21 views 11 secs 0 comments

ਬਜ਼ੁਰਗਾਂ ਨੂੰ ਫਾਲਤੂ ਵਸਤ ਨਾ ਸਮਝੋ

ਲੇਖ
August 20, 2025

ਕੁਦਰਤ ਦੇ ਅਟੱਲ ਨਿਯਮ ਅਨੁਸਾਰ ਮਨੁੱਖੀ ਜੀਵਨ ਦੇ ਤਿੰਨ ਭਾਗ ਹਨ: ਬਚਪਨ, ਜਵਾਨੀ ਤੇ ਬੁਢਾਪਾ। ਕੁਦਰਤ ਦੇ ਇਸ ਚੱਕਰ ਅਨੁਸਾਰ ਮਨੁੱਖ ਇਨ੍ਹਾਂ ਨੂੰ ਜ਼ਿੰਦਗੀ ਵਿਚ ਕੇਵਲ ਇੱਕ-ਇੱਕ ਵਾਰ ਹੀ ਹੰਢਾਉਂਦਾ ਹੈ। ਜਵਾਨੀ ਵਿਚ ਉਹ ਅਣਭੋਲ ਬੀਤੇ ਬਚਪਨ ਦਾ ਪਛਤਾਵਾ ਕਰਦਾ ਰਹਿੰਦਾ ਹੈ। ਜਵਾਨੀ ਆਸ-ਪਾਸ ਤੋਂ ਬੇ-ਖਬਰ ਆਵੇਗ ਤੁਰੀ ਜਾਂਦੀ ਹੈ। ਤੀਜੀ ਅਵਸਥਾ ਵਿਚ ਕਿਸੇ ਸ਼ਾਇਰ ਦਾ ਕਥਨ ਸੌ ਫੀਸਦੀ ਸੱਚਾ ਸਿੱਧ ਹੋ ਜਾਂਦਾ ਹੈ, “ਵੁਹ ਜਵਾਨੀ ਦੇਖੀ ਜੋ ਜਾ ਕਰ ਨਹੀਂ ਆਤੀ, ਵੁਹ ਬੁਢਾਪਾ ਦੇਖਾ ਜੋ ਆ ਕਰ ਨਹੀਂ ਜਾਤਾ।” ਸਪਸ਼ਟ ਕਰ ਦੇਈਏ ਕਿ ਬੁਢਾਪੇ ਦੇ ਆਉਣ ਦੀ ਕੋਈ ਖਾਸ ਉਮਰ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਅਗੇਤੇ ਜਾਂ ਪਛੇਤੇ ਜਦੋਂ ਮਨੁੱਖ ਦੇ ਕਰਮ-ਇੰਦਰੇ (ਅੰਗ) ਕੰਮ ਕਰਨ ਤੋਂ ਕੁਝ ਕੁ ਢਿੱਲੇ ਪੈਣ ਲੱਗਦੇ ਹਨ ਤਾਂ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ਉਹ ਚਾਹੁੰਦਿਆਂ ਹੋਇਆਂ ਵੀ ਪੂਰੀ ਮਾਤਰਾ ਵਿਚ ਕੰਮ ਕਰਨ ਤੋਂ ਪਿੱਛੇ ਹਟਦਾ ਅਖੀਰ ਅਸਮਰੱਥ ਹੋ ਜਾਂਦਾ ਹੈ।
ਮਾਂ ਬਾਪ ਨੇ ਜਿਸ ਔਲਾਦ ਨੂੰ ਸਖਤ ਮਿਹਨਤ ਕਰ ਕੇ ਪਾਲਿਆ ਹੁੰਦਾ ਹੈ, ਉਨ੍ਹਾਂ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਾਪਿਆਂ ਦੀ ਸੰਭਾਲ ਕਰਨ ਤੇ ਆਖਰੀ ਸਮੇਂ ਤਕ ਆਪਣੀ ਇਹ ਜ਼ਿੰਮੇਵਾਰੀ ਹੱਸ ਕੇ ਤਨਦੇਹੀ ਨਾਲ ਨਿਭਾਉਣ। ਪਰੰਤੂ ਅਜੋਕੇ ਯੁੱਗ ਵਿਚ ਇਸ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੇ ਬੱਚੇ ਬਜ਼ੁਰਗਾਂ ਨੇ ਰੋਜ਼ਾਨਾ ਕੱਦ ਮਿਣ-ਮਿਣ ਕੇ ਵੱਡੇ ਕੀਤੇ ਹੁੰਦੇ ਹਨ, ਉਹੀ ਬੱਚੇ ਉਨ੍ਹਾਂ ਬਜ਼ੁਰਗਾਂ ਨੂੰ ਛੋਟਾ ਸਮਝਣ ਲੱਗਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਸਾਡੀ ਉਮਰ ਵੱਡਿਆਂ ਤੋਂ ਘੱਟ ਹੈ ਤੇ ਤਜਰਬਾ ਵੀ ਉਨ੍ਹਾਂ ਤੋਂ ਵੱਧ ਨਹੀਂ। ਪਿਛਲੇ ਕੁਝ ਦਹਾਕਿਆਂ ਤਕ ਪਰਵਾਰ ਦਾ ਸਭ ਤੋਂ ਵੱਡੀ ਉਮਰ ਦਾ ਬੰਦਾ ਘਰ ਦੇ ਪ੍ਰਵੇਸ਼ ਦੁਆਰ ’ਤੇ ਖੂੰਡਾ ਜਾਂ ਡਾਂਗ ਲੈ ਕੇ ਬੈਠ ਜਾਂਦਾ ਸੀ। ਗੈਰ-ਬੰਦਾ ਤਾਂ ਕੀ? ਕੋਈ ਨੇੜੇ ਤੋਂ ਨੇੜੇ ਦਾ ਰਿਸ਼ਤੇਦਾਰ ਵੀ ਬਜ਼ੁਰਗ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ, ਪਹਿਲਾਂ ਉਸ ਕੋਲ ਬੈਠ ਕੇ, ਉਸ ਦੀ ਅਤੇ ਸਭਨਾਂ ਜੀਆਂ ਦੀ ਤੰਦਰੁਸਤੀ, ਹਾਲ-ਚਾਲ ਪੁੱਛ ਕੇ, ਆਪਣੀ ਤੇ ਆਪਣੇ ਘਰ ਦੀ ਰਾਜ਼ੀ-ਖੁਸ਼ੀ ਸਾਂਝੀ ਕਰ ਕੇ ਫਿਰ ਹੀ ਅੱਗੇ ਜਾਂਦਾ ਸੀ। ਵਕਤੀ ਤੌਰ ’ਤੇ ਪਿੰਡ ਦਾ ਕੋਈ ਪੁਰਸ਼ ਆਉਣ ਦਾ ਕਾਰਨ ਜਾਂ ਕੰਮ ਸਬੰਧੀ ਗੱਲ ਕਰ ਕੇ ਉੱਥੋਂ ਹੀ ਵਾਪਸ ਹੋ ਜਾਂਦਾ ਸੀ। ਘਰ ਦੇ ਮੁਖੀ ਕੋਲ ਆਪਣੇ ਪਰਵਾਰ ਦੀ ਪਲ-ਪਲ ਦੀ ਜਾਣਕਾਰੀ ਹੁੰਦੀ ਸੀ। ਉਹ ਸਾਰੇ ਪਰਵਾਰ ਦਾ ਸਾਂਝਾ ਦਿਮਾਗ ਹੁੰਦਾ ਸੀ ਤੇ ਦੂਜੇ ਮੈਂਬਰ ਘਰ ਦੀਆਂ ਲੱਤਾਂ, ਬਾਹਵਾਂ ਤੇ ਹੋਰ ਅੰਗ। ਸਵੇਰੇ-ਸ਼ਾਮ ਤਪਦੇ ਚੁੱਲ੍ਹੇ ਦੀ ਪਹਿਲੀ ਰੋਟੀ ਬਜ਼ੁਰਗ ਨੂੰ ਪੇਸ਼ ਕੀਤੀ ਜਾਂਦੀ ਤੇ ਬਾਅਦ ਵਿਚ ਸਾਰਾ ਟੱਬਰ ਖਾਂਦਾ।
