58 views 7 secs 0 comments

ਪੰਜ ਕਕਾਰ- ੨ : ਕੜਾ

ਲੇਖ
July 11, 2025

ਤੀਜੀ ਰਹਿਤ ਸਿੱਖ ਲਈ ਕੜਾ ਹੈ। ਅੱਜ ਦੇ ਸਮੇਂ ਵਿਚ ਤਾਂ ਹਰ ਇਕ ਸ਼ੌਕੀਆ ਵੀ ਇਸ ਨੂੰ ਪਾਈ ਫਿਰਦਾ ਹੈ, ਪਰ ਕੜਾ ਆਪਣੇ ਵਿਚ ਬਹੁਤ ਸਾਰੀਆਂ ਅਦ੍ਰਿਸ਼ ਦੁਖਿਤ ਘਟਨਾਵਾਂ ਤੋਂ ਬਚਾਉਣ ਦੀ ਸ਼ਕਤੀ ਰੱਖਦਾ ਹੈ।
ਅਕਾਲ ਪੁਰਖ ਦੀ ਸਾਜੀ ਇਸ ਦੁਨੀਆ ਵਿਚ ਬਹੁਤ ਕੁਛ ਅਦ੍ਰਿਸ਼ ਘਟਿਤ ਹੋ ਰਿਹਾ ਹੈ। ਇਸ ਮਾਤਲੋਕ ਵਿਚ ਇਕ ਜੀਵਨ ਤਾਂ ਸਰੀਰ ਧਾਰੀ ਹੈ। ਮਨੁੱਖ, ਪਸ਼ੂ-ਪੰਖੀ, ਕੀੜੇ-ਮਕੌੜੇ ਸੂਖਮ ਤੇ ਅਸਥੂਲ ਜੀਵ ਹਨ। ਦੂਜੀ ਦੁਨੀਆ ਰੂਹਾਨੀ ਦੁਨੀਆ ਹੈ ਜੋ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਸਰੀਰ ਦਾ ਮੋਹ ਛੱਡ ਚੁੱਕੇ ਸਨ ਜਿਨ੍ਹਾਂ ਨੂੰ ਮੁਕਤ ਆਖਿਆ ਜਾਂਦਾ ਹੈ। ਤੀਸਰਾ ਜੀਵਨ-ਭੂਤਾਂ-ਪ੍ਰੇਤਾਂ ਦਾ ਹੈ ਜੋ ਸਰੀਰ ਤੇ ਆਤਮਾ ਵਿਚਕਾਰ ਸੂਖਮ ਸਰੀਰ ਵਿਚ ਅਟਕ ਕੇ ਰਹਿ ਗਏ ਹਨ। ਅਤਿਅੰਤ ਕਠੋਰ, ਜ਼ਾਲਮ ਤੇ ਮਹਾਂ ਪਾਪੀ ਨੂੰ ਜਲਦੀ ਸਰੀਰ ਨਹੀਂ ਮਿਲਦਾ। ਇਸ ਤਰ੍ਹਾਂ ਦੇ ਅਤਿਅੰਤ ਪਾਪੀ ਜ਼ਾਲਮ ਨੂੰ ਜਨਮ ਲੈਣ ਲਈ ਕੋਈ ਖ਼ਾਸ ਘਰ ਜੋ ਇਨਸਾਨੀਅਤ ਤੋਂ ਥੱਲੇ ਜੀਵਨ ਬਤੀਤ ਕਰ ਰਿਹਾ ਹੋਵੇ, ਚਾਹੀਦਾ ਹੈ। ਇਸ ਤੋਂ ਵਿਪਰੀਤ ਕੋਈ ਮਹਾਂ ਪੁਨੀਤ, ਜੋ ਮੋਖਸ਼ ਤਕ ਨਾ ਪੁੱਜ ਸਕਿਆ ਹੋਵੇ, ਉਸ ਨੂੰ ਵੀ ਨਵੇਂ ਜਨਮ ਵਿਚ ਦੇਰ ਲੱਗਦੀ ਹੈ। ਆਮ ਸਾਧਾਰਨ ਜੀਵ ਨੂੰ ਜਨਮ ਲੈਣ ਦੀ ਕੋਈ ਦਿੱਕਤ ਨਹੀਂ। ਉਸ ਦਾ ਤੇਰਾਂ ਦਿਨਾਂ ਅੰਦਰ ਜਨਮ ਹੋ ਜਾਂਦਾ ਹੈ। ਮਹਾਂ ਪੁਨੀਤ ਨੂੰ ਜਨਮ ਲਈ ਕੋਈ ਮਹਾਂ ਪੁਨੀਤ ਘਰ ਚਾਹੀਦਾ ਹੈ ਤੇ ਮਹਾਂ ਪਾਪੀ ਨੂੰ ਕੋਈ ਮਹਾਂ ਪਾਪੀ ਘਰ ਦੀ ਲੋੜ ਹੈ। ਆਮ ਮਨੁੱਖੀ ਤਲ ਐਸਾ ਹੈ ਕਿ ਉਸ ਵਿਚ ਸਾਧਾਰਨ ਜੀਵ ਨੂੰ ਜਨਮ ਲੈਣ ਵਿਚ ਕੋਈ ਦਿੱਕਤ ਨਹੀਂ ਹੈ। ਅਸੀਂ ਜਿਨ੍ਹਾਂ ਨੂੰ ਭੂਤ-ਪ੍ਰੇਤ ਕਹਿੰਦੇ ਹਾਂ, ਉਹ ਉਸ ਕੋਟੀ ਦੇ ਜੀਵ ਹਨ, ਜਿਨ੍ਹਾਂ ਨੂੰ ਛੇਤੀ ਜਨਮ ਨਹੀਂ ਮਿਲ ਸਕਿਆ। ਦੇਵਤਾ, ਉਹ ਪੁਨੀਤ ਪੁਰਸ਼ ਹਨ, ਜਿਨ੍ਹਾਂ ਨੂੰ ਮੋਖਸ਼ ਨਹੀਂ ਮਿਲ ਸਕੀ ਤੇ ਨਵੇਂ ਸਰੀਰ ਲਈ ਕੋਈ ਯੋਗ ਮਾਂ ਬਾਪ ਉਪਲਬਧ ਨਹੀਂ ਹਨ। ਦੇਵਤੇ ਤਾਂ ਪਵਿੱਤਰ ਹਨ-ਸਿਰਫ਼ ਇਕ ਯਾ ਦੋ ਪੌੜੀਆਂ ਥੱਲੇ ਰਹਿ ਗਏ ਸਨ-ਇਸ ਲਈ ਮੋਖਸ਼ ਨਹੀਂ ਹੋ ਸਕੀ। ਇਹ ਆਪਣੀ ਸੁਭਾਵਕ ਕਰੁਣਾ ਕਰਕੇ ਨੋਕ ਲੋਕਾਂ ਦੀ ਮਦਦ ਵੀ ਕਰਦੇ ਹਨ। ਜੈਸੇ ਨੇਕ ਪੁਰਸ਼ਾਂ ਦਾ ਅਨੁਭਵ ਹੈ ਕਿ ਇਤਨਾ ਵੱਡਾ ਨੋਕ ਕੰਮ ਸਾਡੀ ਸਮਰੱਥਾ ਤੋਂ ਪਰੇ ਸੀ: ਪਤਾ ਨਹੀਂ, ਇਹ ਮਹਾਨ ਕੰਮ ਕਿਵੇਂ ਹੋ ਗਿਆ। ਬਹੁਤ ਵੱਡਾ ਧਾਰਮਿਕ ਇਕੱਠ ਤੇ ਉਸ ਦਾ ਯੋਗ ਇੰਤਜ਼ਾਮ ਜਦ ਹੋ ਗਿਆ ਤਾਂ ਭਗਤ ਕਬੀਰ ਜੀ ਨੂੰ ਵੀ ਇਹ ਅਨੁਭਵ ਹੋਇਆ ਕਿ ਇਤਨਾ ਵੱਡਾ ਸਤਿਸੰਗ ਤੇ ਸਾਧੂਆਂ ਦਾ ਪ੍ਰਸਨ ਜਾਣਾ-ਇਹ ਹਸਤੀ ਤੋਂ ਬਿਨਾਂ ਨਹੀਂ ਹੋਇਆ ਹੈ।
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
(ਸਲੋਕ ਕਬੀਰ, ਅੰਗ ੧੩੬੭)
