104 views 23 secs 0 comments

ਪਾਣੀਪਤ ਦੀ ਤੀਜੀ ਲੜਾਈ ਅਤੇ ਸਿੱਖ

ਲੇਖ
January 24, 2025

-ਸ. ਹਰਵਿੰਦਰ ਸਿੰਘ ਖਾਲਸਾ

…ਇਸ ਭਗਦੜ੍ਹ ਵਿਚ ਖਾਲਸੇ ਨੇ ਪਹਿਲਾਂ ਕੈਦੀ ਹਿੰਦੂ ਇਸਤਰੀਆਂ ਨੂੰ ਛੁਡਾ ਲਿਆ ਤੇ ਫਿਰ ਉਨ੍ਹਾਂ ਸਾਰੀਆਂ ਇਸਤਰੀਆਂ ਨੂੰ ਖ਼ਰਚ ਦੇ ਕੇ ਘਰੋਂ-ਘਰੀ ਪਹੁੰਚਾਇਆ। ਇਸ ਘਟਨਾ ਨਾਲ ਸਿੰਘਾਂ ਦੀ ਦਲੇਰੀ, ਨਿਸ਼ਕਾਮ ਸੇਵਾ ਦੀ ਧਾਂਕ ਹਰ ਪਾਸੇ ਪੈ ਗਈ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਲੋਕਾਂ ਦੇ ਸਤਿਕਾਰ ਦਾ ਕੇਂਦਰ ਬਣ ਗਏ ਅਤੇ ਪਿਆਰ ਨਾਲ ਲੋਕ ਉਸ ਨੂੰ ‘ਬੰਦੀ ਛੋੜ’ ਆਖਦੇ ਤੇ ਉਸ ਦੀ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਦੇ। ਪਾਣੀਪਤ ਦੇ ਮੈਦਾਨ ਵਿੱਚੋਂ ਮਰਹੱਟਣਾਂ ਨੂੰ ਵੀ ਮਹਾਂਰਾਸ਼ਟਰ ਵਿਚ ਉਨ੍ਹਾਂ ਦੇ ਘਰਾਂ ਤਕ ਸਿੰਘਾਂ ਨੇ ਬੜੇ ਜਫ਼ਰ ਜਾਲ ਕੇ ਪਹੁੰਚਾਇਆ ਸੀ। ਸਿੰਘਾਂ ਦੀ ਬਹਾਦਰੀ ਦੀ ਗਾਥਾ ਬਹੁਤ ਲੰਬੀ ਹੈ। ਕਾਸ਼! ਉਸ ਸਮੇਂ ਭਾਰਤ ਵਿਚਲੀਆਂ ਦੂਜੀਆਂ ਕੌਮਾਂ ਨੇ ਸਿੰਘਾਂ ਦਾ ਸਾਥ ਦਿੱਤਾ ਹੁੰਦਾ, ਤਾਂ ਕਿਸੇ ਵਿਦੇਸ਼ੀ ਹਮਲਾਵਰ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਭਾਰਤ ’ਤੇ ਵਾਰੋ- ਵਾਰੀ ਹਮਲਾ ਕਰਦੇ ਅਤੇ ਭਾਰਤ ਦਾ ਨਕਸ਼ਾ ਵੀ ਕੁਝ ਹੋਰ ਹੀ ਹੋਣਾ ਸੀ।

ਅਹਿਮਦ ਸ਼ਾਹ ਅਬਦਾਲੀ ਕਾਬਲ ਵਿਚ ਰੁੱਝਿਆ ਹੋਇਆ ਸਾਰੇ ਹਾਲਾਤਾਂ ਨੂੰ ਬੜੇ ਹੀ ਦੁਖ ਨਾਲ ਦੇਖ ਰਿਹਾ ਸੀ। ਆਪਣੇ ਪੁੱਤਰ ਤੈਮੂਰ ਦੀ ਬੇਇੱਜ਼ਤੀ ਤੇ ਜਹਾਨ ਖ਼ਾਨ ਦੀਆਂ ਹਾਰਾਂ ਉਸ ਅੰਦਰ ਗੁੱਸਾ ਪੈਦਾ ਕਰ ਰਹੀਆਂ ਸਨ। ਅਦੀਨਾ ਬੇਗ ਦੀ ਮੌਤ ਨੇ ਤਾਂ ਉਸ ਨੂੰ ਛੇਤੀ ਹਮਲਾ ਕਰਨ ਲਈ ਤਿਆਰ ਕਰ ਦਿੱਤਾ।

ਦਿੱਲੀ ਵਿਖੇ ਮਰਹੱਟਿਆਂ ਦਾ ਹੀ ਰਾਜ ਸੀ। ਅਬਦਾਲੀ ਵੱਲੋਂ ਨਿਯੁਕਤ ਕੀਤੇ ਨਜ਼ੀਬ-ਉਦ-ਦਉਲਾ ਨੂੰ ਮਾਰ-ਕੁੱਟ ਕੇ ਬਾਹਰ ਕੱਢ ਦਿੱਤਾ ਗਿਆ ਸੀ। ਰਾਜਪੂਤ ਸਰਦਾਰ ਜੈਪੁਰ ਦੇ ਮਾਧੋ ਸਿੰਘ ਤੇ ਮਾਰਵਾੜ ਦੇ ਬਿਜੈ ਸਿੰਘ, ਅਬਦਾਲੀ ਨੂੰ ਛੇਤੀ ਆ ਕੇ ਹਮਲਾ ਕਰਨ ਲਈ ਕਹਿ ਰਹੇ ਸਨ। ਅਹਿਮਦ ਸ਼ਾਹ ਅਬਦਾਲੀ ੧੭੫੯ ਈ. ਚਾਲੀ ਹਜ਼ਾਰ ਸਿਪਾਹੀਆਂ ਦੀ ਭਾਰੀ ਫੌਜ ਲੈ ਕੇ ਪੰਜਾਬ ਉੱਤੇ ਚੜ੍ਹ ਆਇਆ। ਇਹ ਹਿੰਦੁਸਤਾਨ ਉੱਤੇ ਉਸ ਦਾ ਪੰਜਵਾਂ ਹੱਲਾ ਸੀ। ਉਸ ਦੀ ਸੋਚ ਸੀ ਕਿ ਜੇ ਪਹਿਲਾਂ ਦਿੱਲੀ ਵਿਚ ਬੈਠੇ ਮਰਹੱਟਿਆਂ ਨੂੰ ਟਿਕਾਣੇ ਲਾ ਦਿੱਤਾ ਜਾਏ ਤਾਂ ਫਿਰ ਪੰਜਾਬ ਵਿਚ ਪੈਰ ਜਮਾਉਣੇ ਸੌਖੇ ਹੋਣਗੇ।

ਅਹਿਮਦ ਸ਼ਾਹ ੨੫ ਅਕਤੂਬਰ, ੧੭੫੯ ਈ. ਅਟਕ ਪਾਰ ਹੋਇਆ। ਮਰਾਠਿਆਂ ਨੇ ਕੋਈ ਟਾਕਰਾ ਨਾ ਕੀਤਾ। ਜਹਾਨ ਖ਼ਾਨ ਦੀ ਅਗਵਾਈ ਹੇਠ ਪਹਿਲਾਂ ਭੇਜੀ ਫੌਜ ਨੇ ਅਹਿਮਦ ਸ਼ਾਹ ਦਾ ਰਸਤਾ ਸਾਫ ਕਰ ਰੱਖਿਆ ਸੀ। ਜਿਸ ਸਮੇਂ
ਅਹਿਮਦ ਸ਼ਾਹ ਨਵੰਬਰ ਦੇ ਅੱਧ ਵਿਚ ਲਾਹੌਰ ਦੇ ਨੇੜੇ ਪਹੁੰਚਿਆ ਤਾਂ ਖਾਲਸਾ ਫੌਜਾਂ ਨੂੰ ਪਤਾ ਲੱਗ ਗਿਆ। ਇਸ ਸਾਲ ੨੦ ਅਕਤੂਬਰ, ੧੭੫੯ ਈ. ਨੂੰ ਦੀਵਾਲੀ ਸੀ। ਇਸ ਸਮੇਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੈ ਸਿੰਘ ਕਨੱਈਆ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸਰਦਾਰ ਗੁੱਜਰ ਸਿੰਘ ਤੇ ਸਰਦਾਰ ਲਹਿਣਾ ਸਿੰਘ ਭੰਗੀ ਆਦਿ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਬੁੰਗੇ ਇਕੱਠੇ ਹੋਏ ਸਨ। ਇਨ੍ਹਾਂ ਸਰਦਾਰਾਂ ਤੋਂ ਇਲਾਵਾ ਕੁਝ ਹੋਰ ਮਿਸਲਦਾਰ ਵੀ ਇੱਥੇ ਹੀ ਸਨ। ਉਨ੍ਹਾਂ ਨੇ ਅਹਿਮਦ ਸ਼ਾਹ ਨਾਲ ਟੱਕਰ ਲੈਣ ਲਈ ਗੁਰਮਤਾ ਕਰ ਕੇ ਛੇਤੀ-ਛੇਤੀ ਕੁਝ ਫ਼ੌਜ ਇਕੱਠੀ ਕੀਤੀ ਅਤੇ ਰਾਤੋ-ਰਾਤ ਲਾਹੌਰੋਂ ਚੜ੍ਹਦੇ ਵੱਲ ਸ਼ਾਲਾਮਾਰ ਬਾਗ ਦੇ ਕੋਲ ਜਾ ਪਹੁੰਚੇ ਅਤੇ ਦੁਰਾਨੀ ਫ਼ੌਜ ਉੱਤੇ ਧਾਵਾ ਬੋਲ ਦਿੱਤਾ। ਸਿੰਘਾਂ ਨੂੰ ਦੇਖ ਕੇ ਦੁਰਾਨੀ ਤਾਂ ਭੱਜ ਉੱਠੇ। ਸਿੰਘਾਂ ਨੇ ਬਾਗ਼ਬਾਨਪੁਰਾ ਅਤੇ ਬੇਗਮਪੁਰਾ ਬਸਤੀਆਂ ਤਕ ਦੁਰਾਨੀਆਂ ਦਾ ਪਿੱਛਾ ਕੀਤਾ ਅਤੇ ਜੋ ਕੁਝ ਘੋੜੇ, ਖੱਚਰ ਆਦਿ ਮਾਲ ਉੱਥੋਂ ਮਿਲਿਆ ਉਸ ਨੂੰ ਕਾਬੂ ਕਰ ਲਿਆ।

ਜਦ ਅਹਿਮਦ ਸ਼ਾਹ ਨੂੰ ਸਿੰਘਾਂ ਦੇ ਧਾਵੇ ਬਾਰੇ ਪਤਾ ਲੱਗਿਆ ਤਾਂ ਉਸ ਨੇ ਜਹਾਨ ਖ਼ਾਨ ਨੂੰ ਸਿੰਘਾਂ ਦੇ ਮੁਕਾਬਲੇ ਲਈ ਭੇਜਿਆ। ਇੱਧਰੋਂ ਸਿੰਘ-ਸਰਦਾਰ ਤਾਂ ਪਹਿਲਾਂ ਹੀ ਤਿਆਰ ਬੈਠੇ ਸਨ। ਸ਼ਾਮ ਤਕ ਸਖ਼ਤ ਲੜਾਈ ਹੁੰਦੀ ਰਹੀ ਅਤੇ ਦੋ ਹਜ਼ਾਰ ਦੁਰਾਨੀ ਮਾਰੇ ਗਏ। ਇਸ ਲੜਾਈ ਵਿਚ ਉਨ੍ਹਾਂ ਦੀ ਫੌਜ ਦਾ ਕਮਾਂਡਰ ਜਹਾਨ ਖ਼ਾਨ ਜ਼ਖ਼ਮੀ ਹੋ ਗਿਆ। ਰਾਤ ਨੂੰ ਦੋਨੋਂ ਫੌਜਾਂ ਪਿੱਛੇ ਹਟੀਆਂ ਅਤੇ ਖਾਲਸਾ ਜੀ ਮਾਝੇ ਵੱਲ ਖਿੰਡ ਗਏ ਤਾਂ ਜੋ ਬਾਦਸ਼ਾਹ ਦੇ ਕੂਚ ਸਮੇਂ ਜਦੋਂ ਦਾਅ ਲੱਗੇ ਫਿਰ ਹਮਲਾ ਕਰ ਸਕਣ।

