੁੱਜਦਾ ਕਿਉਂਕਿ ਹੀਰੇ ਕੀਮਤੀ ਹਨ। ਇਸੇ ਤਰ੍ਹਾਂ ਲੱਸੀ ਤੇ ਦੁੱਧ ਭਾਵੇਂ ਚਿੱਟੇ ਹਨ, ਪਰ ਸੁਆਦ ਤੋਂ ਨਿਰਣਾ ਹੋ ਜਾਂਦਾ ਹੈ। ਤਿਵੇਂ ਹੀ ਸਾਧ-ਅਸਾਧ ਆਪਣੀ ਕਰਤੂਤ ਭਾਵ ਕਰਨੀ ਤੋਂ ਪਰਖੇ ਜਾਂਦੇ ਹਨ।
ਹੁਣ ਸਾਡੇ ਪਾਸ ਕਸਵੱਟੀ-ਸਤਿਗੁਰਾਂ ਦੀ ਬਖ਼ਸ਼ਿਸ਼ ਕੀਤੀ ਗੁਰਬਾਣੀ ਹੈ। ਸਾਡੀ ਧਿਰ ਤੇ ਧੁਰਾ ਗੁਰ ਸ਼ਬਦ ਹੈ। ਸ਼ਬਦ ਤੇ ਗਿਆਨ ਦਾ ਅਥਾਹ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹ ਸਿੱਖਿਆ ਸਾਨੂੰ ਇਕ ਪਰਮਾਤਮਾ ਨਾਲ ਜੋੜਦੀ ਅਤੇ ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣਨ ਲਈ ਪ੍ਰੇਰਦੀ ਹੈ। ਇਸ ਲੇਖ ਦੇ ਅਰੰਭ ਵਿਚ ਦਿੱਤੀਆਂ ਗੁਰਬਾਣੀ ਦੀਆਂ ਪੰਕਤੀਆਂ ਵੀ ਸਾਨੂੰ ਸੁਚੇਤ ਕਰਦੀਆਂ ਕਿ ਚੱਕੀ ਦੇ ਪੁੜ ਜੋੜ ਕੇ ਅਨਾਜ ਪੀਸਿਆ ਗਿਆ ਤੇ ਇਸ ਸਮੇਂ ਉਹੀ ਦਾਣੇ ਬਚੇ ਜੋ ਕਿੱਲੀ ਨਾਲ ਲੱਗ ਗਏ ਭਾਵ ਜਿਨ੍ਹਾਂ ਨੇ ਇਕ ਨੂੰ ਅਧਾਰ ਮੰਨ ਕੇ ਇੱਕੋ ਦਾ ਆਸਰਾ ਲਿਆ। ਇੱਥੇ ਪੰਡਿਤ ਨਿਹਾਲ ਸਿੰਘ ਲਾਹੌਰੀ ਦੀ ਰਚਨਾ ਥਾਂ-ਥਾਂ ਭਟਕਦੇ ਸਿੱਖਾਂ ਲਈ ਜਾਗ੍ਰਿਤੀ ਦਾ ਸੱਦਾ ਹੈ ਕਿ ਆਪਣੇ ਅਸਲ ਧੁਰੇ ਨਾਲ ਜੁੜੋ ਤਾਂ ਸੁਖ ਪਾਓਗੇ। ਇਹ ਸ਼ਰਧਾ, ਸਿਧਾਂਤ ਤੇ ਕਾਵਿ ਕਲਾ ਦਾ ਕਮਾਲ ਹੈ :
ਕਾਹੂ ਕੋ ਭਰੋਸੋ ਹੈ ਜ਼ਮੀਨ ਕੇ ਜ਼ਮਾਨੇ ਬੀਚ,
ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ।
ਕਾਹੂ ਕੋ ਭਰੋਸੋ ਸ਼ਾਹ ਪਾਤਸ਼ਾਹ ਭਾਰੀ ਮੀਤ,
ਕਾਹੂ ਕੋ ਭਰੋਸੋ ਕੁਟੰਬੀ ਕਰੈ ਕਾਜ ਪੈ।
ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ,
ਕਾਹੂ ਕੋ ਭਰੋਸੋ ਸੰਤਗੀਰੀ ਕੀ ਮਿਜਾਜ਼ ਪੈ।
ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੌਕ,
ਮੋ ਕੋ ਤੋ ਭਰੋਸੋ ਏਕ ਗ੍ਰੰਥ ਮਹਾਰਾਜ ਪੈ।
ਡਾ. ਇੰਦਰਜੀਤ ਸਿੰਘ ਗੋਗੋਆਣੀ