ਅੱਜ ਉਹੀ ਵੱਡੇ ਬਜ਼ੁਰਗਾਂ ਨੂੰ ਪਰਵਾਰ ਦੀਆਂ ਗਤੀਵਿਧੀਆਂ ਦੀ ਭੋਰਾ ਭਰ ਜਾਣਕਾਰੀ ਨਹੀਂ ਹੁੰਦੀ, ਹਾਲਾਂਕਿ ਅਜੋਕੇ ਸਮਾਜ ਦੀਆਂ ਪਿਛਲੀਆਂ ਘਟਨਾਵਾਂ, ਪੁਰਾਣੇ ਰਿਸ਼ਤੇਦਾਰ ਤੇ ਮਿੱਤਰਾਂ-ਸੱਜਣਾਂ ਦੀ ਉਸ ਕੋਲ ਵੱਧ ਜਾਣਕਾਰੀ ਹੁੰਦੀ ਹੈ। ਉਹ ਜਵਾਨਾਂ ਤੋਂ ਵੱਧ ਦਿਮਾਗੀ ਸ਼ਕਤੀ ਰੱਖਦਾ ਹੁੰਦਾ ਹੈ, ਪਰੰਤੂ ਬਜ਼ੁਰਗ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਜਾਂਦਾ ਹੈ।
ਸ਼ਹਿਰਾਂ ਵਿਚ ਬਜ਼ੁਰਗਾਂ ਨੂੰ ਮਕਾਨ ਦੇ ਪਿਛਲੇ ਕਮਰੇ ਵਿਚ ਫਾਲਤੂ ਵਸਤ ਸਮਝ ਕੇ ਨਿਰਜਿੰਦ ਕਬਾੜ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ। ਇੱਥੋਂ ਹੀ ਸ਼ੁਰੂ ਹੁੰਦਾ ਹੈ ਉਨ੍ਹਾਂ ਦੇ ਅਰਮਾਨਾਂ ਦਾ ਕਤਲ। ਉਸ ਦੇ ਛੋਟੇ ਜਿਹੇ ਕਮਰੇ ਵਿਚ ਹਵਾ ਦੇ ਆਉਣ ਜਾਣ ਲਈ ਕੋਈ ਦਰਵਾਜ਼ਾ, ਖਿੜਕੀ ਜਾਂ ਰੋਸ਼ਨਦਾਨ ਨਹੀਂ ਹੁੰਦਾ। ਕੀ ਇਹ ਜੇਲ੍ਹ ਤੋਂ ਘੱਟ ਹੈ? ਦਿਨ ਰਾਤ ਹਨੇਰਾ ਹੀ ਉਸ ਦਾ ਸਾਥੀ ਹੁੰਦਾ ਹੈ। ਸਟੋਰ ਕਹੀ ਜਾਂਦੀ ਇਸ ਕੋਠੜੀ ਵਿਚ ਉਸ ਨੂੰ ਭੀ ‘ਸਟੋਰ’ ਕਰ ਦਿੱਤਾ ਜਾਂਦਾ ਹੈ। ਉਸ ਦੇ ਖੰਘਣ ਤੋਂ ਹੀ ਪਤਾ ਲਗਦਾ ਹੈ ਕਿ ਕਮਰੇ ਵਿਚ ਕੋਈ ਹੈ। ਪਰਵਾਰ ਨਾਲ ਸੰਬੰਧਿਤ ਖੁਸ਼ੀ-ਗਮੀ ਦੀ ਉਸ ਨੂੰ ਭਿਣਕ ਨਹੀਂ ਪੈਣ ਦਿੱਤੀ ਜਾਂਦੀ। ਕਈ ਪੇਚੀਦਾ ਘਰੇਲੂ ਮਸਲੇ ਉਸ ਤੋਂ ਲੁਕੋ ਲਏ ਜਾਂਦੇ ਹਨ। ਛੋਟੀ ਤੇ ਸਧਾਰਨ ਘਟਨਾ ਨੂੰ ਵੀ ਗੁਪਤ ਰੱਖਣ ਲਈ ਉਸ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੱਤਾ ਜਾਂਦਾ ਹੈ ਜਾਂ ਆਪਣਾ ਕਮਰਾ ਅੰਦਰੋਂ ਬੰਦ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਅਜਿਹੀ ਸਮੱਸਿਆ ਦੇ ਹੱਲ ਲਈ ਉਸ ਕੋਲ ਠੰਡਾ ਤੇ ਸੂਝਵਾਨ ਦਿਮਾਗ ਹੁੰਦਾ ਹੈ। ਜੇਕਰ ਗੱਲ ਸਬੰਧਿਤ ਹੀ ਉਸ ਨਾਲ ਹੋਵੇ ਤੇ ਉਸੇ ਤੋਂ ਹੀ ਚੋਰੀ ਰੱਖੀ ਜਾਵੇ ਤਾਂ ਇਹ ਉਸ ਨਾਲ ਵੱਡੀ ਬੇ-ਇਨਸਾਫੀ ਨਹੀਂ? ਆਮ ਤੌਰ ’ਤੇ ਘਰ ਦਾ ਵਾਧੂ ਕਬਾੜ ਵੀ ਬਜ਼ੁਰਗ ਦੀ ਮੰਜੀ ਦੇ ਹੇਠ ਜਾਂ ਆਲੇ-ਦੁਆਲੇ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਉਹ ਵੀ ਉਸ ਦਾ ਸਾਥੀ ਹੋਵੇ।
ਉਹ ਸਰੀਰਕ ਤੌਰ ’ਤੇ ਹੀਣ ਹੋਣ ਕਾਰਨ ਕੁਝ ਕਹਿਣ ਤੋਂ ਅਸਮਰੱਥ ਹੁੰਦੇ ਹਨ। ਉਹ ਆਪਣੇ ਉੱਤੇ ਭਾਰੂ ਜਵਾਨ ਬੱਚਿਆਂ ਸਾਹਮਣੇ ਜ਼ਬਾਨ ਖੋਲ੍ਹਣ ਤੋਂ ਵੀ ਡਰਦੇ ਹਨ। ਜੇਕਰ ਉਹ ਵਿਰੋਧ ਕਰ ਕੇ ਰੋਸ ਪ੍ਰਗਟ ਕਰਦਾ ਹੋਇਆ ਸ਼ੋਰ ਵੀ ਮਚਾਵੇਗਾ ਤਦ ਵੀ ਉਸ ਦੀ ਅਵਾਜ਼ ਕਮਰੇ ਵਿਚ ਹੀ ਗੁੰਮ ਹੋ ਕੇ ਰਹਿ ਜਾਏਗੀ। ਸਾਂਝੇ ਪਰਵਾਰਿਕ ਕੰਮਾਂ, ਰੁਝੇਵਿਆਂ ਬਾਰੇ ਉਸ ਨੂੰ ਪੁੱਛਿਆ ਤਕ ਨਹੀਂ ਜਾਂਦਾ। ਉਸ ਦੇ ਉਤਸੁਕਤਾ ਵਿਖਾਉਣ ’ਤੇ “ਤੂੰ ਕੀ ਲੈਣੈ?” ਕਹਿ ਕੇ ਬੱਚਿਆਂ ਵਾਂਗ ਝਿੜਕ ਕੇ ਬਿਠਾ ਦਿੱਤਾ ਜਾਂਦਾ ਹੈ। “ਬੂੜਾ ਟੰਗ ਅੜਾਉਣੋਂ ਨਹੀਂ ਹਟਦਾ”, ਬੈਠਿਆ ਨਹੀਂ ਜਾਂਦਾ ਚੁੱਪ ਕਰ ਕੇ ਅਰਾਮ ਨਾਲ? ਤੂੰ ਰੱਬ-ਰੱਬ ਕਰ ਕੇ ਅੱਗਾ ਸਵਾਰ!” ਆਦਿ ਜਿਹੇ ਵਿਅੰਗ ਕੱਸ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਜਾਂਦਾ ਹੈ। ਆਮ ਹਾਲਤਾਂ ਵਿਚ ਪਸ਼ੂਆਂ ਤੋਂ ਵੀ ਭੈੜੀ ਖੁਰਾਕ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ, ਜੋ ਉਸ ਨੂੰ ਤਾਕਤ ਦੇਣ ਦੀ ਥਾਂ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ।