ਅਹਿਮਦ ਸ਼ਾਹ ਨੂੰ ਦਿੱਲੀ ਵੱਲ ਜਾਣ ਦੀ ਕਾਹਲ ਸੀ। ਇਸ ਲਈ ਉਹ ਬਹੁਤ ਦੇਰ ਤਕ ਲਾਹੌਰ ਨਾ ਠਹਿਰਿਆ। ਉਸ ਨੇ ਆਪਣੇ ਵਜ਼ੀਰ ਸ਼ਾਹ ਵਲੀ ਖ਼ਾਨ ਦੇ ਭਰਾ ਹਾਜੀ ਕਰੀਮ ਦਾਦ ਖ਼ਾਨ ਨੂੰ ਲਾਹੌਰ ਦਾ ਹਾਕਮ ਨਿਯੁਕਤ ਕੀਤਾ ਤੇ ਨਾਲ ਹੀ ਅਮੀਰ ਖ਼ਾਨ ਉਸ ਦਾ ਨਾਇਬ ਅਤੇ ਜੈਨ ਖ਼ਾਨ ਨੂੰ ਚਾਰ ਮਹਾਲ ਦਾ ਫੌਜਦਾਰ। ਅਬਦਾਲੀ ਨੇ ੨੦ ਨਵੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੇ ਪੱਤਣੋਂ ਬਿਆਸ ਪਾਰ ਕੀਤਾ ਅਤੇ ਦਿੱਲੀ ਵੱਲ ਤੁਰ ਪਿਆ। ਉੱਧਰ ਦਿੱਲੀ ਦੇ ਵਜ਼ੀਰ ਇਮਾਦੁਲ- ਮੁਲਕ ਗਾਜੀ-ਉ-ਦੀਨ ਨੇ ੨੬ ਨਵੰਬਰ, ੧੭੫੯ ਈ. ਨੂੰ ਬਾਦਸ਼ਾਹ ਆਲਮਗੀਰ ਦੂਸਰੇ ਨੂੰ ਮਰਵਾ ਦਿੱਤਾ।

ਅਬਦਾਲੀ ਦਿੱਲੀ ਵੱਲ ਵੱਧਦਾ ਗਿਆ। ਸਰਹਿੰਦ, ਅੰਬਾਲਾ, ਤਰਾਵੜੀ ਵਿਚ ਦਾਤਾ ਜੀ ਰਾਓ ਛਿੰਦੇ ਨੂੰ ਹਰਾ ਕੇ ਉਹ ਸਹਾਰਨਪੁਰ ਪਹੁੰਚਿਆ। ਅਬਦਾਲੀ ਦਾ ਆਉਣਾ ਸੁਣ ਕੇ ਨਜ਼ੀਬ-ਉਦ-ਦਉਲਾ ਰੁਹੇਲਾ ਆਪਣੀਆਂ ਫੌਜਾਂ ਲੈ ਕੇ ਆ ਮਿਲਿਆ। ਅਫ਼ਗਾਨਾਂ ਤੇ ਮਰਹੱਟਿਆਂ ਦੀ ਟੱਕਰ ੯ ਜਨਵਰੀ, ੧੭੬੦ ਈ. ਨੂੰ ਬਰਾੜੀ ਘਾਟ ’ਤੇ ਹੋਈ ਅਤੇ ਇਸ ਟੱਕਰ ਵਿਚ ਦਾਤਾ ਜੀ ਮਾਰਿਆ ਗਿਆ। ਅਬਦਾਲੀ ਸਾਰਾ ਸਾਲ ਮਰਾਠਿਆਂ, ਭਰਤਪੁਰੀਏ ਜੱਟਾਂ ਆਦਿ ਦੇ ਵਿਰੁੱਧ ਲੱਗਾ ਰਿਹਾ। ਇਹ ਵੀ ਕਿਹਾ ਜਾਂਦਾ ਹੈ ਕਿ ਸੁਜਾਹ-ਉਦ-ਦਉਲਾ ਨੇ ਮਰਹੱਟਿਆਂ ਤੇ ਅਬਦਾਲੀ ਵਿਚਕਾਰ ਸੁਲਾਹ ਦਾ ਕੰਮ ਅਰੰਭਿਆ ਹੋਇਆ ਸੀ, ਪਰ ਸਦਾਸ਼ਿਵਰਾਓ ਭਾਉ ਨੇ ਜਦ ਪੂਨਾ ਤੋਂ ਆ ਕੇ ਦਿੱਲੀ ਜਿੱਤ ਲਈ ਤਾਂ ਮਰਹੱਟੇ ਕਰੜੇ ਹੋ ਗਏ। ਅਬਦਾਲੀ ਉਸ ਸਮੇਂ ਬੁਲੰਦ ਸ਼ਹਿਰ ਵਿਚ ਸੀ। ਅਬਦਾਲੀ ਨੂੰ ਇਹ ਖ਼ਬਰ ਪੁੱਜੀ ਕਿ ਮਰਹੱਟਿਆਂ ਨੇ ਕੁੰਜਪੁਰਾ (ਕਰਨਾਲ) ‘ਤੇ ਕਬਜ਼ਾ ਕਰ ਲਿਆ ਹੈ ਤੇ ਉਨ੍ਹਾਂ ਅਬਦੁਸਮਦ ਖ਼ਾਨ ਤੇ ਮੀਆਂ ਕੁਤਬ ਸ਼ਾਹ ਦੇ ਕੱਟੇ ਹੋਏ ਸਿਰਾਂ ਨੂੰ ਫੌਜਾਂ ਵਿਚ ਫਿਰਾਇਆ ਵੀ ਹੈ, ਤਾਂ ਅਬਦਾਲੀ ਨੇ ਗੁੱਸੇ ਵਿਚ ਆ ਕੇ ਕਿਹਾ ਕਿ— “ਹੁਣ ਹੋਰ ਅਫ਼ਗਾਨਾਂ ਦਾ ਅਪਮਾਨ ਮੇਰੇ ਕੋਲੋਂ ਸਹਾਰਨਾ ਮੁਸ਼ਕਲ ਹੈ, ਮੈਂ ਅਜੇ ਜਿਉਂਦਾ ਹਾਂ।” ਅਬਦਾਲੀ ਨੇ ਨਮਾਜ਼ ਪੜ੍ਹ ਕੇ ਬਾਗਪੁੱਤ ਤੋਂ ਜਮਨਾ ਨੂੰ ਪਾਰ ਕੀਤਾ ਤੇ ਫੌਜਾਂ ਨੂੰ ਪੱਛਮੀ ਕਿਨਾਰੇ ‘ਤੇ ੨੬ ਅਕਤੂਬਰ, ੧੭੬੦ ਈ. ਨੂੰ ਲਿਆ ਖੜ੍ਹਾ ਕੀਤਾ। ਅਬਦਾਲੀ ਇੱਥੋਂ ੧ ਨਵੰਬਰ, ੧੭੬੦ ਈ. ਨੂੰ ਪਾਣੀਪਤ ਦੇ ਨੇੜੇ ਪੁੱਜਾ।