ਯੋਗ ਸਾਧਨਾਂ ਤੇ ਤਾਂਤ੍ਰਿਕ ਵਿਧੀਆਂ ਨਾਲ ਜਦ ਇਸ ਸਾਰੀ ਰਚਨਾ ਦਾ ਭੇਦ ਮਿਲਿਆ ਤਾਂ ਕੁਛ ਹੰਕਾਰੀ ਤੇ ਸੁਆਰਥੀ ਮਨੁੱਖਾਂ ਨੇ ਇਸ ਦਾ ਗਲਤ ਉਪਯੋਗ ਕੀਤਾ। ਉਹੋ ਮਲੀਨ ਰੂਹਾਂ ਜਿਨ੍ਹਾਂ ਨੂੰ ਅਜੇ ਕੋਈ ਗਰਭ ਉਪਲਬਧ ਨਹੀਂ ਹੋਇਆ ਤੇ ਭਟਕ ਰਹੀਆਂ ਹਨ, ਇਨ੍ਹਾਂ ਨੂੰ ਕਾਬੂ ਕਰਨ ਦੇ ਵਸੀਲਿਆਂ ਵਿਚ ਲੱਗ ਗਏ ਤੇ ਇਹ ਰੂਹਾਂ ਕਿਸੇ ਭੈ-ਭੀਤ ਮਨੁੱਖ ਨੂੰ ਕਾਬੂ ਕਰਨ ਵਿਚ ਸਮਰੱਥ ਹੋ ਜਾਂਦੀਆਂ ਸਨ । ਭੈ-ਭੀਤ ਮਨੁੱਖ ਅੰਦਰੋਂ ਸੁਕੜਾ ਹੋਇਆ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਭਟਕੀਆਂ ਹੋਈਆਂ ਰੂਹਾਂ ਨੂੰ ਪ੍ਰਵੇਸ਼ ਕਰਨ ਦਾ ਮੌਕਾ ਮਿਲ ਜਾਂਦਾ ਹੈ, ਉਹੋ ਜਿਹੀਆਂ ਰੂਹਾਂ ਬ੍ਰਹਿਮੰਡ ਵਿਚ ਅਨੇਕਾਂ ਹਨ:
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
(ਗਉੜੀ ਸੁਖਮਨੀ ਮ: ੫, ਅੰਗ ੨੭੬)
ਹੱਥ ਵਿਚ ਕੜਾ ਧਾਰਨ ਕੀਤਾ ਹੋਇਆ ਹੋਵੇ ਤਾਂ ਐਸੀ ਰੂਹ ਦਾ ਪ੍ਰਵੇਸ਼ ਮੁਸ਼ਕਿਲ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦਾ ਜਾਦੂ-ਟੂਣਿਆਂ ਦਾ ਕੰਮ ਕਰਨ ਵਾਲੇ ਜੇ ਪੁਰਸ਼ ਹਨ, ਉਨ੍ਹਾਂ ਦੇ ਉਚਾਰਨ ਕੀਤੇ ਮੰਤਰਾਂ ਦਾ ਅਸਰ ਨਹੀਂ ਪੈਂਦਾ ਤੇ ਮਨੁੱਖ ਇਸ ਸੂਖਮ ਦੁਨੀਆ ਦੇ ਹਮਲਿਆਂ ਤੋਂ ਬਚਿਆ ਰਹਿੰਦਾ ਹੈ। ਇਸ ਵਾਸਤੇ ਛੋਟੇ ਛੋਟੇ ਬੱਚਿਆਂ ਨੂੰ ਕੜਾ ਪਹਿਨਾਉਣ ਦੀ ਪ੍ਰਥਾ ਬਹੁਤ ਪ੍ਰਾਚੀਨ ਹੈ ਤਾਕਿ ਬੱਚਿਆਂ ਨੂੰ ਡਰਾਇਆ ਨਾ ਜਾ ਸਕੇ। ਇਸ ਤਰ੍ਹਾਂ ਦੀਆਂ ਰੂਹਾਂ ਬੱਚਿਆਂ ਯਾ ਇਸਤਰੀਆਂ ਅੰਦਰ ਬਹੁਤ ਜਲਦ ਪ੍ਰਵੇਸ਼ ਕਰਦੀਆਂ ਹਨ, ਕਿਉਂਕਿ ਬੱਚੇ ਤੇ ਇਸਤਰੀਆਂ ਵਿਚ ਸੁਭਾਵ ਸੁਭਾਵਕ ਡਰ ਜ਼ਿਆਦਾ ਹੁੰਦਾ ਹੈ।
