
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥
ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ‘ਬਾਰਹ ਮਾਹਾ ਤੁਖਾਰੀ’ ਪਾਵਨ ਬਾਣੀ ਨੂੰ ਸੰਪੂਰਨ ਕਰਦੀਆਂ ਅੰਤਲੀਆਂ ਦੋ ਪਉੜੀਆਂ ‘ਚ ਫੱਗਣ ਮਹੀਨੇ ਦੀ ਰੁੱਤ ਅਤੇ ਸਾਰੇ ਬਾਰ੍ਹਾਂ ਮਹੀਨਿਆਂ ਦੇ ਵਿਸ਼ੇਸ਼ ਪ੍ਰਕਰਣ ‘ਚ ਮਨੁੱਖੀ ਜੀਵ ਇਸਤਰੀ ਦੁਆਰਾ ਪਰਮਾਤਮਾ ਰੂਪੀ ਪਤੀ ਦੇ ਮਿਲਾਪ ਦੀ ਵਿਸਮਾਦੀ ਅਵਸਥਾ ਦਾ ਵਰਣਨ ਕਰਦੇ ਹਨ।
ਗੁਰੂ ਜੀ ਫੁਰਮਾਉਂਦੇ ਹਨ ਕਿ ਫੱਗਣ ਦੇ ਮਹੀਨੇ ਅੰਦਰ ਮਨੁੱਖ ਰੂਪੀ ਜੀਵ-ਇਸਤਰੀ ਦਾ ਚਿੱਤ ਪ੍ਰਸੰਨ ਹੋ ਗਿਆ। ਸੁੰਦਰ ਪ੍ਰਕਿਰਤਕ ਵਾਤਾਵਰਨ ਦੇ ਰੂ-ਬ-ਰੂ ਉਸ ਨੂੰ ਪ੍ਰਭੂ-ਪਤੀ ਦਾ ਪਿਆਰ ਭਾ ਗਿਆ, ਚੰਗਾ ਲੱਗ ਗਿਆ। ਇਹ ਚੰਗਾ ਲੱਗਣਾ ਹੁਣ ਸਦਾ-ਸਦਾ ਵਾਸਤੇ ਹੈ; ਅੰਦਰੋਂ ਆਪਾ ਭਾਵ ਜੁ ਮਿਟ ਗਿਆ। ਜਦੋਂ ਉਸ ਨੂੰ ਠੀਕ ਲੱਗਾ ਤਾਂ ਮਨ ਅੰਦਰ ਪਹਿਲਾਂ ਬਹੁਤ ਹੀ ਭਾਰੂ ਰਿਹਾ ਦੁਨਿਆਵੀ ਮੋਹ ਇਸ ਤੋਂ ਹਟ ਗਿਆ। ਪ੍ਰਭੂ ਨੇ ਕਿਰਪਾ ਕਰ ਕੇ ਹਿਰਦੇ-ਘਰ ‘ਚ ਪ੍ਰਵੇਸ਼ ਕੀਤਾ। ਜਦੋਂ ਪਿਆਰਾ ਹਿਰਦੇ-ਘਰ ਵਿਚ ਵਸਿਆ ਨਹੀਂ ਸੀ ਮੈਂ (ਜੀਵ-ਇਸਤਰੀ) ਨੇ ਕਿੰਨੇ ਹੀ ਰੂਪ ਵਟਾਏ, ਕਿੰਨੇ ਉੱਪਰੋਂ ਸੁਹਣੇ ਲੱਗਣ ਵਾਲੇ ਬਸਤਰ ਮੈਂ ਪਹਿਨੇ ਲੇਕਿਨ ਪ੍ਰਭੂ-ਰਾਜੇ ਨੇ ਮੈਨੂੰ ਆਪਣੇ ਸਦੀਵੀਂ ਘਰ-ਮਹਿਲ ‘ਚ ਥਾਂ-ਟਿਕਾਣਾ ਨਾ ਦਿੱਤਾ । ਹੁਣ ਮੈਂ ਉਸ ਨੂੰ ਚੰਗੇ ਲੱਗਣ ਵਾਲੇ ਆਤਮਿਕ ਗੁਣ ਰੂਪੀ ਰੇਸ਼ਮੀ ਬਸਤਰ ਪਹਿਨੇ, ਉਸ ਦੇ ਨਾਮ ਰੂਪੀ ਹਾਰ-ਸ਼ਿੰਗਾਰ ਕੀਤੇ ਤਾਂ ਪਿਆਰੇ ਨੂੰ ਮੈਂ ਵੀ ਚੰਗੀ ਲੱਗਣ ਲੱਗ ਗਈ। ਹੇ ਨਾਨਕ! ਇਹ ਆਤਮਿਕ ਗੁਣਾਂ ਦੀ ਪ੍ਰਭੂ ਪਿਆਰੇ ਨੂੰ, ਮਾਲਕ, ਖਸਮ ਨੂੰ ਰੀਝਾਉਣ, ਉਸ ਨੂੰ ਚੰਗੀ ਲੱਗਣ ਦੀ ਜੁਗਤ ਮੈਨੂੰ ਆਪਣੇ ਰਾਹ-ਦਸੇਰੇ ਗੁਰੂ ਤੋਂ ਮਿਲੀ ਹੈ ਭਾਵ ਗੁਰੂ-ਸ਼ਰਨ ਪਿਆਂ ਹੀ ਮਨੁੱਖ ਨੂੰ ਆਪਣੇ ਅਨਮੋਲ ਜਨਮ ਦੀ ਦੁਰਲੱਭਤਾ ਤੇ ਮਹਾਨ ਮਹੱਤਤਾ ਦਾ ਅਨੁਭਵ ਹੋ ਸਕਦਾ ਹੈ, ਜਿਸ ਕਰਕੇ ਉਸ ਦੀ ਮੋਹ ਦੀ ਪਕੜ ਤੇ ਅਗਿਆਨਤਾ ਦੀ ਹਨ੍ਹੇਰ-ਗੁਬਾਰ ਵਾਲੀ ਅਸਹਿ ਹਾਲਤ ਦੂਰ ਹੋ ਸਕਦੀ ਹੈ। ਇਉਂ ਹੀ ਮਨੁੱਖ ਰੂਪੀ ਇਸਤਰੀ ਆਪਣੇ ਹਿਰਦੇ ਅੰਦਰ ਮਾਲਕ ਨੂੰ ਵੱਸਿਆ ਤੇ ਹਰ ਪਲ ਆਪਣੇ ਅੰਗ-ਸੰਗ ਮਹਿਸੂਸਦੀ ਹੈ ਅਥਵਾ ਆਪ ਨੂੰ ਉਸ ਨਾਲ ਪ੍ਰਤੱਖ ਮਿਲਾਪ ‘ਚ ਪਾਉਂਦੀ ਹੈ। ਇਹੀ ਸਭ ਤੋਂ ਉੱਚੀ ਪ੍ਰਾਪਤੀ ਹੈ, ਅੰਤਿਮ ਮੰਜ਼ਲ ਹੈ। ਸਭ ਦੁੱਖ, ਸਭ ਸੱਸੇ ਕੱਟੇ ਜਾਂਦੇ ਹਨ।
ਦਸ ਅਤੇ ਦੋ ਕੁੱਲ ਬਾਰ੍ਹਾਂ ਮਹੀਨੇ ਮਾਲਕ ਨੇ ਬਣਾਏ ਹਨ। ਹਰੇਕ ਮਹੀਨੇ ‘ਚ ਆਉਣ ਵਾਲੀ ਹਰੇਕ ਹੀ ਮਿਤੀ (ਏਕਮ, ਦੂਜ, ਤੀਜ ਆਦਿ) ਭਲੀ ਹੈ ਭਾਵ ਇਸ ਦੇ ਚੰਗੀ ਜਾਂ ਬੁਰੀ ਹੋਣ ਦੇ ਭਰਮ ‘ਚ ਗੁਰਸਿੱਖ ਇਸਤਰੀ-ਪੁਰਸ਼ ਨੇ ਕਦਾਚਿਤ ਨਹੀਂ ਪੈਣਾ। ਇਕ-ਇਕ ਦਿਨ ਦੀਆਂ ਸਾਰੀਆਂ ਹੀ ਘੜੀਆਂ, ਇਸ ਦੇ ਸਾਰੇ ਹੀ ਪਲ, ਸਾਰੇ ਹੀ ਮਹੂਰਤ ਭਲੇ ਹਨ, ਬਸ, ਸ਼ਰਤ ਇਹੀ ਹੈ ਕਿ ਇਨ੍ਹਾਂ ਵਿਚ ਇਨਸਾਨ ਦੀ ਰੂਹ ਦਾ ਉਹ ਰਾਜ਼ਦਾਰ, ਉਹ ਮਹਿਰਮ, ਉਹ ਸਦਾ ਇਕਰਸ ਰਹਿਣ ਵਾਲਾ ਪਰਮਾਤਮਾ ਉਸ ਨੂੰ ਮਿਲ ਪਵੇ। ਪ੍ਰਭੂ ਦੇ ਮਿਲ ਪੈਣ ਨਾਲ ਇਨਸਾਨ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ। ਕਰਨਹਾਰਾ ਉਨ੍ਹਾਂ ਦੇ ਸੰਵਰਨ ਦੇ ਸਾਰੇ ਤਰੀਕੇ ਆਪ ਹੀ ਜਾਣਦਾ ਹੈ ਭਾਵ ਮਨੁੱਖ ਨੂੰ ਸਿਰਫ ਪ੍ਰਭੂ-ਨਾਮ ਰੰਗ ‘ਚ ਰੰਗੀਜਣਾ ਹੀ ਕਰਨ ਯੋਗ ਕਾਰਜ ਹੈ, ਬਾਕੀ ਦੁਨਿਆਵੀ ਕਾਰਜਾਂ ਦੀ ਉਸ ਨੂੰ ਵਧੇਰੇ ਚਿੰਤਾ ਕਰਨ ਦੀ ਲੋੜ ਨਹੀਂ। ਜਿਸ ਪ੍ਰਭੂ ਨੇ ਜੀਵ-ਇਸਤਰੀ ਸਵਾਰ ਦਿੱਤੀ, ਆਪਣੇ ਨਿੱਜ (ਆਤਮਿਕ) ਗੁਣਾਂ ਨਾਲ ਉਸ ਨੂੰ ਸ਼ਿੰਗਾਰਿਆ, ਉਸ ਪ੍ਰਭੂ ਨੂੰ ਉਹ ਗੁਣਾਂ ਕਰ ਕੇ ਪਿਆਰੀ ਵੀ ਤਾਂ ਲੱਗਦੀ ਹੀ ਹੈ; ਉਸ ਉੱਪਰ ਮਾਲਕ ਪ੍ਰਸੰਨ ਹੁੰਦਾ ਹੀ ਹੈ। ਉਹ ਜੀਵ-ਇਸਤਰੀ ਵੀ ਆਤਮਿਕ ਅਨੰਦ ਨੂੰ ਮਾਣਦੀ ਹੈ। ਹਿਰਦੇ ਰੂਪੀ ਘਰ ਵਿਚ ਤ੍ਰਠ ਕੇ, ਆ ਕਰ ਕੇ ਗੁਰਮੁਖ ਰੂਹ ਦੇ ਹਿਰਦੇ ਘਰ ਨੂੰ ਪਿਆਰੇ ਪਤੀ ਪਰਮਾਤਮਾ ਨੇ ਸੇਜਾ ਬਣਾਇਆ, ਉਸ ਦੇ ਮੱਥੇ ਦੇ ਸੁਭਾਗ ਜਗਾ ਦਿੱਤੇ । ਹੇ ਨਾਨਕ! ਹੁਣ ਤਾਂ ਜੀਵ-ਆਤਮਾ ਦਿਨ-ਰਾਤ ਭਾਵ ਹਰ ਪਲ ਪਿਆਰੇ ਨੂੰ ਹੀ ਸਿਮਰਦੀ ਹੈ; ਪਰਮਾਤਮਾ ਉਸ ਦਾ ਸੁਹਣਾ ਪਤੀ ਹੈ। ਜੀਵ-ਇਸਤਰੀ ਹੁਣ ਸਦੀਵੀਂ ਸੁਹਾਗ ਦੀ ਵਿਸਮਾਦ ਅਵਸਥਾ ‘ਚ ਹੈ।