ਅੱਗੋਂ ਮਰਹੱਟੇ ਵੀ ਤਿਆਰ ਬੈਠੇ ਸਨ। ਮਰਹੱਟਿਆਂ ਨੇ ਆਪਣੀਆਂ ਛਾਉਣੀਆਂ ਪਾਣੀਪਤ ਬਣਾਈਆਂ ਹੋਈਆਂ ਸਨ। ਸਾਰਾ ਦੱਖਣ ਹੀ ਪਾਣੀਪਤ ਵਿਖੇ ਪਹੁੰਚ ਗਿਆ ਸੀ। ਹੋਲਕਰ ਦੀ ਕਮਾਨ ਹੇਠ ਇੱਕ ਲੱਖ ਮਰਹੱਟੇ ਇਕੱਠੇ ਹੋ ਚੁੱਕੇ ਸਨ। ਮਰਹੱਟਿਆਂ ਨੇ ਸਿੱਖਾਂ ਨਾਲ ਵੀ ਸੰਬੰਧ ਜੋੜਨੇ ਚਾਹੇ, ਪਰ ਉਹ ਇਸ ਮੰਤਵ ਵਿਚ ਕਾਮਯਾਬ ਨਾ ਹੋਏ।

ਪਾਣੀਪਤ ਦੀ ਲੜਾਈ ਤੋਂ ਪਹਿਲਾਂ ਮਰਹੱਟਿਆਂ ਤੇ ਅਬਦਾਲੀ ਦੀ ਫੌਜ ਵਿਚਕਾਰ ਛੋਟੀਆਂ-ਛੋਟੀਆਂ ਕਈ ਲੜਾਈਆਂ ਹੋਈਆਂ। ਪਰ ਫੈਸਲਾਕੁੰਨ ਲੜਾਈ ੧੪ ਜਨਵਰੀ, ੧੭੬੧ ਈ. ਨੂੰ ਅਹਿਮਦ ਸ਼ਾਹ ਅਬਦਾਲੀ ਅਤੇ ਮਰਹੱਟਿਆਂ ਵਿਚਕਾਰ ਪਾਣੀਪਤ ਦੇ ਸਥਾਨ ’ਤੇ ਹੋਈ। ਇਸ ਲੜਾਈ ਨੂੰ ਪਾਣੀਪਤ ਦੀ ਤੀਜੀ ਲੜਾਈ ਕਿਹਾ ਜਾਂਦਾ ਹੈ।

ਇਸ ਸਮੇਂ ਅਬਦਾਲੀ ਦੀਆਂ ਫੌਜਾਂ ਤੋਂ ਕਈ ਗੁਣਾਂ ਵੱਧ ਫੌਜ ਮਰਹੱਟਿਆਂ ਕੋਲ ਸੀ। ਇਸ ਲੜਾਈ ਸਮੇਂ ਸਦਾਸ਼ਿਵਰਾਓ ਭਾਉ, ਝੰਗੂ ਰਾਓ, ਵਿਸ਼ਵਾਸ ਰਾਓ ਤੇ ਸਮਸ਼ੇਰ ਬਹਾਦਰ ਆਦਿ ਮਰਹੱਟਿਆਂ ਦੀਆਂ ਫੌਜਾਂ ਦੇ ਆਗੂ ਸਨ।
ਅਹਿਮਦ ਸ਼ਾਹ ਅਬਦਾਲੀ ਦੇ ਲਸ਼ਕਰ ਵਿਚ ੪੦ ਹਜ਼ਾਰ ਅਫ਼ਗਾਨ ਤੇ ਈਰਾਨੀ, ੧੩ ਹਜ਼ਾਰ ਹਿੰਦੁਸਤਾਨੀ ਘੋੜ-ਚੜ੍ਹੇ, ੩੮ ਹਜ਼ਾਰ ਹਿੰਦੁਸਤਾਨੀ ਪੈਦਲ ਸਿਪਾਹੀ ਤੇ ੭੦ ਤੋਪਾਂ ਇੱਥੋਂ ਦੇ ਪਠਾਨ ਰਈਸਾਂ ਤੇ ਨਵਾਬਾਂ ਦੀਆਂ ਸਨ। ਕੁੱਲ ਨਫ਼ਰੀ ੯੧ ਹਜ਼ਾਰ ਸੀ।

