108 views 7 secs 0 comments

ਫਰੀਦਾ ਬਾਰਿ ਪਰਾਇਐ ਬੈਸਣਾ

ਲੇਖ
January 10, 2025

-ਗੁਰਬਾਣੀ ਵਿਚਾਰ

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥42॥ (ਪੰਨਾ 1380)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸ਼ੇਖ ਫਰੀਦ ਜੀ ਦੇ ਬਿਆਲੀਵੇਂ ਸਲੋਕ ਦੀਆਂ ਇਹ ਪਾਵਨ ਪੰਕਤੀਆਂ ਮਨੁੱਖ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ, ਭਾਵ ਆਤਮ-ਨਿਰਭਰ ਹੋਣ ਲਈ ਪ੍ਰੇਰਤ ਕਰਦੀਆਂ ਹਨ।
ਭਗਤ ਫਰੀਦ ਜੀ ਰੱਬ ਅੱਗੇ ਫਰਿਆਦ ਕਰਦੇ ਹਨ ਕਿ ਹੇ ਮਾਲਕ! ਮੈਨੂੰ ਪਰਾਏ ਬੂਹੇ ’ਤੇ ਬੈਠਣ ਨਾ ਦੇਵੀਂ। ਪਰ ਜੇ ਤੂੰ ਇਵੇਂ ਰੱਖਣਾ ਹੀ ਹੈ ਤਾਂ ਮੇਰੇ ਸਰੀਰ ਵਿਚੋਂ ਜਿੰਦ ਨੂੰ ਕੱਢ ਲੈ। ਭਾਵ ਮੈਨੂੰ ਕਿਸੇ ਦਾ ਮੁਥਾਜ ਨਾ ਹੋਣਾ ਪਵੇ; ਕਿਉਂਕਿ ਦੂਜੇ ਦੀ ਮੁਥਾਜੀ, ਮੌਤ ਨਾਲੋਂ ਵੀ ਭੈੜੀ ਹੈ।

ਜਿਵੇਂ ਅੱਜ ਦੇ ਜ਼ਮਾਨੇ ਵਿਚ ਗਰੀਬ ਮਨੁੱਖ, ਅਮੀਰ ਮਨੁੱਖ ਦਾ ਮੁਥਾਜ ਹੈ, ਗਰੀਬ ਦੇਸ਼, ਅਮੀਰ ਦੇਸ਼ਾਂ ਦੇ ਮੁਥਾਜ ਹਨ। ਪਹਿਲਾਂ ਇਹ ਮੁਥਾਜੀ ਸਿੱਧੀ ਰਾਜਨੀਤਕ ਗੁਲਾਮੀ ਕਰਕੇ ਹੁੰਦੀ ਸੀ, ਪਰ ਹੁਣ ਅਸਿੱਧੇ ਰੂਪ ’ਚ ਆਰਥਿਕ ਅਤੇ ਸੱਭਿਆਚਾਰਕ ਪ੍ਰਭਾਵ ਕਰਕੇ ਹੁੰਦੀ ਹੈ ? ਅਮੀਰ ਦੇਸ਼ ਪੈਸੇ ਦੇ ਜ਼ੋਰ ਨਾਲ ਦੂਜੇ ਦੇਸ਼ਾਂ ਦੀ ਆਰਥਿਕਤਾ ਨੂੰ ਆਪਣੇ ਅਧੀਨ ਕਰ ਲੈਂਦੇ ਹਨ। ਮੀਡੀਏ ਦੇ ਜ਼ੋਰ ਨਾਲ ਉੱਥੋਂ ਦੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਤਹਿਸ-ਨਹਿਸ ਕਰ ਕੇ ਉਥੋਂ ਦੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਗੁਲਾਮ ਜ਼ਹਿਨੀਅਤ ਵਾਲੇ ਬਣਾ ਲੈਂਦੇ ਹਨ। ਇਹ ਅਸਿੱਧੀ ਗੁਲਾਮੀ ਕਿਸੇ ਨੂੰ ਰੜਕਦੀ ਨਹੀਂ।