ਜਪੁਜੀ ਪਾਠ ਕੰਠ ਹੋਵੇ ਤੇ ਕੜਾ ਧਾਰਨ ਕੀਤਾ ਹੋਇਆ ਹੋਵੇ ਤਾਂ ਇਨ੍ਹਾਂ ਭੂਤਾਂ-ਪ੍ਰੇਤਾਂ ਦੀ ਘਾਤਕ ਮਾਰ ਤੋਂ ਮਨੁੱਖ ਬਚਿਆ ਰਹਿੰਦਾ ਹੈ।
ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਇਕ ਐਸਾ ਸਿੱਖ ਲਿਆਂਦਾ। ਗਿਆ, ਜਿਸ ਨੂੰ ਭੂਤ ਚੰਬੜਿਆ ਹੋਇਆ ਸੀ ਤਾਂ ਸਤਿਗੁਰੂ ਜੀ ਨੇ ਇਹ ਉੱਤਰ ਦਿੱਤਾ ਕਿ ਇਹ ਜਪੁਜੀ ਨਹੀਂ ਜਪਦਾ ਹੋਣਾ। ਜਿਨ੍ਹਾਂ ਨੂੰ ਜਪੁਜੀ ਕੰਠ ਹੈ, ਉਨ੍ਹਾਂ ‘ਤੇ ਕਿਸੇ ਭੂਤ-ਪ੍ਰੇਤ ਦਾ ਵਾਰ ਨਹੀਂ ਹੁੰਦਾ:
ਸ੍ਰੀ ਮੁਖ ਤੇ ਤਬ ਉਤਰ ਕਹਿਓ।
ਪ੍ਰੇਤ ਲਗਿਓ ਜਹਿੰ ਸਿਖ ਕੋ ਲਇਓ।
ਸੋ ਨਹਿ ਪਡਿਤ ਹੋਤ ਜਪ ਰਸਨਾ ।
ਜਿਨਹੂੰ ਕੰਠ ਤਿਨ ਪਰ ਕਛ ਬਸ ਨਾ।
(ਗੁਰ ਪ੍ਰਤਾਪ ਸੂਰਜ)
ਸੱਜਾ ਹੱਥ ਹਰ ਕੰਮ ਨੂੰ ਅੱਗੇ ਵਧਦਾ ਹੈ। ਸੋ ਇਹ ਕੜਾ, ਗੁਰੂ ਜੀ ਦੀ ਯਾਦ ਕਰਾ ਦੇਂਦਾ ਹੈ ਤੇ ਮਨੁੱਖ ਆਪਣਾ ਹੱਥ ਭੈੜੇ ਕੰਮਾਂ ਤੋਂ ਰੋਕ ਲੈਂਦਾ ਹੈ। ਲੋਹਾ ਸਰੀਰ ਨਾਲ ਸਪਰਸ਼ ਕਰਦਾ ਹੈ ਤਾਂ ਅਨੇਕਾਂ ਰੋਗ ਸਰੀਰ ਤੋਂ ਦੂਰ ਰਹਿੰਦੇ ਹਨ ਤੇ ਕੜਾ ਬਹੁਤ ਸੁਖੈਨ ਢੰਗ ਹੈ, ਸਰੀਰ ਨਾਲ ਧਾਰਨ ਕਰਨ ਦਾ । ਸੋ ਅਨੇਕ ਬਲਾਵਾਂ ਤੋਂ ਬਚਾਓ ਦਾ ਸਾਧਨ ਇਹ ਕੜਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਗੰਮੀ ਬਰਕਤਾਂ ਇਸ ਕੜੇ ਵਿਚ ਹਨ।

ਗਿਆਨੀ ਸੰਤ ਸਿੰਘ ਜੀ ਮਸਕੀਨ