ਇੱਧਰ ਮਰਹੱਟਾਂ ਫੌਜਾਂ ਵਿਚ ਵੱਡੀ ਗਿਣਤੀ ਵਿਚ ਸਿਪਾਹੀ, ਜਿਨ੍ਹਾਂ ਵਿਚ ੫੫ ਹਜ਼ਾਰ ਘੋੜ-ਸਵਾਰ ਤੇ ਬੇਸ਼ੁਮਾਰ ਗ਼ੈਰ- ਆਈਨੀ ਸਿਪਾਹੀ, ੩੦੦ ਤੋਪਾਂ ਸ਼ਾਮਲ ਸਨ। ਜੋ ਨਵੇਂ ਹਥਿਆਰਾਂ ਨਾਲ ਪੂਰੀ ਤਰ੍ਹਾਂ ਸਜੇ ਹੋਏ ਸਨ। ਜਨਰਲ ਗੋਬਿੰਦ ਰਾਓ ਬੁੰਦੇਲੇ, ਜੋ ਇਕ ਮੰਨਿਆ-ਪ੍ਰਮੰਨਿਆ ਸਿਪਹ-ਸਲਾਰ ਸੀ, ਨੇ ਆਪਣੀਆਂ ਫੌਜਾਂ ਦਰਿਆ ਜਮੁਨਾ ਕੰਢੇ ਹਰ ਪਾਸੇ ਦੂਰ ਤਕ ਫੈਲਾ ਦਿੱਤੀਆਂ ਸਨ, ਤਾਂ ਕਿ ਦੁਰਾਨੀ ਸਿਪਾਹੀਆਂ ਨੂੰ ਕਿਸੇ ਪਾਸਿਓਂ ਵੀ ਕੋਈ ਰਸਦ-ਪਾਣੀ ਨਾ ਪਹੁੰਚ ਸਕੇ।

ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਜਦ ਤੇਜ਼ੀ ਨਾਲ ਕੂਚ ਕਰਦੀਆਂ ਦਿੱਲੀ ਦੇ ਨੇੜੇ ਪਹੁੰਚੀਆਂ ਤਾਂ ਬਦਲੀ ਦੇ ਸਥਾਨ ‘ਤੇ ਅਤਾਈ ਖ਼ਾਨ ਪੋਪਲਜਈ ਤੇ ਹਾਜੀ ਕਰੀਮ ਖ਼ਾਨ ਦੁਰਾਨੀ ਨੇ ਅਚਾਨਕ ਹੀ ਗੋਬਿੰਦ ਰਾਓ ਬੁੰਦੇਲੇ ਦੇ ਕੈਂਪ ਉੱਤੇ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਇੱਕੋ ਝਟਕੇ ਵਿਚ ਗੋਬਿੰਦ ਰਾਓ ਤੇ ਦਿੱਲੀ ਦੇ ਕਿਲ੍ਹੇਦਾਰ ਸ਼ੰਕਰ ਰਾਓ ਮਰਹੱਟੇ ਆਦਿ ਨਾਲ ਸਾਥੀਆਂ ਸਮੇਤ ਮਾਰਿਆ ਗਿਆ। ਇਸ ਕਰਕੇ ਦੁਰਾਨੀਆਂ ਦੇ ਰਾਹ ਵਿੱਚੋਂ ਇਹ ਰੋਕ ਕੁਦਰਤੀ ਤੌਰ ‘ਤੇ ਹਟ ਗਈ।

ਮਰਹੱਟਿਆਂ ਤੇ ਅਫ਼ਗਾਨਾਂ ਦੀਆਂ ਫੌਜਾਂ ਆਹਮਣੇ-ਸਾਹਮਣੇ ਸਨ। ਅਬਦਾਲੀ ਨੇ ਮਰਹੱਟਿਆਂ ਦਾ ਘੇਰਾ ਹੀ ਘੱਤ ਲਿਆ ਸੀ। ਗੋਬਿੰਦ ਬਲਾਲ ਮਰਹੱਟਿਆਂ ਦੀ ਮਦਦ ਲਈ ਪਹੁੰਚਿਆ, ਪਰ ਅਫ਼ਗਾਨਾਂ ਨੇ ਉਸ ਨੂੰ ਰਾਹ ਵਿਚ ਹੀ ਢਾਹ ਲਿਆ। ਅਬਦਾਲੀ ਦੀਆਂ ਫੌਜਾਂ ਹੱਥ ਕਾਫ਼ੀ ਰਸਦ-ਪਾਣੀ ਵੀ ਆਇਆ। ਗੋਪਾਲ ਗਣੇਸ਼ ਬਾਹਰਵੇਂ ਅਤੇ ਕ੍ਰਿਸਨੰਦ ਵੀ ਘੇਰਾ ਤੋੜਦੇ-ਤੋੜਦੇ ਸਰੀਰ ਛੱਡ ਗਏ। ਨਾਰੋ ਸ਼ੰਕਰ ਪੰਡਤ ਦਾ ਮਾਲ ਵੀ ਲੁੱਟ ਲਿਆ ਗਿਆ। ਉਸ ਦਾ ਕੇਵਲ ਇੱਕੋ ਹੀ ਸਾਥੀ ਬਚਿਆ। ਭਾਉ ਸਾਹਿਬ ਸਾਰੀ ਸਥਿਤੀ ਦੀ ਜਾਣਕਾਰੀ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਇਹ ਜੰਗ ਟਲ ਜਾਵੇ, ਕਿਉਂਕਿ ਅਬਦਾਲੀ ਦੀਆਂ ਫੌਜਾਂ ਵੱਲੋਂ ਪੂਰਾ ਘੇਰਾ ਪੈ ਜਾਣ ਦੇ ਕਾਰਨ ਕਿਸੇ ਪਾਸਿਓਂ ਕੋਈ ਰਾਸ਼ਨ-ਪਾਣੀ ਨਹੀਂ ਪਹੁੰਚ ਰਿਹਾ ਸੀ, ਪਰ ਹੁਣ ਲੜਾਈ ਤੋਂ ਬਗ਼ੈਰ ਕੋਈ ਰਾਹ ਵੀ ਨਹੀਂ ਸੀ।