ਜ਼ਮੀਨ ਜਾਇਦਾਦ, ਮਕਾਨ, ਦੁਕਾਨ ਆਦਿ ਦਾ ਮਾਲਕ ਹੁੰਦਿਆਂ ਹੋਇਆਂ ਵੀ ਉਸ ਦੀ ਵਰਤੋਂ ਜਾਂ ਆਮਦਨ ਬਾਰੇ ਵੀ ਉਹ ਅਣਜਾਣ ਹੀ ਹੁੰਦਾ ਹੈ, ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਉਸ ਦੀ ਖੂਨ-ਪਸੀਨੇ ਨਾਲ ਬਣਾਈ ਜਾਇਦਾਦ ਦੀ ਵਰਤੋਂ ਬਾਰੇ ਉਸ ਨੂੰ ਪਹਿਲਾਂ ਪੁੱਛਿਆ ਜਾਵੇ। ਉਸ ਦੀ ਮਾਲਕੀ ਵਾਲੀ ਸੰਪਤੀ ਦੀ ਆਮਦਨ ਇਕ ਵਾਰ ਜ਼ਰੂਰ ਬਜ਼ੁਰਗਾਂ ਦੇ ਹੱਥਾਂ ਵਿਚ ਅਰਪਨ ਕੀਤੀ ਜਾਵੇ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਹੇਗਾ। ਉਹ ਤੁਰੰਤ ਹੀ ਖੁਸ਼ੀ ਨਾਲ ਤੁਹਾਨੂੰ ਵਾਪਸ ਸੌਂਪ ਕੇ ਕਹਿਣਗੇ, “ਪੁੱਤਰੋ! ਇਹ ਤੁਹਾਡੀ ਹੀ ਹੈ ਮੈਂ ਕੀ ਕਰਨੀ ਹੈ?” ਇਸ ਤੋਂ ਉਲਟ ਜਦ ਉਨ੍ਹਾਂ ਤੋਂ ਓਹਲਾ ਰੱਖਿਆ ਜਾਵੇ ਤਾਂ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੈ। ਇਸ ਦਾ ਅੰਦਾਜ਼ਾ ਔਲਾਦ ਨਹੀਂ ਲਾ ਸਕਦੀ।
ਸਾਡੇ ਮਾਪੇ ਘਰ ਦਾ ਜਿੰਦਰਾ ਹੁੰਦੇ ਹਨ। ਤੁਸੀਂ ਉਨ੍ਹਾਂ ਦੇ ਬੈਠਿਆਂ ਨੂੰ ਪੁੱਛ ਕੇ ਕਿਤੇ ਭੀ ਚਲੇ ਜਾਓ, ਸਮੁੱਚੇ ਘਰ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ। ਆਪਣੇ ਬਾਹਰ ਦੇ ਸਫਰ ’ਤੇ ਜਾਣ ਤੋਂ ਪਹਿਲਾਂ ਉਨ੍ਹਾਂ ਤੋਂ ਰਸਮੀ ਆਗਿਆ ਲੈ ਲਈ ਜਾਵੇ ਤੇ ਵਾਪਸੀ ਸਮੇਂ ਉੱਥੋਂ ਦੇ ਹਾਲਾਤਾਂ ਬਾਰੇ ਸੰਖੇਪ ਜਾਂ ਵਿਸਥਾਰ ਨਾਲ ਉਸ ਸਬੰਧੀ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਉਹ ਤੁਹਾਡੀ ਨਿੱਜੀ ਖੁਸ਼ੀ-ਗਮੀ ਵੰਡਾਉਣ ਵਿਚ ਵੀ ਸ਼ਰੀਕ ਹੋਣਗੇ ਤੇ ਤੁਹਾਡੀ ਹੌਸਲਾ-ਅਫਜ਼ਾਈ ਵੀ ਕਰਨਗੇ। ਉਨ੍ਹਾਂ ਨੂੰ ਬਿਨਾ ਦੱਸੇ ਪਹਿਲਾਂ ਤੋਂ ਹੀ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਬਜ਼ੁਰਗਾਂ ਤੋਂ ਚੋਰੀ ਜਿਹੇ, ਚੁੱਪ ਕੀਤੇ ਖਿਸਕ ਜਾਣ ਕਾਰਨ ਉਹ ਕਈ ਕਿਸਮ ਦੀਆਂ ਸੋਚਾਂ ਵਿਚ ਘਿਰ ਜਾਣਗੇ। ਤੁਸੀਂ ਬੇਸ਼ੱਕ ਕਿਸੇ ਖੁਸ਼ੀ ਦੇ ਸਮਾਗਮ ਵਿਚ ਹੱਸ-ਖੇਡ ਰਹੇ ਹੋਵੇ, ਪਰੰਤੂ ਪਿੱਛੇ ਬੈਠੇ ਬਜ਼ੁਰਗ ਫਿਕਰਮੰਦ ਹੋਏ ਸੋਚੀਂ ਜਾਣਗੇ ਕਿ ਸੁੱਖ ਹੋਵੇ, ਬੱਚੇ ਦੱਸ ਕੇ ਨਹੀਂ ਗਏ। ਕਾਫੀ ਦੇਰ ਹੋ ਗਈ ਮੁੜੇ ਨਹੀਂ। ਕਿਤੇ ਕੋਈ ਦੁਰਘਟਨਾ ਨਾ ਵਾਪਰ ਗਈ ਹੋਵੇ। ਇਹ ਵੀ ਹੋ ਸਕਦਾ ਹੈ ਕਿ ਜਿਸ ਸਥਾਨ ਜਾਂ ਰਿਸ਼ਤੇਦਾਰੀ ਵਿਚ ਤੁਸੀਂ ਜਾਣਾ ਹੈ, ਉਸ ਵਿਅਕਤੀ ਨੂੰ ਉਨ੍ਹਾਂ ਨੇ ਕੋਈ ਸੁਨੇਹਾ ਦੇਣਾ ਹੋਵੇ। ਤੁਹਾਡੇ ਕਿਤੇ ਬਾਹਰ ਬਜ਼ਾਰ ਜਾਣ ਦੀ ਸੂਰਤ ਵਿਚ ਤੁਹਾਡੇ ਤੋਂ ਕੋਈ ਵਸਤੂ ਜਾਂ ਦਵਾਈ ਆਦਿ ਮੰਗਵਾਉਣੀ ਹੋਵੇ। ਸੋ ਕਿਤੇ ਵੀ ਬਾਹਰ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੂਚਿਤ ਕਰਨਾ ਸਭ ਲਈ ਲਾਹੇਵੰਦ ਹੋਵੇਗਾ। ਕਿਸੇ ਖਾਸ ਸਥਾਨ ’ਤੇ ਜਿੱਥੇ ਤੁਸੀਂ ਉਨ੍ਹਾਂ ਦੀ ਹੈਸੀਅਤ ਵਿਚ ਹੀ ਸ਼ੋਭਦੇ ਹੋਵੋ, ਉਨ੍ਹਾਂ ਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਓ। ਉਨ੍ਹਾਂ ਦੇ ਸਹੁਰੀਂ ਤੁਸੀਂ ਉਨ੍ਹਾਂ ਦੀ ਅਗਵਾਈ ਵਿਚ ਹੀ ਆਦਰ ਪਾਓਗੇ।
ਆਪਣੇ ਦੂਰ-ਨੇੜੇ ਦੇ ਨਿੱਜੀ ਰਿਸ਼ਤੇਦਾਰ ਜਾਂ ਮਿੱਤਰ ਨਾਲ ਉਨ੍ਹਾਂ ਨੂੰ ਮਿਲਾ ਕੇ ਮਹਿਮਾਨ ਕੋਲ ਬਜ਼ੁਰਗਾਂ ਦੀ ਤਾਰੀਫ਼ ਕਰਨੀ ਨਾ ਭੁੱਲੋ। ਅੱਜ ਪੀੜ੍ਹੀ-ਪਾੜੇ ਦੇ ਨਾਮ ਹੇਠ ਉਨ੍ਹਾਂ ਨੂੰ ਰੋਲ਼ਿਆ ਜਾ ਰਿਹਾ ਹੈ ਜੋ ਪਹਿਲਾਂ ਨਹੀਂ ਸੀ। ਇਹ ਪੀੜ੍ਹੀ-ਪਾੜਾ ਨਹੀਂ, ਪਰਦਾ ਹੈ। ਉਹ ਨਿਰਜਿੰਦ (ਫਾਲਤੂ) ਨਹੀਂ, ਸਗੋਂ ਜਿਊਂਦੀ ਜਾਗਦੀ ਸਤਿਕਾਰਯੋਗ ਹਸਤੀ ਹਨ।

-ਮਾ. ਬੋਹੜ ਸਿੰਘ ਮੱਲਣ