-ਸ. ਸੁਖਦੇਵ ਸਿੰਘ ਸ਼ਾਂਤ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਦੋ ਦਿਨਾਂ ਦਾ ਸਮਾਗਮ ਚੱਲ ਰਿਹਾ ਸੀ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਦੋਵੇਂ ਦਿਨ ਸਮਾਗਮ ‘ਚ ਹਾਜ਼ਰੀ ਭਰਨੀ ਹੈ। ਇੱਕ ਪਿੰਡ ਦੀ ਸੰਗਤ ਇੱਕ ਦਿਨ ਦਾ ਸਮਾਗਮ ਸਮਾਪਤ ਹੋਣ ‘ਤੇ ਜਾਣਾ ਚਾਹੁੰਦੀ ਸੀ। ਉਸ ਪਿੰਡ ਦੀ ਸੰਗਤ ਨੇ ਸੋਚਿਆ ਕਿ ਗੁਰੂ ਜੀ ਨੇ ਜਾਣ ਦੀ ਆਗਿਆ ਨਹੀਂ ਦੇਣੀ। ਉਨ੍ਹਾਂ ਨੇ ਸੋਚ-ਸੋਚ ਕੇ ਇੱਕ ਤਰੀਕਾ ਵਰਤਿਆ। ਉਨ੍ਹਾਂ ਨੇ ਇੱਕ ਅਰਥੀ ਤਿਆਰ ਕਰ ਲਈ। ਆਪਣੇ ਵਿੱਚੋਂ ਇੱਕ ਬੰਦੇ ਨੂੰ ਉਸ ਵਿਚ ਲਿਟਾ ਲਿਆ। ਚਾਰ ਬੰਦਿਆਂ ਨੇ ਉਹ ਅਰਥੀ ਆਪਣੇ ਮੋਢਿਆਂ ‘ਤੇ ਚੁੱਕ ਲਈ। ਗੁਰੂ ਜੀ ਤੋਂ ਆਗਿਆ ਲੈਣ ਲਈ ਉਹ ਅਰਥੀ ਸਮੇਤ ਆਏ। ਅਰਥੀ ਹੇਠਾਂ ਉਤਾਰ ਕੇ ਉਹ ਬੰਦੇ ਗੁਰੂ ਜੀ ਅੱਗੇ ਪੇਸ਼ ਹੋਏ।
ਗੁਰੂ ਜੀ ਨੂੰ ਉਨ੍ਹਾਂ ਵਿੱਚੋਂ ਇਕ ਮੁਖੀ ਬੰਦੇ ਨੇ ਬੇਨਤੀ ਕੀਤੀ, “ਮਹਾਰਾਜ, ਸਾਡਾ ਇਹ ਬੰਦਾ ਅਚਾਨਕ ਅਕਾਲ-ਚਲਾਣਾ ਕਰ ਗਿਆ ਹੈ। ਸਾਨੂੰ ਹੁਣ ਇਸ ਦੇ ਅੰਤਮ ਸਸਕਾਰ ਲਈ ਪਿੰਡ ਪਹੁੰਚਣਾ ਪੈਣਾ ਹੈ। ਸਾਨੂੰ ਜਾਣ ਦੀ ਆਗਿਆ ਦੇਣ ਦੀ ਕਿਰਪਾ ਕਰੋ।”
ਗੁਰੂ ਜੀ ਨੇ ਅਰਥੀ ਹੇਠਾਂ ਲਾਹੁਣ ਦਾ ਹੁਕਮ ਕੀਤਾ। ਰਾਗੀ ਜਥੇ ਨੂੰ ਕੀਰਤਨ ਸ਼ੁਰੂ ਕਰਨ ਲਈ ਕਿਹਾ। ਇੱਕ ਸਿੱਖ ਨੂੰ ਕੋ ਬੁਲਾ ਕੇ ਬਲਦੀ ਹੋਈ ਚੁਆਤੀ ਲਿਆਉਣ ਲਈ ਕਿਹਾ। ਗੁਰੂ ਜੀ ਨੇ ਉਸ ਪਿੰਡ ਦੀ ਸੰਗਤ ਨੂੰ ਕਿਹਾ ਕਿ ਇਸ ਵਿਅਕਤੀ ਦੀ ਦੇਹ ਦਾ ਅੰਤਮ ਸਸਕਾਰ ਇੱਥੇ ਹੀ ਕਰ ਦਿੱਤਾ ਜਾਵੇਗਾ।
ਸਿੱਖ ਬਲਦੀ ਹੋਈ ਚੁਆਤੀ ਲੈ ਕੇ ਆਇਆ। ਚੁਆਤੀ ਅਰਥੀ ਦੇ ਨੇੜੇ ਕਰਨ ਦੀ ਦੇਰ ਸੀ ਕਿ ਅਰਥੀ ਵਿਚ ਪਿਆ ਬੰਦਾ ਉੱਠ ਕੇ ਦੌੜ ਨਿਕਲਿਆ। ਉਸ ਨੂੰ ਦੌੜਦੇ ਜਾਂਦੇ ਦੇਖ ਕੇ ਸਾਰੀ ਸੰਗਤ ਦਾ ਹਾਸਾ ਛੁੱਟ ਗਿਆ।
ਆਗਿਆ ਲੈਣ ਵਾਲੀ ਸੰਗਤ ਨੇ ਸ਼ਰਮਿੰਦੇ ਹੋ ਕੇ ਮੁਆਫ਼ੀ ਮੰਗੀ। ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ, “ਭਾਈ ਸਿੱਖੋ! ਜੇ ਤੁਸੀਂ ਜ਼ਰੂਰ ਹੀ ਜਾਣਾ ਸੀ ਤਾਂ ਸਾਨੂੰ ਆ ਕੇ ਕਹਿ ਦਿੰਦੇ। ਇਹ ਅਰਥੀ ਵਾਲਾ ਝੂਠਾ ਬਹਾਨਾ ਬਣਾਉਣ ਦੀ ਕੀ ਲੋੜ ਸੀ? ਜ਼ਿੰਦਗੀ ਵਿਚ ਕਦੇ ਵੀ ਆਪਣੀ ਗੱਲ ਮੰਨਵਾਉਣ ਲਈ ਝੂਠ ਜਾਂ ਕਪਟ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇਸ ਨਾਲ ਬਦਨਾਮੀ ਵੀ ਹੁੰਦੀ ਹੈ ਅਤੇ ਸੱਚ ਪਤਾ ਲੱਗਣ ‘ਤੇ ਸ਼ਰਮਿੰਦੇ ਵੀ ਹੋਣਾ ਪੈਂਦਾ ਹੈ।”
ਝੂਠ ਦੇ ਕਦੇ ਪੈਰ ਨਹੀਂ ਹੁੰਦੇ। ਇੱਕ ਝੂਠ ਨੂੰ ਛੁਪਾਉਣ ਲਈ ਸੌ ਝੂਠ ਹੋਰ ਬੋਲਣੇ ਪੈਂਦੇ ਹਨ। ਇਸ ਲਈ ਸਾਨੂੰ ਸਦਾ ਸੱਚ ਹੀ ਬੋਲਣਾ ਚਾਹੀਦਾ ਹੈ।