ਮਰਹੱਟਿਆਂ ਨੇ ਆਪਣੀ ਸਾਰੀ ਫ਼ੌਜੀ ਤਾਕਤ ਇਸ ਲੜਾਈ ਵਿਚ ਝੋਕੀ ਹੋਈ ਸੀ। ਉਨ੍ਹਾਂ ਦਾ ਯਕੀਨ ਸੀ ਕਿ ਉਹ ਮੁਗ਼ਲ ਹਕੂਮਤ ਦੀ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਸਾਰੇ ਮੁਲਕ ‘ਤੇ ਛਾ ਜਾਣਗੇ। ਉਨ੍ਹਾਂ ਦੇ ਇਹ ਸੁਪਨੇ ਪਾਣੀਪਤ ਦੀ ਜਿੱਤ ਨਾਲ ਪੂਰੇ ਹੋ ਸਕਦੇ ਸਨ। ਅਖੀਰ ੧੪ ਜਨਵਰੀ, ੧੭੬੧ ਈ. ਨੂੰ ਪਾਣੀਪਤ ਦੇ ਸਥਾਨ ‘ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਅਤੇ ਮਰਹੱਟਿਆਂ ਵਿਚਕਾਰ ਸਿੱਧੀ ਜੰਗ ਹੋਈ। ਇਸ ਲੜਾਈ ਵਿਚ ਮਰਹੱਟਿਆਂ ਦੀ ਹਾਰ ਹੋਈ, ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਜੰਗ ਸਮੇਂ ਜੇ ਮਰਹੱਟੇ ਇਕ ਝੰਡੇ ਹੇਠਾਂ ਸਨ ਤਾਂ ਮੁਸਲਮਾਨ ਵੀ ਇਕ ਜਾਨ ਹੋ ਕੇ ਲੜ ਰਹੇ ਸਨ। ਵਿਸ਼ਵਾਸ ਰਾਓ ਤੇ ਸਦਾ ਸ਼ਿਵ ਰਾਓ ਥਾਂ ’ਤੇ ਹੀ ਮਾਰੇ ਗਏ। ਉੱਥੇ ੨੮ ਹਜ਼ਾਰ ਲਾਸ਼ਾਂ ਦਾ ਢੇਰ ਇਕ ਥਾਂ ਹੀ ਲੱਗਾ ਦੇਖਿਆ ਗਿਆ। ਹਜ਼ਾਰਾਂ ਭੱਜਦੇ ਮਾਰੇ ਗਏ ਤੇ ਕਈਆਂ ਦੀ ਖਾਈਆਂ ਵਿਚ ਡਿੱਗਦਿਆਂ ਹੀ
ਜਾਨ ਨਿਕਲ ਗਈ। ਮੁਗ਼ਲਾਂ ਨੇ ੨੨ ਹਜ਼ਾਰ ਮਰਹੱਟਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਬਦਾਲੀ ਨੇ ਉਹ ਹਾਥੀ; ਜਿਸ ਨੂੰ ਮਰਹੱਟਾ ਜਰਨੈਲ ਹੋਲਕਰ ਪਾਣੀਪਤ ਦੇ ਮੈਦਾਨ ਵਿਚ ਛੱਡ ਗਿਆ ਸੀ, ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਇਸ ਜਿੱਤ ਤੋਂ ਬਹੁਤ ਖੁਸ਼ ਸੀ। ਮਰਹੱਟਿਆਂ ਦੀ ਇਸ ਹਾਰ ਦਾ ਨਤੀਜਾ ਇਹ ਹੋਇਆ ਕਿ ਉਹ ਹਮੇਸ਼ਾ ਲਈ ਇਸ ਪਾਸਿਓਂ ਖ਼ਤਮ ਹੋਣ ‘ਤੇ ਸਿਰਫ਼ ਮਹਾਂਰਾਸ਼ਟਰ ਤਕ ਹੀ ਸੀਮਤ ਰਹਿ ਗਏ। ਨਿਸ਼ਾਨੀ ਵਜੋਂ ਉਨ੍ਹਾਂ ਦੀਆਂ ਚਾਰ ਰਿਆਸਤਾਂ: ਆਦਜੀ ਸਿੰਧੀਅ ਗਵਾਲੀਅਰ, ਮਲ੍ਹਾਰ ਰਾਓ ਹੋਲਕਰ ਇੰਦੌਰ, ਭੋਸਲਾ ਰਾਜ ਨਾਗਪੁਰ ਤੇ ਪੇਸ਼ਵਾ ਦੀ ਹਕੂਮਤ ਪੂਨਾ (ਸਤਾਰਾ) ਕਾਇਮ ਰਹਿ ਗਈਆਂ ਤੇ ਬਾਕੀ ਹਿੰਦੁਸਤਾਨ ਅਤੇ ਪੰਜਾਬ ਉਨ੍ਹਾਂ ਦੀ ਇਸ ਮਾਰ ਤੋਂ ਬਚਿਆ ਰਿਹਾ।

ਡਾਕਟਰ ਜਾਦੂਨਾਥ ਸਰਕਾਰ ਲਿਖਦਾ ਹੈ ਕਿ— “ਸੰਖੇਪ ਵਿਚ ਇਹ ਫਲੋਡੇਨ ਫੀਲਡ ਦੀ ਤਰ੍ਹਾਂ ਰਾਸ਼ਟਰ-ਵਿਆਪੀ ਮੁਸੀਬਤ ਸੀ। ਮਹਾਂਰਾਸ਼ਟਰ ਵਿਚ ਐਸਾ ਕੋਈ ਘਰ ਨਹੀਂ ਸੀ ਜਿਸ ਵਿਚ ਕਿਸੇ ਮੈਂਬਰ ਦੀ ਮੌਤ ‘ਤੇ ਸੋਗ ਨਾ ਪਿਆ ਹੋਵੇ। ਕਈ ਘਰਾਂ ਵਿਚ ਤਾਂ ਸਾਰੇ ਜੀਅ ਹੀ ਮਾਰੇ ਗਏ। ਨੇਤਾਵਾਂ ਦੀ ਇਕ ਪੂਰੀ ਪੀੜ੍ਹੀ ਦਾ ਇੱਕ ਚੋਟ ਨਾਲ ਸਫਾਇਆ ਹੋ ਗਿਆ। ਜੇਤੂਆਂ ਨੇ ਵਿਸ਼ਾਲ ਮਾਤਰਾ ਵਿਚ ਲੁੱਟ ਦੇ ਮਾਲ ‘ਤੇ ਅਧਿਕਾਰ ਜਮਾਇਆ। ਨਕਦ ਤੇ ਹੀਰਿਆਂ ਤੋਂ ਇਲਾਵਾ ਮਰਾਠਿਆਂ ਦੇ ਪੰਜਾਹ ਹਜ਼ਾਰ ਘੋੜੇ, ਦੋ ਲੱਖ ਲੱਦੂ ਪਸ਼ੂ, ਕਈ ਹਜ਼ਾਰ ਊਠ ਤੇ ਪੰਜ ਸੌ ਹਾਥੀ ਨਸ਼ਟ ਹੋ ਗਏ। ਇਸ ਖ਼ਤਰਨਾਕ ਤਬਾਹੀ ਦੀ ਸੂਚਨਾ ਪੇਸ਼ਵਾ ਨੂੰ ਇਕ ਵਪਾਰੀ ਦੁਆਰਾ ਇਸ ਤਰ੍ਹਾਂ ਪਹੁੰਚਾਈ ਗਈ— ਦੋ ਮੋਤੀ ਟੁੱਟ ਗਏ, ਬਾਈ ਸੋਨੇ ਦੀਆਂ ਮੋਹਰਾਂ ਗਵਾਚ ਗਈਆਂ ਹਨ ਅਤੇ ਚਾਂਦੀ ਤੇ ਤਾਂਬੇ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ।”

