97 views 14 secs 0 comments

ਬਸੰਤ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ

ਲੇਖ
January 27, 2025

~ ਪ੍ਰੋ. ਨਵ ਸੰਗੀਤ ਸਿੰਘ

ਭਾਰਤ ਵਿੱਚ ਛੇ ਰੁੱਤਾਂ ਮਨਾਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ “ਰਾਮਕਲੀ ਮਹਲਾ ੫” ਵਿੱਚ ‘ਰੁਤੀ’ (ਪੰਨਾ ੯੨੭-੯੨੯) ਸਿਰਲੇਖ ਹੇਠ ਇਨ੍ਹਾਂ ਛੇ ਰੁੱਤਾਂ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ –
1. ਸਰਸ ਬਸੰਤ (ਬਸੰਤ) (ਚੇਤ-ਵਿਸਾਖ) :
ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ॥
(ਪੰਨਾ ੯੨੭)
2. ਗ੍ਰੀਖਮ (ਗਰਮੀ) (ਜੇਠ-ਹਾੜ੍ਹ) (ਪੰਨਾ ੯੨੮)
3. ਬਰਸੁ (ਵਰਖਾ) (ਸਾਵਣ-ਭਾਦੋਂ) (ਪੰਨਾ ੯੨੮)
4. ਸਰਦ (ਸਰਦੀ) (ਅੱਸੂ-ਕੱਤਕ) (ਪੰਨਾ ੯੨੮)
5. ਸਿਸੀਅਰ (ਸਿਆਲ) (ਮੱਘਰ-ਪੋਹ) (ਪੰਨਾ ੯੨੯)
6. ਹਿਮਕਰ (ਪਿਛੇਤਰੀ ਸਰਦੀ) (ਮਾਘ-ਫੱਗਣ)
(ਪੰਨਾ ੯੨੯)
ਬਸੰਤ ਰੁੱਤ ਨੂੰ ‘ਰਿਤੂ ਰਾਜ’ ਯਾਨੀ “ਰੁੱਤਾਂ ਦੀ ਰਾਣੀ” ਕਿਹਾ ਜਾਂਦਾ ਹੈ। ਇਸ ਰੁੱਤ ਦਾ ਸਮਾਂ ਗੁਰੂ ਅਰਜਨ ਦੇਵ ਜੀ ਮੁਤਾਬਕ ਚੇਤ-ਵਿਸਾਖ ਹੈ। ਪਰੰਤੂ ਪੁਰਾਤਨ ਮਰਿਆਦਾ ਅਨੁਸਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਗੁਰਦੁਆਰਿਆਂ ਵਿੱਚ ਬਸੰਤ ਰਾਗ ਦੀ ਸ਼ੁਰੂਆਤ ਹੋ ਜਾਂਦੀ ਹੈ, ਜੋ ਕਿ ਹੋਲੇ-ਮਹੱਲੇ ਤੱਕ ਚੱਲਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸੀਆ ਸਿੰਘ ਮਾਘੀ ਤੋਂ ਇੱਕ ਦਿਨ ਪਹਿਲਾਂ ਰਾਤ ਨੌਂ ਵਜੇ ਗੁਰੂ-ਚਰਨਾਂ ਵਿੱਚ ਬਸੰਤ ਰਾਗ ਸ਼ੁਰੂ ਕਰਨ ਦੀ ਆਗਿਆ ਲੈਂਦਾ ਹੈ ਤੇ ਫਿਰ ਕੀਰਤਨੀਏ ਸਿੰਘ ਸ਼ਬਦ ਦਾ ਬਸੰਤ ਰਾਗ ਵਿੱਚ ਗਾਇਨ ਕਰਦੇ ਹਨ। ਇਸ ਤਰ੍ਹਾਂ ਹਰ ਰੋਜ਼ ਕੀਰਤਨੀਏ ਸਿੰਘ ਪਹਿਲਾ ਸ਼ਬਦ ਬਸੰਤ ਰਾਗ ਵਿੱਚੋਂ ਹੀ ਗਾਇਨ ਕਰਦੇ ਹਨ। ਹਰ ਕੀਰਤਨੀ ਜੱਥਾ ਬਸੰਤ ਕੀ ਵਾਰ ਮਹਲ ੫ ਦੀਆਂ ਪਉੜੀਆਂ ਦਾ ਗਾਇਨ ਵੀ ਕਰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਹਨ, ਜਿਨ੍ਹਾਂ ਵਿੱਚ ਬਸੰਤ ਰਾਗ ਵੀ ਸ਼ਾਮਲ ਹੈ, ਜਿਸਦਾ ਜ਼ਿਕਰ ਕ੍ਰਮ 25 ਉੱਤੇ ਆਉਂਦਾ ਹੈ। ਇਹ ਰਾਗ ਪੰਨਾ ਨੰ 1168 ਤੋਂ 1196 ਤੱਕ ਸੁਭਾਇਮਾਨ ਹੈ। ਬਸੰਤ ਰੁੱਤ ਦੇ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁਝ ਪੰਕਤੀਆਂ ਵੇਖਣਯੋਗ ਹਨ :

* ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ॥
(ਬਸੰਤ ਮ: ੧, ੧੧੬੮)
* ਰੁਤਿ ਆਈਲੇ ਸਰਸ ਬਸੰਤ ਮਾਹਿ॥
(ਬਸੰਤ ਮ: ੧, ੧੧੬੮)
* ਮਾਹਾ ਰੁਤੀ ਮਹਿ ਸਦ ਬਸੰਤੁ॥
(ਬਸੰਤ ਮ: ੩, ੧੧੭੨)
* ਬਨਸਪਤਿ ਮਉਲੀ ਚੜਿਆ ਬਸੰਤ॥
(ਬਸੰਤ ਮ: ੩, ੧੧੭੬)
* ਮਉਲੀ ਧਰਤੀ ਮਉਲਿਆ ਅਕਾਸੁ॥
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
(ਬਸੰਤ, ਭਗਤ ਕਬੀਰ ਜੀ, ੧੧੯੩)

ਬਸੰਤ ਰੁੱਤ ਵਿੱਚ ਵਾਤਾਵਰਣ ਅਕਸਰ ਸੁਹਾਵਣਾ ਹੁੰਦਾ ਹੈ। ਯਾਨੀ ਨਾ ਬਹੁਤੀ ਸਰਦੀ, ਨਾ ਬਹੁਤੀ ਗਰਮੀ। ਇਸੇ ਲਈ ਕਿਹਾ ਜਾਂਦਾ ਹੈ – ‘ਆਈ ਬਸੰਤ ਪਾਲ਼ਾ ਉਡੰਤ’। ਇਸ ਰੁੱਤ ਦੀ ਵਿਸ਼ੇਸ਼ਤਾ ਹੈ – ਮੌਸਮ ਦਾ ਥੋੜ੍ਹਾ ਜਿਹਾ ਗਰਮ ਹੋਣਾ, ਫੁੱਲਾਂ ਦਾ ਖਿੜਨਾ, ਪੌਦਿਆਂ ਦਾ ਹਰਾ-ਭਰਾ ਹੋਣਾ ਅਤੇ ਬਰਫ਼ ਦਾ ਪਿਘਲਣਾ। ਇਹ ਇੱਕ ਸੰਤੁਲਿਤ ਮੌਸਮ ਹੈ। ਇਸ ਮੌਸਮ ਵਿੱਚ ਚਾਰੇ ਪਾਸੇ ਹਰਿਆਲੀ ਹੁੰਦੀ ਹੈ। ਰੁੱਖਾਂ ਤੇ ਨਵੇਂ ਪੱਤੇ ਆਉਂਦੇ ਹਨ। ਸੁਹਾਵਣਾ ਮੌਸਮ ਹੋਣ ਕਰਕੇ ਕਈ ਲੋਕ ਬਾਗਾਂ ਤੇ ਦੂਰ- ਦੁਰਾਡੀਆਂ ਥਾਂਵਾਂ ਤੇ ਸੈਰ-ਸਪਾਟੇ/ਘੁੰਮਣ-ਫਿਰਨ ਜਾਂਦੇ ਹਨ। ਭਾਰਤ ਦਾ ਮੁੱਖ ਤਿਉਹਾਰ ਹੋਲੀ ਬਸੰਤ ਰੁੱਤ ਵਿੱਚ ਹੀ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਅਤੇ ਸ਼ਿਵਰਾਤਰੀ ਵੀ ਇਸੇ ਰੁੱਤ ਦੇ ਹੋਰ ਤਿਉਹਾਰ ਹਨ।
ਪੌਰਾਣਿਕ ਕਥਾ ਅਨੁਸਾਰ ਬਸੰਤ ਨੂੰ ਕਾਮਦੇਵ ਦ‍ਾ ਪੁੱਤਰ ਕਿਹਾ ਗਿਆ ਹੈ। ਭਾਰਤੀ ਸੰਗੀਤ, ਗੁਰਮਤਿ ਸੰਗੀਤ, ਸਾਹਿਤ ਅਤੇ ਕਲਾ ਵਿੱਚ ਬਸੰਤ ਦਾ ਮਹੱਤਵਪੂਰਣ ਸਥਾਨ ਹੈ। ਸੰਗੀਤ ਵਿੱਚ ਖਾਸ ਰਾਗ ਬਸੰਤ ਦੇ ਨਾਂ ਤੇ ਵੀ ਹੈ, ਜੀਹਨੂੰ ‘ਰਾਗ ਬਸੰਤ’ ਕਹਿੰਦੇ ਹਨ। ਬਸੰਤ ਰਾਗ ਤੇ ਚਿੱਤਰ ਵੀ ਬਣਾਏ ਹੋਏ ਮਿਲਦੇ ਹਨ।
ਭਾਰਤੀ ਕਵਿਤਾ ਵਿੱਚ ਬਸੰਤ ਉੱਤੇ ਕਾਫੀ ਕੁਝ ਲਿਖਿਆ ਮਿਲਦਾ ਹੈ। ਹਫ਼ੀਜ਼ ਜਲੰਧਰੀ ਦਾ ਲਿਖਿਆ ਇੱਕ ਗੀਤ, ਜਿਸਨੂੰ ਮਲਿਕਾ ਪੁਖ਼ਰਾਜ ਅਤੇ ਤਾਹਿਰਾ ਸਈਦ ਨੇ ਆਪਣੀ ਪੁਰਖ਼ੁਲੂਸ ਆਵਾਜ਼ ਵਿੱਚ ਗਾਇਆ ਹੈ, ਦੀਆਂ ਆਰੰਭਿਕ ਪੰਕਤੀਆਂ ਪੜ੍ਹਨਯੋਗ ਹਨ :

ਲੋ ਫਿਰ ਬਸੰਤ ਆਈ।
ਫੂਲੋਂ ਪੇ ਰੰਗ ਲਾਈ।
ਚਲੋ ਬੇ ਦਰੰਗ।
ਲਬੇ ਆਬੇ ਰੰਗ।
ਬਜੇ ਜਲ ਤਰੰਗ।
ਮਨ ਪਰ ਉਮੰਗ ਛਾਈ।

ਪੰਜਾਬੀ ਦੇ ਹੋਰ ਕਵੀਆਂ ਖਾਸ ਕਰਕੇ ਧਨੀ ਰਾਮ ਚਾਤ੍ਰਿਕ ਆਦਿ ਨੇ ਵੀ ਬਸੰਤ ਬਾਰੇ ਬਹੁਤ ਖ਼ੂਬਸੂਰਤ ਕਵਿਤਾਵਾਂ ਦੀ ਰਚਨਾ ਕੀਤੀ ਹੈ। ਇਸੇ ਸੰਦਰਭ ਵਿੱਚ ਮਰਹੂਮ ਕਵੀ ਸੁਰਜੀਤ ਪਾਤਰ ਦੀਆਂ ਇਹ ਪੰਕਤੀਆਂ ਵੀ ਵੇਖਣਯੋਗ ਹਨ :

ਵਜਦਾ ਬਸੰਤ ਰਾਗ ਹੈ ਜੋ ਰੇਡੀਓ ਤੇ ਰੋਜ਼
ਮਤਲਬ ਨਾ ਲੈ ਕਿ ਪੌਣ ਪਤਝੜ ਦੀ ਤੁਰੀ ਨਹੀਂ।
ਕੁਛ ਲੋਗ ਸਮਝਦੇ ਨੇ ਬੱਸ ਇੰਨਾ ਕੁ ਰਾਗ ਨੂੰ
ਸੋਨੇ ਦੀ ਹੈ ਜੇ ਬਾਂਸੁਰੀ ਤਾਂ ਬੇਸੁਰੀ ਨਹੀਂ।

