
ਸੁਖਪ੍ਰੀਤ ਸਿੰਘ ਉਦੋਕੇ
ਸ਼ਹਿਰ ਤੋਂ ਦੂਰ ਝਿੜੀ ਵਿੱਚ ਬੈਠੇ ਸਿੰਘ ਵਿਚਾਰਾਂ ਕਰ ਰਹੇ ਸਨ ਕਿ ਕੱਲ੍ਹ ਰਾਤ ਮੁਗਲਾਂ ਪਠਾਣਾਂ ਤੇ ਰੰਗੜਾਂ ਨੇ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ। ਸਾਰੇ ਪਾਸੇ ਚੌਂਕੀਆਂ ਨਾਕੇ ਸਨ, ਵੇਖਦੇ ਹੀ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਸੀ। ਦਰਬਾਰ ਸਾਹਿਬ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਸਿੰਘ ਅਗਲੀ ਜੰਗ ਬਾਰੇ ਵਿਚਾਰਾਂ ਕਰ ਰਹੇ ਸਨ ਕਿ ਇੱਕ ਸਿੰਘ ਬੋਲਿਆ,” ਜਦੋਂ ਦਾ ਅੰਮ੍ਰਿਤਸਰ ਉੱਪਰ ਮੁਗਲਾਂ ਦਾ ਕਬਜ਼ਾ ਹੋਇਆ, ਹਰ ਹਿਰਦਾ ਦੁਖੀ ਹੈ, ਕਿਸੇ ਦੇ ਘਰ ਦੀਵਾ ਨਹੀਂ ਬਲਿਆ।”
ਇਹ ਸੁਣ ਕੇ ਜੱਥੇ ਵਿੱਚ ਬੈਠੇ ਭਾਈ ਮਨਸਾ ਸਿੰਘ ਬੋਲੇ,” ਸਿੱਖ ਦੇ ਘਰ ਦੀਵਾ ਬਲੇ ਜਾ ਨਾ ਬਲੇ… ਪਰ ਪ੍ਰਕਾਸ਼ ਦੇ ਘਰ ਦਾ ਦੀਵਾ ਗੁੱਲ ਨਹੀਂ ਹੋਣਾ ਚਾਹੀਦਾ।”
“ਪਰ ਕੌਣ ਜਾ ਕੇ ਦਰਬਾਰ ਸਾਹਿਬ ਦੀਵਾ ਵੱਟੀ ਤੇ ਸਫਾਈ ਕਰੇਗਾ।” ਇੱਕ ਸਿੰਘ ਬੋਲਿਆ। “ਮੈਂ ਕਰਾਂਗਾ ਅਤੇ ਜਿੰਨਾਂ ਚਿਰ ਸਵਾਸ ਨੇ ਹਮੇਸ਼ਾ ਕਰਾਂਗਾ…ਦਰਬਾਰ ਸਾਹਿਬ ਪ੍ਰਕਾਸ਼ ਜਰੂਰ ਹੋਵੇਗਾ।”
ਅਗਲੇ ਦਿਨ ਹੀ ਭਾਈ ਮਨਸਾ ਸਿੰਘ ਅੰਮ੍ਰਿਤਸਰ ਪਹੁੰਚੇ, ਸਾਰਾ ਦਿਨ ਇੱਕ ਖੱਡੇ ਵਿੱਚ ਕੱਟਿਆ ਸ਼ਾਮ ਪਈ ਤਾਂ ਇੱਕ ਕੁੱਜੇ ਵਿੱਚ ਦੀਵਾ, ਗੰਧਕ, ਲੀਰਾਂ ਵਿੱਚ ਲਪੇਟ ਕੇ ਅੱਗ ਦੀ ਅੰਗਿਆਰੀ ਰੱਖੀ… ਇੱਕ ਝਾੜੂ ਲਿਆ ਅਤੇ ਇੱਕ ਘੜਾ।
ਹਨੇਰਾ ਸ਼ੁਰੂ ਹੋਇਆ ਤਾਂ ਲੁਕਦੇ ਲੁਕਾਉਂਦੇ ਦਰਬਾਰ ਸਾਹਿਬ ਪਰਿਕਰਮਾ ਵਿੱਚ ਪਹੁੰਚੇ। ਦਰਬਾਰ ਸਾਹਿਬ ਦੇ ਅੰਦਰ ਘੁੱਪ ਹਨੇਰਾ ਪਰ ਆਲੇ ਦੁਆਲੇ ਦੁਸ਼ਮਣ ਦੇ ਸਿਪਾਹੀ ਮਸ਼ਾਲਾਂ ਬਾਲੀ ਘੁੰਮ ਰਹੇ ਸਨ। ਭਾਈ ਮਨਸਾ ਸਿੰਘ ਨੇ ਝਾੜੂ ਅਤੇ ਕੁੱਜਾ ਸਿਰ ਉੱਪਰ ਰੱਖਿਆ ਅਤੇ ਘੜੇ ਨੂੰ ਮੂਧਾ ਕਰ ਪਾਣੀ ਵਿੱਚ ਠੇਲ ਪਏ। ਅੰਦਰ ਪਹੁੰਚੇ, ਸਫਾਈ ਕੀਤੀ, ਦੀਵਾ ਬਾਲਿਆ ਅਤੇ ਗੰਧਕ ਤੇ ਲੀਰਾਂ (ਦੁਬਾਰਾ ਅੱਗ ਬਾਲਣ ਲਈ) ਅੰਦਰ ਹੀ ਲੁਕਾ ਕੇ, ਅਰਦਾਸ ਕਰ ਵਾਪਸ ਆ ਗਏ। ਕਈ ਦਿਨ ਇਹ ਵਰਤਾਰਾ ਰੋਜ਼ ਵਰਤਦਾ ਰਿਹਾ ਅਖੀਰ ਮੁਗਲ ਪਹਿਰੇਦਾਰਾਂ ਨੂੰ ਸ਼ੱਕ ਪੈ ਗਿਆ ਅਤੇ ਇਕ ਰਾਤ ਛਹਿ ਲੱਗਾ ਕੇ ਬੈਠ ਗਏ। ਭਾਈ ਸਾਹਿਬ ਸਰੋਵਰ ਵਿੱਚ ਉਤਰੇ ਹੀ ਸਨ ਕਿ ਸਾਰੇ ਪਾਸਿਆਂ ਤੋਂ ਤੋੜੇਦਾਰ (ਪਲੀਤੇ ਦਾਰ)ਬੰਦੂਕਾਂ ਦੀ ਠਾਹ ਠਾਹ ਨੇ ਸਰੋਵਰ ਵਿੱਚ ਹੀ ਸਰੀਰ ਛੱਲਣੀ ਕਰ ਦਿੱਤਾ ਅਤੇ ਭਾਈ ਸਾਹਿਬ ਇਹ ਪ੍ਰਣ ਨਿਭਾ ਗਏ ਕਿ ਜਿੰਨਾਂ ਚਿਰ ਸਵਾਸ ਹਨ, ਪ੍ਰਕਾਸ਼ ਦੇ ਘਰ ਹਨੇਰਾ ਨਹੀਂ ਹੋਵੇਗਾ।