
ਕਾਇਆ ਨਗਰੁ ਨਗਰ ਗੜ ਅੰਦਰਿ ॥ ਸਾਚਾ ਵਾਸਾ ਪੁਰਿ ਗਗਨੰਦਰਿ ॥ ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧ ॥ ਅੰਦਰਿ ਕੋਟ ਛਜੇ ਹਟਨਾਲੇ ॥ ਆਪੇ ਲੇਵੈ ਵਸਤੁ ਸਮਾਲੇ ॥ ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨ ॥ ਭੀਤਰਿ ਕੋਟ ਗੁਫਾ ਘਰ ਜਾਈ॥ ਨਉ ਘਰ ਥਾਪੇ ਹੁਕਮਿ ਰਜਾਈ ॥ ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩ ॥ ਪਉਣ ਪਾਣੀ ਅਗਨੀ ਇਕ ਵਾਸਾ॥ ਆਪੇ ਕੀਤੋ ਖੇਲੁ ਤਮਾਸਾ ॥ ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥ ਧਰਤਿ ਉਪਾਇ ਧਰੀ ਧਰਮ ਸਾਲਾ ॥ ਉਤਪਤਿ ਪਰਲਉ ਆਪਿ ਨਿਰਾਲਾ ॥ ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥ ੫ ॥ ਭਾਰ ਅਠਾਰਹ ਮਾਲਣਿ ਤੇਰੀ ॥ ਚਉਰੁ ਢੁਲੈ ਪਵਣੈ ਲੈ ਫੇਰੀ ॥ ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥ ੬॥
ਪੰਖੀ ਪੰਚ ਉਡਰਿ ਨਹੀ ਧਾਵਹਿ॥ ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥ ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥ ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥ ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥ ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥ ਪਸਰੀ ਕਿਰਣਿ ਜੋਤਿ ਉਜਿਆਲਾ ॥ ਕਰਿ ਕਰਿ ਦੇਖੈ ਆਪਿ ਦਇਆਲਾ ॥ ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥ ਅਨਹਦੁ ਵਾਜੈ ਭ੍ਰਮੁ ਭਉ ਭਾਜੈ॥ ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥ ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੩੩)
ਇਸ ਸੰਸਾਰ ਅੰਦਰ ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਉਂਦੇ ਹਨ ਅਤੇ ਰਾਖੀ ਵਾਸਤੇ ਕਿਲ੍ਹੇ ਬਣਾਉਂਦੇ ਹਨ, ਇਹਨਾਂ ਸ਼ਹਿਰਾਂ ਅਤੇ ਕਿਲ੍ਹਿਆਂ ਦੀ ਗਿਣਤੀ ਵਿੱਚ ਮਨੁੱਖਾ ਸਰੀਰ ਵੀ ਇੱਕ ਸ਼ਹਿਰ ਹੈ। ਇਹ ਸ਼ਹਿਰ ਪ੍ਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੋਇਆ ਹੈ, ਇਸ ਸ਼ਹਿਰ ਵਿੱਚ ਇਸ ਦੇ ਦਸਮ ਦੁਆਰ ਵਿੱਚ ਪ੍ਰਭੂ ਸਦਾ-ਥਿਰ ਨਿਵਾਸ ਹੈ। ਉਹ ਪ੍ਰਮਾਤਮਾ ਪਵਿੱਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ ਸਰੀਰਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਇਸ ਸਰੀਰ ਰੂਪੀ ਕਿਲ੍ਹੇ ਦੇ ਅੰਦਰ ਹੀ ਮਾਨੋ ਛੱਜੇ ਤੇ ਬਾਜ਼ਾਰ ਹਨ ਜਿਨ੍ਹਾਂ ਵਿੱਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਅਤੇ ਸੰਭਾਲਦਾ ਹੈ। ਮਾਇਆ ਦੇ ਮੋਹ ਦੇ ਕਰੜੇ ਕਵਾੜ ਦਰਵਾਜ਼ੇ ਵੀ ਅੰਦਰ ਜੜੇ ਪਏ ਹਨ, ਪ੍ਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿੱਚ ਜੀਵ ਨੂੰ ਜੋੜ ਕੇ ਕਵਾੜ ਖੋਲ੍ਹ ਦੇਂਦਾ ਹੈ। ਇਸ ਸਰੀਰ ਕਿਲ੍ਹੇ ਗੁਫ਼ਾ ਵਿੱਚ ਪ੍ਰਮਾਤਮਾ ਦੀ ਆਪਣੀ ਰਹਿਣ ਦੀ ਥਾਂ ਹੈ।
ਰਜ਼ਾ ਦੇ ਮਾਲਿਕ ਪ੍ਰਭੂ ਨੇ ਆਪਣੇ ਹੁਕਮ ਵਿੱਚ ਹੀ ਇਸ ਕਿਲ੍ਹੇ ਵਿੱਚ ਨੌਂ ਘਰ, ਨੌਂ ਗੋਲਕਾਂ ਬਣਾ ਦਿੱਤੀਆਂ ਹਨ ਜੋ ਪ੍ਰਤੱਖ ਦਿਸਦੀਆਂ ਹਨ। ਦਸਵੇਂ ਘਰ ਵਿੱਚ ਜੋ ਗੁਪਤ ਹੈ ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ। ਇਸ ਸਰੀਰ ਵਿੱਚ ਉਸ ਨੇ ਹਵਾ, ਪਾਣੀ, ਅੱਗ ਆਦਿਕ ਤੱਤਾਂ ਨੂੰ ਇਕੱਠੇ ਵਸਾ ਦਿੱਤਾ ਹੈ। ਜਗਤ-ਰਚਨਾ ਦਾ ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ। ਜਿਹੜੀ ਬਲਦੀ ਅੱਗ ਉਸ ਦੀ ਕ੍ਰਿਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ ਬੜਵਾ ਅਗਨੀ ਉਸ ਨੇ ਸਮੁੰਦਰ ਵਿੱਚ ਟਿਕਾ ਰੱਖੀ ਹੈ। ਧਰਤੀ ਪੈਦਾ ਕਰ ਕੇ ਪ੍ਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ। ਜਗਤ ਦੀ ਉਤਪੱਤੀ ਅਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ । ਹਰ ਥਾਂ ਭਾਵ, ਸਭ ਜੀਵਾਂ ਵਿੱਚ ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ ਭਾਵ, ਸੁਆਸਾਂ ਦੇ ਆਸਰੇ ਜੀਵ ਜਿਉਂਦੇ ਰੱਖੇ ਹੋਏ ਹਨ, ਆਪ ਹੀ ਇਹ ਸੁਆਸਾਂ ਦੀ ਤਾਕਤ ਖਿੱਚ ਕੇ ਕੱਢ ਕੇ ਸਰੀਰਾਂ ਦੀ ਖੇਡ ਨੂੰ ਢਾਹ ਦੇਂਦਾ ਹੈ। ਪਰਮਾਤਮਾ ਦੇ ਅੱਗੇ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਫੁੱਲ ਭੇਟਾ ਕਰਨ ਵਾਲੀ ਤੇਰੀ ਮਾਲਣ ਹੈ ਜਿਹੜੀ ਹਵਾ ਫੇਰੀਆਂ ਲੈਂਦੀਆਂ ਹਨ ਉਹ ਹਰ ਪਾਸੇ ਚੱਲਦੀਆਂ ਹਨ, ਉਹ ਹਵਾ ਦਾ ਮਾਨੋ ਚਉਰ ਪਰਮਾਤਮਾ ਉਤੇ ਬੁੱਲਾ ਰਹੀ ਹੈ। ਆਪਣੇ ਜਗਤ-ਮਹੱਲ ਵਿੱਚ ਤੂੰ ਆਪ ਹੀ ਚੰਦ ਅਤੇ ਸੂਰਜ ਮਾਨੋ ਦੋ ਦੀਵੇ ਜਗਾ ਰੱਖੇ ਹਨ, ਚੰਦ੍ਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ, ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿੱਚ ਪੈ ਕੇ ਚੰਦਮਾ ਨੂੰ ਰੌਸ਼ਨੀ ਦੇ ਰਹੀਆਂ ਹਨ । ਗੁਰੂ ਮਾਨੋ ਫਲ ਦੇਣ ਵਾਲਾ ਰੁੱਖ ਹੈ। ਇਸ ਰੁੱਖ ਤੋਂ ਜਿਹੜੇ ਗੁਰਮੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਦੇ ਹਨ, ਉਹਨਾਂ ਦੇ ਗਿਆਨ-ਇੰਦੇ ਪੰਛੀ ਉੱਡ ਕੇ ਬਾਹਰ ਵਿਕਾਰਾਂ ਵੱਲ ਦੌੜਦੇ ਨਹੀਂ ਫਿਰਦੇ।
ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਿਕ ਅਡੋਲਤਾ ਵਿੱਚ ਰਹਿ ਕੇ ਨਾਮ ਸਿਮਰਦਾ ਹੈ ਅਤੇ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ ਰੂਪ ਚੋਗ ਚੁਗਾਂਦਾ ਹੈ। ‘ਸਫਲ ਬਿਰਖ’ ਗੁਰੂ ਪਾਸੋਂ ਆਤਮਿਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪ੍ਰਕਾਸ਼ ਪੈਦਾ ਹੁੰਦਾ ਹੈ ਜੋ ਐਸਾ ਤਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤੱਕ ਨਾ ਹੀ ਚੰਦ, ਨਾ ਹੀ ਕੋਈ ਤਾਰਾ, ਨਾ ਹੀ ਸੂਰਜ ਦੀ ਕਿਰਣ, ਅਤੇ ਨਾ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ ਇਸ ਦੀ ਬਰਾਬਰੀ ਕੋਈ ਨਹੀਂ ਕਰ ਸਕਦੀ। ਮੈਂ ਉਸ ਪ੍ਰਕਾਸ਼ ਦਾ ਬਿਆਨ ਤਾਂ ਕਰ ਰਿਹਾ ਹਾਂ ਪਰ ਉਹ ਪ੍ਰਕਾਸ਼ ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ। ਜਿਸ ਮਨੁੱਖ ਦੇ ਅੰਦਰ ਉਹ ਪ੍ਰਕਾਸ਼ ਆਪਣਾ ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ। ਜਿਸ ਗੁਰਮੁਖ ਦੇ ਅੰਦਰ ‘ਸਫਲ ਬਿਰਖ ਗੁਰੂ ਦੀ ਮੇਹਰ ਨਾਲ ਰੱਬੀ ਜੋਤਿ ਦੀ ਕਿਰਣ ਪ੍ਰਕਾਸ਼ ਦੀ ਹੈ ਉਸ ਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ। ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ। ਉਸ ਗੁਰਮੁਖ ਦੇ ਅੰਦਰ, ਮਾਨੋ ਇੱਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ। ਜਿਸ ਦੀ ਧੁਨਿ ਸਦਾ ਉਸ ਦੇ ਅੰਦਰ ਜਾਰੀ ਰਹਿੰਦੀ ਹੈ। ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼ ਵਜਾਉਣ ਲੱਗ ਪੈਂਦਾ ਹੈ ਜਿਸ ਦੀ ਬਰਕਤਿ ਨਾਲ ਉਹ ਨਿਡਰਤਾ ਦੇ ਆਤਮਿਕ ਟਿਕਾਣੇ ਵਿੱਚ ਟਿੱਕ ਜਾਂਦਾ ਹੈ। ਉਸ ਗੁਰਮੁਖ ਦੇ ਹਿਰਦੇ ਵਿੱਚ ਇਕ-ਰਸ ਸਿਫ਼ਤਿ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, ਉਸ ਦੇ ਅੰਦਰੋਂ ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈ ਕਿ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਮੌਜੂਦ ਹੈ ਤੇ ਸਭ ਉਤੇ ਆਪਣੀ ਰੱਖਿਆ ਦੀ ਛਾਂ ਕਰ ਰਿਹਾ ਹੈ।
ਪ੍ਰਮਾਤਮਾ ਨੇ ਹੀ ਇਹ ਸਾਰੀ ਰਚਨਾ ਰਚੀ ਹੈ ਤੇ ਪ੍ਰਭੂ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈ। ਸਫਲ ਬਿਰਖ’ ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਅਤੇ ਗੁਣ ਗਾਂਦਾ ਹੈ ਤੇ ਤੇਰੇ ਦਰ ‘ਤੇ ਸੋਭਾ ਪਾਂਦਾ ਹੈ।
ਗਿਆਨੀ ਗੁਰਮੁੱਖ ਸਿੰਘ ਖਾਲਸਾ ਐਮ.ਏ.