ਪਟਿਆਲਾ ਵਿਖੇ ਬਸੰਤ ਪੰਚਮੀ ਦਾ ਆਪਣਾ ਹੀ ਜਲੌਅ ਹੈ। ਉੰਜ ਤਾਂ ਹਰ ਪੰਚਮੀ ਨੂੰ ਸੰਗਤ ਬੜੀ ਹੁੰਮਹੁੰਮਾ ਕੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਪਰ ਏਥੇ ਬਸੰਤ ਪੰਚਮੀ ਦਾ ਸਾਲਾਨਾ ਜੋੜਮੇਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਸੰਗਤ ਅੱਧੀ ਰਾਤ ਤੋਂ ਹੀ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਦੁਖਾਂ-ਰੋਗਾਂ ਤੋਂ ਮੁਕਤੀ ਦੀ ਅਰਦਾਸ ਕਰਦੀ ਹੈ। ਇਸ ਵਾਰ ਇਹ ਸਮਾਗਮ 1, 2 ਫ਼ਰਵਰੀ 2025 (19, 20 ਮਾਘ) ਨੂੰ ਆਯੋਜਿਤ ਹੋ ਰਿਹਾ ਹੈ, ਜਿਸ ਵਿੱਚ ਕਵੀ ਦਰਬਾਰ, ਗੁਰਮਤਿ ਸਮਾਗਮ, ਢਾਡੀ ਦਰਬਾਰ ਅਤੇ ਬਸੰਤ ਰਾਗ ਕੀਰਤਨ ਦਰਬਾਰ ਦੀ ਅਲੌਕਿਕ ਪੇਸ਼ਕਾਰੀ ਹੋਵੇਗੀ। ਇਸਦੇ ਨਾਲ ਹੀ ਪਟਿਆਲੇ ਦੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਬਸੰਤ ਰੁੱਤ ‘ਤੇ ਸਾਲਾਨਾ ਅਖੰਡ ਕੀਰਤਨ ਸਮਾਗਮ 6 ਤੋਂ 9 ਫ਼ਰਵਰੀ ਤੱਕ ਆਯੋਜਿਤ ਹੋਵੇਗਾ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੀ ਇਸ ਲਈ ਵੀ ਮਹੱਤਾ ਹੈ ਕਿਉਂਕਿ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਹੁਕਮਨਾਮੇ (ਜੋ ਹੁਣ ਗੁ. ਦੂਖ ਨਿਵਾਰਨ ਸਾਹਿਬ ਵਿਖੇ ਸੁਸ਼ੋਭਿਤ ਹੈ) ਰਾਹੀਂ ਏਥੇ (ਜੋ ਉਦੋਂ ਲਹਿਲ ਪਿੰਡ ਸੀ) ਬਸੰਤ ਪੰਚਮੀ ਦਾ ਤਿਉਹਾਰ ਮਨਾਏ ਜਾਣ ਦੇ ਆਦੇਸ਼ ਦਿੱਤੇ ਸਨ। ਇਸ ਹੁਕਮਨਾਮੇ ਦਾ ਮੂਲ ਖਰੜਾ ਇਸ ਪ੍ਰਕਾਰ ਹੈ :

