-ਸ. ਸੁਖਦੇਵ ਸਿੰਘ ਸ਼ਾਂਤ
ਭਗਤ ਸ਼ੇਖ ਫ਼ਰੀਦ ਜੀ ਬਹੁਤ ਵੱਡੇ ਸੂਫ਼ੀ ਸੰਤ ਹੋਏ ਹਨ। ਆਪ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਕ ਵਾਰ ਆਪ ਜੀ ਦੇ ਇਕ ਚੇਲੇ ਨੇ ਇਕ ਬਹੁਤ ਸੋਹਣੀ ਕੈਂਚੀ ਤਿਆਰ ਕੀਤੀ। ਕੈਂਚੀ ਦੇ ਮੁੱਠੇ ‘ਤੇ ਉਸ ਨੇ ਸੁੰਦਰ ਮੀਨਾਕਾਰੀ ਵੀ ਕੀਤੀ। ਤੋਹਫ਼ੇ ਵਜੋਂ ਉਹ ਕੈਂਚੀ ਚੇਲੇ ਨੇ ਆਪਣੇ ਮੁਰਸ਼ਦ ਭਗਤ ਸ਼ੇਖ ਫ਼ਰੀਦ ਜੀ ਅੱਗੇ ਲਿਆ ਰੱਖੀ।
“ਮਹਾਰਾਜ! ਇਹ ਤੁੱਛ ਭੇਟਾ ਪਰਵਾਨ ਕਰੋ। ਚੇਲੇ ਨੇ ਬੇਨਤੀ ਕੀਤੀ।
ਭਗਤ ਸ਼ੇਖ ਫ਼ਰੀਦ ਜੀ ਨੇ ਕੈਂਚੀ ਨੂੰ ਬੜ੍ਹੇ ਧਿਆਨ ਨਾਲ ਦੇਖਿਆ। ਬਹੁਤ ਹੀ ਲਾਜਵਾਬ ਕੈਂਚੀ ਸੀ। ਬੜੀ ਉੱਤਮ ਧਾਤ ਦੀ ਬਣੀ ਹੋਈ ਅਤੇ ਮੁੱਠਾ ਤਾਂ ਦਿਲ ਨੂੰ ਖਿੱਚਦਾ ਸੀ।
ਚੇਲਾ ਖੁਸ਼ ਹੋ ਰਿਹਾ ਸੀ ਕਿ ਮੁਰਸ਼ਦ ਨੂੰ ਉਸ ਦੀ ਬਣਾਈ ਚੀਜ਼ ਪਸੰਦ ਆ ਗਈ ਹੈ।
ਭਗਤ ਜੀ ਬੋਲੇ, ‘ਭਾਈ, ਤੁਸੀਂ ਇਕ ਸੂਈ ਤਿਆਰ ਕਰ ਸਕਦੇ ਹੋ ?”
“ਕਿਉਂ ਨਹੀਂ ਜੀ, ਹੁਣੇ ਹੀ ਤਿਆਰ ਕਰ ਕੇ ਲਿਆ ਸਕਦਾ ਹਾਂ।” ਚੇਲੇ ਨੇ ਉੱਤਰ ਦਿੱਤਾ।
ਭਗਤ ਸ਼ੇਖ ਫ਼ਰੀਦ ਜੀ ਬੋਲੇ, “ਭਾਈ ਇਹ ਕੈਂਚੀ ਲੈ ਜਾਓ। ਇਸ ਦਾ ਕੰਮ ਕੱਟਣਾ ਹੈ। ਸਾਨੂੰ ਸੂਈ ਲਿਆ ਦਿਓ। ਸੂਈ ਦਾ ਕੰਮ ਜੋੜਨਾ ਹੈ। ਸਾਡਾ ਫ਼ਕੀਰਾਂ ਦਾ ਕੰਮ ਤੋੜਨਾ ਜਾਂ ਕੱਟਣਾ ਨਹੀਂ ਹੈ। ਅਸੀਂ ਤਾਂ ਜੋੜਨ ਦਾ ਕੰਮ ਕਰਨਾ ਹੈ।
ਚੇਲੇ ਨੂੰ ਮੁਰਸ਼ਦ ਦੀ ਗੱਲ ਸਮਝ ਆ ਗਈ। ਉਹ ਚਰਨਾਂ ’ਤੇ ਢਹਿ ਪਿਆ।
ਸਾਨੂੰ ਵੀ ਸੂਈ ਵਾਂਗ ਇਕ ਦੂਜੇ ਨੂੰ ਜੋੜਨਾ ਚਾਹੀਦਾ ਹੈ। ਘਰ ਵਿਚ, ਗੁਆਂਢ ਵਿਚ ਅਤੇ ਸਮਾਜ ਵਿਚ ਫੁੱਟ ਪਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ। ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ। ਸਮਾਜ ਵਿਚ ਵੰਡੀਆਂ ਪਾਉਣਾ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣਾ ਚੰਗਾ ਕੰਮ ਨਹੀਂ। ਭਗਤ ਸ਼ੇਖ ਫ਼ਰੀਦ ਜੀ ਤੋਂ ਸਾਨੂੰ ਪ੍ਰੇਮ-ਪਿਆਰ, ਨਿਮਰਤਾ ਅਤੇ ਮਿਠਾਸ ਦੀ ਸਿੱਖਿਆ ਲੈਣੀ ਚਾਹੀਦੀ ਹੈ।