ਪੇਸ਼ਵਾ ਜੋ ਪਹਿਲਾਂ ਤੋਂ ਹੀ ਤਪਦਿਕ ਦੀ ਬਿਮਾਰੀ ਨਾਲ ਪੀੜਤ ਸੀ, ਇਸ ਕੌਮੀ ਪਰਲੋ ਤੋਂ ਬਾਅਦ ਨਹੀਂ ਬਚ ਸਕਿਆ ਅਤੇ ੨੩ ਜੂਨ, ੧੭੬੧ ਈ. ਨੂੰ ਪੂਨਾ ਵਿਚ ਦੁਖੀ ਹੋ ਕੇ ਮਰ ਗਿਆ।

ਜਥੇਦਾਰ ਜੱਸਾ ਸਿੰਘ ਆਹਲੂਵਾਲੀਆਂ ਅਤੇ ਹੋਰ ਸਿੰਘ— ਸਰਦਾਰ ਇਹ ਸਭ ਕੁਝ ਦੇਖ ਰਹੇ ਸਨ। ਅਬਦਾਲੀ ਫੌਜਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਇਸਤਰੀਆਂ ਨੂੰ ਕੈਦੀ ਬਣਾ ਲਿਆ ਅਤੇ ਉਨ੍ਹਾਂ ਇਸਤਰੀਆਂ ਨੂੰ ਉਨ੍ਹਾਂ ਦੇ ਪਰਵਾਰਾਂ ਤੋਂ ਜ਼ਬਰੀ ਵੱਖਰਾ ਕਰ ਕੇ ਆਪਣੀ ਹਵਸ ਦੀ ਪੂਰਤੀ ਲਈ ਅਫ਼ਗਾਨਿਸਤਾਨ ਲੈ ਜਾ ਰਹੇ ਸਨ। ਇਨ੍ਹਾਂ ਵਿੱਚੋਂ ੨੨੦੦ ਹਿੰਦੂ ਇਸਤਰੀਆਂ ਸਨ। ਇਸ ਸਮੇਂ ਭਾਰਤ ਵਿਚ ਵੱਡੇ-ਵੱਡੇ ਹਿੰਦੂ ਰਾਜੇ ਅਤੇ ਸੂਰਮੇ ਮੌਜੂਦ ਸਨ, ਪਰ ਉਹ ਸਭ ਨੈਤਿਕ ਤੌਰ ‘ਤੇ ਖ਼ਤਮ ਹੋ ਚੁੱਕੇ ਸਨ। ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਸੀ। ਕੋਈ ਵੀ ਇਨ੍ਹਾਂ ਨੂੰ ਬਚਾਉਣ ਲਈ ਜਾਨ ਦੀ ਬਾਜ਼ੀ ਲਗਾਉਣ ਲਈ ਤਿਆਰ ਨਹੀਂ ਸੀ। ਬੁਜ਼ਦਿਲੀ ਕਾਰਨ ਭਾਰਤੀ ਇਸਤਰੀਆਂ ਦੇ ਪਤੀ, ਭਰਾ, ਪਿਉ ਸਭ ਧੌਣਾਂ ਨੀਵੀਆਂ ਕਰ ਕੇ ਖੜੇ ਰਹੇ। ਅਬਦਾਲੀ ੨੯ ਮਾਰਚ, ੧੭੬੧ ਈ. ਨੂੰ ਫੌਜਾਂ ਸਮੇਤ ਦਿੱਲੀ ਤੋਂ ਸਰਹਿੰਦ ਪਹੁੰਚਿਆ। ਵੈਸਾਖੀ ਕਰਕੇ ਸਿੰਘ-ਸਰਦਾਰ ੧੦ ਅਪ੍ਰੈਲ, ੧੭੬੧ ਈ. ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਸਨ। ਕੁਝ ਕੁ ਹਿੰਦੂ ਅਤੇ ਮੁਸਲਮਾਨ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋ ਕੇ ਖ਼ਾਲਸਾ ਜੀ ਅੱਗੇ ਫ਼ਰਿਆਦ ਕੀਤੀ। ਉਸ ਸਮੇਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਖਾਲਸੇ ਦਾ ਜਥੇਦਾਰ ਸੀ। ਸੋ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸੇ ਨੂੰ ਵੰਗਾਰਿਆ ਅਤੇ ਦੇਸ਼ ਦੀ ਇੱਜ਼ਤ ਬਚਾਉਣ ਲਈ ਜੂਝਣ ‘ਵਾਸਤੇ ਕਿਹਾ। ਸਿੰਘ ਉਸੇ ਸਮੇਂ ਦੁਸ਼ਮਣ ਦਾ ਟਾਕਰਾ ਕਰਨ ਲਈ ਤਿਆਰ ਹੋ ਗਏ। ਮਿਸਟਰ ਬ੍ਰਾਊਨ ਲਿਖਦਾ ਹੈ ਕਿ— “ਤੀਜੀ ਪਾਣੀਪਤ ਦੀ ਜੰਗ ਉਪਰੰਤ ਅਬਦਾਲੀ ਦੀਆਂ ਫੌਜਾਂ ਜਦ ਸਤਲੁਜ ਨੂੰ ਪਾਰ ਕਰ ਰਹੀਆਂ ਸਨ, ਤਾਂ ਸਿੱਖਾਂ ਨੇ ਅਬਦਾਲੀ ਦੀ ਫ਼ੌਜ ਨੂੰ ਲੁੱਟਣਾ ਅਰੰਭ ਕਰ ਦਿੱਤਾ। ਜੋ ਪਿੱਛੇ ਰਹਿ ਜਾਂਦਾ ਸੀ ਉਹ ਸਿੱਖਾਂ ਦਾ ਹੀ ਸ਼ਿਕਾਰ ਬਣਦਾ। ਅਬਦਾਲੀ ਦੀਆਂ ਫੌਜਾਂ ਵਿਚ ਸਿੱਖਾਂ ਦਾ ਟਾਕਰਾ ਕਰਨ ਦਾ ਸਾਹਸ ਨਹੀਂ ਸੀ, ਕਿਉਂਕਿ ਜੋ ਇਕ ਤਾਂ ਉਹ ਥੱਕ-ਟੁੱਟ ਕੇ ਮੁੜੀਆਂ ਸਨ। ਦੂਜਾ, ਉਹ ਧਨ-ਪਦਾਰਥਾਂ ਨਾਲ ਲੱਦੀਆਂ ਹੋਈਆਂ ਸਨ। ਸਿੱਖਾਂ ਨੇ ਅਟਕ ਤਕ ਅਬਦਾਲੀ ਦਾ ਪਿੱਛਾ ਕੀਤਾ ਤੇ ਅਟਕ ਤੋਂ ਮੁੜਦੇ ਹੀ ਲਾਹੌਰ ‘ਤੇ ਕਬਜ਼ਾ ਕਰ ਲਿਆ।”