ੴ ਸਤਿਗੁਰ ਪ੍ਰਸਾਦਿ॥ ਹੁਕਮਨਾਮਾ
ੴ ਅਕਾਲ ਜੀ ਸਹਾਏ
ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਭਾਗ ਰਾਮ ਝਿਉਰ ਬੇਨਤੀ ਕਰਤ ਭਇ ਜੀ ਲਾਹਲ ਗਾਵੇਂ ਬਿਮਾਰੀ ਜਾਂਦੀ ਨਹੀਂ ਸਚੇ ਸਾਹਿਬ ਸਫਾਬਾਦ ਤੋਂ ਉਠ ਕੇ ਲਾਹਲ ਗਾਵੇਂ ਦੇ ਪਹਾੜ ਓਰ ਕਰੀਬਣ ਸਤ ਆਠ ਸੌ ਤੌਰ ਬੋਹੜ ਦੇ ਤਲੇ ਆਣ ਬਰਾਜਤ ਭਏ, ਯੀਹਾਂ ਟੋਬੜ ਮੇ ਚਰਨ ਧੋਬਤ ਭਏ, ਹੁਕਮ ਹੋਇਆ ਏਥੇ ਜੋ ਕੋਈ ਰੋਗੀ ਸ਼ਰਧਾ ਸਹਿਤ ਅਸ਼ਨਾਨ ਕਰੇਗਾ ਉਸ ਦੇ ਸਭੇ ਰੋਗ ਖੰਡੀਏਂਗੇ। ਇਥੇ ਥੜਾ ਬਣਾਉ, ਲੰਗਰ ਚਲਾਉ। ਹੁਕਮ ਹੋਇਆ ਜੋ ਏਥੇ ਬਸੰਤ ਪੰਚਮੀ ਨੂੰ ਅਸ਼ਨਾਨ ਕਰੇਗਾ, ਉਸ ਨੂੰ ਸਭ ਤੀਰਥਾਂ ਦਾ ਫ਼ਲ ਪਰਾਪਤ ਹੋਏਗਾ। ਸੰਗਤ ਬੇਨਤੀ ਕਰਤ ਭਈ ਜੀ ਇਥੇ ਅਬਾਦੀ ਹੁੰਦੀ ਨਹੀਂ ਅਬਾਦੀ ਹੋਵੇ ਜੀ ਹੁਕਮ ਹੋਇਆ ਏਥੇ ਰੌਣਕ ਬਹੁਤ ਹੋਵੇਗੀ। ਏਥੇ ਗੁਰਸਿਖ ਹੋਸੀ ਰਾਜਧਾਨ, ਸੇਵਾ ਕਰਸੀ ਗੁਰਧਾਮ, ਉਗਾ ਹੋਸੀ ਸਭ ਜਹਾਨ, ਜੋ ਕੋਈ ਸੇਵ ਕਮਾਵੈ ਮਨਬਾਂਛਤ ਫਲ ਪਾਵੈ। ਕਰਮਾਂ ਦੇਵੀ ਖਤਰਾਣੀ ਚਰਨੀ ਡਿਗੀ ਜੀ ਅਠਰਾਏ ਨਾਲ ਬਾਲ ਸ਼ਾਂਤ ਹੋ ਜਾਂਦੈ ਹੈ ਜੀ ਹੁਕਮ ਹੋਇਆ ਏਥੇ ਅਸ਼ਨਾਨ ਕਰ ਸੋ ਦੂਰ ਹੋਸੀ, ਕੋਈ ਰੋਗ ਨਾ ਰਹਿਸੀ, ਏਥੇ ਦਿਨ ਖੋੜਸ ਮਾਘ ਸ਼ੁਕਲ ਪੰਚਮੀ ਸਤਾਰਾਂ ਸੌ ਅਠਾਈਸ ਸਭ ਸੰਗਤ ਕੋ ਖੁਸ਼ੀ ਕਰਤ ਭਏ। ਜੋ ਹੁਕਮ ਨਾਮੇ ਦੇ ਦਰਸ਼ਨ ਪਾਵੇਗਾ ਸੋ ਮੇਰੇ ਦਰਸ਼ਨ ਪਾਵੇਗਾ ਗੁਰਧਾਮ ਕੋ ਜਾਵੇਗਾ ਸਭ ਸੁਖ ਪਾਵੇਗਾ ਜਮ ਧਾਮ ਨਾ ਜਾਵੇਗਾ। ਸਮਾਪਤੰ॥

ਇਸ ਪ੍ਰਕਾਰ ਬਸੰਤ ਪੰਚਮੀ ਦੇ ਤਿਉਹਾਰ ਦੀ ਪਟਿਆਲਾ ਗੁਰਦੁਆਰਾ ਦੂਖ ਨਿਵਾਰਨ ਵਿਖੇ ਬੜੀ ਮਾਨਤਾ ਤੇ ਮਹਾਨਤਾ ਹੈ