ਗੁਲਾਮੀ ਜਾਂ ਪਰਾਧੀਨਤਾ ਭਾਵੇਂ ਸਮਾਜਿਕ ਹੋਵੇ, ਆਰਥਿਕ ਹੋਵੇ, ਰਾਜਨੀਤਕ ਹੋਵੇ ਭਾਵੇਂ ਧਾਰਮਿਕ, ਕਦੇ ਵੀ ਸਨਮਾਨਯੋਗ ਨਹੀਂ ਹੁੰਦੀ। ਪਰਾਧੀਨ ਮਨੁੱਖ ਜਾਂ ਦੇਸ਼ ਸੁਖੀ ਨਹੀਂ ਹੋ ? ਸਕਦਾ। ਧਾਰਮਿਕ ਜਾਂ ਰੂਹਾਨੀ ਪੱਖੋਂ ਵੀ ਕਿਸੇ ਦੂਜੇ ਦਾ ਗੁਲਾਮ ਮਨੁੱਖ ਸੁਖੀ ਨਹੀਂ ਹੋ ਸਕਦਾ। ਦੇਖਣ ਵਿਚ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਸ਼ਖਸ ਮੜ੍ਹੀ-ਮਸਾਣਾਂ ‘ਚ ਵੀ ਨੱਕ ਰਗੜਦੇ ਹਨ; ਮਲੇਰਕੋਟਲੇ ਵਾਲੇ ਪੀਰ ਦੀਆਂ ਚੌਂਕੀਆਂ ਵੀ ਭਰਦੇ ਹਨ, ਭੂਤਾਂ ਵਾਲੇ ਵਡਭਾਗ ਸਿੰਘ ਦੇ ਡੇਰੇ ਵੀ ਜਾਂਦੇ ਹਨ; ਦੇਵੀ ਦੇ ਵੀ ਜਾ ਆਉਂਦੇ ਹਨ, ਰਾਧਾ-ਸੁਆਮੀਆਂ ਸਰਸੇ ਵਾਲਿਆਂ ਦੇ ‘ਸਤਿਸੰਗ’ ਵਿਚ ਹਾਜ਼ਰੀਆਂ ਵੀ ਭਰਦੇ ਹਨ; ਅਨੇਕਾਂ ਹੋਰ ਅਖੌਤੀ ਸਾਧ- ਸੰਤਾਂ ਦੇ ਦਰਾਂ ‘ਤੇ ਵੀ ਭਟਕਦੇ ਹਨ ਪਰ ਸ਼ਾਂਤੀ ਫਿਰ ਵੀ ਨਹੀਂ ਕੋਈ ਸੁਖ ਨਹੀਂ। ਸੁਖ ਹੋਵੇ ਵੀ ਕਿਵੇਂ ? ਜੇ ਇਕ ਰੱਬ ਦੇ ਬਣ ਕੇ ਰਹਿਣ ਤਾਂ ਹੀ ਸ਼ਾਂਤੀ ਨਸੀਬ ਹੋਵੇ, ਮਨ ਨੂੰ ਕਿਤੇ ਟਿਕਾਅ ਆਵੇ! ਆਪਣੇ ਅੰਦਰ ਵਸਦੇ ਰੱਬ ਨੂੰ ਪਿੱਠ ਦੇ ਕੇ ਪਰਾਏ ਬੂਹਿਆਂ ‘ਤੇ ਧੱਕੇ ਖਾਣਾ, ਦੁੱਖਾਂ-ਤਕਲੀਫਾਂ ਨੂੰ ਸ਼ਰੇਆਮ ਸੱਦਾ ਦੇਣਾ ਹੈ।

ਇਸ ਲਈ ਆਓ! ਪਰਾਈ ਆਸ ਦਾ ਤਿਆਗ ਕਰ ਕੇ ਆਪਣੇ ਹਿਰਦੇ ਅੰਦਰ ਵਸਦੇ ਰੱਬ ਦੇ ਬਣ ਜਾਈਏ ਅਤੇ ਸੱਚੇ ਮਨੋਂ ਅਰਦਾਸ ਕਰੀਏ: ‘ਹੇ ਮੇਰੇ ਮਾਲਕ! ਸਮਰੱਥਾ ਬਖਸ਼ ਕਿ ਮੈਂ ਆਪਣੇ ਪੈਰਾਂ ‘ਤੇ ਖੜ੍ਹਾ ਹੋਵਾਂ! ਮੈਨੂੰ ਕਿਸੇ ਦੀ ਮੁਥਾਜੀ ਨਾ ਹੋਵੇ!