ਸਿੱਖ ਜਥੇ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸ੍ਰੀ ਗੋਇੰਦਵਾਲ ਸਾਹਿਬ ਦੇ ਪੱਤਣ ਦੇ ਦੁਆਲੇ ਸੰਘਣੀਆਂ ਝਾੜੀਆਂ ਪਿੱਛੇ ਜਾ ਲੁਕੇ, ਜਿਉਂ ਹੀ ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਟੱਪਣ ਲੱਗੀ ਤਾਂ ਸਿੰਘਾਂ ਨੇ ਜੰਗਲਾਂ ਅਤੇ ਝਾੜੀਆਂ ਦੇ ਪਿੱਛੋਂ ਨਿਕਲ ਕੇ ਇੰਨਾ ਜ਼ੋਰਦਾਰ ਦਾ ਹਮਲਾ ਕੀਤਾ ਕਿ ਦੁਰਾਨੀਆਂ ਦੇ ਹੋਸ਼ ਉੱਡ ਗਏ। ਇਸ ਭਗਦੜ੍ਹ ਵਿਚ ਖਾਲਸੇ ਨੇ ਪਹਿਲਾਂ ਕੈਦੀ ਹਿੰਦੂ ਇਸਤਰੀਆਂ ਨੂੰ ਛੁਡਾ ਲਿਆ ਤੇ ਫਿਰ ਉਨ੍ਹਾਂ ਸਾਰੀਆਂ ਇਸਤਰੀਆਂ ਨੂੰ ਖ਼ਰਚ ਦੇ ਕੇ ਘਰੋਂ-ਘਰੀ ਪਹੁੰਚਾਇਆ। ਇਸ ਘਟਨਾ ਨਾਲ ਸਿੰਘਾਂ ਦੀ ਦਲੇਰੀ, ਨਿਸ਼ਕਾਮ ਸੇਵਾ ਦੀ ਧਾਂਕ ਹਰ ਪਾਸੇ ਪੈ ਗਈ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਲੋਕਾਂ ਦੇ ਸਤਿਕਾਰ ਦਾ ਕੇਂਦਰ ਬਣ ਗਏ ਅਤੇ ਪਿਆਰ ਨਾਲ ਲੋਕ ਉਸ ਨੂੰ ‘ਬੰਦੀ ਛੋੜ’ ਆਖਦੇ ਤੇ ਉਸ ਦੀ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਦੇ। ਪਾਣੀਪਤ ਦੇ ਮੈਦਾਨ ਵਿੱਚੋਂ ਮਰਹੱਟਣਾਂ ਨੂੰ ਵੀ ਮਹਾਂਰਾਸ਼ਟਰ ਵਿਚ ਉਨ੍ਹਾਂ ਦੇ ਘਰਾਂ ਤਕ ਸਿੰਘਾਂ ਨੇ ਬੜੇ ਜਫ਼ਰ ਜਾਲ ਕੇ ਪਹੁੰਚਾਇਆ ਸੀ। ਸਿੰਘਾਂ ਦੀ ਬਹਾਦਰੀ ਦੀ ਗਾਥਾ ਬਹੁਤ ਲੰਬੀ ਹੈ। ਕਾਸ਼ ! ਉਸ ਸਮੇਂ ਭਾਰਤ ਵਿਚਲੀਆਂ ਦੂਜੀਆਂ ਕੌਮਾਂ ਨੇ ਸਿੰਘਾਂ ਦਾ ਸਾਥ ਦਿੱਤਾ ਹੁੰਦਾ, ਤਾਂ ਕਿਸੇ ਵਿਦੇਸ਼ੀ ਹਮਲਾਵਰ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਭਾਰਤ ’ਤੇ ਵਾਰੋ-ਵਾਰੀ ਹਮਲਾ ਕਰਦੇ ਅਤੇ ਭਾਰਤ ਦਾ ਨਕਸ਼ਾ ਵੀ ਕੁਝ ਹੋਰ ਹੀ ਹੋਣਾ ਸੀ।